Articles Religion

ਸਿੱਖ ਕੌਮ ਦੀ ਅਣਖ ਤੇ ਗੈਰਤ ਦਾ ਪ੍ਰਤੀਕ ਸੀ ‘ਗੁਰੂ ਕੇ ਬਾਗ਼ ਦਾ ਮੋਰਚਾ’

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਜੇਕਰ ਗੁਰਦੁਆਰਿਆਂ ਵਿੱਚ ਮਸੰਦ ਪੁਜਾਰੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਛੋਕੜ ਵੱਲ ਝਾਤ ਮਾਰਨੀ ਜਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ਤੇ ਡੋਗਰੇ ਹਾਵੀ ਹੋ ਗਏ ਤਾਂ ਉਹਨਾਂ ਦੀ ਸੋਚ ਸੀ ਹੌਲੀ ਹੌਲੀ ਮਹਾਰਾਜਾ ਦੇ ਪੁੱਤਰਾਂ ਨੂੰ ਖ਼ਤਮ ਕਰਕੇ ਆਪਣੇ ਪੁੱਤਰਾਂ ਨੂੰ ਤਖ਼ਤ ਤੇ ਬਿਠਾਇਆ ਜਾਵੇ। ਉਹਨਾਂ ਨੇ ਇਹ ਸੋਚ ਇੱਥੇ ਤੱਕ ਹੀ ਸੀਮਤ ਨਹੀ ਰੱਖੀ ਜੋ ਸਿੱਖ ਧਰਮ ਦੇ ਅਸਥਾਨ ਸਨ ਉਹਨਾਂ ਵਿਚ ਜੰਮੂ ਦੇ ਡੋਗਰੇ ਲਿਆ ਕੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਚਲਾਉਣ  ਲਈ ਗੁਰਦੁਵਾਰਿਆਂ ਵਿੱਚ ਬਿਠਾ ਦਿੱਤੇ। ਉਹ ਵਿਆਕਤੀ ਅੰਦਰੋਂ ਤਾਂ ਹਿੰਦੂ ਮੱਤ ਵਾਲੇ ਸਨ ਉਹਨਾਂ ਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਸੀ ਪਰ ਗੁਰਦੁਵਾਰਿਆਂ ਵਿਚ ਭੇਖਧਾਰੀ ਸਿੱਖ ਬਣ ਕੇ ਕਾਬਜ਼ ਹੋ ਗਏ ਇਹਨਾਂ ਵਿਆਕਤੀਆਂ ਨੂੰ ਹੀ ਪੁਜਾਰੀ ਜਾਂ ਮਸੰਦਾਂ ਦਾ ਨਾਮ ਦਿੱਤਾ ਗਿਆ ਇਹ ਗੁਰਦੁਆਰਿਆਂ ਦਾ ਪੂਜਾ ਧਾਨ ਖਾਣ ਲੱਗ ਪਏ ਇਹ ਗੁਰਦੁਆਰਿਆਂ ਦੀ ਮਾਣ ਮਰਿਯਾਦਾ ਦਾ ਖਿਆਲ ਨਾ ਰੱਖਦੇ। ਜਦ ਅੰਗਰੇਜ਼ੀ ਰਾਜ ਸ਼ੁਰੂ ਹੋਇਆ ਤਾਂ ਅੰਗਰੇਜ਼ਾ  ਨੇ ਸਿੱਖਾਂ ਦੇ ਉਲਟ ਮਹੰਤਾਂ ਦੀ ਪਿੱਠ ਠੋਕਣੀ ਸ਼ੁਰੂ ਕਰ ਦਿੱਤੀ। ਸਿੱਖ ਕੌਮ ਕਿੰਨਾ ਕੁ ਚਿਰ ਸਹਿਣ ਕਰ ਸਕਦੀ ਸੀ ਗੁਰਦੁਵਾਰਿਆਂ ਦੀ ਬੇਅਦਬੀ ਰੋਕਣ ਖ਼ਾਤਰ ਸਿੱਖ ਮਰ ਮਿਟਣ ਲਈ ਤਿਆਰ ਬਰ ਤਿਆਰ ਹੋ ਗਏ।
