ਸੂਬੇ ਵਿੱਚ ਕਰੋਨਾਵਾਇਰਸ ਦਾ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ।ਇਹਤਿਆਤ ਵਜੋਂ ਕਰਫਿਊ ਵਿੱਚ ਹੋਰ ਇਜ਼ਾਫਾ ਕੀਤਾ ਗਿਆ ਹੈ। ਮਨੱੁਖੀ ਜਿੰਦਗੀ ਦੀ ਲੀਹੋ ਲੱਥੀ ਰੇਲ ਨੂੰ ਮੁੜ ਪਟੜੀ ਤੇ ਪਰਤਣ ਵਿੱਚ ਸਮਾਂ ਲੱਗਣ ਦੇ ਕਿਆਸ ਲਗਾਏ ਜਾ ਰਹੇ ਹਨ।ਅਜਿਹੀਆ ਪ੍ਰਸਥਿਤੀਆਂ ਦੇ ਵਿੱਚ ਸਭ ਤੋਂ ਤਰਸਯੋਗ ਹਾਲਤ ਬੱਚਿਆਂ ਦੀ ਹੈ। ਬੱਚਿਆਂ ਦਾ ਮਨ ਚੰਚਲ ਹੋਣ ਕਰਕੇ ਉਹ ਵੱਡਿਆਂ ਦੀ ਤਰ੍ਹਾਂ ਸਹੀ ਗਲਤ ਦੀ ਪਹਿਚਾਣ ਕਰਨ ਵਿੱਚ ਅਸਮਰੱਥ ਹੁੰਦੇ ਹਨ। ਉਹਨਾਂ ਦਾ ਹਾਣੀਆਂ ਦੇ ਨਾਲ ਖੇਡਣਾ ਕੁੱਦਣਾ ਖਤਮ ਹੋ ਗਿਆ ਹੈ।ਸਕੂਲਾਂ ਨੇ ਆਪਣੀਆਂ ਫੀਸਾਂ ਬਟੋਰਨ ਖਾਂਤਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਰੱਖੀ ਹੈ। ਇਹੋ ਹਾਲ ਕੋਚਿੰਗ ਸੈਂਟਰਾਂ ਦਾ ਹੈ।ਮਾਪਿਆਂ ਵੱਲੋਂ ਪੜ੍ਹਾਈ ਦਾ ਦਬਾਅ ਵੱਖਰੇ ਤੌਰ ਤੇ ਬਣਾਇਆ ਗਿਆ ਹੈ। ਜਿਸ ਕਰਕੇ ਬੱਚਿਆਂ ਦੇ ਸੁਭਾਅ ਵਿੱਚ ਚਿੜਚਿੜਾਪਣ ਭਾਰੂ ਹੈ।ਉਹ ਆਪਣੇ ਆਪ ਨੂੰ ਜੇਲ ਦੀ ਕੋਠੜੀ ਵਿੱਚ ਰਹਿ ਰਹੇ ਮਹਿਸੂਸ ਕਰਦੇ ਹਨ। ਜਦਕਿ ਬਾਕੀ ਮਨੁੱਖ ਸ਼ਾਤੀ ਨਾਲ ਆਪਣਾ ਜੀਵਨ ਬਸ਼ਰ ਕਰੀ ਜਾ ਰਿਹਾ ਹੈ।ਸੋ, ਬੱਚਿਆਂ ਦੀ ਹਾਲਤ ਚਿੰਤਾਜਨਕ ਹੈ।
ਖੈਰ, ਸਿੱਖਿਆ ਵਿਭਾਗ ਨੇ ਕਰੋਨਾਵਾਇਰਸ ਦੇ ਚੱਲਦਿਆ ਬੱਚਿਆਂ ਦੇ ਉੱਪਰ ਪੜ੍ਹਾਈ ਦੇ ਲਈ ਪਾਏ ਜਾ ਰਹੇ ਬੇਲੋੜੇ ਦਬਾਅ ਨੂੰ ਘੱਟ ਕਰਨ ਲਈ ਇੱਕ ਮੁਕਾਬਲੇ ਦਾ ਆਯੋਜਨ ਕਰਨ ਦੀ ਯੋਜਨਾ ਬਣਾਈ ਹੈ ਜਿਸ ਦਾ ਨਾਮ “ਅੰਬੈਸਡਰ ਆਫ ਹੋਪ” ਹੈ।ਇਸਦਾ ਮੰਤਵ ਵਿਦਿਆਰਥੀਆਂ ਅੰਦਰ ਸਿਰਜਣਾਤਮਕ ਰੁਚੀਆਂ ਦਾ ਵਿਕਾਸ ਕਰਕੇ ਉਹਨਾਂ ਅੰਦਰ ਛੁਪੇ ਹੋਏ ਗੁਣਾਂ ਨੂੰ ਬਾਹਰ ਕੱਢਣਾ ਹੈ।ਇਸ ਵਿੱਚ ਸੂਬੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਸੇ਼੍ਰਣੀ ਤੋਂ ਬਾਰਵੀਂ ਸ੍ਰੇਣੀ ਤੱਕ ਪੜ੍ਹਦੇੇ ਵਿਦਿਆਰਥੀ ਭਾਗ ਲੈਣਗੇ। ਵਿਦਿਆਰਥੀਆਂ ਨੇ ਵਿਸ਼ਾ “ਲੌਕਡਾਊਨ ਦੀ ਘੜੀ ਵਿੱਚ ਭਵਿੱਖ ਦੀ ਉਮੀਦ” ਬਾਰੇ ਆਪਣੇ ਵਿਚਾਰਾਂ ਨੂੰ ਕਵਿਤਾ, ਐਕਟਿੰਗ, ਗੀਤ, ਭਾਸ਼ਣ, ਨਾਚ ਜਾਂ ਫਿਰ ਖੇਡ ਰਾਹੀਂ ਇੱਕ ਤੋਂ ਤਿੰਨ ਮਿੰਟ ਤੱਕ ਦੀ ਕ੍ਰਿਏਟਿਵ ਵੀਡਿਓ ਵਿੱਚ ਪੇਸ਼ ਕਰਨਾ ਹੈ।ਇਸ ਉਪਰੰਤ ਵੀਡਿਓ ਨੂੰ ਹੈਸ਼ਟੈਗ “ਅੰਬੇਸਡਰ ਆਫ ਹੋਪ ਦੀ ਵਰਤੋਂ ਕਰਕੇ ਆਪਣੀ ਪਸੰਦੀਦਾ ਸੋਸ਼ਲ ਮੀਡੀਆ ਤੇ ਅਪਲੋਡ ਕਰਨਾ ਹੈ।ਅੰਤ ਵਿੱਚ ਪਲੇਟਫਾਰਮ ਦੇ ਲਿੰਕ ਨੂੰ ਵਿਭਾਗੀ ਮੇਲ ਤੇ ਭੇਜਣਾ ਹੈ।
“ਅੰਬੈਸਡਰ ਆਫ ਹੋਪ” ਨਾਲ ਵਿਦਿਆਰਥੀਆਂ ਦੇ ਚਿਹਰੇ ਤੇ ਮੁੜ ਰੌਣਕ ਪਰਤੀ ਹੈ।ਪਹਿਲੀ ਵਾਰ ਉਹਨਾਂ ਨੂੰ ਪੜ੍ਹਾਈ ਤੋਂ ਬਿਨ੍ਹਾਂ ਕੋਈ ਦਿਲਚਪਸੀ ਭਰਿਆ ਕੰਮ ਮਿਲਿਆ ਹੈੇ ਜਿਸ ਕਰਕੇ ਉਹ ਉਤਸ਼ਾਹਿਤ ਹਨ।ਇਸ ਮੁਕਾਬਲੇ ਦੇ ਜਰਿਐ ਬੱਚਿਆਂ ਅੰਦਰ ਆਤਮਵਿਸ਼ਵਾਸ, ਬੋਲਣ ਦੀ ਕਲਾ, ਕਵਿਤਾ, ਗੀਤ ਲਿਖਣ ਦਾ ਜਜਬਾ ਅਤੇ ਸਰੀਰਕ ਅਤੇ ਮਾਨਸਿਕ ਵਿਕਾਸ ਹੋਣਾ ਤਹਿ ਹੈ।ਬੱਚਿਆਂ ਦੀ ਊਰਜਾ ਸਾਕਾਰਤਮਕ ਕੰਮ ਲੱਗਣ ਜਾ ਰਹੀ ਹੈ।ਫਸਟ, ਸੈਕਿੰਡ ਅਤੇ ਥਰਡ ਸਥਾਨ ਤੇ ਆਉਣ ਵਾਲਿਆਂ ਵਿੱਚ ਆਈ ਪੈਡ, ਲੈਪਟਾਪ, ਟੇਬਲੈਟ ਇਨਾਮਾਂ ਦੀ ਤਕਸੀਮ ਕੀਤੇ ਜਾਣ ਨਾਲ ਇਸ ਵਿੱਚ ਹੋਰ ਜਾਨ ਆਈ ਹੈ। ਉਹਨਾਂ ਵਿੱਚ ਮੁਕਾਬਲਿਆਂ ਨੂੰ ਜਿੱਤਣ ਦੀ ਕਲਾ ਦਾ ਗਿਆਨ ਹੋਵੇਗਾ। ਸਕੂਲ ਪ੍ਰਿੰਸੀਪਲ ਵੀ ਕਾਫੀ਼ ਉਤਸ਼ਾਹਿਤ ਹਨ ਕਿਉਂਕਿ ਸਭ ਤੋਂ ਵੱਧ ਐਟਰੀਆਂ ਕਰਵਾਉਣ ਵਾਲੇ ਸਕੂਲਾਂ ਦੇ ਲਈ ਵੀ ਵਿਸ਼ੇਸ ਇਨਾਮ ਦਿੱਤੇ ਜਾਣੇ ਹਨ। ਇੱਥੇ ਆਯੋਜਕਾਂ ਨੂੰ ਚਾਹੀਦਾ ਹੈ ਕਿ ਭਾਗ ਲੈਣ ਵਾਲੇ ਹਰ ਇੱਕ ਵਿਦਿਆਰਥੀ ਨੂੰ ਡਿਜ਼ੀਟਲ ਸਰਟੀਫਿਕੇਟ ਜਰੂਰ ਦੇਣ ਤਾਂ ਜੋ ਇਨਾਮ ਨਾ ਜਿੱਤਣ ਦੀ ਸੂਰਤ ਵਿੱਚ ਉਹਨਾਂ ਦਾ ਮਨੋਬਲ ਨਾ ਗਿਰੇ।ਅਖੀ਼ਰ ਵਿੱਚ ਕਿਹਾ ਜਾ ਸਕਦਾ ਹੈ ਕਿ ਜਿੱਥੇ ਸਿੱਖਿਆ ਵਿਭਾਗ ਛੁੱਟੀਆਂ ਦੇ ਦੌਰਾਨ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨੂੰ ਲੈ ਕੇ ਸੂਚਨਾ ਤਕਨੀਕ ਦੀ ਵਰਤੋਂ ਕਰਕੇ ਸੁਰਖੀਆਂ ਬਟੋਰ ਰਿਹਾ ਹੈ ਉੱਥੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ “ਅੰਬੇਸਡਰ ਆਫ ਹੋਪ” ਮੁਕਾਬਲਾ ਵੀ ਬੱਚਿਆਂ ਦੇ ਲਈ ਵਰਦਾਨ ਸਿੱਧ ਹੋਵੇਗਾ। ਭਵਿੱਖ ਵਿੱਚ ਅਜਿਹੇ ਹੋਰ ਮੁਕਾਬਲਿਆਂ ਦੀ ਬੱਚਿਆਂ ਨੂੰ ਬਹੁਤ ਜਰੂਰਤ ਹੈ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।