ਇਹ ਇੱਕ ਸਰਬ-ਪ੍ਰਵਾਨਤ ਤੱਥ ਅਤੇ ਇਤਿਹਾਸਕ ਸੱਚਾਈ ਹੈ ਕਿ ਸਿੱਖਾਂ ਦੇ ਦਿਲਾਂ ਵਿੱਚ, ਜਿਵੇਂ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ, ਸਤਿਕਾਰ ਅਤੇ ਸਨਮਾਨ ਦੀ ਭਾਵਨਾ ਹੈ, ਉਸੇ ਤਰ੍ਹਾਂ ਦੀ ਹੀ ਭਾਵਨਾ ਉਨ੍ਹਾਂ ਦੇ ਦਿਲਾਂ ਵਿੱਚ ਉਨ੍ਹਾਂ (ਗੁਰੂ ਸਾਹਿਬਾਨ) ਦੀ ਜੀਵਨ-ਯਾਤਰਾ ਨਾਲ ਸੰਬੰਧਤ ਇਤਿਹਾਸਕ ਗੁਰ-ਅਸਥਾਨਾਂ ਪ੍ਰਤੀ ਵੀ ਹੈ। ਇਸੇ ਭਾਵਨਾਂ ਦੇ ਫਲਸਰੂਪ ਹੀ ਉਨ੍ਹਾਂ ਦੀ ਸਦਾ ਹੀ ਇਹ ਚਾਹਤ ਰਹੀ ਹੈ ਕਿ ਇਨ੍ਹਾਂ ਗੁਰਧਾਮਾਂ ਵਿੱਚ ਗੁਰੂ ਸਾਹਿਬਾਨ ਵਲੋਂ ਸਥਾਪਤ ਸੰਗਤ ਅਤੇ ਪੰਗਤ ਦੀ ਪਰੰਪਰਾ ਨਿਰਵਿਘਨ ਅਤੇ ਨਿਰੰਤਰ ਚਲਦੀ ਰਹੇ। ਇਸਦੇ ਨਾਲ ਹੀ ਉਨ੍ਹਾਂ ਦੀ ਇਹ ਚਾਹਤ ਵੀ ਰਹੀ ਹੈ ਕਿ ਇਨ੍ਹਾਂ ਗੁਰਧਾਮਾਂ ਦੀ ਪਵਿਤ੍ਰਤਾ ਸਦਾ ਬਣੀ ਰਹੇ ਅਤੇ ਉਸਨੂੰ ਭੰਗ ਕਰਨ ਦਾ ਸਾਹਸ ਕੋਈ ਵੀ ਨਾ ਕਰ ਸਕੇ।
ਇਹੀ ਕਾਰਣ ਹੈ ਕਿ ਜਦੋਂ ਕਦੀ ਵੀ ਕਿਸੇ ਨੇ ਇਨ੍ਹਾਂ ਇਤਿਹਾਸਕ ਗੁਰਧਾਮਾਂ ਦੀ ਪਵਤਿ੍ਰਤਾ ਅਤੇ ਸਤਿਕਾਰ-ਸਨਮਾਨ ਪੁਰ ਸੱਟ ਮਾਰੀ ਤਾਂ ਉਨ੍ਹਾਂ ਦੇ ਹਿਰਦੇ ਤੜਪ ਉਠੇ ਅਤੇ ਉਨ੍ਹਾਂ ਦੇ ਹਿਰਦੇ ਦੀ ਤੜਪ ਤੇ ਉਸਦੀਆਂ ਚੀਸਾਂ ਉਨ੍ਹਾਂ ਨੂੰ ਬਿਹਬਲ ਕਰਨ ਲਗ ਪਈਆਂ। ਭਰੀ ਸਭਾ ਵਿੱਚ ਮੱਸੇ ਰੰਘੜ ਦਾ ਸਿਰ ਲਾਹ ਲਿਜਾਣਾਂ ਤੋਂ ਲੈ ਕੇ ਬਾਬਾ ਦੀਪ ਸਿੰਘ ਸਹਿਤ ਅਨੇਕਾਂ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਉਨ੍ਹਾਂ ਦੀ ਇਸੇ ਭਾਵਨਾ ਦੀਆਂ ਪ੍ਰਤੀਕ ਹਨ।
ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪੰਜਾਬ ਵਿੱਚ ਸਾਂਝੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਤਾਂ ਉਸਨੇ ਅਜਿਹਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਗੁਰਧਾਮਾਂ ਵਿੱਚ ਗੁਰੂ ਸਾਹਿਬਾਨ ਵਲੋਂ ਸਥਾਪਤ ਸੰਗਤ ਅਤੇ ਪੰਗਤ ਦੀ ਪਰੰਪਰਾ ਅਖੰਡ ਰੂਪ ਵਿੱਚ ਚਲਦੀ ਰਹੇ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਆਰਥਕ ਸੰਕਟ ਵਿਘਨ ਨਾ ਪਾ ਸਕੇ। ਸਿੱਖੀ ਦੇ ਪ੍ਰਚਾਰ ਦੀ ਲਹਿਰ ਵੀ ਸਦਾ ਚਲਦੀ ਰਹੇ ਅਤੇ ਕੋਈ ਵੀ ਭੁਖਾ-ਭਾਣਾ ਗੁਰ-ਅਸਥਾਨ ’ਤੇ ਆ, ਨਿਰਾਸ਼ ਨਾ ਮੁੜੇ।
ਇਸੇ ਉਦੇਸ਼ ਨੂੰ ਲੈ ਕੇ ਉਸਨੇ ਇਤਿਹਾਸਕ ਗੁਰ-ਅਸਥਾਨਾਂ ਦੇ ਨਾਲ ਵੱਡੀਆਂ-ਵੱਡੀਆਂ ਜਗੀਰਾਂ ਲੁਆ ਦਿੱਤੀਆਂ। ਇਨ੍ਹਾਂ ਜਗੀਰਾਂ ਦੀ ਆਮਦਨ ਨਾਲ ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਦਿਨ ਦੂਣੀ ਤੇ ਰਾਤ ਚੌਗੁਣੀ ਤੇਜ਼ੀ ਨਾਲ ਚਲਣ ਲੱਗ ਪਈ, ਜਿਸ ਨਾਲ ਇੱਕ ਪਾਸੇ ਸਿੱਖੀ ਵੱਧਣ-ਫੁਲਣ ਲਗੀ ਤੇ ਦੂਜੇ ਪਾਸੇ ਅਥਾਹ ਧਨ-ਦੌਲਤ ਅਤੇ ਜਾਇਦਾਦਾਂ ਵੇਖ, ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਸੰਭਾਲੀ ਬੈਠੇ ਮਹੰਤਾਂ ਦੀਆਂ ਨਜ਼ਰਾਂ ਬਦਲਣ ਲਗ ਪਈਆਂ। ਉਹ ਇਸ ਜਾਇਦਾਦ ਅਤੇ ਧਨ-ਦੌਲਤ ਨੂੰ ਗੁਰੂ-ਘਰ ਦੀ ਅਮਾਨਤ ਸਮਝਣ ਦੀ ਬਜਾਏ, ਆਪਣੀ ਨਿਜੀ ਜਾਇਦਾਦ ਮਨ ਬੈਠੇ। ਇਸਦੀ ਚਮਕ ਨਾਲ ਉਨ੍ਹਾਂ ਦੀਆਂ ਨਜ਼ਰਾਂ ਚੁੰਧਿਆ ਗਈਆਂ, ਜਿਸ ਕਾਰਣ ਉਨ੍ਹਾਂ ਦਾ ਜੀਵਨ ਅਤੇ ਆਚਰਣ ਗਿਰਾਵਟ ਵਲ ਵਧਣ ਲਗ ਪਿਆ। ਦੁਰਾਚਾਰ, ਬਦਕਾਰੀ ਅਤੇ ਭਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦਾ ਅਨਿਖੜਵਾਂ ਅੰਗ ਬਣ ਗਏ। ਆਪਣੀ ਹਿਫ਼ਾਜ਼ਤ ਕਰਨ ਅਤੇ ਆਪਣੇ ਕੁਕਰਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦਬਾਣ ਲਈ ਉਨ੍ਹਾਂ ਨੇ ਗੁੰਡਿਆਂ ਦੀ ਭਰਤੀ ਵੀ ਸ਼ੁਰੂ ਕਰ ਦਿਤੀ।
ਜਿਸਦਾ ਨਤੀਜਾ ਇਹ ਹੋਇਆ ਕਿ ਇਨ੍ਹਾਂ ਗੁੰਡਿਆਂ ਦੇ ਆਪ-ਹੁਦਰੇਪਨ ਨੇ ਗੁਰਧਾਮਾਂ ਦੇ ਕੰਪਲੈਕਸ ਦੀ ਪਵਿਤ੍ਰਤਾ ਨੂੰ ਰੋਲ ਕੇ ਰਖ ਦਿਤਾ। ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੀ ਕਿਸੇ ਵੀ ਬੀਬੀ ਦੀ ਪੱਤ ਦਾ ਸੁਰਖਿਅਤ ਰਹਿਣਾ ਮੁਸ਼ਕਲ ਹੋ ਗਿਆ, ਇਥੋਂ ਤਕ ਕਿ ਉਨ੍ਹਾਂ ਦੇ ਆਪ-ਹੁਦਰੇਪਨ ਅਤੇ ਉਨ੍ਹਾਂ ਦੀ ਗੁੰਡਾ-ਗਰਦੀ ਦਾ ਵਿਰੋਧ ਕਰਨ ਵਾਲਿਆਂ ਦੀਆਂ ਜਾਨਾਂ ਵੀ ਖਤਰੇ ਵਿਚ ਪੈਣ ਲਗ ਪਈਆਂ।
ਇਨ੍ਹਾਂ ਹਾਲਾਤ ਨੇ ਸ਼ਰਧਾਲੂ ਸਿੱਖਾਂ ਦੇ ਹਿਰਦੇ ਵਲੂੰਦਰ ਸੁਟੇ ਅਤੇ ਇੱਕ ਪਾਸੇ ਉਨ੍ਹਾਂ ਨੇ ਇਨ੍ਹਾਂ ਕੁਕਰਮੀ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਸੋਚ-ਵਿਚਾਰ ਕਰਨੀ ਸ਼ੁਰੂ ਕਰ ਦਿਤੀ, ਦੂਜੇ ਪਾਸੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੇ ਬੇਪੱਤ ਹੋਣ ਅਤੇ ਗੁਰਧਾਮਾਂ ਦੀ ਪਵਿਤ੍ਰਤਾ ਭੰਗ ਹੋਣ ਦੀਆਂ ਘਟਨਾਵਾਂ ਵਧਣ ਲਗੀਆਂ ਤਾਂ ਨੌਜਵਾਨ ਸ਼ਰਧਾਲੂ ਸਿੱਖ ਗੁਰਧਾਮਾਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਉਤੇਜਿਤ ਹੋਣ ਲਗ ਪਏ। ਕੁਝ ਜੋਸ਼ੀਲੇ ਅਤੇ ਜਜ਼ਬਾਤੀ ਨੌਜਵਾਨਾਂ ਨੇ ਹਿੰਮਤ ਕਰ, ਜ਼ਬਤ ਵਿਚ ਰਹਿੰਦਿਆਂ ਗੁਰਧਾਮਾਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਸੰਘਰਸ਼ ਛੇੜ ਦਿਤਾ।
20 ਫਰਵਰੀ, 1921 ਈਸਵੀ ਨੂੰ ਸ. ਲਛਮਣ ਸਿੰਘ ਅਤੇ ਸ. ਦਲੀਪ ਸਿੰਘ ਆਪਣੇ ਸਾਥੀਆਂ ਸਹਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ, ਨਨਕਾਣਾ ਸਾਹਿਬ ਦੀ ਪਵਿਤ੍ਰਤਾ ਬਹਾਲ ਕਰਵਉਣ ਲਈ ਮਹੰਤ ਨਰੈਣੂ ਅਤੇ ਉਸਦੇ ਗੁੰਡੇ ਸਾਥੀਆਂ ਹਥੋਂ ਸ਼ਹੀਦੀ ਪ੍ਰਾਪਤ ਕਰ ਗਏ। ਇਨ੍ਹਾਂ ਦੀ ਸ਼ਹਾਦਤ ਦੀ ਦਾਸਤਾਨ ਰੌਂਗਟੇ ਖੜਿਆਂ ਕਰ ਦੇਣ ਵਾਲੀ ਹੈ। ਜਦੋਂ ਇਨ੍ਹਾਂ ਮੁੱਠੀ ਭਰ ਸਿੱਖਾਂ ਨੇ ਪ੍ਰਕਾਸ਼-ਅਸਥਾਨ ਦੇ ਅੰਦਰ ਕਦਮ ਰਖਿਆ ਤਾਂ ਜ਼ਾਲਮਾਂ ਨੇ ਚਹੁੰ ਪਾਸਿਆਂ ਤੋਂ ਦਰਵਾਜ਼ੇ ਬੰਦ ਕਰ, ਉਨ੍ਹਾਂ ਪੁਰ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ।
