Health & Fitness

ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ, ਜਿਵੇਂ ਵਿਟਾਮਿਨ ਸੀ 91 ਫ਼ੀਸਦ, ਵਿਟਾਮਿਨ ਏ 48 ਫ਼ੀਸਦ, ਫੌਲਿਕ ਏਸਿਡ 30 ਫ਼ੀਸਦ, ਵਿਟਾਮਿਨ ਬੀ-6 17 ਫ਼ੀਸਦ ਅਤੇ ਵਿਟਾਮਿਨ ਬੀ-3 (ਨਾਇਆਸਿਨ) 15 ਫ਼ੀਸਦ। ਫ਼ਲ ਅਤੇ ਸਬਜ਼ੀਆਂ ਖੁਰਾਕ ਵਿੱਚ ਮੈਗਨੀਸ਼ੀਅਮ ਦੀ 16 ਫ਼ੀਸਦ ਅਤੇ ਲੋਹੇ (ਆਇਰਨ) ਦੀ 19 ਫ਼ੀਸਦ ਪੂਰਤੀ ਕਰਦੇ ਹਨ। ਫ਼ਲਾਂ ਤੇ ਸਬਜ਼ੀਆਂ ਵਿੱਚ ਊਰਜਾ ਬਹੁਤ ਹੀ ਘੱਟ (9 ਫ਼ੀਸਦ) ਮਾਤਰਾ ਹੁੰਦੀ ਹੈ, ਇਸ ਕਰ ਕੇ ਇਹ ਮੋਟਾਪੇ ਅਤੇ ਇਸ ਤੋਂ ਹੋਣ ਵਾਲੇ ਰੋਗ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ। ਇਨ੍ਹਾਂ ਤੋਂ ਮਿਲਣ ਵਾਲੇ ਫਾਈਟੋਕੈਮੀਕਲ ਤੱਤ ਸਰੀਰ ਵਿੱਚ ਆਕਸੀਜਨ ਦੀ ਪ੍ਰਤੀਕਿਰਿਆ ਨੂੰ ਨਿਰੰਤਰ ਕਰਦੇ ਹਨ ਅਤੇ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿੱਚ ਜਮ੍ਹਾਂ ਨਹੀਂ ਹੋਣ ਦਿੰਦੇ ਅਤੇ ਇਸ ਕਰ ਕੇ ਕੈਂਸਰ ਹੋਣ ਤੋਂ ਬਚਾਉਂਦੇ ਹਨ। ਫ਼ਲਾਂ ਤੇ ਸਬਜ਼ੀਆਂ ਵਿੱਚ ਫਲੇਵੋਨਾਇਡ ਅਤੇ ਕੈਰੋਟੀਨਾਇਡ ਨਾਮ ਦੇ ਤੱਤ ਹੁੰਦੇ ਹਨ, ਜੋ ਕਿ ਸਾਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਕਰ ਕੇ ਇਨ੍ਹਾਂ ਨੂੰ ਰੋਜ਼ਾਨਾ ਖੁਰਾਕ ਵਿਚ ਸ਼ਾਮਿਲ ਕਰ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਪਾਚਨ ਪ੍ਰਣਾਲੀ ਨੂੰ ਸਾਫ ਰੱਖਦਾ ਹੈ, ਜਿਸ ਕਰ ਕੇ ਕਬਜ਼ ਤੋਂ ਬਚਾਅ ਹੁੰਦਾ ਹੈ। ਲੰਬੇ ਸਮੇਂ ਦੀ ਕਬਜ਼ ਵੱਡੀ ਆਂਤੜੀ ਦੇ ਕੈਂਸਰ ਦਾ ਕਾਰਨ ਬਣਦੀ ਹੈ।
