Articles Punjab Religion

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ। (ਫੋਟੋ: ਏ ਐਨ ਆਈ)

ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਜਗਤ ਨੂੰ ਇਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਪੰਥ ਨੂੰ ਦਰਪੇਸ਼ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਗੱਲ ਕਰਦਿਆਂ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬਹੁਤੇ ਮਸਲੇ ਗੁਰੂ ਦਰ ਨਾਲੋਂ ਟੁੱਟਣ ਕਾਰਨ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਦੀ ਰੋਸ਼ਨੀ ਵਿੱਚ ਦਿੱਤੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੁਕਮਨਾਮਿਆਂ ’ਤੇ ਵੀ ਲਾਗੂ ਹੁੰਦੀ ਹੈ। ਜਥੇਦਾਰ ਨੇ ਹੋਲੇ-ਮਹੱਲੇ ਦੀ ਵਧਾਈ ਦਿੰਦਿਆਂ ਸਿੱਖ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਪ੍ਰੇਮ ਵਿੱਚ ਭਿੱਜ ਕੇ ਹੋਲੇ-ਮਹੱਲੇ ਦੀਆਂ ਰੌਣਕਾਂ ਵਿੱਚ ਵਾਧਾ ਕਰਨ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਪੁਰਾਤਨ ਮੰਗ ਮੁਤਾਬਕ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਸਤਿਕਾਰਯੋਗ ਹਨ ਅਤੇ ਸਾਬਕਾ ਜਥੇਦਾਰ ਹਨ। ਇਸ ਲਈ ਉਹ ਉਨ੍ਹਾਂ ਬਾਰੇ ਕੱੁਝ ਨਹੀਂ ਕਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਲਏ ਗਏ ਫੈਸਲੇ ਬਰਕਰਾਰ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਕਮੇਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਾਸਤੇ ਸਾਰੇ ਧੜੇ ਇੱਕ ਬਰਾਬਰ ਹਨ ਅਤੇ ਉਨ੍ਹਾਂ ਦਾ ਪਹਿਲਾ ਕਾਰਜ ਪੰਥ ਨੂੰ ਮਜ਼ਬੂਤ ਕਰਨਾ ਹੈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਇਹ ਦਲ ਸਿੱਖ ਪੰਥ ਦੀਆਂ ਸਤਿਕਾਰਤ ਸੰਸਥਾਵਾਂ ਹਨ। ਜਦ ਤੱਕ ਜੀਵਨ ਹੈ ਕੱੁਝ ਕਹਿਣ ਅਤੇ ਸੁਣਨ ਦੀ ਪ੍ਰੰਪਰਾ ਚਲਦੀ ਰਹੇਗੀ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਚਾਰਜ ਸੰਭਾਲ ਲਿਆ ਹੈ। ਗਿਆਨੀ ਕੁਲਦੀਪ ਸਿੰਘ ਅੰਮ੍ਰਿਤ ਵੇਲੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਜਿਸ ਉਪਰੰਤ ਉਹ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਤਖ਼ਤ ਕੇਸਗੜ੍ਹ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਨ੍ਹਾਂ ਦੇ ਸੇਵਾ ਸੰਭਾਲ ਤੋਂ ਪਹਿਲਾਂ ਤਖ਼ਤ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਮਗਰੋਂ ਪੰਜ ਪਿਆਰਿਆਂ ਨੇ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ। ਇਸ ਦੌਰਾਨ ਗ੍ਰੰਥੀ ਸਿੰਘਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਅਚਾਨਕ ਤਖ਼ਤ ਕੇਸਗੜ੍ਹ ਸਾਹਿਬ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ ਅਤੇ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਬਾਅਦ ਕਾਰਜਭਾਰ ਸਾਂਭ ਲਿਆ ਹੈ ਜਿੱਥੇ ਸਿਰਫ ਪੰਜ ਪਿਆਰਿਆਂ ਵੱਲੋਂ ਹੀ ਉਨ੍ਹਾਂ ਨੂੰ ਦਸਤਾਰ ਭੇਟ ਕੀਤੀ ਗਈ। ਬਾਅਦ ਦੁਪਹਿਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਅਤੇ ਦਰਬਾਰ ਸਾਹਿਬ ਨਾਲ ਸਬੰਧਤ ਹੋਰ ਗੁਰ ਅਸਥਾਨਾਂ ਵਿਖੇ ਨਤਮਸਤਕ ਹੋਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ। ਇੱਥੇ ਉਨ੍ਹਾਂ ਨੂੰ ਸਿਰਪਾਓ ਤੇ ਪਤਾਸ਼ਿਆਂ ਦਾ ਪ੍ਰਸ਼ਾਦ ਦਿੱਤਾ ਗਿਆ। ਇਸ ਮਗਰੋਂ ਉਹ ਅਕਾਲ ਤਖ਼ਤ ਗਏ ਜਿੱਥੇ ਪੰਜ ਪਿਆਰਿਆਂ ਵੱਲੋਂ ਅਰਦਾਸ ਮਗਰੋਂ ਉਨ੍ਹਾਂ ਨੂੰ ਦਸਤਾਰ, ਸਿਰੋਪਾਓ ਅਤੇ ਫੁੱਲਾਂ ਦਾ ਸਿਹਰਾ ਦਿੱਤਾ ਗਿਆ। ਉਨ੍ਹਾਂ ਸ਼ਾਮ ਵੇਲੇ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਨਾਲ ਉਨ੍ਹਾਂ ਦੇ ਘਰ ਵਿੱਚ ਮੁਲਾਕਾਤ ਕੀਤੀ ਅਤੇ ਸਾਬਕਾ ਜਥੇਦਾਰ ਨੇ ਉਨ੍ਹਾਂ ਨੂੰ ਸਿਰਪਾਓ ਦਿੱਤਾ ਗਿਆ। ਉਹ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਵੀ ਗਏ ਪਰ ਉਹ ਘਰ ਵਿੱਚ ਨਹੀਂ ਸਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਥੇ ਵੀ ਉਨ੍ਹਾਂ ਨੂੰ ਦਸਤਾਰਾਂ ਭੇਟ ਕਰਨ ਵਾਲੀਆਂ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਦੇ ਨੁਮਾਇੰਦੇ ਗੈਰਹਾਜ਼ਰ ਸਨ। ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਉਨ੍ਹਾਂ ਦੇ ਨੁਮਾਇੰਦੇ ਵੀ ਇਸ ਮੌਕੇ ਗੈਰਹਾਜ਼ਰ ਸਨ। ਅਕਾਲ ਤਖਤ ਦੇ ਹੈੱਡ ਗ੍ਰੰਥੀ ਵੀ ਹਾਜ਼ਰ ਨਹੀਂ ਸਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਉਨ੍ਹਾਂ ਦੇ ਨੁਮਾਇੰਦੇ ਵੀ ਗੈਰਹਾਜ਼ਰ ਸਨ। ਪਹਿਲਾਂ ਹਮੇਸ਼ਾ ਹੀ ਤਾਜਪੋਸ਼ੀ ਜਾਂ ਸੇਵਾ ਸੰਭਾਲ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵੱਡਾ ਸਮਾਗਮ ਕੀਤਾ ਜਾਂਦਾ ਰਿਹਾ ਹੈ ਪਰ ਅੱਜ ਇਸ ਸਮਾਗਮ ਬਾਰੇ ਕਿਸੇ ਨੂੰ ਭਿਣਕ ਵੀ ਨਹੀਂ ਸੀ। ਉਨ੍ਹਾਂ ਦੇ ਅਹੁਦਾ ਸੰਭਾਲਣ ਸਬੰਧੀ ਸਮਾਗਮ ਸਵੇਰੇ 10 ਵਜੇ ਕਰਵਾਏ ਜਾਣ ਦੀ ਗੱਲ ਕਹੀ ਗਈ ਸੀ। ਅੰਮ੍ਰਿਤ ਵੇਲੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਚਾਰਜ ਸੰਭਾਲਣ ਦਾ ਸਿੱਖ ਤੇ ਨਿਹੰਗ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।

Related posts

ਆਯੁਰਵੇਦ ਦਾ ਗਿਆਨ: ਚੱਕਰ ਸੰਤੁਲਨ ਪ੍ਰਾਣਾਯਾਮ !

admin

ਅਧਿਆਪਕ ਦਿਵਸ ‘ਤੇ ਵਿਸ਼ੇਸ਼: ਸਮਾਜ ਨੂੰ ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਨਾਲ ਬਦਲਣਾ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin