Articles Religion

ਸਿੱਖ ਕੌਮ ਦੇ ਵਿਦਵਾਨ ਅਤੇ ਬੰਦ-ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ !

ਸਿੱਖ ਕੌਮ ਦੇ ਵਿਦਵਾਨ ਅਤੇ ਬੰਦ-ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

ਭਾਈ ਮਨੀ ਸਿੰਘ (7 ਅਪ੍ਰੈਲ, 1644 – 14 ਜੂਨ, 1738) ਅਠਾਰ੍ਹਵੀਂ ਸਦੀ ਦੇ ਸਿੱਖ ਵਿਦਵਾਨ ਅਤੇ ਇੱਕ ਮਹਾਨ ਸਿੱਖ ਸ਼ਹੀਦ ਹਨ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਸਨ। ਜਦੋਂ ਗੁਰੁ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਭਾਈ ਮਨੀ ਸਿੰਘ ਨੇ ਸਿੱਖ ਧਰਮ ਅਪਣਾਇਆ ਸੀ। ਉਸ ਤੋਂ ਮਗਰੋਂ ਤੁਰੰਤ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਚਾਰਜ ਸੰਭਾਲਣ ਲਈ ਅੰਮ੍ਰਿਤਸਰ ਭੇਜਿਆ, ਜੋ ਕਿ 1696 ਤੋਂ ਬਿਨ੍ਹਾਂ ਕਿਸੇ ਨਿਗਰਾਨ ਦੇ ਸੀ। ਉਨ੍ਹਾਂ ਨੇ ਸਿੱਖ ਇਤਹਾਸ ਦੇ ਇੱਕ ਨਾਜ਼ਕ ਪੜਾਅ ‘ਤੇ ਸਿੱਖ ਧਰਮ ਨੂੰ ਸੰਭਾਲ਼ਿਆਂ ਅਤੇ ਅਗਵਾਈ ਕੀਤੀ। ਆਪ ਦਾ ਜਨਮ ਪਿਤਾ ਰਾਓ ਮਾਂਏ ਦਾਸ ਦੇ ਘਰ ਤੇ ਮਾਤਾ ਮਾਦਰੀ ਬਾਈ ਦੀ ਕੁੱਖ ਵਿੱਚੋਂ ਅਲੀਪੁਰ ਰਾਜ ਮੁਲਤਾਨ ਪੰਜਾਬ ਵਿਖੇ 7 ਅਪ੍ਰੈਲ 1644 ਨੂੰ ਹੋਇਆ।

ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਲਿਪੀਅੰਤਰ ਕੀਤਾ, ਗਿਆਨ ਰਤਨਾਵਲੀ ਅਤੇ ਭਗਤ ਰਤਨਾਵਲੀ ਲਿਖ ਕੇ ਇਤਿਹਾਸਕ ਕੰਮ ਕੀਤਾ। ਅਕਾਲ ਤਖਤ ਦੇ ਤੀਜੇ ਗ੍ਰੰਥੀ ਹੋਣ ਦੇ ਨਾਤੇ ਉਨ੍ਹਾਂ ਦਾ ਬੰਦ-ਬੰਦ ਕੱਟਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਹ ਰੋਜਾਨਾਂ ਸਿੱਖ ਅਰਦਾਸ ਦਾ ਹਿੱਸਾ ਬਣ ਗਏ। ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਸੰਦਰਭ ਪੰਜਾਬ ਵਿੱਚ ਹਰ ਫਿਰਕੇ ਨੂੰ ਧਾਰਮਿਕ ਸੁਤੰਰਤਾ ਦਾ ਹੱਕ ਲੈਕੇ ਦੇਣ ਦੇ ਲਈ ਲੜੇ ਗਏ ਯੁੱਧ ਵਜੋਂ ਵਿਦਮਾਨ ਹੈ। ਇਸ ਪਰਸੰਗ ਅਧੀਨ ਭਾਈ ਮਨੀ ਸਿੰਘ ਨੇ ਸਮੇਂ ਦੇ ਹਾਕਮਾਂ ਵਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਮੰਦਰ ਸਾਹਿਬ ਵਿੱਚ ਪੁਰਬ ਮਨਾਉਣ ਉੱਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਵਾਉਣ ਦਾ ਯਤਨ ਕੀਤਾ ਸੀ। ਸਿੱਖ ਪੰਥ ਨੇ ਭਾਈ ਮਨੀ ਸਿੰਘ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ। ਭਾਈ ਮਨੀ ਸਿੰਘ ਨੇ ਦਰਬਾਰ ਸਾਹਿਬ ਵਿਖੇ ਦੀਵਾਲੀ ਮਨਾਉਣ ਲਈ ਗਵਰਨਰ ਨੂੰ ਚਿੱਠੀ ਲਿਖੀ। ਹਰਿਮੰਦਰ ਸਾਹਿਬ ਵਿਖੇ ਭਾਈ ਮਨੀ ਸਿੰਘ ਨੂੰ ਦੀਵਾਲੀ ਸਮਾਗਮ ਦੀ ਆਗਿਆ ਦੇਣ ਲਈ 5000 ਰੁਪਏ ਸਰਕਾਰ ਨੂੰ ਜਜੀਆ ਦੇਣ ਦੀ ਸ਼ਰਤ ਰੱਖੀ ਗਈ। ਆਗਿਆ ਮਿਲਣ ‘ਤੇ ਭਾਈ ਮਨੀ ਸਿੰਘ ਨੇ ਸਿੱਖ ਸੰਗਤ ਨੂੰ ਮੇਲੇ ਵਿੱਚ ਵੱਡੀ ਗਿਣਤੀ ‘ਚ ਸ਼ਾਮਲ ਹੋਣ ਲਈ ਸੰਦੇਸ਼ ਭੇਜੇ। ਸਰਕਾਰ ਨੇ ਲਖਪਤ ਰਾਇ ਦੀ ਅਗਵਾਈ ਵਿੱਚ ਲਾਅ-ਐਂਡ ਆਰਡਰ ਦਾ ਹਵਾਲਾ ਦੇਕੇ ਫੌਜ ਦਾ ਨਾਕਾ ਲਗਾ ਦਿੱਤਾ। ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜਜ਼ੀਆ ਦੀ ਮੰਗ ਅਤੇ ਇਸਲਾਮ ਧਰਮ ਕਬੂਲਣ ਲਈ ਕਿਹਾ ਗਿਆ। ਭਾਈ ਸਾਹਿਬ ਨੇ ਕਿਹਾ ਜਦੋਂ ਦੀਵਾਲੀ ਸਮਾਗਮ ਹੀ ਨਹੀ ਹੋਣ ਦਿੱਤਾ ਤਾਂ ਜਜੀਆ ਕਿਸ ਲਈ ਦਿੱਤਾ ਜਾਵੇ। ਇਨਕਾਰੀ ਹੋਣ ‘ਤੇ ਗਵਰਨਰ ਦੇ ਹੁਕਮ ਨਾਲ ਭਾਈ ਸਾਹਿਬ ਨੂੰ ਲਹੌਰ ਦੇ ਨਿਖਾਸ ਚੌਕ ‘ਚ ਬੰਦ-ਬੰਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਪਰ ਭਾਈ ਮਨੀ ਸਿੰਘ ਸਿੱਖੀ ਸਿਦਕ ਤੋਂ ਨਹੀਂ ਡੋਲੇ ਅਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਇਆ। ਇਸ ਤਰਾਂ ਆਪ 14 ਜੂਨ, 1738 ਨੂੰ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਸਿੱਖ ਅਰਦਾਸ ਵਿੱਚ ਹੀ ਰੋਜਾਨਾਂ ਉਨ੍ਹਾਂ ਦੀ ਇਸ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।

ਮੁਗਲ ਰਾਜ ਦੇ ਦੌਰਾਨ ਜ਼ੁਲਮਾਂ ਦੇ ਖਿਲਾਫ਼ ਜਿੱਥੇ ਸਿੰਘਾਂ ਨੇ ਬਹੁਤ ਕੁਰਬਾਨੀਆ ਦਿੱਤੀਆਂ, ਉਥੇ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗੁੱਟ ਹੋ ਕੇ ਗੈਂਗਸਟਰ ਬਣ ਖੋਹਾਂ-ਲੁੱਟਾਂ ਕਰ ਰਹੀ ਹੈ। ਨੇਤਾ ਲੋਕਾਂ ਦੇ ਸਪੰਰਕ ਤੇ ਬਹਿਕਾਵੇ ਵਿੱਚ ਆ ਬੇਰੁਜ਼ਗਾਰੀ ਦੇ ਆਲਮ ਵਿੱਚ ਹੁਣ ਦੀਆਂ ਸਰਕਾਰਾ ਤੋ ਸਤਾਏ ਗੈਗਸਟਰ ਬਣ ਗਈ ਹੈ। ਸਿੱਖੀ ਤੋਂ ਬੇਮੁੱਖ ਹੋ ਕੇਸ ਕਤਲ ਕਰਾ ਕੇ ਵਾਲਾਂ ਦੇ ਵੱਖ-ਵੱਖ ਡੀਜ਼ਾਇਨ ਬਣਵਾ ਕੇ ਦੇਹਧਾਰੀ ਬਾਬਿਆਂ ਨੂੰ ਮੱਥੇ ਟੇਕ ਰਹੀ ਹੈ। ਲੋੜ ਹੈ ਨੋਜਵਾਨ ਪੀੜ੍ਹੀ ਨੂੰ ਸਕੂਲ ਲੈਵਲ ‘ਤੇ ਸਿੱਖ ਇਤਿਹਾਸ ਵਾਰੇ ਪੜ੍ਹਾਇਆ ਜਾਵੇ। ਸਕੂਲੀ ਬਾਲ ਸਭਾ ਲਗਾ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਗੀਤ ਤੇ ਕਵਿਤਾਵਾਂ ਪੜ੍ਹਾਈਆ ਜਾਣ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ।

Related posts

ਹੁਣ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਕਰਵਾਉਣਗੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ !

admin

5ਵੀਂ ਵਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਂ ਧਮਕੀ !

admin

ਕੈਟਰੀਨਾ ਕੈਫ਼ ਬਾਲੀਵੁੱਡ ਹੀਰੋਇਨ ਹੀ ਨਹੀਂ, ਇੱਕ ਸਫਲ ਕਾਰੋਬਾਰੀ ਔਰਤ ਵੀ ਹੈ !

admin