ਫ਼ਲਾਂ ਤੇ ਸਬਜ਼ੀਆਂ ਦੇ ਸਿਹਤ ਪੱਖੀ ਫਾਇਦੇ:
1. ਫ਼ਲਾਂ ਤੇ ਸਬਜ਼ੀਆਂ ਵਿੱਚ ਫੈਟ ਬਹੁਤ ਹੀ ਘੱਟ ਪਰ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਹਰੀਆਂ, ਪੀਲੀਆ ਤੇ ਸੰਤਰੀ ਰੰਗ ਦੀਆਂ ਸਬਜ਼ੀਆਂ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਲੋਹਾ, ਬੀਟਾ ਕੈਰੋਟੀਨ, ਵਿਟਾਮਿਨ ਬੀ ਸਮੂਹ, ਵਿਟਾਮਿਨ ਸੀ, ਏ ਅਤੇ ਕੇ ਦੇ ਉਤਮ ਸੋਮੇ ਹਨ।
2. ਫ਼ਲ ਤੇ ਸਬਜ਼ੀਆਂ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ।
3. ਇਸ ਤੋਂ ਬਿਨਾਂ ਸਬਜ਼ੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਰੇਸ਼ੇ ਹੁੰਦੇ ਹਨ, ਜੋ ਕਿ ਪਾਣੀ ਨੂੰ ਆਪਣੇ ਵਿੱਚ ਸਮਾ ਕੇ ਸਰੀਰ ਵਿੱਚੋਂ ਮਲ ਤਿਆਗ ਨੂੰ ਸੌਖਾ ਕਰਦੇ ਹਨ ਅਤੇ ਕਬਜ਼ ਤੋਂ ਬਚਾਉਂਦੇ ਹਨ। ਇਸ ਤਰ੍ਹਾਂ ਇਹ ਕਬਜ਼ ਤੋਂ ਹੋਣ ਵਾਲੇ ਰੋਗ ਜਿਵੇਂ ਕਿ ਹਿਮੋਰਾਇਡ, ਕੋਲਨ ਕੈਂਸਰ ਅਤੇ ਮਲ ਦੁਆਰ ਦੇ ਜ਼ਖ਼ਮਾਂ ਤੋਂ ਬਚਾਉਂਦੇ ਹਨ।
ਇਸ ਕਰ ਕੇ ਵਰਲਡ ਹੈਲਥ ਆਰਗਨਾਈਜੇਸ਼ਨ ਵਲੋਂ ਰੋਜ਼ਾਨਾ ਖੁਰਾਕ ਵਿੱਚ 400 ਗ੍ਰਾਮ ਫ਼ਲ ਤੇ ਸਬਜ਼ੀਆਂ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਗਈ ਹੈ।
ਫ਼ਲਾਂ ਤੇ ਸਬਜ਼ੀਆਂ ਨੂੰ ਰੰਗਾਂ ਦੇ ਅਧਾਰ ’ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਕਿਉਂਕਿ ਰੰਗ ਪ੍ਰਦਾਨ ਕਰਨ ਵਾਲੇ ਤੱਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਘੱਟ ਤੋਂ ਘੱਟ ਇੱਕ ਫ਼ਲ ਜਾਂ ਸਬਜ਼ੀ ਹੇਠ ਲਿਖੀ ਰੰਗ ਅਧਾਰਿਤ ਸ਼੍ਰੇਣੀ ਵਿੱਚੋਂ ਰੋਜ਼ਾਨਾ ਖੁਰਾਕ ਵਿੱਚ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ।
ਜਾਮਨੀ-ਲਾਲ: ਕਾਲੇ ਜਾਂ ਲਾਲ ਅੰਗੂਰ, ਸ਼ਹਿਤੂਤ, ਕਰੌਂਦਾ, ਸਟਰਾਬੇਰੀ, ਲਾਲ ਸ਼ਿਮਲਾ ਮਿਰਚ, ਆਲੂ ਬੁਖਾਰਾ, ਚੈਰੀ, ਬੈਂਗਣ, ਚਕੁੰਦਰ, ਸੇਬ।
ਲਾਲ: ਟਮਾਟਰ, ਤਰਬੂਜ਼, ਲਾਲ ਮਿਰਚ।
ਸੰਤਰੀ: ਗਾਜਰ, ਅੰਬ, ਖੁਰਮਾਨੀ, ਤਰਬੂਜ਼, ਸ਼ਕਰਕੰਦੀ।
ਸੰਤਰੀ-ਪੀਲਾ: ਸੰਤਰਾ, ਕਿੰਨੂ, ਪੀਲਾ ਚਕੋਤਰਾ, ਨਿੰਬੂ, ਮੁਸੰਮੀ, ਆੜੂ, ਪਪੀਤਾ, ਅਨਾਨਾਸ।
ਪੀਲਾ-ਹਰਾ: ਅਮਰੂਦ, ਨਾਸ਼ਪਾਤੀ, ਅੰਜੀਰ, ਪੱਤਾ ਗੋਭੀ, ਸ਼ਲਗਮ ਦੇ ਪੱਤੇ, ਪੀਲੀ ਸ਼ਿਮਲਾ ਮਿਰਚ, ਖੀਰਾ, ਸਲਾਦ-ਪੱਤਾ, ਕੱਦੂ, ਟੀਂਡਾ, ਕਾਲੀ ਤੋਰੀ, ਕਰੇਲਾ।
ਹਰਾ: ਬਰਾਕਲੀ, ਭਿੰਡੀ, ਮਟਰ, ਫ਼ਲੀਆਂ, ਸ਼ਿਮਲਾ ਮਿਰਚ, ਹਰੀ ਮਿਰਚ, ਪਾਲਕ, ਮੇਥੀ, ਧਨੀਆ।
ਚਿੱਟਾ: ਕੇਲਾ, ਲਸਣ, ਪਿਆਜ਼, ਫੁੱਲਗੋਭੀ, ਮੂਲੀ।
ਫ਼ਲ ਅਤੇ ਸਬਜ਼ੀਆਂ ਨੂੰ ਖਰੀਦਣ ਅਤੇ ਵਰਤਣ ਵੇਲੇ ਧਿਆਨ ਦੇਣ ਯੋਗ ਗੱਲਾਂ:
1. ਫ਼ਲਾਂ ਅਤੇ ਸਬਜ਼ੀਆਂ ਨੂੰ ਖਰੀਦਣ ਵੇਲੇ ਧਿਆਨ ਰੱਖਿਆ ਜਾਵੇ ਕਿ ਉਨ੍ਹਾਂ ਉਪਰ ਕੋਈ ਦਾਗ, ਧੱਬੇ, ਉਲੀ ਜਾਂ ਬਾਹਰਲੀ ਪਰਤ ਉਤੇ ਕੋਈ ਕੱਟ ਨਾ ਲੱਗਿਆ ਹੋਵੇ।
2. ਹਮੇਸ਼ਾ ਫ਼ਲਾਂ ਅਤੇ ਸਬਜ਼ੀਆਂ ਨੂੰ ਕੱਟਣ ਅਤੇ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ।
3. ਫ਼ਲਾਂ ਅਤੇ ਸਬਜ਼ੀਆਂ ਨੂੰ ਹਮੇਸ਼ਾ ਫਰਿਜ਼ ਵਿੱਚ ਹੀ ਰੱਖੋ।
4. ਸਲਾਦ ਲਈ ਸਬਜ਼ੀਆਂ ਤੇ ਫ਼ਲਾਂ ਨੂੰ ਖਾਣ ਸਮੇਂ ਹੀ ਕੱਟਣਾ ਚਾਹੀਦਾ ਹੈ।
5. ਬਾਜ਼ਾਰ ਵਿੱਚ ਰੰਗ ਕੀਤੇ ਹੋਏ ਫ਼ਲ ਅਤੇ ਸਬਜ਼ੀਆਂ ਨੂੰ ਕਦੇ ਨਾ ਖਰੀਦੋ। ਕੁਦਰਤੀ ਰੰਗਾਂ ਵਾਲੇ ਹੀ ਖਰੀਦੋ।
6. ਤਾਜ਼ੇ ਫ਼ਲ ਅਤੇ ਸਬਜ਼ੀਆਂ ਹੀ ਖਰੀਦੋ। ਪਤਾ ਲਗਾਉਣ ਲਈ ਫ਼ਲ ਨੂੰ ਹੱਥ ਵਿੱਚ ਚੁੱਕ ਕੇ ਵੇਖੋ ਕਿਉਂਕਿ ਤਾਜ਼ਾ ਫ਼ਲ ਭਾਰਾ, ਝੁਰੜੀਆਂ ਰਹਿਤ ਅਤੇ ਸਖਤ ਹੁੰਦਾ ਹੈ।
7. ਪਰਿਵਾਰ ਦੀ ਲੋੜ ਅਨੁਸਾਰ ਹੀ ਫ਼ਲ ਜਾਂ ਸਬਜ਼ੀ ਖਰੀਦੋ ਤਾਂ ਕਿ ਉਹ ਤਾਜ਼ੇ ਹੀ ਵਰਤੇ ਜਾ ਸਕਣ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਸੰਭਾਲਣ ਦੀ ਲੋੜ ਨਾ ਪਵੇ।
8. ਜ਼ਿਆਦਾਤਰ ਫ਼ਲਾਂ ਅਤੇ ਸਬਜ਼ੀਆਂ ਨੂੰ ਫਰਿੱਜ਼ ਵਿੱਚ ਹੀ ਰੱਖਣਾ ਚਾਹੀਦਾ ਹੈ, ਕਿਉਂਕਿ ਗਰਮੀ, ਰੌਸ਼ਨੀ ਅਤੇ ਨਮੀ ਇਨ੍ਹਾਂ ਦੀ ਪੌਸ਼ਟਿਕਤਾ ਨੂੰ ਘਟਾਉਂਦੇ ਹਨ ਤੇ ਉਹ ਜਲਦੀ ਖਰਾਬ ਹੋ ਜਾਂਦੇ ਹਨ।
9. ਪੱਤੇਦਾਰ ਸਬਜ਼ੀਆਂ ਨੂੰ ਸੰਭਾਲਣ ਲਈ ਧੋਣ ਤੋਂ ਪਹਿਲਾਂ ਗਲ਼ੇ-ਸੜੇ ਅਤੇ ਦਾਗੀ ਪੱਤੇ ਕੱਢ ਦੇਣੇ ਚਾਹੀਦੇ ਹਨ। ਫਿਰ ਉਨ੍ਹਾਂ ਨੂੰ ਸਾਫ ਕੱਪੜੇ ’ਤੇ ਪਾ ਕੇ ਸੁਕਾ ਲੈਣਾ ਚਾਹੀਦਾ ਹੈ ਅਤੇ ਜਾਲੀਦਾਰ ਥੈਲੀ ਵਿੱਚ ਪਾ ਕੇ ਫਰਿੱਜ਼ ਵਿੱਚ ਸੰਭਾਲਣੀਆਂ ਚਾਹੀਦੀਆਂ ਹਨ। ਹਰੇ ਪੱਤੇਦਾਰ ਸਬਜ਼ੀਆਂ ਨੂੰ ਸੰਭਾਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣ ਨਾਲ ਉਹ ਤਾਜ਼ੀਆਂ ਰਹਿੰਦੀਆਂ ਹਨ।
10. ਸਬਜ਼ੀਆਂ ਹਮੇਸ਼ਾ ਸਾਬਤ ਹੀ ਖਰੀਦੋ। ਪਹਿਲਾਂ ਤੋਂ ਕੱਟ ਕੇ ਰੱਖੀ ਹੋਈ ਸਬਜ਼ੀ ਨਾ ਖਰੀਦੋ, ਜਿਵੇਂ ਕਿ ਅੱਧਾ ਕੱਟਿਆ ਹੋਇਆ ਪੇਠਾ।