ਸਿੱਖ ਕੌਮ ਨੇ ਮਹੰਤਾਂ ਤੋਂ ਗੁਰਦੁਵਾਰੇ ਆਜ਼ਾਦ ਕਰਵਾਉਣ ਲਈ ਗੁਰਦੁਵਾਰਾ ਸੁਧਾਰ ਲਹਿਰ ਚਲਾਈ। ਸਿੱਖਾਂ ਦਾ ਰੌਅ ਵੇਖ ਕੇ ਸਿਖਾਂ ਅੱਗੇ ਧਰਮ ਦੇ ਮਸਲੇ ਵਿਚ ਸਰਕਾਰ ਵੀ ਢਿੱਲੀ ਪੈਣੀ ਸ਼ੁਰੂ ਹੋ ਗਈ। ਸਰਕਾਰ ਨੇ ਸਿੱਖਾਂ ਵਲੋਂ ਗੁਰਦਵਾਰਿਆ ਦਾ ਪ੍ਰਬੰਧ ਚਲਾਉਣ ਖ਼ਾਤਰ 1920 ਵਿੱਚ ਸ਼ੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਪਰ ਸਿੱਖਾਂ ਵਲੋਂ  ਗੁਰਦੁਵਾਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਦਾ ਕੰਮ ਜਿਉਂ ਦਾ ਤਿਉਂ ਹੀ ਖੜਾ ਸੀ। ਧਾਰਮਿਕ ਅਸਥਾਨਾਂ ਦੇ ਕਬਜ਼ੇ ਲੈਣ ਖ਼ਾਤਰ ਸਿੱਖਾਂ ਨੂੰ ਬੇਸ਼ਮਾਰ ਸ਼ਹੀਦੀਆਂ ਦੇਣੀਆਂ ਪਈਆਂ ਜੇਲਾਂ ਕੱਟਣੀਆਂ ਪਈਆਂ।
ਸਿੱਖਾਂ ਨੂੰ ਗੁਰੂ ਕੇ ਬਾਗ਼ ਦੇ ਗੁਰਦੁਵਾਰੇ ਦੀ ਗੁਰੂ ਮਰਿਯਾਦਾ ਕਾਇਮ ਰੱਖਣ ਖ਼ਾਤਰ ਮੋਰਚਾ ਲਾਉਣਾ ਪਿਆ। ਇਹ ਮੋਰਚਾ ਵੀ ਗੁਰਦੁਵਾਰਾ ਸੁਧਾਰ ਲਹਿਰ ਦਾ ਹੀ ਹਿੱਸਾ ਸੀ। ਸਿੱਖਾਂ ਨੇ ਪਹਿਲਾਂ ਤਰਨ ਤਾਰਨ, ਨਨਕਾਣਾ ਸਾਹਿਬ ਦਾ ਮੋਰਚਾ, ਚਾਬੀਆਂ ਦਾ ਮੋਰਚਾ ਫ਼ਤਿਹ ਕਰ ਲਏ ਸਨ। ਹੁਣ ਗੁਰੂ ਕੇ ਬਾਗ਼ ‘ਤੇ ਜਿੱਤ ਹਾਸਲ ਕਰਨਾਂ ਚਹੁੰਦੇ ਸਨ।
ਸ੍ਰੀ ਅੰਮਿ੍ਤਸਰ ਸਾਹਿਬ ਤੋਂ ਵੀਹ ਕਿਲੋਮੀਟਰ ਦੀ ਦੂਰੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੇ ਬਾਗ਼ ਘੁੱਕੇਵਾਲੀ ਵਿਖੇ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਕੋਲ ਕਾਫੀ ਜ਼ਮੀਨ  ਹੈ ਜੋ ‘ਗੁਰੂ ਕੇ ਬਾਗ਼’ ਅਖਵਾਉਂਦੀ ਹੈ ਇਸ ਜਗ੍ਹਾ ਤੇ ਕਿੱਕਰਾਂ ਆਦਿ ਬਹੁਤ ਦਰੱਖਤ ਖੜੇ ਸਨ।
