ਕੁਦਰਤ ਨੇ ਸਮਾਜ ਦੀ ਸਿਰਜਣਾ ਕਰ ਦਿੱਤੀ ਸਿਰਜਣਾ ਕੀਤੀ ਆਮ ਜੰਤਾ ਨੂੰ ਸਮਾਜ ਵਿਚ ਵਿਚਰਦਿਆਂ ਕਈ ਉਣਤਾਈਆਂ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਉਸ ਉਣਤਾਈਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਈ ਸਮਾਜ ਸੇਵੀ ਜਨਮ ਲੈਂਦੇ ਹਨ ਇਹਨਾਂ ਸਮਾਜ ਸੇਵੀ ਵਿਆਕਤੀਆਂ ਵਿਚੋਂ ਇਕ ਨਾਮ ਹੈ ਗਿਆਨੀ ਗੁਰਮਖ ਸਿੰਘ ਮੁਸਾਫ਼ਰ ਜਿਸ ਦਾ ਜਨਮ ਸ੍ਰ. ਸੁਜਾਨ ਸਿੰਘ ਦੇ ਘਰ ਪਿੰਡ ਅਧਵਾਲ ਜ਼ਿਲ੍ਹਾ ਕੈਂਬਲਪੁਰ ਪੋਠੋਹਾਰ ਦੇ ਇਲਾਕੇ (ਪੱਛਮੀ ਪੰਜਾਬ) 15 ਜਨਵਰੀ 1899 ਨੂੰ ਹੋਇਆ।ਉਹਨਾਂ ਦੇ ਪਿਤਾ ਖੇਤੀਬਾੜੀ ਕਰਦੇ ਸਨ। ਗੁਰਮਖ ਸਿੰਘ ਮੁਸਾਫ਼ਰ ਨੇ ਮੁੱਡਲੀ ਵਿਦਿਆ ਪਿੰਡ ਤੋਂ ਹੀ ਪ੍ਰਾਪਤ ਕਰਕੇ ਮਿਡਲ ਵਿਦਿਆ ਰਾਵਲ ਪਿੰਡੀ ਤੋਂ ਪਾਸ ਕੀਤੀ ਉੱਥੇ ਹੀ ਜੇ.ਵੀ ਪ੍ਰੀਖਿਆ ਪਾਸ ਕਰਕੇ1918 ਵਿਚ ਪਹਿਲਾਂ ਜ਼ਿਲ੍ਹਾ ਬੋਰਡ ਚਕਰੀ ਦੇ ਸਕੂਲ ਵਿਚ ਅਤੇ ਪਿਛੋਂ ਪਿੰਡ ਕਾਲਰ ਤਹਿਸੀਲ ਕਹੂਟਾ ਜ਼ਿਲ੍ਹਾ ਰਾਵਲਪਿੰਡੀ ਦੇ ਹਾਈ ਸਕੂਲ ਵਿਚ ਅਧਿਆਪਕ ਲੱਗ ਗਏ।ਇੱਥੇ ਹੀ ਕੁਝ ਸਮਾਂ ਮਾਸਟਰ ਤਾਰਾ ਸਿੰਘ ਨਾਲ ਪੜਾਉਣ ਦਾ ਮੌਕਾ ਮਿਲਿਆ।ਇਸ ਤੋਂ ਬਾਅਦ ਬਸਾਲੀ ਵਿਚ ਵਰਨੇਕੂਲਰ ਅਧਿਆਪਕ ਦੀ ਨੌਕਰੀ ਕਰਨ ਲੱਗ ਪਏ।
ਸਿਆਸਤ,ਧਰਮ ਅਤੇ ਸਾਹਿਤ ਦਾ ਪੁਜਾਰੀ ਗਿਆਨੀ ਗੁਰਮਖ ਸਿੰਘ ਮੁਸਾਫ਼ਰ
ਗਿਆਨੀ ਗੁਰਮਖ ਸਿੰਘ ਮੁਸਾਫ਼ਰ ਦੇ ਜੀਵਨ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ।ਉਹ ਇਕ ਪੰਜਾਬੀ ਕਵੀ, ਉੱਘੇ ਕਹਾਣੀਕਾਰ, ਗੁਰਦੁਵਾਰਿਆਂ ਦੀ ਮਰਿਯਾਦਾ ਕਾਇਮ ਕਰਨ ਅਤੇ ਇਹਨਾਂ ਨੂੰ ਆਜ਼ਾਦ ਕਰਵਾਉਣ ਗੁਰਦੁਵਾਰਾ ਸੁਧਾਰ ਲਹਿਰ ਲਈ ਅੱਗੇ ਹੋ ਕੇ ਸੰਘਰਸ਼ ਕਰਨ ਵਾਲੇ,ਜੇਲਾਂ ਕੱਟਣ ਵਾਲੇ ਆਜ਼ਾਦੀ ਘੁਲਾਟੀਏੇ ਅਤੇ ਸਿਆਸਤਦਾਨ ਸਨ।
1919 ਦੇ ਜਿਲਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਅਤੇ ਫ਼ਰਵਰੀ 1921 ਵਿਚ ਹੋਏ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੀ ਗੁਰਮਖ ਸਿੰਘ ਮੁਸਾਫ਼ਰ ਦੇ ਮਨ ਨੂੰ ਅਜਿਹੀ ਠੇਸ ਲੱਗੀ ਕਿ ਉਹਨਾਂ ਨੇ ਨੌਕਰੀ ਤਿਆਗ ਦਿੱਤੀ ਫਿਰ ਸਿੱਖਾਂ ਵਲੋਂ ਚਲਾਈ ਗੁਰਦੁਵਾਰਾ ਸੁਧਾਰ ਲਹਿਰ ਵਿਚ ਕੁਦ ਪਏ।
ਗਿਆਨੀ ਗੁਰਮਖ ਸਿੰਘ ਮੁਸਾਫ਼ਰ ਜੀ ਨੇ 1922 ਵਿਚ ਗੁਰੂ ਕੇ ਬਾਗ਼ ਮੋਰਚੇ ਵਿਚ ਗ੍ਰਿਫ਼ਤਾਰੀ ਦਿੱਤੀ ਅਤੇ ਕੈਦ ਕੱਟੀ। ਗਿਆਨੀ ਜੀ 12 ਮਾਰਚ1930 ਤੋਂ 5 ਮਾਰਚ 1931 ਤੱਕ ਲਗਭਗ ਇਕ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਜੋਂ ਸੇਵਾ ਨਿਭਾਈ।ਉਨ੍ਹਾਂ ਨੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਸੇਵਾ ਵੀ ਨਿਭਾਈ।ਗੁਰਦੁਵਾਰਾ ਸੁਧਾਰ ਲਹਿਰ ਲਈ ਜਿੰਨੇ ਵੀ ਮੋਰਚੇ ਲੱਗੇ ਉਨ੍ਹਾਂ ਸਾਰਿਆਂ ਮੋਰਚਿਆਂ ਵਿਚ ਗਿਆਨੀ ਜੀ ਨੇ ਅੱਗੇ ਹੋ ਕੇ ਹਿੱਸਾ ਲਿਆ।ਆਜ਼ਾਦੀ ਲਹਿਰ ਦੀਆਂ ਲੜਾਈਆਂ ਵੀ ਉਹਨਾਂ ਮੂਹਰੇ ਹੋ ਕੇ ਲੜੀਆਂ।ਗਿਆਨੀ ਗੁਰਮਖ ਸਿੰਘ ਮੁਸਾਫ਼ਰ ਕਿਹਾ ਕਰਦੇ ਸਨ ਨਾ ਤਾਂ ਮੈਨੂੰ ਜੇਲ ਜਾਣ ਦਾ ਦੁੱਖ ਹੈ ਅਤੇ ਨਾ ਹੀ ਜੇਲ ਤੋਂ ਰਿਹਾਅ ਹੋਣ ਦੀ ਖੁਸ਼ੀ ਹੈ ਕਿਉਂਕੇ ਮੈਂ ਜੇਲ ਵਿਚ ਫਿਰ ਵਾਪਸ ਆ ਜਾਣਾ ਹੈ।
1947 ਵਿਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਗਿਆਨੀ ਜੀ ਦਾ ਅੰਦੋਲਨ ਜੀਵਨ ਸਮਾਪਤ ਹੁੰਦਿਆਂ ਰਾਜਨੀਤਕ ਜੀਵਨ ਸ਼ੁਰੂ ਹੋ ਗਿਆ।ਆਪ ਦੀਆਂ ਸੇਵਾਵਾਂ ਨੂੰ ਵੇਖਦੇ ਹੋਇਆ ਕਾਂਗਰਸ ਪਾਰਟੀ ਨੇ 1949 ਵਿਚ ਪੰਜਾਬ ਪ੍ਰਦੇਸ਼ ਕਾਗਰਸ ਦੇ ਪ੍ਰਧਾਨ ਚੁਣ ਲਿਆ।
ਗਿਆਨੀ ਗੁਰਮਖ ਸਿੰਘ ਮੁਸਾਫ਼ਰ 1952 ਤੋਂ 1966 ਤਕ ਤਿੰਨ ਵਾਰ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਮੈਂਬਰ ਚੁਣੇ ਗਏ।1968 ਤੋਂ1976 ਤੱਕ ਦੋ ਵਾਰ ਰਾਜ ਸਭਾ ਮੈਂਬਰ ਚੁਣੇ ਗਏ। 1 ਨਵੰਬਰ 1966 ਨੂੰ ਜਦੋਂ ਪੰਜਾਬੀ ਸੂਬਾ ਹੋਂਦ ਵਿਚ ਆਇਆ ਤਾਂ ਗਿਆਨੀ ਜੀ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।
ਗਿਆਨੀ ਜੀ ਦਾ ਸਾਹਿਤਕ ਖੇਤਰ ਵਿਚ ਬਹੁਤ ਵੱਡਾ ਨਾਮ ਹੈ ਉਹ ਰਾਜਨੀਤੀ ਨਾਲੋਂ ਸਾਹਿਤ ਨੂੰ ਅਤੇ ਸਾਹਿਤਕਾਰਾਂ ਨੂੰ ਬਹੁਤ ਜਿਆਦਾ ਪਿਆਰ ਕਰਦੇ।ਉਨ੍ਹਾਂ ਨੇ 9 ਕਾਵਿ ਸੰਗ੍ਰਹਿ ਸਬਰ ਦੇ ਬਾਣ, ਪ੍ਰੇਮ-ਬਾਣ,ਜੀਵਨ-ਪੰਧ, ਮੁਸਾਫ਼ਰੀਆਂ,ਟੁੱਟੇ ਖੰਭ,ਕਾਵਿ-ਸਨੇਹੇ, ਸਹਿਜ ਸੇਤੀ, ਵਖਰਾ-ਵਖਰਾ,ਕਤਰਾ-ਕਤਰਾ ਅਤੇ ਦੂਰ-ਨੇੜੇ ਲਿਖੇ।
ਉਨ੍ਹਾਂ ਨੇ ਕਹਾਣੀ ਸੰਗ੍ਰਹਿ ‘ਵਖਰੀ ਦੁਨੀਆਂ,ਆਲ੍ਹਣੇ ਦੇ ਵੋਟ,ਕੰਧਾਂ ਵੋਲ ਪਈਆਂ,ਸਤਾਈ ਜਨਵਰੀ,ਗਟਾਰ, ਸਭ ਅੱਛਾ,ਸਸਤਾ ਤਮਾਸ਼ਾ,ਅੱਲ੍ਹਾ ਵਾਲੇ ਅਤੇ ਉਰਵਾਲ ਪਾਰ ਵੀ ਲਿਖੇ।ਗਿਆਨੀ ਜੀ ਨੇ ਜਿੰਦਗੀ ਵਿਚ ਸੰਘਰਸ਼ ਕਰਦਿਆਂ ਜੋ ਤਨ ਮਨ ਉਪਰ ਪੀੜ ਹੰਡਾਈ ਉਸ ਨੂੰ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ।1978 ਵਿਚ ਨਿੱਕੀ ਕਹਾਣੀ ਉਰਵਾਰ ਪਾਰ ਲਈ ਸਾਹਿਤ ਆਕਦਮੀ ਪੁਰਸਕਾਰ ਮਿਲਿਆ।ਗਿਆਨੀ ਜੀ ਨੂੰ ਅਕਾਲ ਚਲਾਣੇ ਪਿਛੋਂ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ ਗਿਆਨੀ ਜੀ ਨੇ ਤਿੰਨ ਜੀਵਨੀਆਂ ਅਤੇ ਇਕ ਸੰਖੇਪ ਜੀਵਨੀ ਲਿਖੀ।
ਇਹ ਸਮਾਜ ਸੇਵੀ ਰੂਹ ਧਰਮ ਦੀ ਦੇਸ਼ ਦੀ ਸਾਹਿਤ ਦੀ ਸੇਵਾ ਕਰਦੀ 18ਜਨਵਰੀ1976 ਨੂੰ 87 ਸਾਲ ਦੀ ਉਮਰ ਵਿਚ ਨਵੀ ਦਿੱਲੀ ਵਿਖੇ ਵਿੱਛੜ ਗਈ।ਭਾਰਤ ਸਰਕਾਰ ਵਲੋਂ ਉਹਨਾਂ ਦੀ ਯਾਦ ਵਿਚ ਇਕ ਡਾਕ ਟਿਕਟ ਵੀ ਜਾਰੀ ਕੀਤੀ ਗਈ।ਅਜਿਹੇ ਇੰਨਸਾਨ ਨੂੰ ਸਮਾਜ ਸਦਾ ਸੀ ਯਾਦ ਕਰਦਾ ਰਹੇਗਾ।