11. ਫ਼ਲ ਤੇ ਸਬਜ਼ੀਆਂ ਨੂੰ ਸਾਫ ਅਤੇ ਖੁੱਲ੍ਹੇ ਪਾਣੀ ਵਿੱਚ ਧੋਵੋ ਤਾਂ ਕਿ ਉਨ੍ਹਾਂ ਉਤੇ ਲੱਗੀ ਹੋਈ ਧੂੜ-ਮਿੱਟੀ, ਕੀਟਾਣੂ, ਰਸਾਇਣ ਤੇ ਕੀਟਨਾਸ਼ਕ ਦਵਾਈਆਂ ਕਾਫੀ ਹੱਦ ਤੱਕ ਧੋਤੇ ਜਾਣ। ਅੱਜਕੱਲ੍ਹ ਬਾਜ਼ਾਰ ਵਿੱਚ ਮਿਲਣ ਵਾਲੀਆਂ ਵਧੇਰੇ ਫ਼ਲ ਅਤੇ ਸਬਜ਼ੀਆਂ ’ਤੇ ਕਈ ਤਰ੍ਹਾਂ ਕੀਟਨਾਸ਼ਕ ਰਸਾਇਣਾਂ ਦਾ ਛਿੜਕਾਅ ਹੋਇਆ ਹੁੰਦਾ ਹੈ। ਪਰਿਵਾਰ ਦੀ ਸਿਹਤ ਨੂੰ ਬਚਾਉਣ ਲਈ ਫ਼ਲ ਤੇ ਸਬਜ਼ੀਆਂ ਨੂੰ ਇਨ੍ਹਾਂ ਰਸਾਇਣਾਂ ਤੋਂ ਰਹਿਤ ਕਰਨਾ ਅਤਿ ਜ਼ਰੂਰੀ ਹੈ। ਫ਼ਲਾਂ ਅਤੇ ਸਬਜ਼ੀਆਂ ਨੂੰ ਕੀਟਨਾਸ਼ਕ ਰਹਿਤ ਕਰਨ ਦਾ ਤਰੀਕਾ ਇਸ ਤਰ੍ਹਾਂ ਹੈ।
* ਖੁੱਲ੍ਹੇ ਭਾਂਡੇ ਵਿੱਚ ਪਾਣੀ ਭਰੋ।
* ਇਸ ਵਿੱਚ ਇੱਕ ਚਮਚ ਮਿੱਠਾ ਸੋਡਾ ਪਾਉ।
* ਫ਼ਲ ਤੇ ਸਬਜ਼ੀਆਂ ਨੂੰ ਇਸ ਵਿੱਚ 15 ਮਿੰਟ ਲਈ ਭਿਉਂ ਕੇ ਰੱਖੋ।
* ਹੱਥਾਂ ਜਾਂ ਬੁਰਸ਼ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
* ਅਖੀਰ ਵਿੱਚ ਟੂਟੀ ਦੇ ਵਗਦੇ ਪਾਣੀ ਵਿੱਚ ਇਨ੍ਹਾਂ ਨੂੰ ਧੋ ਲਉ।
12. ਫ਼ਲਾਂ ਦੇ ਸਬਜ਼ੀਆਂ ਨੂੰ ਛਿਲ ਕੇ ਖਾਣਾ ਵੀ ਕੀਟਨਾਸ਼ਕ ਰਹਿਤ ਕਰਨ ਦਾ ਇੱਕ ਹੋਰ ਵਧੀਆ ਤਰੀਕਾ ਹੈ।
13. ਖਿਆਲ ਰੱਖੋ ਕਿ ਫ਼ਲ ਅਤੇ ਸਬਜ਼ੀਆਂ ਕੱਟਣ ਵਾਲੇ ਚਾਕੂ, ਬੋਰਡ ਅਤੇ ਹੋਰ ਭਾਂਡੇ ਸਾਫ ਹੋਣ।
14. ਫ਼ਲਾਂ ਨੂੰ ਕੁਦਰਤੀ ਰੂਪ ਵਿੱਚ ਖਾਣਾ ਹੀ ਸਭ ਤੋਂ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਬਹੁਤ ਘੱਟ ਪ੍ਰੋਸੈਸਿੰਗ ਨਾਲ ਇਨ੍ਹਾਂ ਵਿੱਚ ਮੌਜੂਦ ਪੌਸ਼ਟਿਕ ਅਤੇ ਫਾਈਟੋਕੈਮੀਕਲ ਤੱਤਾਂ ਨੂੰ ਬਹੁਤ ਹੱਦ ਤੱਕ ਬਚਾਇਆ ਜਾ ਸਕਦਾ ਹੈ। ਜਲਦੀ ਖਰਾਬ ਹੋਣ ਵਾਲੇ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ।
15. ਸਬਜ਼ੀਆਂ ਨੂੰ ਸਲਾਦ ਦੇ ਤੌਰ ’ਤੇ ਖਾਣਾ ਹੀ ਸਭ ਤੋਂ ਵਧੀਆ ਤਰੀਕਾ ਹੈ। ਬਹੁਤ ਜ਼ਿਆਦਾ ਤਾਪਮਾਨ ਅਤੇ ਜ਼ਿਆਦਾ ਲੰਬੇ ਸਮੇਂ ਤੱਕ ਸਬਜ਼ੀਆਂ ਨੂੰ ਪਕਾਉਣ ਨਾਲ ਉਨ੍ਹਾਂ ਦੀ ਪੌਸ਼ਟਿਕਤਾ ਉਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
16. ਫ਼ਲਾਂ ਅਤੇ ਸਬਜ਼ੀਆਂ ਨੂੰ ਵੱਡੇ-ਵੱਡੇ ਟੁਕੜਿਆਂ ਵਿੱਚ ਹੀ ਕੱਟਣਾ ਚਾਹੀਦਾ ਹੈ ਕਿਉਂਕਿ ਛੋਟੇ ਟੁਕੜਿਆਂ ਵਿੱਚ ਕੱਟਣ ਨਾਲ ਵਿਟਾਮਿਨ ਸੀ ਨਸ਼ਟ ਹੋ ਜਾਂਦਾ ਹੈ।
17. ਸਬਜ਼ੀਆਂ ਦੀ ਪੌਸ਼ਟਿਕਤਾ, ਸਵਾਦ ਅਤੇ ਦਿੱਖ ਨੂੰ ਕਾਇਮ ਰੱਖਣ ਲਈ ਇਨ੍ਹਾਂ ਨੂੰ ਢੱਕ ਕੇ ਪਕਾਉ ਅਤੇ ਪਕਾਉਣ ਸਮੇਂ ਲੋੜ ਤੋਂ ਜ਼ਿਆਦਾ ਪਾਣੀ ਨਾ ਵਰਤੋ।
ਪਰਿਵਾਰ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਘਰੇਲੂ ਬਗੀਚੀ ਲਾਉਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤਾਜ਼ੇ, ਕੀਟਨਾਸ਼ਕ ਰਹਿਤ ਅਤੇ ਪੌਸ਼ਟਿਕ ਫ਼ਲ ਅਤੇ ਸਬਜ਼ੀਆਂ ਪ੍ਰਾਪਤ ਹੋ ਸਕਣ ਤਾਂ ਜੋ ਉਹ ਬਿਮਾਰੀ ਰਹਿਤ ਸਿਹਤਮੰਦ ਜੀਵਨ ਦਾ ਅਨੰਦ ਮਾਣ ਸਕਣ।

ਲੇਖਕ: ਕਿਰਨਦੀਪ ਕੌਰ, ਹਰਪ੍ਰੀਤ ਕੌਰ ਤੇ ਜਸਵਿੰਦਰ ਸਿੰਘ ਬਰਾੜ

Related posts

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin

Study Finds Dementia Patients Less Likely to Be Referred to Allied Health by GPs

admin