Articles Religion

ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ !

ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

ਭਾਈ ਤਾਰੂ ਸਿੰਘ (1720-1745) ਅਠਾਰ੍ਹਵੀਂ ਸਦੀ ਦੇ ਇਤਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ। ਆਪ ਦਾ ਜਨਮ ਪਿੰਡ ਪੂਹਲਾ ਜਿਲਾ ਅੰਮ੍ਰਿਤਸਰ ਵਿਖੇ ਹੋਇਆ। 1716 ਵਿੱਚ ਮੁਗਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਤੇ ਜੁਰਮ ਕਰਨੇ ਸ਼ੁਰੂ ਕਰ ਦਿੱਤੇ ਤੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ। ਜਕਰੀਆ ਖਾਨ ਦੇ ਜੁਰਮਾਂ ਦੀ ਹੱਦ ਹੀ ਪਾਰ ਹੋ ਗਈ ਤਾਂ ਸਿੱਖਾਂ ਨੇ ਮੁਗਲਾ ਦਾ ਮੁਕਾਬਲਾ ਕਰਨ ਲਈ ਆਪਣਾ ਟਿਕਾਣਾ ਜੰਗਲ਼ਾਂ ਵਿੱਚ ਬਣਾ ਲਿਆ। ਭਾਈ ਤਾਰੂ ਸਿੰਘ ਤੇ ਉਸ ਦਾ ਪਰਵਾਰ ਸਿੱਖਾਂ ਨੂੰ ਪਰਸ਼ਾਦਾ ਤੇ ਹੋਰ ਚੀਜਾਂ ਪਹੁੰਚਾਉਂਦੇ ਸਨ।

ਭਾਈ ਤਾਰੂ ਸਿੰਘ ਦੀਆਂ ਸਾਰੀਆਂ ਗਤੀਵਿਧੀਆ ਦੀ ਜਾਣਕਾਰੀ ਨਿਰੰਜਨੀਆਂ ਰੰਧਾਵੇ ਨੇ ਜਕਰੀਆਂ ਖਾਨ ਨੂੰ ਦਿੱਤੀ ਤੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਕਰੀਆਂ ਖਾਨ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਭਾਈ ਤਾਰੂ ਜੀ ਨੂੰ ਬੰਦੀ ਬਣਾ ਕੇ ਬਹੁਤ ਤਸੀਹੇ ਦਿੱਤੇ ਗਏ। ਭਾਈ ਤਾਰੂ ਸਿੰਘ ਨੂੰ ਸਿੱਖਾਂ ਦੀ ਸਹਾਇਤਾ ਕਰਨ ਦੇ ਜੁਰਮ ਕਰ ਕੇ ਬੜੇ ਅਤਿਆਚਾਰਾਂ ਦਾ ਸਾਹਮਣਾ ਕਰਣਾ ਪਿਆਂ ਪਰ ਉਨ੍ਹਾਂ ਦਾ ਮਨ ਕਦੀ ਵੀ ਸਿੱਖੀ ਸਿਦਕ ਤੋਂ ਨਹੀਂ ਡੋਲਿਆ।

ਜਕਰੀਆਂ ਖਾਨ ਨੇ ਭਾਈ ਤਾਰੂ ਸਿੰਘ ਨੂੰ ਇਸਲਾਮ ਧਰਮ ਕਬੂਲੀ ਲਈ ਕਿਹਾ ਪਰ ਭਾਈ ਜੀ ਨੇ ਮੁਸਲਮਾਨ ਇਸਲਾਮ ਧਰਮ ਕਬੂਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਜਕਰੀਆਂ ਖਾਨ ਨੇ ਜੱਲਾਦ ਨੂੰ ਭਾਈ ਜੀ ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ ਜਿਸ ਦਾ ਭਾਈ ਜੀ ਨੂੰ ਜ਼ਰਾ ਵੀ ਦੁੱਖ ਨਹੀਂ ਹੋਇਆ। ਉਨ੍ਹਾਂ ਨੇ ਆਪਣੀ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਅ ਕੇ ਮਿਸਾਲ ਕਾਇਮ ਕੀਤੀ।

ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:

ਜਿਮ ਜਿਮ ਸਿੰਘਨ ਤੁਰਕ ਸਤਾਵੇ।
ਤਿਮ ਤਿਮ ਮੁਖ ਸਿੰਘ ਲਾਲੀ ਆਵੇ।

ਇਤਹਾਸਕਾਰ ਲਿਖਦੇ ਹਨ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਤੋਂ ਬਾਅਦ ਵੀ ਉਹ 22 ਦਿਨ ਜਿੰਦਾਂ ਰਹੇ। ਜਦੋਂ ਭਾਈ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਜਕਰੀਆਂ ਖਾਨ ਦੇ ਢਿੱਡ ਪੀੜ੍ਹ ਹੋਈ ਤੇ ਉਸ ਦਾ ਪਿਸ਼ਾਬ ਬੰਦ ਹੋ ਗਿਆ। ਕਿਸੇ ਵੀ ਵੈਦ ਦੀ ਦਵਾਈ ਕਾਟ ਨਹੀਂ ਕਰ ਰਹੀ ਸੀ। ਜਕਰੀਆਂ ਖਾਨ ਤੜਫਣ ਲੱਗਾ ਤੇ ਸਿੱਖ ਪੰਥ ਨੂੰ ਆਪਣੀ ਕੀਤੀ ਭੁੱਲ ਬਖ਼ਸ਼ਾਉਣ ਲਈ ਸੁਨੇਹਾ ਭੇਜਿਆ ਪਰ ਪਰਵਾਨ ਨਾ ਹੋਇਆ। ਫਿਰ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਤਾ ਉਨ੍ਹਾਂ ਨੇ ਆਪਣਾ ਛਿੱਤਰ ਜਕਰੀਆਂ ਖਾਨ ਦੇ ਸਿਰ ‘ਤੇ ਮਾਰਨ ਲਈ ਭੇਜਿਆ। ਜਿਉਂ-ਜਿਉਂ ਛਿੱਤਰ ਜਕਰੀਆਂ ਖਾਨ ਨੂੰ ਵੱਜਦਾ ਸੀ ਉਸ ਦਾ ਪਿਸ਼ਾਬ ਬਾਹਰ ਨਿਕਲਦਾ ਸੀ। ਜਕਰੀਆਂ ਖਾਨ ਭਾਈ ਸਾਹਿਬ ਦੀਆਂ ਜੁੱਤੀਆਂ ਖਾਂਦਾ ਇਸ ਰੋਗ ਨਾਲ ਮਰ ਗਿਆ। ਭਾਈ ਤਾਰੂ ਸਿੰਘ 1745 ਨੂੰ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਅਰਦਾਸ ਵਿੱਚ ਹੀ ਰੋਜ਼ਾਨਾਂ ਉਨ੍ਹਾਂ ਦੀ ਇਸ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਸਿੱਖ ਧਰਮ ਵਿੱਚ ਸ਼ਹਾਦਤ ਦੀ ਨੀਂਹ ਰੱਖਣ ਵਾਲੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਗੁਰੂ ਸ਼ਹੀਦ ਪਰੰਪਰਾ ਦਾ ਅਗਾਜ ਆਪ ਜੀ ਦੀ ਸ਼ਹੀਦੀ ਤੋਂ ਹੁੰਦਾ ਹੈ। ਧਰਮ, ਕੌਮ ਅਤੇ ਮਨੁੱਖਤਾ ਦੇ ਭਲੇ ਲਈ ਆਪਣੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਗੈਰ ਮਰ ਮਿਟਣ ਵਾਲੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।

ਸਿੱਖ ਧਰਮ ਦੇ ਅੰਦਰ ਜਿਥੇ ਸਿੰਘਾਂ ਨੇ ਇੰਨੀਆਂ ਕੁਰਬਾਨੀਆ ਦਿੱਤੀਆਂ ਹਨ, ਉਥੇ ਅੱਜ ਦੀ ਨੌਜਵਾਨ ਪੀੜ੍ਹੀ, ਨਸ਼ਿਆਂ ਵਿੱਚ ਗੁੱਟ ਹੋ ਖੋਹਾਂ, ਲੁੱਟਾਂ ਕਰ ਰਹੀ ਹੈ। ਨੌਜਵਾਨ ਸਿੱਖੀ ਤੋਂ ਬੇਮੁੱਖ ਹੋ ਕੇਸ ਕਤਲ ਕਰਾ ਵਾਲਾਂ ਦੇ ਵੱਖ-ਵੱਖ ਤਰ੍ਹਾਂ ਦੇ ਡਿਜਾਇਨ ਬਣਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਜਗ੍ਹਾ ਹੁਣ ਦਾ ਮਨੁੱਖ, ਦੇਹਧਾਰੀ ਬਾਬਿਆਂ ਦੇ ਪੈਰ ਛੂਹ ਕੇ ਮੱਥਾ ਟੇਕ ਰਿਹਾ ਹੈ। ਲੋੜ ਹੈ ਨੋਜਵਾਨ ਪੀੜ੍ਹੀ ਨੂੰ ਸਿੱਖ ਇਤਹਾਸ ਤੋਂ ਜਾਣੂ ਕਰਾਉਣ ਦੀ। ਇਤਿਹਾਸ ਦੇ ਵਿੱਚ ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ।

Related posts

ਸ਼ਾਹਰੁਖ ਖਾਨ ਫਿਲਮ ‘ਕਿੰਗ’ ਦੇ ਸੈੱਟ ‘ਤੇ ਐਕਸ਼ਨ ਸੀਨ ਕਰਦਿਆਂ ਜ਼ਖਮੀ !

admin

ਵੋਟਰਾਂ ਦਾ ਸ਼ੁੱਧੀਕਰਨ ਅਤੇ ਨਾਗਰਿਕਤਾ !

admin

ਆਸਟ੍ਰੇਲੀਅਨ ਖਿਡਾਰੀਆਂ ਨੇ ਇਟਲੀ ਨੂੰ ‘ਟੀ-20 ਵਰਲਡ ਕੱਪ 2026’ ‘ਚ ਪਹੁੰਚਾਇਆ !

admin