
(1 ਜਨਵਰੀ ਨੂੰ ਡਾ. ਤੇਜਵੰਤ ਮਾਨ ਦੇ ਜਨਮ ਦਿਨ ਨੂੰ ਸਮਰਪਿਤ ਲੇਖ)
ਡਾ. ਤੇਜਵੰਤ ਮਾਨ ਇੱਕ ਅਜਿਹਾ ਸਖਸ਼ ਹੈ, ਜਿਸ ਦੀ ਹਾਜਰੀ ਵਿੱਚ ਸਾਹਿਤਕ ਪੰਗੇ ਲੈਣ ਨੂੰ ਜੀ ਕਰਦਾ ਹੈ। ਡਾ. ਤੇਜਵੰਤ ਮਾਨ ਨੇ ਪੰਜਾਬ ਦੇ ਸਾਹਿਤਕ ਪਿੜ ਵਿੱਚ ਬਹੁਤ ਸਾਰੇ ਉਸਾਰੂ ਮੀਲ ਪੱਥਰ ਗੱਡੇ ਹਨ। ਕੁਝ ਮੀਲ ਪੱਥਰਾਂ ਦਾ ਮੈਂ ਇੱਥੇ ਉਲੇਖ ਕਰ ਸਕਦਾ ਹਾਂ। ਪੰਜਾਬੀ ਮਾਂ ਬੋਲੀ ਪ੍ਰਤੀ ਜਾਗ੍ਰਿਤੀ ਪੈਦਾ ਕਰਨਾ, ਸਿੱਖ ਸਾਹਿਤ ਵਿੱਚੋਂ ਪਦਾਰਥ ਨੂੰ ਰੂਪਮਾਨ ਕਰਦੀ ਬਾਣੀ ਲੋਕਾਂ ਵਿੱਚ ਪੇਸ਼ ਕਰਨੀ, ਪੁੰਗਰ ਰਹੇ ਸਾਹਿਤਕਾਰਾਂ ਨੂੰ ਹੱਲਾਸ਼ੇਰੀ ਦੇਣਾ, ਬਹੁਤਾਤ ਵਿੱਚੋਂ ਗੁਣਾਤਮਕ ਤੱਤ ਪੈਦਾ ਹੋਣ ਦੀ ਵਕਾਲਤ ਕਰਨਾ, ਸਮਾਜਿਕ ਪਰੀਪੇਖ ਵਿੱਚ ਨਿਰਪੇਖਤਾ ਨੂੰ ਰੱਦ ਕਰਕੇ ਸਾਪੇਖਤਾ ਦੇ ਸਿਧਾਂਤ ਨੂੰ ਪੇਸ਼ ਕਰਨਾ ਆਦਿ ਕੁਝ ਅਜਿਹੇ ਮਹੱਤਵਪੂਰਨ ਮੀਲ ਪੱਥਰ ਹਨ, ਜਿਹੜੇ ਸਾਹਿਤ ਰਚਨਾ ਨੂੰ ਸੇਧ ਦੇਣ ‘ਚ ਕਾਰਗਰ ਸਾਬਿਤ ਹੋ ਰਹੇ ਹਨ।
ਅੱਜ ਸਾਹਿਤਕ ਬਹਿਸਾਂ ਦੇ ਜਨਮਦਾਤਾ ਡਾ. ਤੇਜਵੰਤ ਮਾਨ ਦੇ ਚੜ੍ਹਦੇ ਨਵੇਂ ਸਾਲ ਤੇ ਜਨਮ ਦਿਨ ਉੱਪਰ ਮੌਜੂਦਾ ਪੰਜਾਬ ਦੀ ਨਿੱਘਰ ਰਹੀ ਅਤੇ ਤਰਸਯੋਗ ਹਾਲਤ ਦੇ ਕਾਰਨਾਂ ਵੱਲ ਕੁਝ ਵਿਚਾਰ ਪੇਸ਼ ਕਰਨਾ ਚਾਹੁੰਦਾ ਹਾਂ।
ਪੰਜਾਬ ਦੇ ਪਿਛਲੇ 40 ਸਾਲਾਂ ਦੇ ਘਟਨਾਕ੍ਰਮ, ਕਿਸਾਨੀ ਸੰਕਟ ਅਤੇ ਪੰਜਾਬ ਦੇ ਬੁੱਧੀਜੀਵੀਆਂ ਵੱਲੋਂ ਕੇਂਦਰ ਵਿੱਚ ਰਾਸ਼ਟਰਵਾਦੀ ਤਾਕਤਾਂ ਤੋਂ ਡਰ ਦੇ ਮਹੌਲ ਦਾ ਦਿਖਾਵਾ ਕਰਨਾ ਆਦਿ ਕਾਰਨ ਹਨ, ਜਿਨ੍ਹਾਂ ਨੇ ਪੰਜਾਬ ਦੀ ਜੱਟ ਕਿਸਾਨੀ ਦੀ ਮਾਨਸਿਕਤਾ ਉੱਪਰ ਮਾਰੂ ਪ੍ਰਭਾਵ ਪਾਇਆ ਹੈ।
ਇਹ ਮਾਰੂ ਪ੍ਰਭਾਵ ਹੁਣ ਜੱਟ ਕਿਸਾਨੀ ਦੇ ਉਜਾੜੇ ਦੇ ਰੂਪ ਵਿੱਚ ਬਦਲ ਚੁੱਕਾ ਹੈ। ਵੱਡੇ ਪੱਧਰ ਤੇ ਜੱਟ ਕਿਸਾਨੀ ਦਾ ਪ੍ਰਵਾਸ, ਪਾਕਿਸਤਾਨ ਤੋਂ ਸਮਗਲ ਹੋਕੇ ਆਏ ਨਸ਼ਿਆਂ ਦਾ ਸੇਵਨ ਅਤੇ ਕਾਰੋਬਾਰ ਪਾਕਿਸਤਾਨੀ ਸ਼ੈਅ ਪ੍ਰਾਪਤ ਖਾਲਿਸਤਾਨੀ ਅੱਤਵਾਦ, ਗੈਂਗਵਾਰ ਅਤੇ ਨਾਰਕੋਟਿਜ਼ਮ ਦਾ ਰਲਗਡ ਅਜਿਹੀਆਂ ਅਲਾਮਤਾਂ ਹਨ ਜਿਨ੍ਹਾਂ ਨੂੰ ਪੰਜਾਬ ਦੀ ਜੱਟ ਕਿਸਾਨੀ ਦੇ ਉਜਾੜੇ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਹੁਣ ਮੈਂ ਇਸ ਉਜਾੜੇ ਨੂੰ ਪੰਜਾਬ ਦੇ ਬੁੱਧੀਜੀਵੀਆਂ ਦੀ ਭੂਮਿਕਾ ਤੇ ਕੇਂਦਰਤ ਕਰੂੰਗਾ। ਜਿੱਥੇ ਪੰਜਾਬ ਦੇ ਜਨ ਸਧਾਰਨ ਪੇਂਡੂ ਵਸੋਂ ਨੂੰ ਪੰਜਾਬ ਦੇ ਬੁੱਧੀਜੀਵੀਆਂ ਤੋਂ ਉਸਾਰੂ ਸੇਧ ਮਿਲਨੀ ਚਾਹੀਦੀ ਸੀ, ਹੋਇਆ ਇਸਤੋਂ ਉਲਟ, ਸਗੋਂ ਪੰਜਾਬ ਦੇ ਬੁੱਧੀਜੀਵੀਆਂ ਦਾ ਪ੍ਰਚਾਰ ਪੰਜਾਬ ਦੀ ਜੱਟ ਕਿਸਾਨੀ ਦੇ ਉਜਾੜੇ ਦਾ ਇੱਕ ਮਹੱਤਵਪੂਰਨ ਕਾਰਨ ਬਣ ਗਿਆ।
ਪੰਜਾਬ ਦੇ ਬੁੱਧੀਜੀਵੀਆਂ ਦਾ ਪ੍ਰਚਾਰ ਪੰਜਾਬ ਨੂੰ ਪ੍ਰਾਚੀਨ ਭਾਰਤੀ ਸੱਭਿਅਤਾ ਤੋਂ ਨਿਖੇੜਨ ਤੇ ਕੇਂਦਰਤ ਹੈ। ਉਹ ਪੰਜਾਬ ਦਾ ਖੰਡਤ ਇਤਿਹਾਸ ਪੇਸ਼ ਕਰਦੇ ਹਨ, ਉਹ 1469 ਤੋਂ ਬਾਅਦ ਵਾਲੇ ਘਟਨਾਕ੍ਰਮ ਨੂੰ ਹੀ ਪੰਜਾਬ ਇਤਿਹਾਸ ਮੰਨਦੇ ਹਨ। ਜਦੋਂ ਕਿ ਪੰਜਾਬ ਦਾ ਇਤਿਹਾਸ ਤਾਂ ਪ੍ਰਾਚੀਨ ਭਾਰਤੀ ਇਤਿਹਾਸ ਦੀ ਜੜ ਹੈ। ਉਹ ਕਦੇ ਵੀ ਪੰਜਾਬ ਦੇ ਇਤਿਹਾਸ ਨੂੰ ਸਿੰਧ ਘਾਟੀ ਸੱਭਿਅਤਾ, ਵੈਦਿਕ ਸਾਹਿਤ ਰਚਨਾ ਅਤੇ ਤਕਸ਼ਿਲਾ ਦੀ ਅਮੀਰ ਵਿਰਾਸਤ ਨਾਲ਼ ਨਹੀਂ ਜੋੜਦੇ।
