
ਅਸੀਂ ਹਰ ਵਾਰ ਜਦੋਂ ਨਵਾਂ ਸਾਲ ਚੜਦਾ ਹੈ ਤਾਂ ਇਸ ਆਸ ਨਾਲ ਬਹੁਤ ਖੁਸ਼ੀਆਂ ਮਨਾਉਂਦੇ ਹਾਂ ਕਿ ਇਹ ਨਵਾਂ ਸਾਲ ਸਾਡੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇਗਾ । ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟਾਮੀਆ ਵਿੱਚ 2000 ਈਸਾ ਪੂਰਵ ਵਿੱਚ ਹੋਈ। ਰੋਮਨਾਂ ਨੇ ਦਰਵਾਜ਼ੇ ਦੇ ਦੇਵਤਾ ਜੈਨੂਅਸ ਦੇ ਨਾਂਅ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂਅ ਰੱਖਿਆ। ਇਸ ਤੋਂ ਬਾਅਦ 46 ਈਸਾ ਪੂਰਵ ਵਿੱਚ ਰੋਮਨ ਸ਼ਾਸਕ ਜੂਲੀਅਸ ਸੀਜਰ ਨੇ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਐਲਾਨ ਕੀਤਾ। ਇੰਗਲੈਡ ਦੇ ਨਾਲ ਬਾਕੀ ਯੂਰਪੀ ਦੇਸ਼ਾਂ ਨੇ ਵੀ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਮੰਨ ਲਿਆ। ਇੰਗਲੈਂਡ ਵਿੱਚ 1752 ਈਸਵੀ ਨੂੰ ਗਰਿਗੋਰੀਅਨ ਕੈਲੰਡਰ ਨੂੰ ਅਪਣਾਇਆ ਤੇ ਇੱਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿੱਤੀ। ਈਸਾਈ ਧਰਮ ਵਿੱਚ ਇੱਕ ਜਨਵਰੀ ਦਾ ਮਹੱਤਵ ਧਾਰਮਿਕ ਕਾਰਨ ਕਰਕੇ ਵੀ ਹੈ ਕਿਉਂਕਿ 25 ਦਸੰਬਰ ਨੂੰ ਜੀਸਸ ਦਾ ਜਨਮ ਹੋਇਆ ਸੀ ਤੇ ਇੱਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ। ਸੰਨ 1990 ਤੋਂ ਇਹ ਪਰੰਪਰਾ ਸ਼ੁਰੂ ਹੋ ਗਈ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ‘ਜੀ ਆਇਆਂ‘ ਕਿਹਾ ਜਾਣ ਲੱਗਾ। ਹੁਣ ਸੰਸਾਰ ਦੇ ਹਰ ਕੋਨੇ ਵਿੱਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗਾਜ਼ ਦੀ ਖੁਸ਼ੀ ‘ਚ ਬਿਤਾਈ ਜਾਂਦੀ ਹੈ।