ਹਰ ਸਿੱਖ ਨੇ ਸੀਨੇ ਵਿੱਚ ਗੋਲੀ ਖਾਧੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਲ ਵਧਦੀ ਹਰ ਗੋਲੀ ਨੂੰ ਸ. ਲਛਮਣ ਸਿੰਘ ਨੇ ਆਪਣੇ ਸੀਨੇ ਤੇ ਰੋਕਣ ਦਾ ਜਤਨ ਕੀਤਾ। ਉਹ ਦਿ੍ਰਸ਼ ਕਿਤਨਾ ਭਿਆਨਕ ਰਿਹਾ ਹੋਵੇਗਾ, ਜਦੋਂ ਸਿਸਕ ਰਹੇ ਸਿੰਘਾਂ ਨੂੰ ਜੰਡਾਂ ਨਾਲ ਲਟਕਾ ’ਤੇ ਮਿੱਟੀ ਦਾ ਤੇਲ ਪਾ, ਸਾੜਿਆ ਗਿਆ, ਟਕੂਆਂ ਨਾਲ ਟੱੁਕਿਆ ਅਤੇ ਛਵੀਆਂ ਨਾਲ ਵਿਨਿ੍ਹਆ ਗਿਆ। ਸ. ਲਛਮਣ ਸਿੰਘ ਨੂੰ ਵੀ ਸਿਸਕਦਿਆਂ ਜੰਡ ਨਾਲ ਬੰਨ੍ਹ ਟੰਗਿਆ ਗਿਆ ਅਤੇ ਤੇਲ ਪਾ, ਉਨ੍ਹਾਂ ਨੂੰ ਵੀ ਸਾੜ ਦਿੱਤਾ ਗਿਆ।
ਇਤਨਾ ਜ਼ੁਲਮ ਸਹਿੰਦਿਆਂ ਹੋਇਆਂ ਵੀ ਸ. ਲਛਮਣ ਸਿੰਘ ਸਮੇਤ ਕਿਸੇ ਵੀ ਸਿੱਖ ਨੇ ‘ਆਹ’ ਨਹੀਂ ਭਰੀ, ਸ਼ਹੀਦੀ ਵਲੋਂ ਮੂੰਹ ਨਹੀਂ ਮੋੜਿਆ, ਕਿਸੇ ਨੇ ਵੀ ਹਮਲਾ ਕਰਨ ਵਾਲਿਆਂ ਪੁਰ ਜਵਾਬੀ ਹਮਲਾ ਨਹੀਂ ਕੀਤਾ। ਸਾਰਿਆਂ ਨੇ ਸ਼ਾਂਤਮਈ ਰਹਿੰਦਿਆਂ, ਭਾਣਾ ਮੰਨਦਿਆਂ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਸ਼ਹੀਦੀਆਂ ਦੇ ਫਲਸਰੂਪ ਹੀ 24 ਘੰਟਿਆਂ ਵਿੱਚ ਇਸ ਪਵਿਤ੍ਰ ਗੁਰ-ਅਸਥਾਨ ਦਾ ਪ੍ਰਬੰਧ ਮਹੰਤਾਂ ਦੇ ਹਥਾਂ ਵਿਚੋਂ ਖੋਹ ਪੰਥਕ ਹਥਾਂ ਵਿੱਚ ਸੌਂਪ ਦਿੱਤਾ ਗਿਆ।
ਇਸ ਸਾਕੇ ਨੂੰ ਵਾਪਰਿਆਂ ਇੱਕ ਸਦੀ ਬੀਤ ਗਈ ਹੈ, ਪਰ ਇਸਦੀ ਯਾਦ ਅੱਜ ਵੀ ਸਿੱਖ ਦਿਲਾਂ ਵਿੱਚ ਕਲ੍ਹ ਹੀ ਵਾਪਰੀ ਘਟਨਾ ਵਾਂਗ ਬਣੀ ਹੋਈ ਹੈ। ਸਿੱਖ ਜਗਤ ਹਰ ਰੋਜ਼ ਦੋਵੇਂ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰ, ਇਨ੍ਹਾਂ ਸ਼ਹੀਦਾਂ ਦੀ ਯਾਦ ਕਰਦਾ ਅਤੇ ਉਨ੍ਹਾਂ ਦੀ ਸ਼ਹਾਦਤ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਦਾ ਹੈ। ਇਨ੍ਹਾਂ ਸ਼ਹੀਦੀਆਂ ਤੋਂ ਪ੍ਰੇਰਨਾ ਅਤੇ ਉਤਸ਼ਾਹ ਲੈਂਦਾ ਹੈ, ਕਿਉਂਕਿ ਇਹ ਸ਼ਹਾਦਤਾਂ ਹੀ ਸਿੱਖ ਪੰਥ ਨੂੰ ਸੰਘਰਸ਼ ਕਰਨ ਅਤੇ ਜ਼ੁਲਮ-ਜ਼ਬਰ ਦਾ ਸਾਹਮਣਾ ਦਿ੍ਰੜ੍ਹਤਾ ਕਰਨ ਦੀ ਪ੍ਰੇਰਨਾ ਦਿੰਦੀਆਂ ਚਲੀਆਂ ਆ ਰਹੀਆਂ ਹਨ।
– ਲੇਖਕ: ਜਸਵੰਤ ਸਿੰਘ ‘ਅਜੀਤ’