ਇਹ ਬੁੱਧੀ ਜੀਵੀ ਆਪਣੀ ਤੰਗ ਸੋਚ ਕਾਰਨ ਭਾਰਤੀ ਰਾਸ਼ਟਰ ਦੇ ਸੰਕਲਪ ਨੂੰ ਰੱਦ ਕਰਦੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਦੇਸ਼ ਇੱਕ ਭੂਗੋਲਿਕ ਨਕਸ਼ੇ ਨੂੰ ਪ੍ਰਤੀਬਿੰਬਤ ਕਰਦਾ ਹੈ, ਜਦੋਂ ਕਿ ਰਾਸ਼ਟਰ ਉਸ ਦੇਸ਼ ਦੀ ਮਿੱਟੀ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਨਾਲ਼ ਜੁੜਿਆ ਹੁੰਦਾ ਹੈ। ਜਿਵੇਂ ਪਾਕਿਸਤਾਨ ਇੱਕ ਦੇਸ਼ ਤਾਂ ਹੈ ਪਰ ਰਾਸ਼ਟਰ ਨਹੀਂ।
ਆਪਣੀ ਮਾਤ ਭੂਮੀ ਨੂੰ ਸਿਜਦਾ ਕਰਨਾ, ਇੱਕ ਰਾਸ਼ਟਰ ਦੀ ਪਹਿਲੀ ਪਹਿਚਾਨ ਹੁੰਦੀ ਹੈ, ਇਸ ਵਿੱਚੋਂ ਹੀ ‘ਵੰਦੇ ਮਾਤਰਮ’, ‘ਮਾਤਾ ਧਰਤ ਮਹਤ’, “ਭਾਰਤ ਮਾਤਾ ਦੀ ਜੈ” ਵਰਗੇ ਚਿੰਨ੍ਹ ਨਾਅਰੇ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਉੱਪਰ ਭਾਰੂ ਹਨ। ਪਰ ਸਾਡੇ ਬੁੱਧੀਜੀਵੀ ਇਨ੍ਹਾਂ ਚਿੰਨ੍ਹ ਨਾਅਰਿਆਂ ਨੂੰ ਸਿਰੇ ਤੋਂ ਨਕਾਰਦੇ ਹਨ। ਉਹ ਪਦਾਰਥ ਦੀ ਜੈ ਨਹੀਂ ਕਹਿ ਸਕਦੇ।
ਪੰਜਾਬ ਵਿੱਚ ਰਚਿਆ ਗਿਆ ਵੈਦਿਕ ਸਾਹਿਤ, ਪ੍ਰਾਚੀਨ ਤਕਸ਼ਿਲਾ ਵਿਸ਼ਵ ਵਿਦਿਆਲਿਆ ਦੀ ਸਥਾਪਨਾ, ਵਿਗਿਆਨਕ ਨੀਂਹ ਉੱਪਰ ਟਿਕੀ ਸੰਸਕ੍ਰਿਤੀ, ਭਗਤੀ ਲਹਿਰ, ਗੁਰੂ ਨਾਨਕ ਦੇਵ ਜੀ ਦਾ ਫਲਸਫਾ, ਗੁਰੂਆਂ ਵੱਲੋਂ ਜੁਲਮ ਨੂੰ ਵੰਗਾਰ, ਬੰਦਾ ਬਹਾਦੁਰ ਦੀ ਫਿਲਾਸਫੀ ‘ਫਤੇ ਧਰਮ ਫਤੇ ਦਰਸ਼ਨ’ ਅਤੇ ਬਾਹਰੀ ਜਾਲਮ ਹੁਕਮਰਾਨਾ ਖਿਲਾਫ਼ ਕਾਮਯਾਬ ਲਾਮਬੰਦੀ ਇੱਕ ਰਾਸ਼ਟਰ ਦੇ ਗੋਰਵਮਈ ਚਿੰਨ ਹਨ।
ਸਾਡੇ ਬੁੱਧੀਜੀਵੀ ਆਪਣੇ ਵਿਚਾਰਾਂ ਨੂੰ ਸਹੀ ਠਹਿਰਾਉਣ ਲਈ ਕਾਰਲ ਮਾਰਸਕ ਦੀ ਵਰਤੋਂ ਕਰਦੇ ਹਨ। ਪਰ ਉਹ ਉਸ ਭਾਰਤੀ ਰਾਸ਼ਟਰ ਦੀ ਵਿਚਾਰਧਾਰਾ ਕਪਿਲ ਦਾ ਸਾਂਖਿਆ, ਰਿਸ਼ੀ ਬ੍ਰਹਮਪਤੀ ਦੀਆਂ ਨੁਕੜ ਸਭਾਵਾਂ, ਚਾਰਵਾਕ ਦਾ ਚਾਰ ਤੱਤਾਂ ਤੇ ਅਧਾਰਿਤ ਫਲਸਫਾ ਆਦਿ ਦਰਸ਼ਨ, ਜਿਹੜੇ ਭਾਰਤੀ ਰਾਸ਼ਟਰ ਦੀ ਨੀਂਹ ਨੂੰ ਵਿਗਿਆਨਕ ਸੋਚ ਨਾਲ਼ ਪੱਕਾ ਕਰਦੇ ਹਨ ਉਸਦਾ ਪ੍ਰਚਾਰ ਨਹੀਂ ਕਰਦੇ। ਯਜੂਰਵੇਦ ਦਾ ਫਲਸਫਾ ਕਿ ਇਹ ਜੀਵ ਜਗਤ ਪੰਜ ਮੂਲ ਤੱਤਾਂ (ਅਗਨੀ, ਹਵਾ, ਜਲ, ਧਰਤੀ ਅਤੇ ਅਕਾਸ਼) ਦੇ ਸੂਮੇਲ ਨਾਲ਼ ਹੋਂਦ ਵਿੱਚ ਆਇਆ ਸੀ, ਵਿਗਿਆਨ ਦਾ ਪਹਿਲਾ ਪਾਠ ਹੈ। ਪਰ ਸਾਡੇ ਬੁੱਧੀਜੀਵੀ ਤਾਂ ਟੇਢੇ ਤਰੀਕੇ ਨਾਲ਼ ਨਿਰਾਕਾਰ ਈਸ਼ਵਰ ਦੀ ਜੈ ਕਰਨ ਵਿੱਚ ਹੀ ਭੁਗਤਦੇ ਹਨ।
ਹੁਣ ਘੋਖਣਵਾਲੀ ਗੱਲ ਇਹ ਹੈ ਕਿ ਸਾਡੇ ਬੁੱਧੀਜੀਵੀਆਂ ਦੇ ਪ੍ਰਚਾਰ ਦਾ ਸਾਡੇ ਜਨ ਸਧਾਰਨ ਖਾਸ ਕਰਕੇ ਜੱਟ-ਕਿਸਾਨੀ ਉੱਪਰ ਕੀ ਪ੍ਰਭਾਵ ਪਿਆ? ਜਦੋਂ ਉਹਨਾਂ ਦੇ ਦਿਮਾਗਾਂ ਵਿੱਚੋਂ ਉਹਨਾ ਦੀ ਰਾਸ਼ਟਰੀ ਪਹਿਚਾਣ ਹੀ ਖ਼ਤਮ ਕਰ ਦਿੱਤੀ ਗਈ, ਉਨ੍ਹਾਂ ਦਾ ਆਪਣੀ ਸੰਸਕ੍ਰਿਤੀ, ਆਪਣੇ ਰਾਸ਼ਟਰ ਤੇ ਅਭਿਮਾਨ ਹੀ ਖ਼ਤਮ ਹੋ ਗਿਆ ਤਾਂ ਪੰਜਾਬ ਦੀ ਜੱਟ ਕਿਸਾਨੀ ਦਾ ਆਪਣੀ ਮਿੱਟੀ ਨਾਲੋਂ ਮੋਹ ਭੰਗ ਹੋਣਾ ਲਾਜ਼ਮੀ ਸੀ। ਹੁਣ ਉਹ ਸੋਚਦੇ ਹਨ, ਰੋਟੀ ਕਮਾਕੇ ਹੀ ਖਾਣੀ ਹੈ, ਜਿੱਥੇ ਮਰਜ਼ੀ ਖਾ ਲਵੋ। ਇਸੇ ਕਰਕੇ ਪੰਜਾਬ ਵਿੱਚੋਂ ਜੱਟ ਕਿਸਾਨੀ ਦਾ ਆਪ ਮੁਹਾਰਾ ਪਲਾਇਨ ਹੋ ਰਿਹਾ ਹੈ। ਕਿਸੇ ਕੌਮ ਦੀਆਂ ਜੜ੍ਹਾਂ ਉਸਦੀ ਆਪਣੀ ਮਿੱਟੀ ਵਿੱਚ ਉਦੋਂ ਲੱਗਦੀਆਂ ਹਨ, ਜਦੋਂ ਉਸਨੂੰ ਉਸਦੇ ਪ੍ਰਾਚੀਨ ਇਤਿਹਾਸ ਅਤੇ ਸੰਸਕ੍ਰਿਤੀ, ਸੱਭਿਆਚਾਰ ਨਾਲ਼ ਜੋੜਿਆ ਜਾਵੇ।
1980-90 ਦੇ ਦਹਾਕੇ ਵਿੱਚ ਪੰਜਾਬ ਦੀ ਰਾਜਨੀਤੀ ਦਾ ਸਿੱਖ ਧਾਰਮਿਕ ਕੇਂਦਰਤ ਹੋਣਾ ਪੰਜਾਬ ਦਾ ਵੱਡਾ ਦੁਖਾਂਤ ਕਿਹਾ ਜਾਵੇਗਾ। ਇਸ ਧਾਰਮਿਕ ਹਲਚਲ ਵਾਲੇ ਦਹਾਕੇ ਨੇ ਲੋਕਾਂ ਦੇ ਕੁਦਰਤੀ ਸੱਭਿਆਚਾਰ ਉੱਪਰ ਮਾਰੂ ਹਮਲਾ ਕੀਤਾ। ਜਿਸ ਕਾਰਨ ਪੇਂਡੂ ਜਨ ਸਧਾਰਨ ਲੋਕਾਂ ਦੀ ਸੋਚਣ ਸ਼ਕਤੀ ਵਿੱਚ ਭਾਰੀ ਨਿਵਾਨ ਆ ਗਿਆ। ਇਸ ਨਿਵਾਨ ਕਾਰਨ ਹੀ ਪਿੰਡਾਂ ਵਿੱਚ ਬੇ-ਸੁਰੇ, ਹਲਕੇ ਅਤੇ ਫੋਕੀ ਮਾਹਰਕੇਬਾਜੀ ਦੇ ਗੀਤਾਂ ਦਾ ਚੱਲਣ ਸ਼ੁਰੂ ਹੋ ਗਿਆ। ਇਨ੍ਹਾਂ ਗੀਤਾਂ ਨੇ ਕਿਸਾਨੀ ਨੌਜਵਾਨੀ ਦਾ ਦਿਮਾਗ ਹੀ ਸਫਾਚੱਟ ਕਰ ਦਿੱਤਾ। ਉਹਨਾਂ ਦੀ ਸਿਰਜਣਾਤਮਕ ਸ਼ਕਤੀ ਹੀ ਖ਼ਤਮ ਹੋ ਗਈ। ਉਹਨਾ ਨੇ ਉੱਚ ਵਿਦਿਆ ਵੱਲੋਂ ਮੂੰਹ ਮੋੜ ਲਿਆ। ਹੁਣ ਉਨ੍ਹਾਂ ਨੇ ਭੂਮੀ ਦੇ ਮਾਲਿਕ ਰਾਜਿਆਂ ਵਾਲੀ ਸੋਚ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਇੱਕ ਮਾਤਰ ਰੋਜੀ ਰੋਟੀ ਦਾ ਜੁਗਾੜ ਕਰਨਾ ਹੀ ਮਕਸਦ ਕਰ ਲਿਆ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ 1980 ਦੇ ਦਹਾਕੇ ਵਿੱਚ ਸਕੂਲ ਤੋਂ ਬਾਅਦ ਰਣਬੀਰ ਕਾਲਜ ਅਤੇ ਫਿਰ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਵਿਗਿਆਨ ਨਾਲ਼ ਸੰਬੰਧਤ ਮੇਰੇ ਸਾਰੇ ਅਧਿਆਪਕ ਜੱਟ ਸਿੱਖ ਰਹੇ ਹਨ। ਉਸ ਵੇਲੇ ਪੰਜਾਬ ਦੇ ਪ੍ਰਾਕ੍ਰਿਤਕ ਸੱਭਿਆਚਾਰ ਦੇ ਮਹੌਲ ਕਾਰਨ ਹੀ ਉਹ ਐਨੀਆਂ ਉੱਚੀਆਂ ਪਦਵੀਆਂ ਤੱਕ ਪਹੁੰਚੇ ਸਨ। ਪੰਜਾਬ ਦੀਆਂ ਕਮਿਊਨਿਸਟ ਲਹਿਰਾਂ ਦਾ ਵੀ ਪੰਜਾਬ ਦੀ ਕਿਸਾਨੀ ਉੱਪਰ ਉਸਾਰੂ ਪ੍ਰਭਾਵ ਪਿਆ। ਪੰਜਾਬ ਦੇ ਪ੍ਰਾਕ੍ਰਿਤਿਕ ਸੱਭਿਆਚਾਰ ਦੇ ਮਹੌਲ ਸਮੇਂ ਰੇਡੀਓ ਤੋਂ ਪੰਜਾਬੀ ਦੇ ਸੱਭਿਆਚਾਰਕ ਗੀਤ ਚੱਲਦੇ ਸਨ। ਤੀਆਂ, ਗਿੱਧੇ, ਭੰਗੜੇ ਲੋਕਾਂ ਵਿੱਚ ਅਤਿ ਹਰਮਨ ਪਿਆਰੇ ਸਨ ਅਤੇ ਉਸੇ ਵੇਲੇ ਪੰਜਾਬ ਦੀ ਧਰਤੀ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਉੱਚ ਕੋਟੀ ਦੇ ਸਾਹਿਤਕਾਰ ਵੀ ਪੈਦਾ ਕੀਤੇ। ਉਸ ਵੇਲੇ ਜੱਟ ਸਿੱਖ ਵਿਦਿਅਕ ਮੁਕਾਬਲਿਆਂ ਵਿੱਚ ਮੋਹਰੀ ਸਨ।
ਭਾਰਤੀ ਪੰਜਾਬ ਵਿੱਚ ਚੱਲੇ ਵੱਖਵਾਦੀ ਅੰਦੋਲਨ ਨੂੰ ਪਾਕਿਸਤਾਨ ਦੀ ਸਿੱਧੀ ਅਤੇ ਅਤੇ ਅਸਿੱਧੀ ਦੋਵੇਂ ਤਰਾਂ ਦੀ ਲੋੜ ਸੀ। ਪਾਕਿਸਤਾਨ ਨੇ ਇਸ ਲੋੜ ਵਿੱਚੋਂ ਆਪਣਾ ਤਾਂ ਫਾਇਦਾ ਉਠਾ ਲਿਆ, ਜਿਹੜਾ ਹਾਲੇ ਵੀ ਜਾਰੀ ਹੈ, ਪਰ ਭਾਰਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਸਾਲ 1980-90 ਦੇ ਦਹਾਕੇ ਵਿੱਚ ਤਾਂ ਉਸਨੇ ਭਾਰਤੀ ਪੰਜਾਬ ਵਿੱਚ ਪਰਾਕਸੀ ਵਾਰ ਛੇਰ ਦਿੱਤਾ, ਜਿਸ ਨਾਲ਼ ਸਾਡੇ ਹਜਾਰਾਂ ਬੇ-ਗੁਨਾਹ ਹਿੰਦੂ-ਸਿੱਖ ਮਾਰੇ ਗਏ, ਉਸਤੋਂ ਬਾਅਦ ਉਸਦੇ ਆਪਣੇ ਦੇਸ਼ ਵਿੱਚ ਚੱਲ ਰਹੀਆਂ ਅੱਤਵਾਦੀ ਤੰਜੀਮਾਂ ਨੂੰ ਆਰਥਿਕ ਮਦਦ ਦੇਣ ਲਈ ਭਾਰਤੀ ਪੰਜਾਬ ਵਿੱਚ ਚਿੱਟੇ ਦੀ ਸਮਗਲਿੰਗ ਸ਼ੁਰੂ ਕਰ ਦਿੱਤੀ। ਇਹ ਚਿੱਟਾ ਭਾਰਤੀ ਪੰਜਾਬ ਵਿੱਚ ਪਹਿਲਾਂ ਪਰੰਪਰਾਗਤ ਸਮਗਲਿੰਗ ਰਾਹੀਂ ਆਉਂਦਾ ਸੀ, ਹੁਣ ਡ੍ਰੋਨਾਂ ਰਾਹੀਂ ਆਉਂਦਾ ਹੈ। ਇੱਥੇ ਵੀ ਪੰਜਾਬ ਦੇ ਸੌੜੀ ਸੋਚ ਰੱਖਣ ਵਾਲੇ ਬੁੱਧੀਜੀਵੀ ਪਾਕਿਸਤਾਨ ਨਾਲ਼ ਖੜੇ ਨਜਰ ਆਉਂਦੇ ਹਨ। ਚਿੱਟੇ ਦੀ ਸਮਗਲਿੰਗ ਨਾਲ਼ ਪਾਕਿਸਤਾਨ ਦਾ ਇੱਕ ਟੇਢਾ ਮਕਸਦ ਵੀ ਹੈ, ਉਹ ਚਾਹੁੰਦਾ ਹੈ, ਜੇਕਰ ਜੱਟ ਸਿੱਖ ਨੌਜਵਾਨੀ ਖ਼ਤਮ ਹੋਵੇਗੀ, ਤਾਂ ਭਾਰਤੀ ਸੈਨਾ ਕਮਜ਼ੋਰ ਹੋਵੇਗੀ।
ਭਾਰਤ ਵਿੱਚ ਕਰੋਨਾ ਦੇ ਖਿਲਾਫ਼ ਜੰਗ ਨੇ ਇੱਕ ਯੁੱਧ ਦੀ ਸ਼ਕਲ ਲੈ ਲਈ ਸੀ, ਇਸ ਯੁੱਧ ਦਾ ਹੀ ਨਤੀਜਾ ਸੀ ਕਿ ਭਾਰਤ ਵਿੱਚ 100 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਸਵਦੇਸ਼ੀ ਵੈਕਸੀਨ ਲਗਾਈ ਗਈ। ਅੱਜ ਭਾਰਤ ਦੇ ਲੋਕਾਂ ਦੀ ਦੁਨੀਆਂ ਦੇ ਮੁਕਾਬਲੇ ਹਾਰਡ ਇਮਿਊਨਿਟੀ ਸਭ ਤੋਂ ਜਿਆਦਾ ਹੈ। ਪਰ ਸਾਡੇ ਅਖੋਤੀ ਬੁੱਧੀਜੀਵੀਆਂ ਵੱਲੋਂ ਥਾਲੀਆਂ ਵਜਾਉਣ ਦਾ ਮਜਾਕ ਉਡਾਉਣਾ ਜਾਂ ਫਿਰ ਕਹਿਣਾ ਕਿ ਕਰੋਨਾ ਕੁਝ ਵੀ ਨਹੀਂ ਇਹ ਤਾਂ ਸਰਕਾਰੀ ਢੌਂਗ, ਆਮ ਦੇਖਿਆ ਜਾ ਸਕਦਾ ਸੀ। ਉਹ ਰਾਸ਼ਟਰੀ ਸੋਚ ਨੂੰ ਦੱਬਣ ਲਈ ਲੋੜ ਪੈਣ ਤੇ ਗੈਰ ਵਿਗਿਆਨਿਕ ਵੀ ਬਣ ਜਾਂਦੇ ਹਨ। ਅਜਿਹੀ ਸੋਚ ਦਾ ਜਨ ਸਧਾਰਨ ਉੱਪਰ ਮਾਰੂ ਅਸਰ ਪੈਂਦਾ ਹੈ।
ਅਖੀਰ ਵਿੱਚ ਮੈਂ ਲਿਖਣਾ ਚਾਹੁੰਦਾ ਹਾਂ ਇੱਕ ਰਾਸ਼ਟਰ ਦੀ ਪਹਿਚਾਨ ਉਸ ਦੇ ਵੀਰ ਪੁਰਸ਼ ਹੁੰਦੇ ਹਨ, ਜਿਹੜੇ ਸਮੇਂ ਸਮੇਂ ਆਪਣੇ ਰਾਸ਼ਟਰ ਲਈ ਆਪਣਾ ਬਲਿਦਾਨ ਦਿੰਦੇ ਰਹੇ ਹਨ। ਪਿਛਲੇ ਦਿਨੀਂ ਪੰਜਾਬ ਵਿੱਚ ਵੱਖਵਾਦੀ ਤਾਕਤਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬਾਰੇ ਬਹੁਤ ਹੀ ਸ਼ਰਮਨਾਕ ਹਮਲੇ ਕੀਤੇ ਗਏ ਹਨ। ਇਸ ਵਿੱਚ ਉਨ੍ਹਾਂ ਦਾ ਮਕਸਦ ਪੰਜਾਬ ਦੇ ਵੀਰ ਰਸੀ ਸੱਭਿਆਚਾਰ ਉੱਪਰ ਅਤੇ ਰਾਸ਼ਟਰੀ ਸੋਚ ਉੱਪਰ ਮਾਰੂ ਹਮਲਾ ਕਰਨਾ ਸੀ। ਇੱਥੇ ਵੀ ਸਾਡੇ ਬੁੱਧੀਜੀਵੀ ਚੁੱਪ ਵੱਟ ਗਏ।
ਪੰਜਾਬ ਵਿੱਚ ਚੱਲੇ ਵੱਖਵਾਦੀ ਅੰਦੋਲਨਾਂ ਦਾ ਵੀ ਪੰਜਾਬ ਦੇ ਸੱਭਿਆਚਾਰ ਉੱਪਰ ਮਾਰੂ ਅਸਰ ਪਿਆ ਹੈ। ਜਦੋਂ-ਜਦੋਂ ਪੰਜਾਬ ਵਿੱਚ ਵੱਖਵਾਦੀ ਅੰਦੋਲਨ ਤੇਜ਼ ਹੋਇਆ ਹੈ, ਪੱਛੜੀਆਂ ਸ਼੍ਰੇਣੀਆਂ ਦਾ ਸਿੱਖੀ ਸਫਾਂ ਨਾਲੋਂ ਮੋਹ ਭੰਗ ਹੋਇਆ ਹੈ ਉਹ ਡੇਰਾਵਾਦ ਵੱਲ ਜਾਂ ਇਸਾਈ ਮਿਸ਼ਨਰੀਆਂ ਵੱਲ ਖਿੱਚੇ ਜਾ ਰਹੇ ਹਨ ਅਤੇ ਜੱਟ ਸਿੱਖਾਂ ਦੀਆਂ ਪੰਜਾਬ ਦੀ ਮਿੱਟੀ ਨਾਲ਼ ਬੁਨਿਆਦੀ ਜੜਾਂ ਕਮਜ਼ੋਰ ਹੋਈਆਂ ਹਨ।
ਅਤੀਤ ਦੇ ਪੰਜਾਬ ਵਿੱਚ ਮਾਤ ਭਾਸ਼ਾ ਪੰਜਾਬੀ ਸਮੇਤ ਭਾਸ਼ਾਵਾਂ ਦਾ ਤਿਪਾਸਾ ਸੰਗਮ ਵਿਦਿਆਰਥੀਆਂ ਦੀ ਸਰਵ ਗੁਣ ਤਰੱਕੀ ਲਈ ਕਾਰਗਰ ਸਿੱਧ ਹੋਇਆ ਹੈ। ਇਸ ਨੂੰ ਕਾਇਮ ਰੱਖਣਾ ਲਾਹੇਬੰਦ ਹੋਵੇਗਾ।
ਅਖੀਰ ਵਿੱਚ ਮੈਂ ਡਾ. ਤੇਜਵੰਤ ਮਾਨ ਜੀ ਦੀ ਸਵੱਸਥ ਅਤੇ ਲੰਬੀ ਸੇਹਤ ਦੀ ਕਾਮਨਾ ਕਰਦਾ ਹਾਂ ਤਾਂ ਕਿ ਸਾਨੂੰ ਆਪਣੇ ਵਿਚਾਰ ਰੱਖਣ ਲਈ ਢੁੱਕਵਾਂ ਸਾਹਿਤਕ ਮੰਚ ਮਿਲਦਾ ਰਹੇ।
ਡਾ. ਤੇਜਵੰਤ ਮਾਨ ਦਾ ਜਨਮ ਦਿਨ 1 ਜਨਵਰੀ ਨੂੰ ਸੰਗਰੂਰ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਅਤੇ ਉੱਘੇ ਸਾਹਿਤਕਾਰ ਨਿੰਦਰ ਘੁਗਿਆਣਵੀ ਸ਼ਾਮਲ ਹੋ ਰਹੇ ਹਨ।
ਧੰਨਵਾਦ ।