Articles

ਸਿੱਧੂ ਵਾਸਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਫੁੱਲਾਂ ਜਾਂ ਕਿ ਕੰਡਿਆ ਦਾ ਤਾਜ ?

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬ ਕਾੱਗਰਸ ਵਿੱਚ ਕੁਰਸੀ ਦੀ ਸਿਆਸਤੀ ਖੇਡ ਨੂੰ ਲੈ ਕੇ ਹੋ ਰਹੀ ਉਥਲ ਪੁਥਲ ਤੇ ਖੇਮੋ ਖੇਮੀ ਬਾਰੇ ਸਮੇਂ ਸਮੇਂ ‘ਤੇ ਮੈ ਲਿਖਦਾ ਰਿਹਾ ਹਾਂ ਤਾਂ ਕਿ ਵਿਚਲੀ ਗੱਲ ਪੰਜਾਬ ਵਾਸੀਆਂ ਨਾਲ ਸਾਂਝੀ ਕੀਤੀ ਜਾਂਦੀ ਰਹੇ ।
ਪਿਛਲੇ ਕਈ ਮਹੀਨਿਆਂ ਚ ਨਵਜੋਤ ਸਿੰਘ ਸਿੱਧੂ ਬਾਰੇ ਬਹੁਤ ਸਾਰੀਆਂ ਕਿਆਸ ਅਰਾਈਆਂ ਵੀ ਲੱਗਦੀਆਂ ਰਹੀਆਂ , ਅਫ਼ਵਾਹਾਂ ਵੀ ਫੈਲਦੀਆਂ ਰਹੀਆਂ ਤੇ ਗੱਲ ਜਿੰਨੇ ਮੂੰਹ ਓਨੀਆਂ ਗੱਲਾਂ ਵਾਲੀ ਬਣੀ ਰਹੀ । ਪੰਜਾਬ ਦੇ ਟੀ ਵੀ ਚੈਨਲ ਕਿਸੇ ਵੀ ਕਾਂਗਰਸੀ ਆਗੂ ਨੂੰ ਫੜਦੇ ਰਹੇ ਤੇ ਉਸ ਦੇ ਕਹੇ ਹੋਏ ਬੋਲਾਂ ਨਾਲ ਮਿਰਚ ਮਸਾਲਾ ਲਾ ਕੇ ਵੱਡੀਆਂ ਖ਼ਬਰਾਂ ਅਤੇ ਵੱਡੇ ਵੱਡੇ ਡਿਬੇਟ ਪੇਸ਼ ਕਰਦੇ ਰਹੇ ਹਨ ।
ਨਵਜੋਤ ਸਿੰਘ ਸਿੱਧੂ ਡੇਢ ਕੁ ਸਾਲ ਜਿੰਨੇ ਕੁ ਮੋਨ ਚ ਰਹੇ ਪਿਛਲੇ ਡੇਢ ਕੁ ਮਹੀਨੇ ਤੋਂ ਉਸ ਤੋ ਕਈ ਗੁਣਾ ਜਿਆਦਾ ਸਰਗਰਮ ਨਜ਼ਰ ਆਏ । ਉਹਨਾ ਨੇ ਇਸ ਵਾਰ ਪੱਤਰਕਾਰਾਂ ਅੱਗੇ ਬਿਆਨਬਾਜੀ ਕਰਨ ਦੇ ਨਾਲ ਨਾਲ ਸ਼ੋਸ਼ਲ ਮੀਡੀਏ ਦੀ ਵੀ ਭਰਪੂਰ ਵਰਤੋ ਕੀਤੀ, ਇੱਥੋਂ ਤੱਕ ਕਿ ਕਾਫ਼ੀ ਲੰਮੀਆਂ ਲੰਮੀਆਂ ਇੰਟਰਵਿਊ ਦੇਣ ਦੇ ਨਾਲ ਨਾਲ ਟਵਿੱਟਰ ਉੱਤੇ ਡੇਢ ਕੁ ਸੌ ਦੇ ਲਗਭਗ ਟਵੀਟ ਵੀ ਕੀਤਾ ।
ਕੈਪਟਨ ਅਮਰਿੰਦਰ ਸਿੰਘ ਜੋ ਪਹਿਲਾਂ ਡਾਂਗ ਵਾਲੀ ਖੜ੍ਹੀ ਬੋਲੀ ਬੋਲਿਆ ਕਰਦੇ ਸਨ ਇਸ ਸਮੇਂ ਬਹੁਤ ਡਰੇ ਤੇ ਘਬਰਾਏ ਹੋਏ ਨਜ਼ਰ ਆਏ । ਇਸ ਲੰਮੇ ਦੌਰਾਨ ਉਹਨਾ ਨੇ ਕੁਰਸੀ ਤੇ ਸ਼ੋਹਰਤ ਦੇ ਮੋਹ ਨਾਲ ਸੰਬੰਧਿਤ ਸਿਆਣਿਆਂ ਦੁਆਰਾ ਕਹੀ ਹੋਈ ਉਹ ਗੱਲ ਕਿ “ਮਨੁੱਖ ਜਿਵੇਂ ਜਿਵੇਂ ਬੁਢਾਪੇ ਵੱਲ ਵਧਦਾ ਜਾਂਦਾ ਹੈ ਤਿਵੇਂ ਤਿਵੇਂ ਉਸ ਅੰਦਰ ਸ਼ੋਹਰਤ ਤੇ ਮਾਇਆਵੀ ਮੋਹ ਦੀ ਲਾਲਸਾ ਵਧਦੀ ਜਾਂਦੀ ਹੈ” ਵੀ ਸਹੀ ਸਾਬਤ ਕਰ ਦਿਖਾਈ । ਏਹੀ ਕਾਰਨ ਹੈ ਕਿ ਇੱਕੋ ਸਮੇਂ ਮੁੱਖ ਮੰਤਰੀ ਦੀ ਕੁਰਸੀ ਸਮੇਤ ਪੰਜਾਬ ਸਰਕਾਰ ਦੇ ਬਹੁਤਿਆਂ ਪਦਾਂ ‘ਤੇ ਕੁੰਡਲ਼ੀ ਮਾਰਕੇ ਬੈਠਣ ਦੇ ਨਾਲ ਨਾਲ ਹੀ ਸਮੇਂ ਸਮੇਂ ਬਣੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਾਂ ਨੂੰ ਵੀ ਉਹ ਟਿੱਚ ਕਰਕੇ ਜਾਣਦਾ ਰਹਿਣ ਵਾਲਾ ਤੇ 2017 ਦੀਆਂ ਚੋਣਾਂ ਨੂੰ ਆਪਣੀ ਆਖਰੀ ਸਿਆਸੀ ਪਾਰੀ ਦੱਸਕੇ ਤੇ ਝੂਠੀਆ ਸੌਹਾਂ ਖਾ ਕੇ ਲੋਕਾਂ ਤੋ ਵੋਟਾਂ ਮੰਗਕੇ ਹੁਣ ਅਗਾਮੀ ਚੋਣਾਂ ਵਾਸਤੇ ਵੀ ਗੱਦੀ ‘ਤੇ ਟਿੱਕਿਆਂ ਰਹਿਣ ਵਾਸਤੇ ਤਰਲੋ ਮੱਛੀ ਹੋ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਸਿਆਸਤ ਵਿੱਚ ਕਦੇ ਵੀ ਕੁੱਜ ਵੀ ਪੱਕਾ ਜਾਂ ਸਥਿਰ ਨਹੀਂ ਹੁੰਦਾ । ਇਸ ਵਿੱਚ ਵੱਡੇ ਛੋਟੇ ਦੀ ਅਹਿਮੀਅਤ ਨਹੀਂ ਬਲਕਿ ਯੋਗਤਾ ਤੇ ਜੁਗਾੜ ਦੀ ਕਦਰ ਹੁੰਦੀ ਹੈ । ਸਿਆਸਤ ਵਿੱਚ ਕਈ ਵਾਰ ਨਹੀਂ ਬਹੁਤ ਵਾਰ ਇਹ ਦੇਖਿਆ ਜਾਂਦਾ ਹੈ ਕਿ ਕਈ ਸਾਲਾਂ ਦੇ ਲੰਮੇ ਤਜਰਬੇ ਵਾਲੇ ਪਿੱਛੇ ਰਹਿ ਜਾਂਦੇ ਹਨ ਕਿਉਂਕਿ ਉਹ ਹੋਰ ਕਿਸੇ ਕਾਬਲੀਅਤ ਦੀ ਬਜਾਏ ਸਿਰਫ ਉਮਰ ਨੂੰ ਕਾਬਲੀਅਤ ਮੰਨ ਲੈਂਦੇ ਹਨ । ਆਪਾਂ ਬਹੁਤਾ ਪਿੱਛੇ ਨਾ ਵੀ ਜਾਈਏ ਤਾਂ ਦੇਖ ਸਕਦੇ ਹਾਂ ਕਿ ਮੋਦੀ, ਲਾਲ ਕਿ੍ਰਸ਼ਨ ਅਡਵਾਨੀ ਨੂੰ ਠਿੱਬੀ ਲਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਜਾ ਬੈਠਾ, ਭਗਵੰਤ ਮਾਨ ਨੇ ਸ਼ੁੱਚਾ ਸਿੰਘ ਛੋਟੇਪੁਰ, ਸੁਖਪਾਲ ਸਿੰਘ ਖਹਿਰਾ ਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਰੇ ਧੱਕ ਕੇ ਆਮ ਆਦਮੀ ਪਾਰਟੀ ਦੀ ਲਗਾਮ ਆਪਣੇ ਹੱਥ ਚ ਲੈ ਲਈ । ਇਸੇ ਤਰਾਂ ਅਕਾਲੀ ਦਲ ਚ ਰਣਜੀਤ ਸਿੰਘ ਬ੍ਰਹਮਪੁਰਾ, ਅਜਨਾਲਾ, ਭੂੰਦੜ ਤੇ ਸੁਖਦੇਵ ਸਿੰਘ ਢੀਂਡਸਾ ਦੀ ਸੁਖਬੀਰ ਬਾਦਲ ਮੰਜੀ ਠੋਕ ਗਿਆ । ਕਹਿਣ ਦਾ ਭਾਵ ਇਹ ਹੈ ਕਿ ਸਿਆਸਤ ਵਿੱਚ ਉਮਰ ਦੀ ਬਜਾਏ ਜੁਗਾੜ ਨੂੰ ਵੱਡੀ ਯੋਗਤਾ ਮੰਨਿਆ ਜਾਂਦਾ ਹੈ । ਇਸ ਵੇਲੇ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨਗੀ ਵਾਸਤੇ ਜੁਗਾੜ ਲੱਗ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਵੀ ਕਿਸੇ ਹੋਰ ਦਾ ਕਬਜਾ ਹੋ ਸਕਦਾ ਹੈ ।
ਸ਼ੇਖ ਸ਼ਾਹਦੀ ਇਕ ਬਹੁਤ ਵੱਡਾ ਦਾਨਸ਼ਵਰ ਹੋਇਆ ਹੈ । ਉਸ ਦਾ ਕਹਿਣਾ ਹੈ ਕਿ ਕੌੜਾ ਬੋਲਣ ਵਾਲੇ ਦੀ ਖੰਡ ਵੀ ਨਹੀਂ ਵਿਕਦੀ ਜਦ ਕਿ ਮਿੱਠਾ ਬੋਲਣ ਵਾਲੇ ਦੀਆਂ ਮਿਰਚਾਂ ਤੇ ਜਿਗਰ ਵੀ ਮਹਿੰਗੇ ਭਾਅ ਵਿਕ ਜਾਂਦੇ ਹਨ । ਪੰਜਾਬ ਅੰਦਰ ਕੱਲ੍ਹ ਤੋਂ ਜੋ ਕੁੱਜ ਚੱਲ ਰਿਹਾ ਹੈ, ਉਸ ਤੋਂ ਸ਼ੇਖ ਸ਼ਾਹਦੀ ਦੇ ਬੋਲ ਇੰਨ-ਬਿੰਨ ਸੱਚੇ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਕਾਂਗਰਸ ਵਿਚਲੇ ਬਹੁਤੇ ਵਿਧਾਇਕ ਜੋ ਕੈਪਟਨ ਅਮਰਿੰਦਰ ਸਿੰਘ ਦੀ ਖਰਵੀ ਬੋਲੀ ਤੋਂ ਅੰਦਰੋਂ ਔਖੇ ਸਨ ਪਰ ਮੁੱਖ ਮੰਤਰੀ ਹੋਣ ਕਰਕੇ ਉਸ ਦੇ ਨੇੜੇ ਹੋਣ ਦਾ ਨਾ ਚਾਹੁੰਦਿਆਂ ਹੋਇਆ ਵੀ ਡਰਾਮਾ ਕਰਦੇ ਰਹਿੰਦੇ ਸਨ, ਹੁਣ ਬੀਤੇ ਕੱਲ੍ਹ ਤੋ ਕੁੱਜ ਕੁ ਤਾਂ ਸ਼ਰੇਆਮ ਉਸ ਦੇ ਵਿਰੋਧ ਚ ਆ ਖੜ੍ਹੇ ਹਨ ਜਦ ਕਿ ਕੁੱਜ ਕੁ ਦੋਹੀਂ ਪਾਸੀਂ ਸੁਲ੍ਹਾ ਮਾਰਕੇ ਆਪਣੇ ਪੈਰ ਪੱਕੇ ਕਰਨ ਚ ਲੱਗੇ ਹੋਏ ਹਨ ਤੇ ਕਈ ਅਜਿਹੇ ਵੀ ਹਨ ਜੋ ਅਜੇ ਵੀ ਊਠ ਦੀ ਕਰਵਟ ਤੇ ਤੇਲ ਦੀ ਧਾਰ ਦੀ ਗਿਣਤੀ ਮਿਣਤੀ ਕਰਨ ਚ ਰੁੱਝੇ ਹੋਏ ਹਨ ।
ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਵੇਲੇ, ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸੇ ਚ ਲੈਣਾ ਤਾਂ ਦੂਰ ਦੀ ਗੱਲ ਰਹੀ ਬਲਕਿ ਉਸ ਨੂੰ ਫ਼ੈਸਲੇ ਦੇ ਆਖਰੀ ਸਮੇਂ ਤੱਕ ਭਿਣਕ ਤੱਕ ਵੀ ਨਹੀਂ ਪੈਣ ਦਿੱਤੀ । ਹਾਂ, ਕੈਪਟਨ ਨੂੰ ਤਿੰਨ ਚਾਰ ਵਾਰ ਦਿੱਲੀ ਸੱਦਕੇ ਇਹ ਜ਼ਰੂਰ ਕਹਾ ਲਿਆ ਕਿ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ, ਉਹ ਉਸ ਫ਼ੈਸਲੇ ‘ਤੇ ਬਿਨਾ ਕਿਸੇ ਉਜ਼ਰ ਫੁੱਲ ਚੜ੍ਹਾਏਗਾ, ਪਰ ਆਪਣੇ ਬਚਨਾਂ ਤੋ ਉਲਟ ਹੁਣ ਕੱਲ੍ਹ ਦਾ ਮੂੰਹ ਲਟਕਾਈ ਬੈਠਾ ਹੈ । ਸ਼ਾਇਦ ਢੀਠਤਾ ਤੇ ਕੁਰਸੀ ਮੋਹ ਦੀ ਪਕੜ ਉਸ ਦੇ ਮਨ ਮਸਤਿਕ ਉੱਤੇ ਬਹੁਤ ਮਜ਼ਬੂਤ ਹੋ ਚੁੱਕੀ ਹੈ, ਨਹੀਂ ਤਾਂ ਏਨੀ ਕੁ ਹੋ ਜਾਣ ਤੋ ਬਾਅਦ ਕੋਈ ਵੀ ਭਲਾ ਬੰਦਾ ਅਸਤੀਫ਼ਾ ਦੇ ਕੇ ਪਰੇ ਹੋ ਜਾਂਦਾ ਹੈ ।
ਨਵਜੋਤ ਸਿੱਧੂ ਵਾਸਤੇ ਵੀ ਕਾਂਗਰਸ ਦੀ ਪ੍ਰਧਾਨਗੀ ਕੋਈ ਫੁੱਲਾਂ ਦਾ ਤਾਜ ਨਹੀਂ । ਉਸ ਨੂੰ ਜਿੱਥੇ ਪੰਜਾਬ ਕਾਂਗਰਸ ਦੇ ਅੰਦਰੂਨੀ ਵਿਰੋਧ ਦਾ ਸਾਹਮਣਾ ਪੈਰ ਪੈਰ ‘ਤੇ ਕਰਨਾ ਪਵੇਗਾ, ਵਿਰੋਧੀ ਸਿਆਸੀ ਪਾਰਟੀਆਂ ਲੱਤਾਂ ਖਿੱਚਣਗੀਆਂ, ਮੁਲਾਜ਼ਮ ਵਰਗ ਦੀਆ ਮੰਗਾ ਦੀ ਫਿਕਰ, 2017 ਚ ਕੀਤੇ 17 ਨੁਕਾਤੀ ਵਾਅਦਿਆ ਦਾ ਜਵਾਬ ਦੇਣਾ ਪਵੇਗਾ ਉੱਥੇ ਇਸ ਦੇ ਨਾਲ ਹੀ 2022 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਵੀ ਪੰਜਾਬ ਕਾਂਗਰਸ ਢਿੱਲੀਆਂ ਹੋ ਚੁੱਕੀਆਂ ਚ ਫਾਲ਼ਾਂ ਠੋਕ ਕੇ ਪਾਰਟੀ ਦਾ ਕਿਲਾ ਮਜ਼ਬੂਤ ਕਰਨ ਵਾਸਤੇ ਸਿਰ ਤੋੜ ਮਿਹਨਤ ਕਰਨੀ ਪਵੇਗੀ । ਇਹ ਕਹਿ ਲਓ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪਰਵਾਨ ਕਰਕੇ ਸਿੱਧੂ ਨੇ ਇਕ ਅਜਿਹੇ ਉੱਖਲ਼ ਚ ਸਿਰ ਦੇ ਲਿਆ ਹੈ ਜਿਸ ਵਿੱਚ ਚੌਪਾਸਿਓਂ ਹੀ ਮੂੰਗਲ਼ੀ ਦੀ ਮਾਰ ਪੈ ਰਹੀ ਹੈ । ਇਸ ਮਾਰ ਨੂੰ ਸਹਿਣ ਵਾਸਤੇ ਉਸ ਨੂੰ ਆਪਣੇ ਕੰਨਾਂ ਚ ਕੌੜਾ ਤੇਲ ਪਾ ਕੇ, ਵਿਰੋਧੀਆਂ ਦੀਆ ਚੋਭਾਂ ਨੂੰ ਸੁਣਿਆ ਅਣਸੁਣਿਆ ਕਰਦੇ ਹੋਏ ਆਪਣਾ ਮੂੰਹ ਬੰਦ ਕਰਕੇ ਬਹੁਤ ਹੀ ਵੱਡਾ ਜੇਰਾ ਕਰਕੇ ਵਿਚਰਨਾ ਪਵੇਗਾ ਜੋ ਕਿ ਸਿੱਧੂ ਦੇ ਪਿਛੋਕੜ ਵੱਲ ਨਜ਼ਰ ਮਾਰਕੇ ਦੇਖੀਏ ਤਾਂ ਉਸ ਵਾਸਤੇ ਇਕ ਬਹੁਤ ਔਖਾ ਕਾਰਜ ਹੈ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਰਿਹਾ ਹੈ ਕਿ ਉਹ ਬੋਲਣ ਸਮੇਂ ਚੁੱਪ ਰਹਿੰਦਾ ਹੈ ਤੇ ਜਿੱਥੇ ਚੁੱਪ ਰਹਿਣ ਦੀ ਜ਼ਰੂਰਤ ਹੁੰਦੀ ਹੈ, ਉੱਥੇ ਠੋਕੋ ਤਾਲੀ ਕਰਦਾ ਹੈ ।
ਅਲਬੱਤਾ, ਸਿੱਧੂ ਨੂੰ ਪ੍ਰਧਾਨਗੀ ਦੀ ਮੁਬਾਰਕ ਤੇ ਸ਼ੁਭਕਾਮਨਾਵਾਂ, ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਖੇਮੋ ਨੂੰ ਕੁਰਸੀ ਮੋਹ ਤੇ ਹਠ ਦਾ ਤਿਆਗ ਕਰਕੇ ਪੰਜਾਬ ਦੇ ਹਿਤਾਂ ਲਈ ਕੰਮ ਕਰਨ ਦੀ ਅਪੀਲ ਤੇ ਸਮੁੱਚੇ ਪੰਜਾਬੀਆ ਦੀ ਬੇਹਤਰੀ ਤੇ ਭਲੇ ਵਾਸਤੇ ਅਰਦਾਸ ਕਰਦਾ ਹਾਂ । ਮੁੱਕਦੀ ਗੱਲ ਇਹ ਕਿ ਚੌਧਰ ਦੀ ਕੁਰਸੀ ਕਿਸੇ ਥੱਲੇ ਵੀ ਹੋਵੇ ਪਰ ਮੁੱਖ ਮੁੱਦਾ ਇਸ ਵੇਲੇ ਇਹ ਹੈ ਕਿ ਪੰਜਾਬ ਦੀ ਵਿਗੜੀ ਕੌਣ ਸਵਾਰਦਾ ਹੈ ਤੇ ਲੋਕ ਉਸ ਦੇ ਨਾਲ ਹੀ ਹੋਣਗੇ ਜੋ ਇਸ ਦਿਸ਼ਾ ਵਿੱਚ ਸਿਰਫ ਗੱਲਾਂ ਕਰਨ ਦੀ ਬਜਾਏ ਕੋਈ ਨਿੱਗਰ ਕੰਮ ਕਰੇਗਾ ਤੇ ਫਿਰ ਉਹ ਸਿੱਧੂ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਤੇ ਜਾਂ ਕੋਈ ਵੀ ਹੋਰ । ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਵਾਸਤੇ ਫੁੱਲਾਂ ਦਾ ਤਾਜ ਬਣਦੀ ਹੈ ਕਿ ਕੰਡਿਆ ਦਾ ! ਦੂਜੇ ਸ਼ਬਦਾਂ ਚ ਇਸ ਤਰਾਂ ਵੀ ਕਹਿ ਸਕਦੇ ਹਾਂ ਕਿ ਸਿੱਧੂ ਨੂੰ ਇਕ ਮੌਕਾ ਮਿਲਿਆ ਹੈ ਜਿਸ ਬਾਰੇ ਦੇਖਣਾ ਇਹ ਹੋਵੇਗਾ ਕਿ ਕੀ ਉਹ ਇਸ ਮੌਕੇ ਨੂੰ ਸਫਲਤਾ ਚ ਬਦਲ ਸਕਣ ਦੇ ਸਮਰੱਥ ਹੁੰਦਾ ਕਿ ਨਹੀਂ ?

Related posts

ਬੁੱਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ ?

admin

ਭਾਰਤ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਧਦਾ ਨੈੱਟਵਰਕ !

admin

ਕੰਨੜ ਲੇਖਿਕਾ ਦੇ ਮਿੰਨੀ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਨੂੰ ‘ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2025’ ਮਿਲਿਆ !

admin