
ਦਾਲ ਪੀਣਿਆਂ ਦਾ ਚਰਨਾ ਮੋਟਰ ਸਾਇਕਲ ਭਜਾਈ ਜਾਂਦਾ ਸੱਥ ਲਾਗੋਂ ਲੰਘਿਆ ਤਾਂ ਸ਼ਰੀਕੇ ‘ਚੋਂ ਤਾਏ ਲੱਗਦੇ ਕਰਮ ਸਿੰਘ ਮਾਸਟਰ ਨੇ ਅਵਾਜ਼ ਮਾਰ ਕੇ ਰੋਕ ਲਿਆ, “ਕਿੱਧਰ ਨੂੰ ਮੋਟਰ ਸਾਇਕਲ ਭਜਾਈ ਜਾਨਾ ਸਵੇਰੇ ਸਵੇਰ? ਤੈਨੂੰ ਤਾਂ ਸੁਣਿਆਂ ਕਰੋਨਾ ਹੋ ਗਿਆ ਸੀ ਵੀਹ ਕੁ ਦਿਨ ਪਹਿਲਾਂ। ਘਰ ਬੈਠ ਕੇ ਅਰਾਮ ਨਹੀਂ ਕੀਤਾ ਜਾਂਦਾ ਤੇਰੇ ਕੋਲੋਂ।” “ਉਹ ਤਾਂ ਤਾਇਆ ਸੱਤ ਕੁ ਦਿਨ ਕਰੋਨਾ ਸੈਂਟਰ ਵਿੱਚ ਦਾਖਲ ਹੋ ਕੇ ਠੀਕ ਹੋ ਗਿਆ ਸੀ। ਦਸ ਬਾਰਾਂ ਦਿਨ ਘਰ ਵਿੱਚ ਇਕਾਂਤਵਾਸ ਕੀਤਾ ਤੇ ਹੁਣ ਬਾਬੇ ਠੱਗ ਦਾਸ ਦੇ ਡੇਰੇ ਧੰਨਵਾਦ ਕਰਨ ਚੱਲਿਆਂ। ਬੱਸ ਬਾਬਾ ਜੀ ਦੀ ਕ੍ਰਿਪਾ ਨਾਲ ਜਾਨ ਬਚ ਗਈ ਨਹੀਂ ਤਾਂ ਚੱਲੇ ਸੀ ਅਗਲੇ ਜਹਾਨ ਨੂੰ” ਚਰਨੇ ਨੇ ਅਸਮਾਨ ਵੱਲ ਹੱਥ ਜੋੜਦੇ ਹੋਏ ਕਿਹਾ। “ਦੁਰ ਫਿਟੇ ਮੂੰਹ ਤੇਰੇ ਜਣਦਿਆਂ ਦੇ। ਬੇਵਕੂਫਾ ਬਚਾਇਆ ਤੈਨੂੰ ਡਾਕਟਰਾਂ ਨੇ ਆ ਕਿ ਠੱਗ ਦਾਸ ਪਾਖੰਡੀ ਨੇ। ਡਾਕਟਰਾਂ ਦਾ ਧੰਨਵਾਦ ਕਰਨ ਦੀ ਬਜਾਏ ਤੂੰ ਅੱਕਾਂ ਨੂੰ ਤੇਲ ਚੜ੍ਹਾਉਣ ਚੱਲਿਆ ਆਂ। ਇਥੋਂ ਈ ਵਾਪਸ ਮੁੜ ਜਾ, ਤੇਰੀ ਜਾਨ ਬਚਾਉਣ ਵਾਲਾ ਠੱਗ ਦਾਸ ਖੁਦ ਕਰੋਨਾ ਕਾਰਨ 8 ਦਿਨ ਤੋਂ ਸ਼ਹਿਰ ਦੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਪਿਆ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਆ। ਜਿਹੜਾ ਖੁਦ ਨੂੰ ਨਹੀਂ ਬਚਾ ਸਕਿਆ, ਉਹ ਤੇਰੇ ਵਰਗੇ ਅੰਧ ਭਗਤਾਂ ਨੂੰ ਕੀ ਬਚਾਊਗਾ?” ਮਾਸਟਰ ਦੀ ਗੱਲ ਸੁਣ ਕੇ ਮੁੰਡੀਹਰ ਵਿੱਚ ਹਾਸੜ ਮੱਚ ਗਿਆ ਤੇ ਵਿਚਾਰਾ ਚਰਨਾ ਉਥੋਂ ਹੀ ਹਾਰੇ ਜੁਆਰੀਏ ਵਾਂਗ ਘਰ ਨੂੰ ਮੁੜ ਗਿਆ।