Articles

ਸਿੱਧੂਆਂ ਦਾ ਘਮਸਾਨ ਪੰਜਾਬ ਦਾ ਹੋ ਰਿਹਾ ਨੁਕਸਾਨ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬ ਵਿੱਚ ਇਸ ਸਮੇਂ “ਸਿੱਧੂਆਂ” ਵਿਚਕਾਰ ਘਮਾਸਾਨ ਚੰਲ ਰਿਹਾ ਹੈ । ਪੰਜਾਬ ਕਾਂਗਰਸ ਵਿਚਲੇ ਦੋ ਸਿੱਧੂ (ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ) ਪੰਜਾਬ ਦੇ ਸਾਰੇ ਮਸਲੇ ਭੁੱਲਕੇ ਪਿਛਲੇ ਛੇ ਕੁ ਮਹੀਨਿਆਂ ਤੋਂ ਕੁਰਸੀ ਦੀ ਖੋਹਾ ਖਿੱਚੀ ਵਿੱਚ ਉਲਝੇ ਹੋਏ। ਹਨ । ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਗ੍ਰਹਿ-ਮੰਤਰੀ ਦੀਆ ਦੋ ਕੁਰਸੀਆਂ ਸਮੇਤ ਸਰਕਾਰ ਦੇ ਕਈ ਹੋਰ ਵਿਭਾਗਾਂ ‘ਤੇ ਕਬਜ਼ਾ ਜਮਾਈ ਰੱਖਣ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਉੱਤੇ ਵੀ ਸਿੱਧੇ ਅਸਿੱਧੇ ਤਰੀਕੇ ਨਾਲ ਕਬਜ਼ਾ ਬਣਾਈ ਰੱਖਣ ਦੀ ਲੜਾਈ ਕਰ ਰਹੇ ਹਨ ਜਦ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਇਹ ਅੜ ਤੇ ਹੈਂਕੜ ਭੰਨਣ ਵਾਸਤੇ ਜ਼ੋਰ ਲਾ ਰਹੇ ਹਨ । ਇਹਨਾਂ ਉਕਤ ਦੋਹਾਂ ਸਿੱਧੂਆਂ ਵਿਚਕਾਰ ਚੱਲ ਰਹੀ ਕੁਰਸੀ ਜੰਗ ਨੂੰ ਲੈ ਕੇ ਪੰਜਾਬ ਕਾਂਗਰਸ ਤੇ ਦਿੱਲੀ ਚ ਬੈਠੀ ਕਾਂਗਰਸ ਹਾਈ ਕਮਾਂਡ ਵੀ ਦੋ ਫਾੜ ਹੈ । ਦਿੱਲੀ ਹਾਈ ਕਮਾਂਡ ਵਿੱਚ ਨਵਜੋਤ ਸਿੱਧੂ ਦੇ ਹੱਕ ਚ ਰਾਹੁਲ, ਪਿ੍ਰਯੰਕਾ, ਹਰੀਸ਼ ਰਾਵਤ ਤੇ ਹੋਰਨਾਂ ਵੱਲੋਂ ਕਾਫ਼ੀ ਸੋਫਟ ਕਾਰਨਰ ਦਿਖਾਇਆ ਜਾ ਰਿਹਾ ਹੈ। ਜਦ ਕਿ ਅਮਰਿੰਦਰ ਸਿੰਘ ਦੇ ਹੱਕ ਚ ਸੋਨੀਆਂ ਗਾਂਧੀ ਸਮੇਤ ਕਈ ਹੋਰ ਸੀਨੀਅਰ ਆਗੂਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ । ਜਿੱਥੋਂ ਤੱਕ ਪੰਜਾਬ ਦੇ ਕਾਂਗਰਸੀ ਸਿਆਸੀ ਗਲਿਆਰਿਆਂ ਦੀ ਗੱਲ ਹੈ, ਇੱਥੇ ਵੀ ਦੋ ਧੜੇ ਬਿਲਕੁਲ ਨਿੱਤਰੇ ਰੂਪ ਚ ਆਹਮੋ ਸਾਹਮਣੇ ਹਨ ਤੇ ਦੋਹਾਂ ਵਿਚਕਾਰ ਲਕੀਰ ਖਿਚਵੀ ਲੜਾਈ ਚੱਲ ਰਹੀ ਹੈ । ਇਕ ਦੂਸਰੇ ਦੇ ਵਿਰੋਧ ਚ ਸਿੱਧੀ ਬਿਆਨਬਾਜੀ ਹੋ ਰਹੀ ਹੈ, ਹਾਈ ਕਮਾਂਡ ਨੂੰ ਲਿਖਤੀ ਸ਼ਿਕਾਇਤਾਂ ਵੀ ਭੇਜੀਆ ਜਾ ਰਹੀਆਂ ਹਨ । ਦੋਵੇਂ ਸਿੱਧੂ ਅੱਖੜ ਵੀ ਹਨ ਤੇ ਧੱਕੜ ਵੀ ਜਿਸ ਕਰਕੇ ਹਾਲਾਤ ਇਹ ਬਣੇ ਹੋਏ ਹਨ ਕਿ ਸੱਪ ਨੂੰ ਸੱਪ ਲੜੇ ਤੇ ਜਹਿਰ ਕਿਹਨੂੰ ਚੜ੍ਹੇ । ਜੇਕਰ ਅਮਰਿੰਦਰ ਸਿੰਘ ਦਾ ਪੁਰਾਣੇ ਪ੍ਰਧਾਨਾਂ ਸੰਬੰਧੀ ਰਵਈਆ ਦੇਖਿਆ ਜਾਵੇ ਤਾਂ ਕਹਿ ਸਕਦੇ ਹਾਂ ਕਿ ਉਸ ਦੀ ਨਾ ਹੀ ਸ਼ਮਸ਼ੇਰ ਸਿੰਘ ਦੂਲੋਂ ਨਾਲ ਬਣੀ ਤੇ ਨਾ ਹੀ ਪਰਤਾਪ ਸਿੰਘ ਬਾਜਵਾ ਨਾਲ ਤੇ ਨਾ ਹੀ ਹੁਣਵੇਂ ਪ੍ਰਧਾਨ ਸੁਨੀਲ ਜਾਖੜ ਨਾਲ ਬਣੀ । ਜੇਕਰ ਹੁਣ ਨਵਜੋਤ ਸਿੱਧੂ ਪ੍ਰਧਾਨ ਬਣਦੇ ਹਨ ਤਾਂ ਜੋ ਇੱਟ ਖੜੱਕਾ ਇਹਨਾ ਦੋਹਾਂ ਵਿਚਕਾਰ ਕਾਫੀ ਲੰਮੇ ਸਮੇ ਤੋ ਚਲਦਾ ਆ ਰਿਹਾ ਹੈ , ਉਸ ਹਿਸਾਬ ਨਾਲ ਇਹ ਅੰਦਾਜਾ ਲਗਾਉਣਾ ਕੋਈ ਔਖਾ ਨਹੀ ਕਿ ਇਹਨਾ ਵਿਚਕਾਰ ਨਾ ਹੀ ਆਪਸੀ ਤਾਲ ਹੋਏਗਾ ਤੇ ਨਾ ਹੀ ਮੇਲ ਬਲਕਿ ਹਾਲਾਤ ਗੱਡੇ ਅੱਗੇ ਜੁੱਤੇ ਅਜਿਹੇ ਦੋ ਬਲਦਾ ਵਾਲੇ ਹੋਣਗੇ ਜੋ ਗੱਡਾ ਅੱਗੇ ਵੱਲ ਖਿੱਚਣ ਦੀ ਬਜਾਏ ਪੰਜਾਲੀ ਦੇ ਬਾਹਰਵਲ ਧੱਕਮਾਰ ਰਹੇ ਨਜਰ ਆਉਣਗੇ । ਇਹਨਾ ਦੋਹਾਂ ਦੇ ਮੂੰਹ ਇਕ ਦੂਸਰੇ ਦੀ ਉਲਟ ਦਿਸ਼ਾ ਵੱਲ ਹੋਣਗੇ ਜਿਸ ਕਾਰਨ ਹਰ ਦਿਨ ਨਵਾਂ ਕਲੇਸ਼ ਪੈਦਾ ਹੋਵੇਗਾ ਜੋ ਪੰਜਾਬ ਕਾਂਗਰਸ ਦੇ ਵੱਕਾਰ ਨੂੰ ਢਾਅ ਲਗਾਏਗਾ ।
ਇਸ ਲੜਾਈ ਵਿਚੋ ਇਹ ਗੱਲ ਵੀ ਉਭਰਵੇ ਰੂਪ ਚ ਸਾਹਮਣੇ ਆਈ ਹੈ ਕਿ ਬੇਸ਼ੱਕ ਨਵਜੋਤ ਸਿੱਧੂ ‘ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਪੰਜਾਬ ਦੇ ਅਸਲ ਮੁੱਦਿਆ ਦੀ ਬਜਾਏ ਉਹ ਕੁਰਸੀ ਹਥਿਆਉਣ ਦੀ ਲੜਾਈ ਲੜ ਰਿਹਾ ਹੈ, ਪਰ ਗਹੁ ਨਾਲ ਵਾਚੀਏ ਤਾਂ ਇਹ ਗੱਲ ਵੀ ਪਰਤੱਖ ਨਚਰ ਆ ਰਹੀ ਹੈ ਕਿ ਅਸਲ ਵਿਚ ਕੁਰਸੀ ਦੀ ਲੜਾਈ ਦੀ ਲਾਲਸਾ ਕੈਪਟਨ ਅਮਰਿੰਦਰ ਸਿੰਘ ਚ
ਇਸ ਵੇਲੇ ਬਹੁਤ ਪਰਬਲ ਹੈ । ਕੈਪਟਨ ਅਮਰਿੰਦਰ ਸਿੰਘ ਦੀ ਮਾਨਸਿਕਤਾ ਇਸ ਵੇਲੇ ਏਨੀ ਕੁ ਵਿਗੜੀ ਚੁਕੀ ਹੈ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਨਾਲ ਬਿਲਕੁਲ ਵੀ ਸੰਤੁਸ਼ਟ ਨਹੀ ਸਗੋ ਪਰਧਾਨਗੀ ਵਰਗੇ ਬਰਾਬਰ ਦੇ ਆਹੁਦਿਆ ‘ਤੇ ਕਬਜਾ ਕਰਕੇ ਉਹ ਮਹਾਂਰਾਜਿਆ ਵਾਲੀ ਫੀਲਿੰਗ ਲੈਣੀ ਚਾਹੁੰਦਾ ਹੈ ਤੇ ਇਸ ਦੇ ਨਾਲ ਹੀ ਮਨਆਈਆ ਵੀ ਉਸੇ ਤਰਾਂ ਕਰਨੀਆ ਚਾਹੁੰਦਾ ਹੈ ।ਦਰਅਸਲ ਏਹੀ ਉਹ ਫੀਲਿੰਗ ਹੈ ਜਿਸ ਕਰਕੇ ਅਮਰਿੰਦਰ ਆਪਣੇ ਮੰਤਰੀਆ ਤੱਕ ਨੂੰ ਵੀ ਮਿਲਣਾ ਪਸੰਦ ਨਹੀਂ ਕਰਦਾ ਤੇ ਇਸ ਦੀ ਬਜਾਏ ਸ਼ਿਸ਼ਵਾਂ ਫਾਰਮ ਚ ਬੈਠਕੇ ਐਸ਼ ਤੇ ਅਰਾਮ ਫੁਰਮਾਉਣ ਦੇ ਨਾਲ ਨਾਲ ਤਾਨਾਸ਼ਾਹੀ ਤੇ ਨਾਦਰੀ ਫੁਰਮਾਨ ਜਾਰੀ ਕਰਨ ਦੀ ਰੁਚੀ ਰਖਦਾ ਹੈ । ਦਰਅਸਲ, ਅਮਰਿੰਦਰ ਦੀ ਏਹੀ ਫੀਲਿੰਗ ਹੁਣ ਨਾ ਚਾਹੁੰਦੇ ਹੋਏ ਵੀ ਮਜਬੂਰੀ ਵੱਸ ਉਸ ਤੋਂ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗਾਂ, ਚਾਹ ਪਾਰਟੀਆਂ ਤੇ ਦੁਪਹਿਰ ਸ਼ਾਮ ਦੇ ਖਾਣਿਆਂ ਦਾ ਆਯੋਜਿਨ ਕਰਨ ਦਾ ਹਾਈ ਪ੍ਰੋਫ਼ਾਈਲ ਸਿਆਸੀ ਡਰਾਮਾ ਕਰਵਾ ਰਹੀ ਹੈ ।
ਖੈਰ ! ਜਿਹਨਾਂ ਆਹੁਦਿਆ ਦੀ ਦੋਹਾਂ ਸਿੱਧੂਆ ਵਿਚਕਾਰ ਰੱਸਾ ਕਸ਼ੀ ਚੱਲ ਰਹੀ ਹੈ, ਉਹਨਾ ਵਾਸਤੇ ਨਿੱਜੀ ਹਿੱਤਾਂ ਦੀ ਬਜਾਏ ਲੋਕ ਹਿੱਤ ਪਹਿਲਾਂ ਰੱਖਣੇ ਬਣਦੇ ਹਨ, ਪਰ ਇਸ ਵੇਲੇ ਇਸ ਮੁੱਦੇ ‘ਤੇ ਪੰਜਾਬ ਕਾਂਗਰਸ ਦੀ ਉਲਟੀ ਗੰਗਾ ਪਿਹੋਏ ਨੂੰ ਵਹਿੰਦੀ ਨਜਰ ਆ ਰਹੀ ਹੈ, ਜੋ ਕਿ ਕਾਂਗਰਸ ਪਾਰਟੀ ਦੇ ਆਪਣੇ ਵਾਸਤੇ ਬਹੁਤ ਨੁਕਸਾਨਦਾਇਕ ਹੋ ਸਾਬਤ ਸਕਦੀ ਹੈ । ਬੇਹਤਰ ਏਹੀ ਹੋਵੇਗਾ ਕਿ ਕੈਪਟਨ ਅਮਰਿੰਦਰ ਨੂੰ ਆਪਣੀ ਉਮਰ ਦਾ ਖਿਆਲ ਕਰਦੇ ਹੋਏ ਜਿਦ ਛਡਕੇ ਕੁਰਸੀਆਂ ਦੀ ਲਾਲਸਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਤੇ ਅਗਾਮੀ ਚੋਣਾ ਚ ਸਿਆਸਤ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ । ਉਹਨਾ ਦੇ ਇਸ ਤਰਾਂ ਕਰਨ ਨਾਲ ਜਿਥੇ ਕਾਂਗਰਸ ਵਿਚ ਉਹਨਾ ਦਾ ਸਤਿਕਾਰ ਕਈ ਗੁਣਾ ਵਧੇਗਾ, ਪਾਰਟੀ ਦੀ ਵਾਗਡੋਰ ਨੌਜਵਾਨਾਂ ਦੇ ਹੱਥ ਜਾਏਗੀ, ਉਥੇ ਪਾਰਟੀ ਦਾ ਅਧਾਰ ਵੀ ਬਹੁਤ ਮਜਬੂਤ ਹੋਏਗਾ ।ਜੇਕਰ ਇਸ ਤਰਾਂ ਨਹੀ ਹੁੰਦਾ ਤਾਂ ਪੰਜਾਬ ਕਾਂਗਰਸ ਦਾ ਭਵਿੱਖ ਬਹੁਤ ਧੁੰਦਲਾ ਹੈ ਕਿਉਕਿ ਇਕ ਮਿਆਨ ਚ ਨਾ ਹੀ ਦੋ ਤਲਵਾਰਾ ਸਮਾਅ ਸਕਦੀਆ ਹਨ ਤੇ ਨਾ ਹੀ ਇਕ ਖੁੱਡੇ ਚ ਦੋ ਕੁੱਕੜ ਇਕੱਠੇ ਰਹਿ ਸਕਦੇ ਹਨ । ਸੋ ਕਾਂਗਰਸ ਹਾਈ ਕਮਾਂਡ ਨੂੰ ਇਸ ਮਸਲੇ ‘ਤੇ ਜਿੰਨੀ ਵੀ ਛੇਤੀਂ ਹੋ ਹੋ ਸਕੇ ਕੋਈ ਆਰਪਾਰ ਦਾ ਦੋ ਟੁੱਕ ਫੈਸਲਾ ਲੈਣਾ ਚਾਹੀਦਾ ਹੈ ।
ਪੰਜਾਬ ਚ ਇਕ ਹੋਰ ਬਲਵੀਰ ਸਿੰਘ ਸਿੱਧੂ ਨਾਮ ਦਾ ਸਿਹਤ ਮੰਤਰੀ ਹੈ ਜੋ ਕਿ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਮੰਨਿਆ ਜਾਂਦਾ ਹੈ । ਇਹ ਸਿੱਧੂ ਕਥਿਤ ਕੋਰੋਨਾ ਵੈਕਸੀਨ ਘੁਟਾਲੇ ਕਾਰਨ ਕਾਫੀ ਚਰਚਾ ਵਿਚ ਹੈ ਦਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਸਨੇ ਚਾਰ ਸੋ ਰੁਪਏ ਵਾਲਾ ਕੋਰੋਨਾ ਦਾ ਟੀਕਾ ਸਰਕਾਰੀ ਹਸਪਤਾਲਾਂ ਨੂੰ ਮੁਹੱਈਆ ਕਰਨ ਦੀ ਬਜਾਏ , ਕਥਿਤ ਰੂਪ ਚ ਪਰਾਈਵੇਟ ਹਸਪਤਾਲਾਂ ਨੂੰ ਬਾਰਾਂ ਤੋ ਲੈ ਕੇ ਸੋਹਲਾਂ ਸੌ ਰੁਪਏ ਤੱਕ ਵੇਚਕੇ ਲਾਭ ਕਮਾਉਣ ਦੀ ਧਾਂਦਲੀ ਮਚਾਈ ਤੇ ਫੜੇ ਜਾਣ ‘ਤੇ ਆਰਡਰ ਵਾਪਸ ਲੈ ਲਏ, ਪਰ ਅਜੇ ਤੱਕ ਜਾਚ ਪੜਤਾਲ ਕੋਈ ਨਹੀ ਹੋਈ ਤੇ ਨਾ ਹੀ ਅੱਗੋਂ ਅਜਿਹੀ ਕੋਈ ਆਸ ਨਜਰ ਆਉਂਦੀ ਹੈ ।
ਸਿੱਧੂ ਮੂਸੇ ਵਾਲਾ ਇਕ ਨੌਜਵਾਨ ਗਾਇਕ ਹੈ ਜੋ ਪਿਛਲੇ ਕੁਜ
ਕੁ ਸਮੇ ਤੋ “ਮੂਸੇ” ਦੀ ਬਿਰਤੀ ਵਾਂਗ ਹਰ ਚੰਗੇ ਭਲੇ ਦੀ ਮੰਜੀ ਕੁਤਰਨ ਦੀ ਕੋਸ਼ਿਸ਼ ਵਿਚ ਆਪਣੀ ਤੋਏ ਤੋਏ ਕਰਵਾ ਰਿਹਾ ਹੈ । ਪਹਿਲਾਂ ਇਸ ਨੇ ਕਈ ਨਾਮਵਰ ਗਾਇਕਾਂ ਨੂੰ ਆਪਣੇ ਗੀਤਾਂ ਚ ਆਪਣੇ ਤੋ ਨੀਵਾਂ ਦਿਖਾਉਣ ਦੀ ਗਲਤੀ ਕੀਤੀ, ਫਿਰ ਮਾਈ ਭਾਗੋ ਬਾਰੇ ਗਲਤ ਬਿਆਨੀ ਕੀਤੀ ਤੇ ਹੁਣ ਕਿਸੇ ਪੱਤਰਕਾਰ ਨੂੰ ਆਪਣੇ ਇਕ ਗੀਤ ਚ ਧੂਈ ਫਿਰ ਰਿਹਾ ਹੈ । ਸਿੱਧੂ ਮੂਸੇ ਵਾਲੇ ਦੀ ਇਹ ਉਕਤ ਮਾਨਸਿਕਤਾ ਪੰਜਾਬੀ ਗਾਇਕੀ ਦਾ ਕੁਜ ਵੀ ਸਵਾਰਨ ਵਾਲੀ ਨਹੀ ਸਗੋ ਉਸ ਦੀ ਇਹ ਬਿਰਤੀ ਪੰਦਾਬ ਦੇ ਲੋਕਾਂ ਵਿਚ ਧੜੇਬਾਜੀ ਖੜੀ ਕਰਾਕੇ ਸਿਰ ਪੜਵਾਊ ਰੂਝਾਨ ਪੈਦਾ ਜਰੂਰ ਕਰੇਗੀ ਜਿਸ ਦੇ ਰੂਝਾਨ ਸ਼ੋਸ਼ਲ ਮੀਡੀਏ ‘ਤੇ ਉਸ ਦੇ ਨਵੇ ਗੀਤ ਨੂੰ ਲੈ ਕੇ ਸਾਹਮਣੇ ਵੀ ਆ ਰਹੇ ਹਨ । ਗਾਇਕਾਂ ਵਿਚ ਵਧ ਰਹੇ ਇਸ ਤਰਾਂ ਦੇ ਰੂਝਾਨ ਨੂੰ ਸਰਕਾਰ ਵਲੋ ਨੱਥ ਪਾਈ ਜਾਣੀ ਚਾਹੀਦੀ ਹੈ।
ਸੋ ਕਹਿ ਸਕਦੇ ਹਾਂ ਕਿ ਪੰਜਾਬ ਇਸ ਵੇਲੇ ਸਿੱਧੂਆ ਦੇ ਘਮਾਸਾਨ ਦਾ ਅਖਾੜਾ ਬਣਿਆ ਹੋਇਆ ਹੈ ਤੇ ਜੋ ਕੁੱਜ ਪੰਜਾਬ ਵਿਚ ਇਹਨਾਂ ਸਿੱਧੁਆਂ ਦੇ ਕਾਰਨ ਚੱਲ ਰਿਹਾ ਹੈ, ਉਸ ਨਾਲ ਪਹਿਲਾਂ ਹੀ ਬਹੁਤ ਨੁਕਸਾਨ ਹੰਢਾ ਚੁੱਕੇ ਪੰਜਾਬ ਦਾ ਹੋਰ ਨੁਕਸਾਨ ਹੋ ਰਿਹਾ ਹੈ । ਮੁੱਦਿਆ ਦੀ ਲੜਾਈ ਦੀ ਬਜਾਏ ਨਿੱਜੀ ਲੜਾਈਆ ਤੇ ਅੜ ਬਾਜੀਆ ਨੂੰ ਪਹਿਲ ਦੇਣ ਨਾਲ ਪੰਜਾਬ ਦੇ ਲੋਕ ਇਸ ਵੇਲੇ ਅੰਤਾਂ ਦਾ ਸੰਤਾਪ ਹੰਢਾਉਣ ਵਾਸਤੇ ਮਜਬੂਰ ਹਨ, ਪਰ ਅਫਸੋਸ ਕਿ ਸਿੱਧੂ, ਨਿੱਜੀ ਲਾਲਸਾ ਚ ਅੰਨ੍ਹੇ ਹੋ ਕੇ ਇਹ ਗੱਲ ਸਮਝਣ ਤੋ ਪੂਰੀ ਤਰਾਂ ਨਾਬਰ ਹਨ ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਡਿਜੀਟਲ ਚੀਜ਼ਾਂ ਦੀ ਜਿਆਦਾ ਵਰਤੋਂ ਬੱਚਿਆਂ ਦੇ ਪ੍ਰਦਰਸ਼ਨ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ !

admin

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin