ਬਚਪਨ ਤੋਂ ਹੀ ਸਾਡੇ ਸਮਾਜ ਵਿਚ ਲੜਕੀਆਂ ਤੋਂ ਕੁਝ ਜ਼ਿਆਦਾ ਹੀ ਉਮੀਦਾਂ ਰੱਖੀਆਂ ਜਾਂਦੀਆਂ ਹਨ। ਅਕਸਰ ਇਨ੍ਹਾਂ ਉਮੀਦਾਂ ਵਿਚ ਬੱਚੀ ਤੋਂ ਔਰਤ ਬਣਨ ਤੱਕ ਨਾਰੀ ਪਿਸਦੀ ਰਹਿੰਦੀ ਹੈ। ਉਮੀਦਾਂ ‘ਤੇ ਪੂਰਾ ਨਾ ਉਤਰਨ ਦੀ ਸਥਿਤੀ ਵਿਚ ਔਰਤ ਦੇ ਕੋਮਲ ਮਨ ਉੱਪਰ ਕਈ ਤਰ੍ਹਾਂ ਦੇ ਉਦਾਸੀਆਂ ਦੇ ਪ੍ਰਛਾਵੇਂ ਪੈਦਾ ਹੋਣ ਲੱਗ ਪੈਂਦੇ ਹਨ। ਇਕ ਪਾਸੇ ਤਾਂ ਅਸੀਂ ਔਰਤ-ਮਰਦ ਨੂੰ ਜੀਵਨ ਰੂਪੀ ਗੱਡੀ ਦੇ ਦੋ ਪਹੀਏ ਮੰਨਦੇ ਹਾਂ, ਫਿਰ ਸਾਰੀਆਂ ਜ਼ਿੰਮੇਵਾਰੀਆਂ, ਦੇਖਭਾਲ ਇਕ ਪਹੀਏ (ਔਰਤ) ਤੋਂ ਵਧੇਰੇ ਕਿਉਂ ਉਮੀਦ ਕਰਦੇ ਹਾਂ?ਸਭ ਤੋਂ ਪਹਿਲਾਂ ਤਾਂ ਭਾਰਤੀ ਸਮਾਜ ਵਿਚ ਜਨਮ ਲੈਂਦਿਆਂ ਹੀ ਲੜਕੀਆਂ ਦੇ ਨਾਲ ਭੇਦ-ਭਾਵ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸਾਡੀਆਂ ਸਾਰੀਆਂ ਪ੍ਰਥਾਵਾਂ, ਰੀਤੀ ਰਿਵਾਜ, ਪ੍ਰੰਪਰਾਵਾਂ, ਭੇਦ-ਭਾਵਾਂ ਨਾਲ ਭਰੀਆਂ ਪਈਆਂ ਹਨ। ਬੇਟਾ ਪੈਦਾ ਹੋਣ ‘ਤੇ ਪਰਿਵਾਰ ਦੇ ਲੋਕ ਖੁਸ਼ ਹੁੰਦੇ ਹਨ ਪਰ ਬੇਟੀ ਪੈਦਾ ਹੋਣ ‘ਤੇ ਪਾਰਟੀਆਂ-ਵਧਾਈਆਂ ਤਾਂ ਦੂਰ, ਸਗੋਂ ਬੇਟੀ ਦੀ ਮਾਂ ਨੂੰ ਧੀਰਜ ਜਾਂ ਦਿਲਾਸਾ ਹੀ ਦਿੱਤਾ ਜਾਂਦਾ ਹੈ ਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਜਾਂਦੀ ਹੈ। ਪੁੱਤਰ ਤਾਂ ਬਚਪਨ ਤੋਂ ਹੀ ਦੋਸਤਾਂ ਨਾਲ ਘੁੰਮਣ-ਖੇਡਣ ਅਤੇ ਘਰ ਵਿਚ ਹੰਗਾਮਾ ਮਚਾਉਣ ਲਈ ਤਿਆਰ ਹੈ ਪਰ ਬੇਟੀ ਨੂੰ ਬਚਪਨ ਤੋਂ ਘਰ ਦਾ ਕੰਮਕਾਜ, ਮਾਂ ਦਾ ਹੱਥ ਵੰਡਾਉਣ ਅਤੇ ਭਰਾ ਦਾ ਰੁਅਬ ਮੰਨਣਾ ਪੈਂਦਾ ਹੈ। ਸਹੁਰੇ ਘਰ ਪਹੁੰਚ ਕੇ ਵੀ ਉਸ ਤੋਂ ਉਮੀਦਾਂ ਹੀ ਕੀਤੀਆਂ ਜਾਂਦੀਆਂ ਹਨ ਕਿ ਉਹ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੁਸ਼ ਰੱਖਣ ਦਾ ਯਤਨ ਕਰੇ। ਦਾਜ ਦੀ ਉਮੀਦ ਵੀ ਕੀਤੀ ਜਾਂਦੀ ਹੈ।ਸਮਾਜਿਕ ਪ੍ਰਥਾਵਾਂ ਵੀ ਔਰਤ ਦੇ ਹੱਕ ਵਿਚ ਨਹੀਂ ਹਨ। ਕਈ ਜਗ੍ਹਾ ਪਰਦਾ ਪ੍ਰਥਾ, ਬੁਰਕਾ ਪ੍ਰਥਾ ਅੱਜ ਵੀ ਔਰਤ ਦੀ ਸੁਤੰਤਰਤਾ ਵਿਚ ਰੁਕਾਵਟ ਹੈ। ਭਰੂਣ ਹੱਤਿਆ ਅਤੇ ਦਾਜ ਵਰਗੀਆਂ ਨਾਮੁਰਾਦ ਬਿਮਾਰੀਆਂ ਔਰਤ ਦੇ ਜੀਵਨ ਦਾ ਕਲੰਕ ਹਨ। ਇੰਜ ਜਾਪਦਾ ਹੈ ਜਿਵੇਂ ਸਾਰੇ ਆਦਰਸ਼ ਅਤੇ ਪ੍ਰਮਾਣ ਔਰਤਾਂ ਲਈ ਹੀ ਹਨ। ਪਤਨੀ ਆਪਣੀ ਇੱਛਾ ਅਨੁਸਾਰ ਵੀ ਆਪਣੀ ਆਮਦਨ ਦਾ ਛੋਟਾ ਜਿਹਾ ਹਿੱਸਾ ਵੀ ਜ਼ਾਹਰਾ ਤੌਰ ‘ਤੇ ਇੱਛਾ ਅਨੁਸਾਰ ਪੇਕਿਆਂ ‘ਤੇ ਖਰਚ ਨਹੀਂ ਕਰ ਸਕਦੀ। ਇਸ ਵਾਸਤੇ ਵੀ ਸਹੁਰਿਆਂ ਦੀ ਇਜਾਜ਼ਤ ਲੈਣੀ ਪੈਂਦੀ ਹੈ।
ਵਿਆਹ ਦੇ ਸਮੇਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਲੜਕੀ ਉੱਪਰ ਕਿਸੇ ਪੁਰਸ਼ ਦਾ ਪ੍ਰਛਾਵਾਂ ਤੱਕ ਨਾ ਪਿਆ ਹੋਵੇ, ਭਾਵੇਂ ਲੜਕੇ ਦੀਆਂ ਜਿੰਨੀਆਂ ਮਰਜ਼ੀ ਔਰਤ ਦੋਸਤ ਹੋਣ। ਉਸ ਦੇ ਭਾਵੇਂ ਅਨੈਤਿਕ ਸੰਬੰਧ ਹੋਣ। ਪੁਰਸ਼ ਦੇ ਚਰਿੱਤਰਹੀਣ ਹੋਣ ‘ਤੇ ਉਸ ਦੀ ਪਤਨੀ ਨੂੰ ਸਮਝੌਤਾ ਕਰਨ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਔਰਤ ਦਾ ਅਭੂਸ਼ਣ ਪਤਿ ਹੀ ਮੰਨਿਆ ਗਿਆ ਹੈ। ਜੇਕਰ ਕੋਈ ਔਰਤ ਸੰਤਾਨਹੀਣ ਹੈ ਤਾਂ ਸਾਰਾ ਦੋਸ਼ ਔਰਤ ਉੱਪਰ ਹੀ ਮੜ੍ਹ ਦਿੱਤਾ ਜਾਂਦਾ ਹੈ, ਚਾਹੇ ਕਮੀ ਪਤੀ ਵਿਚ ਹੀ ਹੋਵੇ।
ਅੱਜ ਜੀਵਨ ਦਾ ਕੋਈ ਖੇਤਰ ਐਸਾ ਨਹੀਂ, ਜਿਥੇ ਇਸਤਰੀ ਨਾ ਪਹੁੰਚੀ ਹੋਵੇ। ਭਾਵੇਂ ਖੇਡ ਦਾ ਮੈਦਾਨ ਹੋਵੇ, ਵਿਗਿਆਨ, ਸਾਹਿਤ, ਰਾਜਨੀਤੀ, ਫੈਕਟਰੀਆਂ ਦੀ ਪ੍ਰਬੰਧਕ, ਵਿਦਿਅਕ, ਇੰਜੀਨੀਅਰ, ਹਰ ਜਗ੍ਹਾ ਔਰਤ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ। ਕਈ ਖੇਤਰਾਂ ਵਿਚ ਉਸ ਨੇ ਪੁਰਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਪਰ ਅਜੇ ਵੀ ਪੁਰਾਣੀਆਂ ਰੂੜੀਆਂ, ਪੁਰਾਣੇ ਵਿਚਾਰ ਦੀ ਗੁਲਾਮ ਬਣ ਕੇ ਰਹਿਣ ਦੀ ਉਸ ਕੋਲੋਂ ਉਮੀਦ ਕੀਤੀ ਜਾ ਰਹੀ ਹੈ। ਜਿਸ ਪ੍ਰਕਾਰ ਔਰਤਾਂ ਨੇ ਘਰ ਦੀ ਚਾਰਦੀਵਾਰੀ ਲੰਘ ਕੇ ਪੁਰਖਾਂ ਦੀ ਬਰਾਬਰਤਾ ਕੀਤੀ ਹੈ, ਜ਼ਿੰਮੇਵਾਰੀ ਨੂੰ ਵੰਡਿਆ ਹੈ, ਪੁਰਖ ਨੂੰ ਚਾਹੀਦਾ ਹੈ ਕਿ ਆਪਣੇ ਹੰਕਾਰ ਨੂੰ ਤਿਆਗ ਦੇਵੇ ਅਤੇ ਔਰਤ ਨੂੰ ਆਪਣਾ ਪੂਰਕ ਸਮਝ ਕੇ ਸਹਿਯੋਗ ਦੇਵੇ। ਔਰਤ ਦੀ ਇਕ ਨਵੀਂ ਰੂਪ-ਰੇਖਾ, ਜ਼ਿੰਮੇਵਾਰੀ ਤੇ ਯੋਗਤਾ ਨੂੰ ਪਛਾਣੇ ਅਤੇ ਪੁਰਾਣੇ ਦਮਘੋਟੂ ਰਿਵਾਜਾਂ, ਪ੍ਰੰਪਰਾਵਾਂ ਤੋਂ ਉਸ ਨੂੰ ਆਜ਼ਾਦ ਕਰਾਵੇ ਨਾ ਕਿ ਉਮੀਦਾਂ ਦੇ ਚੱਕਰਵਿਊ ਵਿਚ ਉਸ ਦੀ ਸ਼ਖ਼ਸੀਅਤ ਨੂੰ ਬੰਦ ਰੱਖੇ।
-ਪ੍ਰੋ: ਕੁਲਜੀਤ ਕੌਰ