ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਬਹੁਤ ਹੀ ਖੁਸ਼ੀ ਦਾ ਮਹੌਲ ਹੈ ਕਿਉਂਕਿ ਐਂਥਨੀ ਐਲਬਨੀਜ਼ ਅਹੁਦੇ ‘ਤੇ ਰਹਿੰਦਿਆਂ ਹੋਇਆਂ ਵਿਆਹ ਕਰਾਉਣ ਵਾਲੇ ਪਹਿਲੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਬਣ ਗਏ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਪਿਛਲੇ ਸ਼ਨੀਵਾਰ ਨੂੰ ਆਪਣੀ ਦੋਸਤ ਜੋਡੀ ਹੇਡਨ ਨਾਲ ਵਿਆਹ ਕਰਵਾ ਲਿਆ ਹੈ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਦੇਸ਼-ਵਿਦੇਸ਼ ਤੋਂ ਵਧਾਈਆਂ ਮਿਲ ਰਹੀਆਂ ਹਨ। 62 ਸਾਲਾ ਐਂਥਨੀ ਐਲਬਨੀਜ਼ ਨੇ ਕੈਨਬਰਾ ਵਿਖੇ ਫਾਇਨਾਂਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੀ 46 ਸਾਲਾ ਜੋਡੀ ਹੇਡਨ ਨਾਲ ਵਿਆਹ ਕਰਵਾਿੲਆ ਹੈ ਅਤੇ ਦੋਵਾਂ ਦੀ ਕੁੜਮਾਈ ਫਰਵਰੀ 2024 ਵਿੱਚ ਹੋਈ ਸੀ। ਐਂਥਨੀ ਐਲਬਨੀਜ਼ ਅਤੇ ਜੋਡੀ ਹੇਡਨ ਪਹਿਲੀ ਵਾਰ 2020 ਵਿੱਚ ਮੈਲਬੌਰਨ ਵਿੱਚ ਇੱਕ ਬਿਜ਼ਨਸ ਡਿਨਰ ‘ਤੇ ਮਿਲੇ ਸਨ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਇਹ ਦੂਜਾ ਵਿਆਹ ਹੈ। ਉਹਨਾਂ ਦਾ 2019 ਵਿੱਚ ਆਪਣੀ ਸਾਬਕਾ ਪਤਨੀ ਕਾਰਮੇਲ ਟੈਬਟ ਨਾਲ ਤਲਾਕ ਹੋ ਗਿਆ ਸੀ। ਉਹਨਾਂ ਦਾ ਪਹਿਲਾ ਵਿਆਹ 19 ਸਾਲ ਚੱਲਿਆ ਅਤੇ ਇਸ ਰਿਸ਼ਤੇ ਤੋਂ ਉਨ੍ਹਾਂ ਦਾ ਇੱਕ ਪੁੱਤਰ ਨੇਥਨ ਐਲਬਨੀਜ਼ ਹੈ। ਐਂਥਨੀ ਐਲਬਨੀਜ਼ ਦੀ ਨਵੀਂ ਪਤਨੀ ਜੋਡੀ ਹੇਡਨ ਦਾ ਵੀ ਇਹ ਦੂਜਾ ਵਿਆਹ ਹੈ ਹਾਲਾਂਕਿ ਹੇਡਨ ਦੇ ਪਹਿਲੇ ਵਿਆਹ ਅਤੇ ਤਲਾਕ ਦੇ ਵੇਰਵੇ ਜਨਤਕ ਤੌਰ ‘ਤੇ ਉਪਲਬਧ ਨਹੀਂ ਹਨ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਬਚਪਨ ਦੀ ਕਹਾਣੀ ਦਿਲ ਨੂੰ ਬਹੁਤ ਹੀ ਛੋਹ ਜਾਣ ਵਾਲੀ ਹੈ। ਐਂਥਨੀ ਐਲਬਨੀਜ਼ ਨੂੰ ਉਹਨਾਂ ਦੇ ਛੋਟੇ ਨਾਮ “ਐਲਬੋ” ਨਾਲ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 2 ਮਾਰਚ 1963 ਨੂੰ ਸਿਡਨੀ ਦੇ ਡਾਰਲੰਿਗਹਰਸਟ ਇਲਾਕੇ ਦੇ ਸੇਂਟ ਮਾਰਗਰੇਟਸ ਹਸਪਤਾਲ ਦੇ ਵਿੱਚ ਹੋਇਆ ਸੀ। ਜਦੋਂ ਤੋਂ ਐਂਥਨੀ ਐਲਬਨੀਜ਼ ਨੇ ਹੋਸ਼ ਸੰਭਾਲੀ ਤਾਂ ਉਹਨਾਂ ਨੇ ਸਿਰਫ਼ ਆਪਣੀ ਮਾਂ ਨੂੰ ਦੇਖਿਆ ਪਰ ਆਪਣੇ ਪਿਤਾ ਨੂੰ ਕਦੇ ਵੀ ਨਹੀਂ। ਜਦੋਂ ਉਸਨੇ ਆਪਣੇ ਪਿਤਾ ਬਾਰੇ ਪੁੱਛਿਆ ਤਾਂ ਉਸਨੂੰ ਦੱਸਿਆ ਗਿਆ ਸੀ ਕਿ “ਉਸਦੀ ਮਾਂ ਵਿਦੇਸ਼ ਗਈ ਸੀ ਜਿਥੇ ਉਹ ਉਸਦੇ ਪਿਤਾ ਨੂੰ ਮਿਲੀ ਅਤੇ ਉਸ ਨਾਲ ਵਿਆਹ ਕਰਵਾ ਲਿਆ। ਜਦੋਂ ਉਸਦੀ ਮਾਂ ਆਸਟ੍ਰੇਲੀਆ ਵਾਪਸ ਆਈ ਤਾਂ ਉਸਦੇ ਪਿਤਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।” ਐਂਥਨੀ ਐਲਬਨੀਜ਼ ਇਸ ਕਹਾਣੀ ‘ਤੇ ਵਿਸ਼ਵਾਸ ਕਰਦੇ ਹੋਏ ਵੱਡੇ ਹੋਏ। ਜਦੋਂ ਐਂਥਨੀ ਐਲਬਨੀਜ਼ 14 ਸਾਲ ਦੇ ਸਨ ਤਾਂ ਇੱਕ ਦਿਨ ਉਹਨਾਂ ਦੀ ਮਾਂ ਨੇ ਰਾਤ ਦੇ ਖਾਣੇ ਤੋਂ ਬਾਅਦ ਉਸਨੂੰ ਅਸਲ ਸੱਚਾਈ ਦੱਸੀ ਕਿ, “ਉਹ ਅਸਲ ਵਿੱਚ ਵਿਆਹੀ ਹੋਈ ਨਹੀਂ ਸੀ। ਉਹ ਇਟਲੀ ਵਿੱਚ ਇੱਕ ਵਿਅਕਤੀ ਨੂੰ ਮਿਲੀ ਸੀ ਅਤੇ ਉਸ ਨਾਲ ਸਬੰਧ ਬਣਾਏ ਅਤੇ ਗਰਭਵਤੀ ਹੋ ਗਈ। ਉਸਨੇ ਨਾਜਾਇਜ਼ ਹੋਣ ਤੋਂ ਬਚਣ ਲਈ ਇਸ ਸਾਰੇ ਤੱਥ ਨੂੰ ਆਪਣੇ ਸੀਨੇ ਦੇ ਵਿੱਚ ਲੁਕਾ ਲਿਆ ਸੀ।” ਪੂਰੇ ਪਰਿਵਾਰ ਨੇ 15 ਸਾਲਾਂ ਤੱਕ ਇਸ ਕਹਾਣੀ ‘ਤੇ ਹੀ ਵਿਸ਼ਵਾਸ ਕੀਤਾ ਸੀ।
ਐਂਥਨੀ ਐਲਬਨੀਜ਼ ਦੇ ਪਿਤਾ ਕਾਰਲੋ ਐਲਬਨੀਜ਼ ਇਟਲੀ ਦੇ ਇੱਕ ਕਰੂਜ਼ ਸਿ਼ੱਪ ਦੇ ਮੈਨੇਜਰ ਸਨ। ਉਹ ਮਾਰਚ 1962 ਵਿੱਚ ਸਿਡਨੀ ਤੋਂ ਇੰਗਲੈਂਡ ਦੀ ਯਾਤਰਾ ਦੇ ਦੌਰਾਨ ਐਂਥਨੀ ਐਲਬਨੀਜ਼ ਦੀ ਮਾਂ ਮੈਰੀਅਨ ਈਲੇਰੀ ਨੂੰ ਮਿਲੇ ਸਨ ਅਤੇ ਪਹਿਲੀ ਨਜ਼ਰ ਦੇ ਵਿੱਚ ਹੀ ਉਨ੍ਹਾਂ ਨੂੰ ਪਿਆਰ ਹੋ ਗਿਆ। ਕਾਰਲੋ ਐਲਬਨੀਜ਼ ਦੀ ਮੰਗਣੀ ਕਿਸੇ ਹੋਰ ਔਰਤ ਨਾਲ ਹੋਈ ਸੀ ਪਰ ਪਰਿਵਾਰ ਅਤੇ ਸਮਾਜ ਤੋਂ ਡਰਦੇ ਹੋਏ ਉਹ ਆਪਣੇ ਪਹਿਲੇ ਰਿਸ਼ਤਾ ਨੂੰ ਤੋੜ ਨਹੀਂ ਸਕਿਆ। ਮੈਰੀਅਨ ਈਲੇਰੀ ਨੇ ਵਿਆਹ ਦੀ ਇੱਕ ਝੂਠੀ ਕਹਾਣੀ ਬਣਾਈ। ਉਸਨੇ ਮੰਗਣੀ ਦੀ ਅੰਗੂਠੀ ਪਹਿਨੀ ਅਤੇ ਏਸ਼ੀਆ ਅਤੇ ਬ੍ਰਿਟੇਨ ਦੀ ਯਾਤਰਾ ਕਰਨ ਤੋਂ ਬਾਅਦ ਆਸਟ੍ਰੇਲੀਆ ਵਾਪਸ ਆ ਗਈ। ਇਸ ਸਮੇਂ ਦੌਰਾਨ ਉਹ ਚਾਰ ਮਹੀਨਿਆਂ ਦੀ ਗਰਭਵਤੀ ਸੀ।
ਆਪਣੀ ਮਾਂ ਮੈਰੀਅਨ ਈਲੇਰੀ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਐਂਥਨੀ ਐਲਬਨੀਜ਼ ਨੇ ਕਦੇ ਵੀ ਆਪਣੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਤੱਕ ਉਹ ਜ਼ਿੰਦਾ ਸੀ। ਐਂਥਨੀ ਐਲਬਨੀਜ਼ ਦੀ ਮਾਂ ਦਾ 2002 ਵਿੱਚ ਦੇਹਾਂਤ ਹੋ ਗਿਆ। ਇੱਕ ਦਿਨ ਜਦੋਂ ਐਂਥਨੀ ਐਲਬਨੀਜ਼ ਦੇ ਬੇਟੇ ਨੇਥਨ ਐਲਬਨੀਜ਼ ਨੇ ਉਸਨੂੰ ਪੁੱਛਿਆ ਕਿ, “ਤੁਹਾਡੇ ਪਿਤਾ ਜੀ ਕਿੱਥੇ ਹਨ?” ਤਾਂ ਉਸਨੂੰ ਅਹਿਸਾਸ ਹੋਇਆ ਕਿ ਸੱਚਾਈ ਲੱਭਣਾ ਬਹੁਤ ਜ਼ਰੂਰੀ ਹੈ। ਉਸਨੂੰ ਅਹਿਸਾਸ ਹੋਇਆ ਕਿ ਉਸਦੇ ਪਿਤਾ ਨੂੰ ਲੱਭਣਾ ਨਾ ਸਿਰਫ਼ ਉਸਦੇ ਲਈ ਸਗੋਂ ਉਸਦੇ ਪੁੱਤਰ ਲਈ ਵੀ ਮਹੱਤਵਪੂਰਨ ਸੀ। ਐਂਥਨੀ ਐਲਬਨੀਜ਼ ਕੋਲ ਸਿਰਫ਼ ਇੱਕ ਪੁਰਾਣੀ ਫੋਟੋ ਸੀ ਜਿਸ ਵਿੱਚ ਉਸਦਾ ਪਿਤਾ ਜਹਾਜ਼ ‘ਤੇ ਦਿੱਖ ਰਿਹਾ ਸੀ ਜਿੱਥੇ ਉਹ ਐਂਥਨੀ ਐਲਬਨੀਜ਼ ਦੀ ਮਾਂ ਨੂੰ ਪਹਿਲੀ ਵਾਰ ਮਿਲਿਆ ਸੀ। ਐਂਥਨੀ ਐਲਬਨੀਜ਼ ਨੇ ਇਸ ਫੋਟੋ ਰਾਹੀਂ ਕਰੂਜ਼ ਕੰਪਨੀ ਤੋਂ ਜਾਣਕਾਰੀ ਹਾਸਿਲ ਕਰਨੀ ਦੀ ਕੋਸ਼ਿਸ਼ ਸ਼ੁਰੂ ਕੀਤੀ। ਲੰਬੀ ਖੋਜ ਤੋਂ ਬਾਅਦ ਉਸਨੂੰ ਸਮੁੰਦਰੀ ਇਤਿਹਾਸਕਾਰ ਰੌਬ ਹੈਂਡਰਸਨ ਮਿਲਿਆ ਅਤੇ ਆਪਣੇ ਪਿਤਾ ਦੀ ਭਾਲ ਕਰਨ ਦੇ ਲਈ ਉਸਦੀ ਮਦਦ ਮੰਗੀ। ਸਾਲ 2009 ਦੇ ਦੌਰਾਨ ਇੱਕ ਦਿਨ ਜਦੋਂ ਐਂਥਨੀ ਐਲਬਨੀਜ਼ ਨੂੰ ਇੱਕ ਫੋਨ ਆਇਆ ਅਤੇ ਉਸਨੂੰ ਦੱਸਿਆ ਗਿਆ ਕਿ ਉਸਦੇ ਪਿਤਾ ਨੂੰ ਲੱਭ ਲਿਆ ਗਿਆ ਹੈ ਤਾਂ ਉਸਨੂੰ ਯਕੀਨ ਨਹੀਂ ਸੀ ਆ ਰਿਹਾ। ਇਸ ਤੋਂ ਬਾਅਦ ਐਂਥਨੀ ਐਲਬਨੀਜ਼ ਆਪਣੇ ਪਿਤਾ ਨੂੰ ਮਿਲਿਆ ਅਤੇ ਆਪਣੇ ਪ੍ਰੀਵਾਰ ਨੂੰ ਲੈ ਕੇ ਕਈ ਵਾਰ ਇਟਲੀ ਗਏ। ਐਂਥਨੀ ਦੇ ਪਿਤਾ ਦੀ ਜਨਵਰੀ 2014 ਵਿੱਚ ਮੌਤ ਹੋ ਗਈ।
