
ਭਾਰਤੀ ਹਾਕੀ ਇਤਹਾਸ ਦੇ ਸੁਨਿਹਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਹਨਾਂ ਵਿਚੋਂ ਕੁਝ ਖਾਸ ਪੰਨੇ ਮੋੜਣ ਨੂੰ ਜੀਅ ਕਰਦਾ ਹੈ। ਇਹ ਉਹ ਨੇ ਜਿੰਨਾ ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ ਵਿੱਚ ਆਪਣੀ ਜਿੰਦ ਜਾਨ ਲੁਟਾਉਣ ਵਾਲੇ ਸਿੱਖ ਹਾਕੀ ਖਿਡਾਰੀਆਂ ਦਾ ਗੌਰਵਮਈ ਜ਼ਿਕਰ ਹੈ, ਸਮੁੱਚੀ ਸਿੱਖ ਕੌਮ ਦੇ ਹੀਰੋਆਂ ਦੀ ਗਾਥਾ ਹੈ। ਇੱਕ ਅਜਿਹੀ ਬੇਮਿਸਾਲ ਕਹਾਣੀ ਹੈ ਸਿੱਖ ਕੌਮ ਦੀ ਜੋ ਅਸੀਂ ਸਮਝਦੇ ਹਾਂ ਕਿ ਭਵਿੱਖ ਵਿੱਚ ਵੀ ਸਿੱਖ ਬੱਚਿਆਂ ਲਈ ਪ੍ਰੇਰਨਾ ਅਤੇ ਇੱਕ ਉਤਸ਼ਾਹ ਬਣੀ ਰਹਿਣੀ ਚਾਹੀਦੀ ਹੈ। ਜਦੋਂ ਹਾਕੀ ਖੇਡ ਅਧਿਐਨੀਆਂ ਵੱਲੋਂ ਵੱਖਰੇ ਵੱਖਰੇ ਦੇਸ਼ਾਂ ਜਿਵੇਂ ਕਿ ਆਸਟ੍ਰੇਲੀਆ, ਜਰਮਨੀ, ਹਾਲੈਂਡ, ਸਪੇਨ, ਬੈਲਜੀਅਮ, ਕੀਨੀਆ, ਮਲੇਸ਼ੀਆ ਆਦਿ ਦੇਸ਼ਾਂ ਦੇ ਸਾਬਕਾ ਹਾਕੀ ਉਲੰਪੀਅਨਾਂ ਦੇ ਭਾਰਤੀ ਹਾਕੀ ਬਾਰੇ ਵਿਚਾਰ ਜਾਣੇ ਤਾਂ ਉਹਨਾਂ ਅਨੁਸਾਰ ਜੂੜੇ ਤੇ ਚਿੱਟੇ ਰੁਮਾਲ ਵਾਲੇ ਸਿੱਖ ਖਿਡਾਰੀਆਂ ਦੀ ਦਹਿਸ਼ਤ ਪੂਰੇ ਵਿਸ਼ਵ ਹਾਕੀ ਜਗਤ ਵਿੱਚ ਬਹੁਤ ਸੀ। ਵਿਸ਼ਵ ਭਰ ਦੇ ਹਾਕੀ ਪ੍ਰੇਮੀ ਸਿੱਖ ਹਾਕੀ ਖਿਡਾਰੀਆਂ ਦੀ ਖੇਡ ਨਾਲ ਡਾਹਢੇ ਅਨੰਦਿਤ ਅਤੇ ਰੁਮਾਂਚਿਤ ਹੋਇਆ ਕਰਦੇ ਸਨ। ਉਸ ਆਲਮ ਵਿੱਚ ਹਾਕੀ ਦੀ ਬਦੌਲਤ ਵੀ ਪੂਰੇ ਵਿਸ਼ਵ ਵਿੱਚ ਸਿੱਖ ਕੌਮ ਦਾ ਮਾਣ ਸਤਿਕਾਰ, ਸਿੱਖ ਜਗਤ ਲਈ ਨਿਹਾਇਤ ਫ਼ਖਰ ਤੇ ਸਨਮਾਨ ਵਾਲੀ ਗੱਲ ਸੀ।