Articles

ਸਿੱਧੂ ਦੀ ਪ੍ਰਧਾਨਗੀ ਤੇ ਕੈਪਟਨ ਦੀ ਨਰਾਜ਼ਗੀ ਦਾ ਮਾਮਲਾ ‘ਆਗੇ ਸਮਝ ਚਲੋ ਨੰਦ ਲਾਲਾ’… !

ਫੋਟੋ: ਏ ਐਨ ਆਈ
ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦਾ ਪ੍ਰਧਾਨ ਚੁਣਿਆ ਨਹੀਂ ਬਲਕਿ ਥਾਪਿਆਂ ਜਾਂ ਨਿਯੁਕਤ ਕੀਤਾ ਗਿਆ ਹੈ । ਉਸ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ ਤੇ ਕੁਲ ਹਿੰਦ ਕਾਂਗਰਸ ਵਿਚਕਾਰ ਕਾਫ਼ੀ ਲੰਮਾ ਹਾਈ ਫਾਈ ਡਰਾਮਾ ਚੱਲਦਾ ਰਿਹਾ, ਪੰਜਾਬ ਤੋ ਵੱਖ ਵੱਖ ਆਗੂ ਤੇ ਵਿਧਾਇਕ ਦਿੱਲੀ ਜਾਂਦੇ ਰਹੇ ਤੇ ਇਕ ਦੂਜੇ ਵਿਰੁੱਧ ਚੁਗਲੀ ਮਾਰਦੇ ਰਹੇ ਜਿਸ ਕਰਕੇ ਸਿੱਧੂ ਨੂੰ ਪਰਧਾਨ ਬਣਾਉਣ ਦਾ ਮਾਮਲਾ ਕਈ ਵਾਰ ਖੱਟੇ ਚ ਵੀ ਪੈਂਦਾ ਨਜ਼ਰ ਆਉਂਦਾ ਰਿਹਾ ਤੇ ਇਹ ਗੱਲ ਸਿੱਧੂ ਦੀਆ ਸਟੇਟਮੈਂਟਾਂ ਤੋ ਵੀ ਸਮੇਂ ਸਮੇਂ ਨਰਾਜ਼ਗੀ ਦੇ ਰੂਪ ਚ ਜੱਗ ਜਾਹਿਰ ਹੁੰਦੀ ਰਹੀ । ਅਸਲ ਗੱਲ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੂਰੀ ਤਰਾਂ ਲੋਹੇ ਦਾ ਥਣ ਬਣਿਆ ਹੋਇਆ ਸੀ ਜੋ ਸਿੱਧੂ ਨੂੰ ਆਪਣੇ ਅਤੇ ਆਪਣੀ ਸਰਕਾਰ ਦੇ ਆਸ-ਪਾਸ ਕਿਸੇ ਕੀਮਤ ‘ਤੇ ਵੀ ਫਟਕਣ ਨਹੀਂ ਸੀ ਦੇਣਾ ਚਾਹੁੰਦਾ, ਪਰ ਹਵਾ ਦਾ ਰੁਖ ਪਲਟਿਆ ਤੇ ਗੱਲ “ਪਿੱਪਲ਼ ਦਿਆ ਪੱਤਿਆ ਵੇ ਕਿਉਂ ਖੜ ਖੜ ਲਾਈ ਆ, ਪੱਤ ਝੜ ਗਏ ਪੁਰਾਣੇ, ਰੁੱਤ ਨਵਿਆਂ ਦੀ ਆਈ ਆ “ ਵਾਲੀ ਹੋਈ । ਕਾਂਗਰਸ ਹਾਈ ਕਮਾਂਡ ਨੇ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਤੇ ਸਿੱਧੂ ਨੇ ਪੰਜਾਬ ਚ ਆਪਣੇ ਹੱਕ ਲਾਬੀ ਕਰਨ ਵਾਸਤੇ ਕਾਂਗਰਸੀ ਵਿਧਾਇਕਾਂ ਤੇ ਨੇਤਾਵਾਂ ਦੇ ਘਰ ਘਰ ਜਾਣ ਦੀ ਮੁਹਿੰਮ ਵਿੱਢ ਦਿੱਤੀ ਜਿਸ ਦੇ ਫਲਸਰੂਪ ਦਰਬਾਰ ਸਾਹਿਬ ਅੰਮਿ੍ਰਤਸਰ ਸ਼ੁਕਰਾਨੇ ਸਮੇਂ ਉਸ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਤੇ ਕੈਪਟਨ ਨੂੰ ਸਿੱਧੂ ਦੇ ਟਵੀਟਾਂ ਦਾ ਮੁਆਫੀ ਮੰਗਣ ਵਾਲਾ ਰਾਗ ਵਿੱਚੇ ਛੱਡਕੇ ਯੂ ਟਰਨ ਮਾਰਨ ਵਾਸਤੇ ਮਜਬੂਰ ਹੋਣਾ ਪਿਆ । ਚੰਡੀਗੜ੍ਹ ਕਾਂਗਰਸ ਭਵਨ ਚ ਸਿੱਧੂ ਵੱਲੋਂ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਵੇਲੇ ਕਾਫ਼ੀ ਭਰਵਾਂ ਇਕੱਠ ਹੋਇਆ, ਪਰ ਉਸ ਇਕੱਠ ਵਿੱਚ ਉਹ ਕੁੱਜ ਵੀ ਵਾਪਰਦਾ ਪਰਤੱਖ ਸਾਹਮਣੇ ਆਇਆ ਜੋ ਬਿਲਕੁਲ ਵੀ ਨਹੀਂ ਸੀ ਆਉਣਾ ਚਾਹੀਦਾ । ਸਿੱਧੂ, ਜਾਖੜ ਤੇ ਕੈਪਟਨ ਦੇ ਭਾਸ਼ਣਾਂ ਵਿੱਚ ਕੋਈ ਤਾਲਮੇਲ ਨਹੀਂ ਸੀ । ਜਿੱਥੇ ਸਿੱਧੂ , ਸਿੱਧੇ ਅਸਿੱਧੇ ਫਿਰ ਤੋਂ ਪੰਜਾਬ ਚ ਆਪਣੀ ਹੀ ਸਰਕਾਰ ਵੱਲ ਨਿਸ਼ਾਨੇ ਵਿੰਨ੍ਹਦੇ ਨਜ਼ਰ ਆਏ, ਸ਼ੁਨੀਲ ਜਾਖੜ, ਪੰਜਾਬ ਦੀ ਅਫਸਰਸ਼ਾਹੀ ਦੇ ਬੇਲਗਾਮ ਹੋਣ ਦਾ ਤੋੜਾ ਤੇ ਆਪਣੇ ਹੀ ਲੀਡਰਾਂ ਵਿਰੁੱਧ ਰੋਸ ਦਾ ਨਜ਼ਲਾ ਝਾੜਦੇ ਦੇਖੇ ਗਏ । ਕੈਪਟਨ ਨੇ ਤਾਂ ਸਿੱਧੂ ਨੂੰ ਵਧਾਈ ਦੇਣ ਦੀ ਬਜਾਏ, ਇਹ ਗੱਲ ਕਹਿ ਕੇ ਸਿਰਾ ਹੀ ਲਗਾ ਦਿੱਤਾ ਕਿ ਸਿੱਧੂ ਤਾਂ ਉਸ ਵੇਲੇ ਅਜੇ ਜੰਮਿਆ ਹੀ ਸੀ ਜਦ ਉਹ ਫੌਜ ਵਿੱਚ ਸੇਵਾ ਨਿਭਾਉਣ ਚਲੇ ਗਿਆ ਸੀ । ਇਸੇ ਤਰਾਂ ਸਿੱਧੂ ਦੁਆਰਾ ਕਿਸਾਨ ਸੰਘਰਸ਼ ਸੰਬੰਧੀ ਬੋਲੇ ਗਏ ਬੋਲ ਕਿ “ਪਿਆਸਾ ਖੂਹ ਦੇ ਕੋਲ ਜਾਂਦਾ ਹੈ, ਖੂਹ ਕਦੱ ਪਿਆਸੇ ਕੋਲ਼ ਨਹੀ” ਇਸ ਕਰਕੇ ਕਿਸਾਨ ਜੇਕਰ ਪਿਆਸੇ ਹਨ ਤਾਂ ਮੇਰੇ ਕੋਲ ਆਉਣ, ਉਹਨਾ ਦੇ ਮਸਲਿਆ ਦਾ ਮਿਲ ਬੈਠਕੇ ਹੱਲ ਕੱਢਿਆ ਜਾਵੇਗਾ । ਇਹ ਉਕਤ ਬਿਲਕੁਲ ਪੁੱਠੀ ਤੇ ਬੇਥਵੀ ਬਿਆਨਬਾਜੀ ਹੁਣ ਸਿੱਧੂ ਨੂੰ ਭਾਰੀ ਪੈ ਰਹੀ ਹੈ ।
ਇਹ ਗੱਲ ਸਹੀ ਹੈ ਕਿ ਕੈਪਟਨ ਦੇ ਭਰਵੇ ਵਿਰੋਧ ਦੇ ਬਾਵਜੂਦ ਵੀ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਮੁਖੀ ਨਿਯੁਕਤ ਕੀਤਾ ਗਿਆ, ਪਰ ਇਹ ਸਿੱਧੂ ਵਾਸਤੇ ਇਕ ਬਹੁਤ ਹੀ ਚਨੌਤੀ ਭਰਿਆ ਕਾਰਜ ਹੈ । ਬੇਸ਼ੱਕ ਪਿਛਲੇ ਸਾਢੇ ਚਾਰ ਸਾਲ ਦੀ ਕਾਰਗੁਜਾਰੀ ਵਾਸਤੇ ਉਸ ਨੂੰ ਸਿੱਧੇ ਤੌਰ ‘ਤੇ ਦੋਸ਼ੀ ਨਹੀ ਠਹਿਰਾਇਆ ਜਾ ਕਿਉਕਿ ਉਹ ਸਮੇ ਸਮੇ ਕੈਪਟਨ ਸਰਕਾਰ ਦੀ ਕਾਰਗੁਜਾਰੀ ‘ਤੇ ਢੁਕਵਾਂ ਵਿਰੋਧ ਪਰਗਟ ਕਰਦਾ ਰਿਹਾ ਹੈ, ਪਰ ਤਦ ਵੀ ਇਹ ਕਹਿਣਾ ਵਾਜਬ ਹੋਵੇਗਾ ਕਿ ਆਉਣ ਵਾਲੇ ਪੰਜ ਛੇ ਮਹੀਨਿਆ ਚ ਉਹ ਪੰਜਾਬ ਦੇ ਭਲੇ ਵਾਸਤੇ ਕੀ ਭੂਮਿਕਾ ਨਿਭਾਉਂਦਾ ਹੈ, ਇਸ ਤੋ ਪੰਜਾਬ ਕਾਂਗਰਸ ਤੇ ਉਸ ਦੇ ਆਪਣੇ ਭਵਿੱਖ ਦੀ ਦਿਸ਼ਾ ਤਹਿ ਹੋ ਜਾਵੇਗੀ ।
ਜੇਕਰ ਇਹ ਮੰਨਕੇ ਵੀ ਚੱਲਿਆ ਜਾਵੇ ਕਿ ਸਿੱਧੂ ਦੀ ਨਿਯੁਕਕੀ ਵਾਲੀ ਇਹ ਸਾਰੀ ਪਲਾਨਿੰਗ ਮੁੱਖ ਮੰਤਰੀ ਦੇ ਸਲਾਹਕਾਰ ਪਰਸ਼ਾਂਤ ਕਿਸ਼ੋਰ ਦੀ ਹੈ ਤਾਂ ਫਿਰ ਇਹ ਗੱਲ ਵੀ ਧਿਆਨ ਚ ਰੱਖਣੀ ਪਵੇਗੀ ਕਿ ਜੇਕਰ ਇਸ ਤਰਾਂ ਹੁੰਦਾ ਤਾਂ ਫਿਰ ਸਿੱਧੂ ਨੂੰ ਪੰਜਾਬ ਪਰਦੇਸ ਕਾਂਗਰਸ ਦੀ ਪਰਧਾਨਗੀ ਸੌਂਪਣ ਦੀ ਬਜਾਏ ਡਿਪਟੀ ਮੁੱਖ ਮੰਤਰੀ ਦਾ ਆਹੁਦਾ ਦੇ ਦੇਣਾ ਕੈਪਟਨ ਸਰਕਾਰ ਵਾਸਤੇ ਵਧੇਰੇ ਲਾਹੇਵੰਦ ਹੁੰਦਾ ਕਿਉੰਕਿ ਪ੍ਰਧਾਨਗੀ ਦਾ ਆਹੁਦਾ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਆਹੁਦੇ ਤੋਂ ਕਿਤੇ ਉਪਰ ਹੁੰਦਾ ਹੈ । ਪਰਦੇਸ ਪਰਧਾਨ ਪਾਰਟੀ ਦੀਆ ਨੀਤੀਆਂ ਨੂੰ ਆਪਣੀ ਸਰਕਾਰ ਤੋ ਲਾਗੂ ਕਰਾਉਣ ਵਾਸਤੇ ਪਾਬੰਦ ਹੁੰਦਾ ਹੈ । ਜੇਕਰ ਸਰਕਾਰ ਉਸ ਦੀ ਗੱਲ ਨਹੀ ਮੰਨਦੀ ਤਾਂ ਇਸ ਦਾ ਭਾਵ ਇਹ ਹੁੰਦਾ ਹੈ ਕਿ ਸਰਕਾਰ ਆਪਣੀ ਹਾਈ ਕਮਾਂਡ ਦਾ ਕਹਿਣਾ ਮੰਨ੍ਣ ਤੋਂ ਨਾਬਰ ਹੈ ਤੇ ਜਿਸ ਕਰਕੇ ਸਰਕਾਰ ਦੇ ਮੁੱਖ ਮੰਤਰੀ ਵਿਰੁਧ ਅਨਸ਼ਾਸ਼ਨੀ ਕਾਰਵਾਈ ਵੀ ਹੋ ਸਕਦੀ ਹੈ ਤੇ ਮੁੱਖ ਮੰਤਰੀ ਬਦਲਿਆ ਵੀ ਜਾ ਸਕਦਾ ਹੈ । ਇਹ ਬਿਲਕੁਸ ਉਸੇ ਤਰਾਂ ਹੈ ਜਿਵੇ ਰਾਜਪਾਲ ਤੇ ਮੁੱਖ ਮੰਤਰੀ ਦਾ ਆਹੁਦਾ । ਰਾਜਪਾਲ, ਮੁੱਖ ਮੰਤਰੀ ਨੂੰ ਦਿਸ਼ਾ ਨਿਰਦੇਸ਼ ਦੇ ਸਕਦਾ ਹੈ ਤੇ ਉਹਨਾ ਨੂੰ ਲਾਗੂ ਵੀ ਕਰਵਾ ਸਕਦਾ ਹੈ, ਪਰ ਮੁੱਖ ਮੰਤਰੀ, ਰਾਜਪਾਲ ਨੂੰ ਕਿਸੇ ਵੀ ਮਸਲੇ ‘ਤੇ ਚੈਲੰਜ ਨਹੀ ਕਰ ਸਕਦਾ । ਸੋ ਇਸ ਪੱਖੋ ਦੇਖਿਆ ਜਾਵੇ ਤਾਂ ਇਸ ਵੇਲੇ ਕੈਪਟਲ ਅਮਰਿੰਦਰ ਸਿੰਘ ਦੀ ਸਥਿਤੀ ਬਿਲਕੁਲ ਹੀ ਊਠ ਦੇ ਪਹਾੜ ਹੇਠ ਆਉਣ ਵਾਂਗ ਪਤਲੀ ਹੋ ਚੁੱਕੀ ਹੈ । ਸਿੱਧੂ ਨਾਲ, ਨਾ ਬੋਲਕੇ ਜਾਂ ਫਿਰ ਉਸ ਦੇ ਨਿਰਦੇਸ਼ਾਂ ਨੂੰ ਅਣਗੌਲਿਆ ਕਰਕੇ ਉਹ ਆਪਣੇ ਵਕਾਰ ਨੂੰ ਆਪ ਹੀ ਨੁਕਸਾਨ ਪਹੁੰਚਾ ਰਿਹਾ ਹੋਵੇਗਾ । ਇਸ ਤੇ ਵੀ ਅੱਗੇ, ਸਿਰ ‘ਤੇ ਵਿਧਾਨ ਸਭਾ ਦੀਆ ਚੋਣਾ ਹਨ , ਟਿਕਟਾਂ ਦੀ ਵੰਡ ਆਮ ਤੌਰ ‘ਤੇ ਪਾਰਟੀ ਪਰਧਾਨ ਦੇ ਹੱਥ ਚ ਹੁੰਦੀ ਹੈ, ਜਿਸ ਕਰਕੇ ਕੈਪਟਨ ਦੇ ਵਾਸਤੇ ਹੁਣ ਰਸਤਾ ਇਕ ਹੀ ਬਚਿਆ ਹੈ ਕਿ ਉਹ ਪਾਰਟੀ ਪਰਧਾਨ ਨਾਲ ਰਲਕੇ ਚੱਲੇ ।
ਜਿਥੋਂ ਤੱਕ ਨਿਯੁਕਤ ਕੀਤੇ ਗਏ ਚਾਰ ਕਾਰਜਕਾਰੀ ਪ੍ਰਧਾਨਾ ਦੀ ਗੱਲ ਹੈ, ਉਹਨਾ ਦੀ ਕਮਾਂਡ ਪਰਧਾਨ ਦੇ ਹੱਥ ਚ ਹੈ ਤੇ ਉਹਨਾ ਦਾ ਮੁੱਖ ਕੰਮ ਪਰਧਾਨ ਨੂੰ ਪਾਰਟੀ ਦੀ ਬੇਹਤਰੀ ਵਾਸਤੇ ਵੱਖ ਵੱਖ ਪਹਿਲੂਆਂ ਤੋਂ ਸਹਿਯੋਗ ਕਰਨਾ, ਉਹ ਪਾਰਟੀ ਨੂੰ ਸੰਗਠਿਤ ਕਰਨ ਵਾਸਤੇ ਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਨਿਭਾਉਣ ਦੇ ਨਾਲ ਨਾਲ ਪਾਰਟੀ ਪਰਧਾਨ ਨਾਲ ਹਰ ਪੱਖੋ ਸਹਿਯੋਗ ਕਰਨਗੇ ।
ਜਿਸ ਤਰਾਂ ਮੈ ਪਹਿਲਾਂ ਵੀ ਜਿਕਰ ਕੀਤਾ ਹੈ ਕਿ ਸਿੱਧੂ ਨੂੰ ਹੁਣ ਬਹੁਤਾ ਬੋਲਣ ਦੀ ਬਜਾਏ, ਚੁੱਪ ਕਰਕੇ ਕੰਮ ਕਰਨਾ ਚਾਹੀਦਾ ਹੈ, ਉਸ ਨੂੰ ਵਿਵਾਦਤ ਬਿਆਨ ਦੇਣ ਤੋਂ ਬਾਜ ਆਉਣਾ ਚਾਹੀਦਾ, ਜੇਕਰ ਉਹ ਆਪਣੀ ਜੁਬਾਨ ਨੂੰ ਲਗਾਮ ਦੇ ਕੇ ਕੁਜ ਵਿਹਾਰਕ ਕਰਦਾ ਹੈ ਤਾਂ ਲੋਕ ਉਸ ਦੇ ਨਾਲ ਹੋਣਗੇ, ਨਹੀਂ ਗੱਲਾਂ ਦਾ ਕੜਾਹ ਬਣਾਉਣ ਵਾਲਿਆ ਤੋਂ ਪੰਜਾਬ ਦੇ ਲੋਕ ਹੁਣ ਬਹੁਤ ਚੰਗੀ ਤਰਾਂ ਵਾਕੁਫ ਹੋ ਚੁੱਕੇ ਹਨ, ਸ਼ੋਸ਼ਲ ਮੀਡੀਏ ‘ਤੇ ਪੋਤੜੇ ਫੋਲਦਿਆਂ ਤੇ ਕਿਸੇ ਚੰਗੇ ਭਲੇ ਦੀ ਵੀ ਕਿਰਕਿਰੀ ਕਰਦਿਆ ਉਹ ਹੁਣ ਬਹੁਤੀ ਦੇਰ ਨਹੀਂ ਲਾਉਦੇ ।
ਏਹੀ ਸਲਾਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੈ ਕਿ ਸਾਨੂੰ ਨਹੀਂ ਪਤਾ ਕਿ 75/25 ਵਾਲੀ ਗੱਲ ਕਿੰਨੀ ਕੁ ਸੱਚ ਹੈ, ਬਰਗਾੜੀ ਤੇ ਬਹਿਬਲ ਕਲਾਂ ਵਾਲੇ ਬਹੁਤ ਸੰਜੀਦਾ ਮਾਮਲੇ ਅਜੇ ਤੱਕ ਪੜਤਾਲਾਂ ਦੇ ਜੰਜਾਲ਼ ਵਿੱਚ ਕਿਉਂ ਫਸੇ ਹੋਏ ਹਨ, ਨਸ਼ਿਆ ਦੇ ਲੱਕ ਤੋੜਨ, ਘਰ ਘਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਕਿਸਾਨਾ ਦੇ ਕਰਜਿਆਂ ‘ਤੇ ਇਕ ਵਾਢਿਓ ਲੀਕ ਮਾਰਨ ਦੇ ਵਾਅਦਿਆ ਦਾ ਅਜੇ ਤੱਕ ਕੀ ਬਣਿਆ, ਹਾਂ, ਸਾਨੂੰ ਤਾਂ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਸਿਰਫ ਇਸ ਗੱਲ ਦਾ ਪਤਾ ਲੱਗਾ ਹੈ ਕਿ ਪਿਛਲੇ ਸਾਢੇ ਕੁ ਚਾਰ ਸਾਲ ਚ ਤੁਸੀਂ ਚੰਮ ਦੀਆ ਬਹੁਤ ਚਲਾ ਲਈਆ ਹਨ, ਕਰਮਚਾਰੀਆਂ ਤੇ ਬੇਰੁਜ਼ਗਾਰਾਂ ਦੇ ਡਾਂਗਾਂ ਬਹੁਤ ਫੇਰ ਲਈਆਂ, ਪਾਣੀ ਦੀਆ ਫੁਹਾਰਾਂ ਬੜੀਆਂ ਮਾਰ ਲਈਆਂ, ਹਰ ਗੱਲ ‘ਤੇ ਹੈਂਕੜਬਾਜੀ ਬਹੁਤ ਕਰ ਲਈ, ਜਿਹਨਾ ਕਰਕੇ ਤੁਹਾਡਾ ਅਕਸ ਤੇ ਵਕਾਰ ਪਹਿਲਾਂ ਨਾਲ਼ੋਂ ਬਹੁਤ ਧੁੰਦਲੇ ਹੋਏ ਹਨ । ਇਸ ਕਰਕੇ “ਆਗੇ ਸਮਝ ਚੱਲੋ ਨੰਦ ਲਾਲਾ “ ਨਹੀਂ ਤਾਂ ਹਾਲਾਤ ਬਹੁਤ ਮਾੜੇ ਸਾਹਮਣੇ ਆਉਣ ਵਾਲੇ ਹਨ ।
ਹਾਲਾਤ ਬਹੁਤ ਮਾੜੇ ਸਾਹਮਣੇ ਆਉਣ ਵਾਲੇ ਹਨ ।
ਮੁੱਕਦੀ ਗੱਲ ਇਹ ਕਿ ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਬਚ ਸਕਣਾ ਇਸ ਵੇਲੇ ਪਹਿਲੀ ਗੱਲ ਤਾਂ ਧੜੇਬਾਜ਼ੀ ਤੋਂ ਉੱਭਰਨਾ ਤੇ ਦੂਸਰੀ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਵਿਚਕਾਰ ਵਧੀਆ ਤਾਲਮੇਲ ਦਾ ਪੈਦਾ ਹੋਣਾ ਤੇ ਤੀਸਰੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆ ਦੀ ਪੂਰਤੀ ਦੇ ਨਾਲ ਨਾਲ ਹੀ ਪੰਜਾਬ ਦੇ ਚਿਰੋਕਣੇ ਲਟਕਦੇ ਮਸਲਿਆਂ ਨੂੰ ਸੁਲਝਾਉਣ ਵਾਸਤੇ ਢੁਕਵੀਂ ਚਾਰਾਜੋਈ ਕਰਨ ‘ਤੇ ਨਿਰਭਰ ਹੋਵੇਗਾ । ਇਸ ਦੇ ਨਾਲ ਹੀ ਸਿੱਧੂ ਅਤੇ ਕੈਪਟਨ ਨੂੰ ਫੋਕਟ ਦੀ ਬਿਆਨਬਾਜੀ ਕਰਨ ਤੋਂ ਬਚਣਾ ਵੀ ਜ਼ਰੂਰੀ ਹੋਵੇਗਾ ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin