Story

ਸਿਆਣਾ ਸਰਪੰਚ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਅੱਜ ਕਲ੍ਹ ਪੰਜਾਬ ਦੇ ਪਿੰਡਾਂ ਵਿੱਚ ਖੇਤੀਬਾੜੀ ਲੇਬਰ ਦੀ ਬਹੁਤ ਮੁਸ਼ਕਿਲ ਆ ਰਹੀ ਹੈ। ਕਿਸਾਨ ਹੱਥੀਂ ਕੰਮ ਕਰ ਕੇ ਰਾਜ਼ੀ ਨਹੀਂ ਤੇ ਮਜ਼ਦੂਰ ਤਬਕਾ ਖੇਤੀਬਾੜੀ ਵਰਗਾ ਸਖਤ ਕੰਮ ਕਰਨ ਦੇ ਯੋਗ ਨਹੀਂ ਰਿਹਾ। ਉੱਪਰੋਂ ਸਰਕਾਰ ਵੱਲੋਂ ਮਿਲ ਰਹੀਆਂ ਵੱਖ ਵੱਖ ਤਰਾਂ ਦੀਆਂ ਮੁਫਤ ਸਹੂਲਤਾਂ ਕਾਰਨ ਕੰਮ ਕਰਨ ਦੀ ਜਰੂਰਤ ਵੀ ਨਹੀਂ ਰਹੀ। ਸਭ ਤੋਂ ਮਾੜੀ ਹਾਲਤ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਹੈ। ਸਬਜ਼ੀ ਬੀਜਣ ਤੇ ਤੋੜਨ ਲਈ ਬਹੁਤ ਜਿਆਦਾ ਮਜ਼ਦੂਰਾਂ ਦੀ ਜਰੂਰਤ ਪੈਂਦੀ ਹੈ। ਦਿਹਾੜੀਦਾਰ ਲੈਣ ਲਈ ਸਵੇਰੇ ਸਵੇਰ ਟੈਂਪੂ ਲੈ ਕੇ ਕਿਸਾਨ ਪਿੰਡਾਂ ਵਿੱਚ ਮਾਰੇ ਮਾਰੇ ਫਿਰਦੇ ਹਨ। ਅਜਿਹਾ ਹੀ ਇੱਕ ਸਬਜ਼ੀ ਦਾ ਕਾਸ਼ਤਕਾਰ ਦਵਿੰਦਰ ਬਾਰਡਰ ਲਾਗਲੇ ਕਿਸੇ ਪਿੰਡ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਿਆ ਹੋਇਆ ਸੀ। ਉਸ ਨੇ ਵੇਖਿਆ ਕਿ ਰਿਸ਼ਤੇਦਾਰਾਂ ਦੇ ਖੇਤਾਂ ਵਿੱਚ ਮਜ਼ਦੂਰਾਂ ਦੀਆਂ ਧਾੜਾਂ ਘੁੰਮ ਰਹੀਆਂ ਸਨ। ਕੋਈ ਸਬਜ਼ੀ ਗੋਡ ਰਿਹਾ ਸੀ, ਕੋਈ ਕਣਕ ਨੂੰ ਸਪਰੇਅ ਕਰ ਰਿਹਾ ਸੀ ਤੇ ਕੋਈ ਡੰਗਰਾਂ ਨੂੰ ਪੱਠੇ ਪਾ ਰਿਹਾ ਸੀ।
ਹੈਰਾਨ ਹੋਏ ਦਵਿੰਦਰ ਨੇ ਆਪਣੇ ਰਿਸ਼ਤੇਦਾਰ ਨੂੰ ਪੁੱਛਿਆ, “ਭਾਊ ਸਾਡੇ ਪਿੰਡ ਤਾਂ ਬੰਦਾ ਮਾਰਿਆਂ ਮਜ਼ਦੂਰ ਨਈਂ ਲੱਭਦਾ, ਧਾਡੇ ਤਾਂ ਹਰਲ ਹਰਲ ਕਰਦੇ ਫਿਰਦੇ ਨੇ। ਇਹ ਚਮਤਕਾਰ ਕਿਵੇਂ ਹੋ ਰਿਹਾ ਹੈ?” ਰਿਸ਼ਤੇਦਾਰ ਨੇ ਹੱਸ ਕੇ ਕਿਹਾ, “ਦਵਿੰਦਰ ਸਿਆਂ ਸਾਡੇ ਪਿੰਡ ਦਾ ਸਰਪੰਚ ਬਹੁਤਾ ਈ ਵਧੀਆ ਬੰਦਾ ਆ। ਇਹ ਸਭ ਉਸੇ ਦੀ ਕ੍ਰਿਪਾ ਆ।” ਹੈਰਾਨ ਪਰੇਸ਼ਾਨ ਹੋਏ ਦਵਿੰਦਰ ਨੇ ਫਿਰ ਪੁੱਛਿਆ, “ਕਮਾਲ ਦੀ ਗੱਲ ਐ। ਸਰਪੰਚ ਨੇ ਇਹ ਕਮਾਲ ਕਿਵੇਂ ਕਰ ਦਿੱਤਾ, ਸਾਨੂੰ ਵੀ ਦੱਸੋ। ਅਸੀਂ ਵੀ ਆਪਣੇ ਪਿੰਡ ਦੇ ਸਰਪੰਚ ਨੂੰ ਇਹ ਤਰੀਕਾ ਵਰਤਣ ਲਈ ਕਹੀਏ।” ਰਿਸ਼ਤੇਦਾਰ ਨੇ ਮੁਸਕਰਾ ਕੇ ਭੇਦ ਖੋਲਿ੍ਆ, “ਕੋਈ ਖਾਸ ਗੱਲ ਨਈਂ। ਸਾਡਾ ਸਰਪੰਚ ਮਹਾਂ ਭ੍ਰਿਸ਼ਟ ਬੰਦਾ ਆ। ਉਹ ਸਰਕਾਰ ਵੱਲੋਂ ਮਿਲਣ ਵਾਲੀ ਕੋਈ ਸਹੂਲਤ ਗਰੀਬਾਂ ਤੱਕ ਪਹੁੰਚਣ ਈ ਨਈਂ ਦਿੰਦਾ। ਸਸਤੇ ਰੇਟ ‘ਤੇ ਮਿਲਣ ਵਾਲਾ ਜੋ ਵੀ ਅਨਾਜ਼, ਦਾਲਾਂ ਅਤੇ ਹੋਰ ਸਮਾਨ ਸਰਕਾਰ ਭੇਜਦੀ ਆ, ਇਹ ਬਾਹਰ ਦੀ ਬਾਹਰ ਈ ਵੇਚ ਕੇ ਖਾ ਜਾਂਦਾ ਆ। ਡੀਪੂ ਉਸ ਦੇ ਭਤੀਜੇ ਦੇ ਨਾਮ ‘ਤੇ ਆ ਜੋ ਕਦੇ ਖੁਲਿ੍ਆ ਈ ਨਈਂ। ਅੱਧਿਉਂ ਬਹੁਤੇ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਵੀ ਖੁਦ ਈ ਕਢਵਾ ਲੈਂਦਾ ਆ। ਸ਼ਗਨ ਸਕੀਮ ਵੀ ਅੱਧੀ ਇਸ ਦੀ ਤੇ ਅੱਧੀ ਅਗਲੇ ਦੀ ਹੁੰਦੀ ਹੈ। ਹੁਣ ਭੁੱਖੇ ਮਰਦੇ ਗਰੀਬਾਂ ਕੋਲ ਮਜ਼ਦੂਰੀ ਕਰਨ ਤੋਂ ਇਲਾਵਾ ਚਾਰਾ ਕੀ ਆ? ਸ਼ਹਿਰ ਇਥੋਂ ਦੂਰ ਆ, ਉਥੇ ਕੰਮ ਕਰਨ ਇਹ ਜਾ ਨਹੀਂ ਸਕਦੇ।” ਸੁਣ ਕੇ ਦਵਿੰਦਰ ਨੂੰ ਚੱਕਰ ਆਉਣ ਵਾਲੇ ਹੋ ਗਏ।

Related posts

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin

ਹੁਣ ਤਾਂ ਸਾਰੇ ਲੈਣ ਈ ਆਉਂਦੇ ਆ !

admin