ਐਂਥਨੀ ਐਲਬਨੀਜ਼ ਆਪਣੀ ਮਾਂ ਅਤੇ ਨਾਨਾ-ਨਾਨੀ ਨਾਲ ਸਿਡਨੀ ਦੇ ਕੈਂਪਰਡਾਊਨ ਦੇ ਵਿੱਚ ਹੀ ਪਲੇ ਅਤੇ ਵੱਡੇ ਹੋਏ। ਕੈਂਪਰਡਾਊਨ ਦੇ ਸੇਂਟ ਜੋਸਫ਼ ਪ੍ਰਾਇਮਰੀ ਸਕੂਲ ਅਤੇ ਫਿਰ ਸੇਂਟ ਮੈਰੀਜ਼ ਕੈਥੇਡ੍ਰਲ ਕਾਲਜ ਵਿੱਚ ਪੜ੍ਹਾਈ ਕੀਤੀ। ਐਂਥਨੀ ਐਲਬਨੀਜ਼ ਨੇ ਸਿਡਨੀ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੌਰਾਨ ਉਹ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਐਲਬਨੀਜ਼ ਨੇ ਆਪਣੇ ਸਮੇਂ ਦੇ ਸਥਾਨਕ ਸਰਕਾਰਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੇ ਮੰਤਰੀ ਟੌਮ ਯੂਰੇਨ ਦੇ ਖੋਜ ਅਧਿਕਾਰੀ ਵਜੋਂ ਭੂਮਿਕਾ ਨਿਭਾਈ ਜੋ ਉਨ੍ਹਾਂ ਦੇ ਸਲਾਹਕਾਰ ਬਣੇ। 1989 ਵਿੱਚ ਉਹ ਲੇਬਰ ਪਾਰਟੀ ਦੀ ਨਿਊ ਸਾਊਥ ਵੇਲਜ਼ ਸ਼ਾਖਾ ਦੇ ਸਹਾਇਕ ਜਨਰਲ ਸਕੱਤਰ ਚੁਣੇ ਗਏ ਅਤੇ 1995 ਵਿੱਚ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਬੌਬ ਕਾਰ ਦੇ ਸੀਨੀਅਰ ਸਲਾਹਕਾਰ ਵਜੋਂ ਕੰਮ ਕੀਤਾ। ਉਹ ਪਹਿਲੀ ਵਾਰ 1996 ਵਿੱਚ ਗ੍ਰੈਂਡਲਰ ਸੀਟ ਤੋਂ ਚੋਣ ਜਿੱਤ ਕੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਪੁੱਜੇ। 2013 ਵਿੱਚ ਡਿਪਟੀ ਲੀਡਰ ਅਤੇ ਫਿਰ ਵਿਰੋਧੀ ਧਿਰ ਦੇ ਨੇਤਾ ਬਣੇ। 10 ਸਾਲ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ 2022 ਦੀਆਂ ਚੋਣਾਂ ਦੇ ਵਿੱਚ ਸਕੌਟ ਮੌਰੀਸਨ ਨੂੰ ਹਰਾ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ ਅਤੇ 2025 ਵਿੱਚ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਚੋਣ ਜਿੱਤੀ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਵਿਆਹ ਦੀ ਇਸ ਵੇਲੇ ਪੂਰੀ ਦੁਨੀਆਂ ਦੇ ਵਿੱਚ ਚਰਚਾ ਹੋ ਰਹੀ ਹੈ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਵਿਸ਼ਵ ਦੇ ਹੋਰਨਾਂ ਨੇਤਾਵਾਂ ਦੇ ਵਲੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਵਿਆਹ ਦੀਆਂ ਵਧਾਈਆਂ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