ਗੁਰੂ ਕੇ ਬਾਗ਼ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ ਜਿਸ ਨੇ ਉੱਥੇ ਬਿਨਾਂ ਵਿਆਹ ਤੋਂ ਇੱਕ ਔਰਤ ਰੱਖੀ ਹੋਈ ਸੀ ਅਤੇ ਗੁਰਦੁਵਾਰਾ ਸਾਹਿਬ ਦੀ ਮਰਿਯਾਦਾ ਨੂੰ ਵੀ ਸਹੀ ਢੰਗ ਨਾਲ ਨਹੀ ਨਿਭਾ ਰਿਹਾ ਸੀ। ਇਹ ਸਭ ਕੁਝ ਇਲਾਕੇ ਦੀਆਂ ਸੰਗਤਾਂ ਨੂੰ ਮਨਜ਼ੂਰ ਨਹੀ ਸੀ। ਇਹ ਗੱਲ ਉਹਨਾਂ ਸ਼੍ਰੋਮਣੀ ਕਮੇਟੀ ਕੋਲ ਕੀਤੀ। ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਦੀ ਡਿਊਟੀ ਦਾਨ ਸਿੰਘ ਵਿਛੋਆ ਦੀ ਲਾ ਦਿੱਤੀ। ਦਾਨ ਸਿੰਘ ਵਿਛੋਆ ਦੇ ਕਹਿਣ ‘ਤੇ ਮਹੰਤ ਸੁੰਦਰ ਦਾਸ ਨੇ ਈਸਰੀ ਨਾਮ ਦੀ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅੰਮ੍ਰਿਤ ਛੱਕ ਕੇ ਗੁਰਦੁਵਾਰਾ ਸਾਹਿਬ ਦੀ ਮਰਿਯਾਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ ।
21 ਫ਼ਰਵਰੀ 1921 ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ ਮਹੰਤ ਸੁੰਦਰ ਦਾਸ ਨੂੰ ਵੀ ਅਪਣਾ ਫਿਕਰ ਪੈ ਗਿਆ ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ ਮਹੰਤ ਸੁੰਦਰ ਦਾਸ ਨੂੰ ਕਮੇਟੀ ਨੇ 120  ਰੁਪਏ ਮਹੀਨਾਂ ਦੇਣਾ ਮੰਨ ਲਿਆ ਅਤੇ ਅੰਮ੍ਰਿਤਸਰ ਵਿੱਚ ਰਹਿਣ ਵਾਸਤੇ ਇਕ ਮਕਾਨ ਮੁੱਲ ਲੈ ਕੇ ਦੇ ਦਿੱਤਾ। ਗੁਰਦੁਵਾਰੇ ਦਾ ਪ੍ਰਬੰਧ ਕਮੇਟੀ ਨੇ ਆਪਣੇ  ਕਬਜ਼ੇ ਵਿੱਚ ਲੈ ਲਿਆ ਪਰ ਅੰਗਰੇਜ਼ ਸਰਕਾਰ ਦੀ ਸ਼ਹਿ ਤੇ ਮਹੰਤ ਨੇ ਫਿਰ ਗੁਰਦੁਆਰੇ ਦਾ ਪ੍ਰਬੰਧ ਆਪਣੇ ਕਬਜ਼ੇ ਵਿੱਚ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਸਨ।
8 ਅਗਸਤ 1922 ਨੂੰ 5 ਸਿੰਘਾਂ ਦਾ ਜੱਥਾ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਗੁਰੂ ਕੇ ਬਾਗ਼ ਚੱਲਿਆ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲੀਸ ਨੂੰ ਕਰ ਦਿੱਤੀ ਉਹਨਾਂ 9 ਅਗਸਤ ਨੂੰ ਪੰਜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। 10 ਤਰੀਖ ਨੂੰ ਸਿੰਘਾਂ ਨੂੰ ਛੇ-ਛੇ ਮਹੀਨੇ ਦੀ ਸਜਾ ਅਤੇ ਜੁਰਮਾਨਾ ਸੁਣਾ ਦਿੱਤਾ।
ਮਿਸਟਰ ਡੰਟ  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਰਕਾਰੀ ਹਦਾਇ ਤਾਂ ਅਨੁਸਾਰ 22 ਅਗਸਤ ਤੋਂ ਸਿੱਖਾਂ ਦੀਆਂ ਗਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ 25 ਅਗਸਤ ਤੋਂ ਸਿੱਖਾਂ ਤੇ ਘੋਰ ਤਸ਼ੱਦਦ ਡਾਂਗਾਂ ਨਾਲ ਮਾਰ ਕੁੱਟ ਦਾ ਕੰਮ ਸ਼ੁਰੂ ਕਰ ਦਿੱਤਾ। 26 ਅਗਸਤ 1922 ਨੂੰ ਅਕਾਲ  ਤਖ਼ਤ ਸਾਹਿਬ ‘ਤੇ ਮੀਟਿੰਗ ਕਰ ਰਹੇ ਅੰਤਰਿੰਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ ਜ. ਸਕੱਤਰ, ਸ. ਮਹਿਤਾਬ ਸਿੰਘ ਪ੍ਧਾਨ, ਪੋ੍. ਸਾਹਿਬ ਸਿੰਘ ਮੀਤ ਸਕੱਤਰ, ਸ੍ਰ. ਸਰਮੁੱਖ ਸਿੰਘ ਝਬਾਲ ਪ੍ਧਾਨ ਅਕਾਲੀ ਦਲ, ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਅਤੇ ਸ੍ਰ. ਰਵੇਲ ਸਿੰਘ ਹੋਰਾ ਨੂੰ ਡੀ.ਸੀ ਅੰਮ੍ਰਿਤਸਰ ਨੇ ਵਰੰਟ ਜਾਰੀ ਕਰਕੇ ਸਾਰੇ ਗ੍ਰਿਫ਼ਤਾਰ ਕਰ ਲਏ। ਸਰਕਾਰ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਦੇਖ ਚੁੱਕੀ ਸੀ ਹੁਣ ਉਹ ਸਿੱਖਾਂ ਦੀ ਲਹਿਰ ਨੂੰ ਸਖਤੀ ਨਾਲ ਦਬਾ ਦੇਣਾ ਚਹੁੰਦੀ ਸੀ ਪਰ ਸਰਕਾਰ ਦੀ ਸਖਤੀ ਦਾ ਸਿੱਖਾਂ ‘ਤੇ ਕੋਈ ਅਸਰ ਨਾ ਪਿਆ।
30 ਅਗਸਤ ਨੂੰ 60 ਕੁ ਸਿੰਘਾਂ ਦਾ ਜੱਥਾ ਗੁਰੂ ਕੇ ਬਾਗ਼ ਨੂੰ ਰਵਾਨਾ ਹੋਇਆ ਜੱਥੇ ਨੂੰ ਰਾਤ ਪੈਣ ਕਰਕੇ ਰਸਤੇ ਵਿੱਚ ਹੀ ਰਾਤ ਕੱਟਣੀ ਪੈ ਗਈ। ਪੁਲੀਸ ਨੇ ਸੁੱਤੇ ਪਏ ਜੱਥੇ ਉਤੇ ਡਾਂਗਾਂ ਨਾਲ ਮਾਰ ਕੁੱਟ ਸ਼ੁਰੂ ਕਰ ਦਿੱਤੀ। 31 ਅਗਸਤ ਤੋਂ ਹਰ ਰੋਜ਼ ਸੌ ਮੈਂਬਰਾਂ ਦਾ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਤੁਰਦਾ ਜੱਥੇ ਨੂੰ ਤੁਰਨ ਵੇਲੇ ਇ ਹ ਸਿੱਖਿਆ ਦਿੱਤੀ ਜਾਂਦੀ ਉਹ ਅੰਗਰੇਜ਼ ਸਰਕਾਰ ਵਲੋਂ ਕੀਤੇ ਤਸ਼ੱਦਦ ਸਮੇ ਪੂਰਨ ਸਾਂਤਮਈ ਰਹਿਣਗੇ। ਜੱਥੇ ਵਿੱਚ ਸ਼ਾਮਲ ਸਿੰਘਾਂ ਨੂੰ  ਰਸਤੇ ਵਿੱਚ ਹੀ ਪੁਲੀਸ ਵਲੋਂ ਡਾਂਗਾ ਨਾਲ ਮਾਰ ਕਟਾਈ ਕੀਤੀ ਜਾਂਦੀ। ਮਿ. ਬੀ. ਟੀ ਡਿਪਟੀ ਸੁਪਰੀਟਡੈਂਟ ਪੁਲੀਸ ਜੱਥੇ ਦੇ ਸਿੱਖਾਂ ਦੀ ਕੋਲ ਖੜ੍ਹ ਕੇ ਕਟਾਈ ਕਰਵਾਉਂਦਾ ਸਿੱਖਾਂ ਨੂੰ ਕੇਸਾਂ ਤੋਂ ਫੜ੍ਹ ਫੜ੍ਹ ਕੇ ਧੂਹ ਘੜੀਸ ਕੀਤੀ ਜਾਂਦੀ ਅਖੀਰ ਸਿੱਖ ਬੇਹੋਸ਼ ਹੋ ਕੇ ਡਿੱਗ ਪੈਂਦੇ। ਡਿੱਗੇ ਪਏ ਸਿੱਖਾਂ ਤੇ ਬੂਟਾਂ ਦੇ ਠੁਡੇ ਮਾਰੇ ਜਾਂਦੇ ਜੇਕਰ ਕੋਈ ਸਿੱਖ ਦੁਬਾਰਾ ਉੱਠਣ ਦਾ ਯਤਨ ਕਰਦਾ ਉਸ ਨੂੰ ਦੁਬਾਰਾ ਪੁਲੀਸ ਡਾਂਗਾ ਮਾਰ ਮਾਰ ਥੱਲੇ ਸੁੱਟ ਕੇ ਬੇਹੋਸ਼ ਕਰ ਦਿੰਦੇ।
ਇੰਡੀਅਨ ਨੈਸ਼ਨਲ ਕਾਂਗਰਸ ਨੇ ਇੱਕ ਪੜਤਾਲ ਕਰਨ ਵਾਸਤੇ ਕਮੇਟੀ ਨਿਯੁਕਤ ਕੀਤੀ ਜਿਸ ਨੇ ਅਕਾਲੀਆਂ ਦੀ ਸਾਂਤਮਈ ਢੰਗ ਨਾਲ ਸਰਕਾਰ ਦਾ ਵਹਿਸ਼ੀਆਨਾ ਜ਼ੁਲਮ ਸਹਿਣ ਕਰਨ ਦੀ ਸ਼ਲਾਘਾ ਕੀਤੀ ਅਤੇ ਪੁਲੀਸ ਨੂੰ ਦੋਸ਼ੀ ਠਹਿਰਾਇਆ।                              ਸਿੱਖਾਂ ਨਾਲ ਹਮਦਰਦੀ ਦੇ ਤੌਰ ਤੇ ਵੱਖ ਵੱਖ ਧਰਮਾਂ ਦੇ ਲੋਕ ਵੱਡੀ ਸੰਖਿਆ ਵਿੱਚ ਗੁਰੂ ਕੇ ਬਾਗ਼ ਪਹੁੰਚਣ ਲੱਗੇ। ਪੰਡਤ ਮਦਨ ਮੋਹਨ ਮਾਲਵਈਆ, ਪੋ੍. ਰੁਚੀ ਰਾਮ ਸਾਹਨੀ, ਸ੍ਰੀ ਮਤੀ ਸਰੋਜਨੀ ਨਾਇਡੂ, ਹਕੀਮ ਅਦਮਲ ਖਾਂ ਆਦਿ।ਜਦੋਂ ਅੰਗਰੇਜ਼ੀ ਪਾਦਰੀ ਸੀ.ਐਫ. ਐਂਡਰੀਊਜ ਨੇ  ਜਾ ਕੇ  ਵਰ੍ਹ ਰਹੀਆ ਡਾਂਗਾਂ ਨਾਲ ਤਸੀਹੇ ਝਲਦੇ ਸਿੱਖਾਂ ਨੂੰ ਦੇਖਿਆ ਤਾਂ ਰੋ ਉਠਿਆ ! ਕਹਿੰਦਾ ਮੈਂ ਇਕ ਮਸੀਹਾ ਸੂਲੀ ਚੜਦਾ ਸੁਣਿਆ ਸੀ ਪਰ ਆਹ ਅੱਖਾਂ ਸਾਹਮਣੇ ਸੈਕੜੇ ਮਸੀਹੇ ਸੂਲੀ ਚੜਦੇ ਵੇਖ ਨਹੀ ਹੁੰਦੇ। ਉਸ ਨੇ ਲੈਫਟੀਨੈਂਟ ਗਵਰਨਰ ਨੂੰ ਪੁਲੀਸ ਦੀ ਵਹਿਸ਼ੀਆਨਾਂ ਕਾਰਵਾਈ ਤੋਂ ਜਾਣੂ ਕਰਵਾਇਆ ਤੇ ਉਸ  ਨੂੰ ਆਪ ਜਾ ਕੇ ਮੌਕਾ ਵੇਖਣ ਦੀ ਪੇ੍ਰਨਾਂ ਕੀਤੀ। ਸਰ ਐਡਵਰਡ ਮੈਕਲਾਗਨ 13  ਸਤੰਬਰ ਨੂੰ ਗੁਰੂ ਕੇ ਬਾਗ਼ ਪਹੁੰਚਿਆ ਤੇ ਡਾਂਗਾ ਨਾਲ ਹੁੰਦੀ ਮਾਰ ਕੁੱਟ ਬੰਦ ਕਾਰਵਾਈ। ਪਰ ਗ੍ਰਿਫ਼ਤਾਰੀਆਂ ਉਸ ਤਰਾਂ ਹੀ ਚੱਲ ਰਹੀਆ ਸਨ।
ਸਰਕਾਰ ਨੇ ਸਰ ਗੰਗਾ ਰਾਮ ਨੂੰ ਵਿਚੋਲਾ ਬਣਾ ਕੇ ਗੁਰੂ ਕੇ ਬਾਗ਼ ਦੀ ਜਮੀਨ ਮਹੰਤ ਪਾਸੋ ਲੈ ਕੇ ਉਸ  ਨੂੰ ਪਟੇ ‘ਤੇ ਦੇ ਦਿੱਤੀ। ਸਰ ਗੰਗਾ ਰਾਮ ਨੇ ਪੁਲੀਸ ਨੂੰ ਇਹ ਕਹਿ ਕੇ ਭੇਜ ਦਿੱਤਾ ਜਾਓੁ ਮੈਨੂੰ ਤੁਹਾਡੀ ਲੋੜ ਨਹੀ ਸਰਕਾਰ ਨੇ ਇਹ ਢੰਗ ਵਰਤਕੇ ਆਪਣੀ ਹਾਰ ਵਾਲੀ ਕਮਜ਼ੋਰੀ ਵਿੱਚ ਹੀ ਛੁਪਾ ਲਈ। ਸਰਕਾਰ ਨੇ ਪੁਲੀਸ ਉਂਥੋ ਹਟਾ ਲਈ। ਸ਼੍ਰੋਮਣੀ ਕਮੇਟੀ ਨੂੰ ਗੁਰੂ ਕੇ ਬਾਗ਼ ਦੀ ਸਾਰੀ ਜਾਇਦਾਦ ਦਾ ਕਬਜ਼ਾ ਦੇ ਕੇ ਮਾਲਕ ਬਣਾ ਦਿੱਤਾ ਗਿਆ। ਇਸ ਦੇ ਨਾਲ ਹੀ 17 ਨਵੰਬਰ 1922 ਨੂੰ ਗ੍ਰਿਫ਼ਤਾਰੀਆਂ ਬੰਦ ਹੋ ਗਈਆਂ। 14 ਮਾਰਚ 1923 ਨੂੰ  ਸਿੱਖ ਆਗੂ ਰਿਹਾ ਕਰ ਦਿੱਤੇ ਗਏ। ਅਪ੍ਰੈਲ ਮਈ 1923 ਵਿੱਚ ਮੋਰਚੇ ਦੇ ਸਾਰੇ ਕੈਦੀ ਰਿਹਾ ਕਰ ਦਿੱਤੇ। ਇਸ ਤਰਾਂ ਸਿੱਖਾਂ ਨੇ ਮੋਰਚਾ ਫ਼ਤਿਹ ਕੀਤਾ। ਇਸ ਜਿੱਤ ਨਾਲ ਹੀ ਆਜ਼ਾਦੀ ਦਾ ਰਾਹ ਹੋਰ ਪੱਧਰਾ ਹੋ ਗਿਆ। ਇਸ ਮੋਰਚੇ ਵਿੱਚ ਲਗਭਗ 839 ਸਿੱਖ ਜ਼ਖਮੀ ਹੋਏ 5605 ਸਿੱਖ ਗ੍ਰਿਫ਼ਤਾਰ ਹੋਏ।

Related posts

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin