ਐਨਡੀਏ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਭਾਰਤ ਦਾ ਨਵਾਂ ਉਪ-ਰਾਸ਼ਟਰਪਤੀ ਚੁਣਿਆ ਗਿਆ ਹੈ। ਭਾਰਤ ਦੇ ਉਪ-ਰਾਸ਼ਟਰਪਤੀ ਦੀ ਚੋਣ ਵਿੱਚ ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ 452 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀ ਅਤੇ ਇੰਡੀਆ ਗੱਠਜੋੜ ਦੇ ਬੀ ਸੁਦਰਸ਼ਨ ਰੈਡੀ ਨੂੰ 152 ਵੋਟਾਂ ਦੇ ਫਰਕ ਨਾਲ ਹਰਾਇਆ। ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲੀਆਂ। ਐਨਡੀਏ ਨੂੰ ਲਗਭਗ ਦੋ-ਚੌਥਾਈ ਵੋਟਾਂ ਨਾਲ ਬਹੁਮਤ ਮਿਲਿਆ ਹੈ। ਵਿਰੋਧੀ ਗੱਠਜੋੜ ਨੇ ਵੀ ਉਪ-ਰਾਸ਼ਟਰਪਤੀ ਚੋਣ ਵਿੱਚ ਚੰਗੀ ਚੁਣੌਤੀ ਦਿੱਤੀ। ਪਰ ਉਨ੍ਹਾਂ ਦੀ ਗਿਣਤੀ ਐਨਡੀਏ ਨਾਲੋਂ ਘੱਟ ਸੀ। ਇਸ ਚੋਣ ਨੂੰ ਜਿੱਤਣ ਲਈ 392 ਵੋਟਾਂ ਦੀ ਲੋੜ ਸੀ ਜੋ ਐਨਡੀਏ ਉਮੀਦਵਾਰ ਨੂੰ ਆਸਾਨੀ ਨਾਲ ਮਿਲ ਗਈਆਂ।
ਸੰਸਦ ਭਵਨ ਦੇ ਵਸੁੰਧਾ ਭਵਨ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਈ। ਸੰਸਦ ਦੇ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਇਸ ਚੋਣ ਵਿੱਚ ਵੋਟ ਪਾਈ। ਉਪ-ਰਾਸ਼ਟਰਪਤੀ ਚੋਣ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਵੋਟ ਪਾਉਂਦੇ ਹਨ ਜਿਨ੍ਹਾਂ ਦੀ ਗਿਣਤੀ 788 ਹੈ। ਇਨ੍ਹਾਂ ਵਿੱਚੋਂ ਇਸ ਸਮੇਂ 7 ਸੀਟਾਂ ਖਾਲੀ ਹਨ ਇਸ ਕਰਕੇ ਸਿਰਫ਼ 781 ਸੰਸਦ ਮੈਂਬਰਾਂ ਨੇ ਹੀ ਵੋਟਾਂ ਪਾਈਆਂ। ਇਨ੍ਹਾਂ ਵਿੱਚੋਂ ਐਨਡੀਏ ਦੇ ਸੰਸਦ ਮੈਂਬਰਾਂ ਦੀ ਗਿਣਤੀ 427 ਸੀ ਅਤੇ ਵਿਰੋਧੀ ਸੰਸਦ ਮੈਂਬਰਾਂ ਦੀ ਗਿਣਤੀ 354 ਸੀ। ਵਿਰੋਧੀ ਸੰਸਦ ਮੈਂਬਰਾਂ ਵਿੱਚੋਂ 315 ਇੰਡੀਆ ਬਲਾਕ ਵਿੱਚ ਸ਼ਾਮਲ ਪਾਰਟੀਆਂ ਦੇ ਸਨ ਅਤੇ 39 ਅਜਿਹੀਆਂ ਪਾਰਟੀਆਂ ਦੇ ਸਨ ਜੋ ਐਨਡੀਏ ਜਾਂ ਇੰਡੀਆ ਬਲਾਕ ਦਾ ਹਿੱਸਾ ਨਹੀਂ ਸਨ। ਇਨ੍ਹਾਂ ਵਿੱਚੋਂ ਜਾਮਨ ਮੋਹਨ ਰੈਡੀ ਦੀ ਪਾਰਟੀ ਵਾਈਐਸਆਰ ਕਾਂਗਰਸ ਦੇ 11 ਸੰਸਦ ਮੈਂਬਰਾਂ ਨੇ ਐਨਡੀਏ ਨੂੰ ਵੋਟ ਪਾਈ ਜਿਸ ਨਾਲ ਐਨਡੀਏ ਦੀ ਗਿਣਤੀ 438 ਹੋ ਗਈ। ਇਸ ਚੋਣ ਵਿੱਚ ਬੀਜੇਡੀ ਅਤੇ ਬੀਆਰਐਸ ਵਰਗੀਆਂ ਪਾਰਟੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਗੀਆਂ। ਅਕਾਲੀ ਦਲ ਦੇ ਸੰਸਦ ਮੈਂਬਰ ਨੇ ਹੜ੍ਹ ਕਾਰਨ ਵੋਟਿੰਗ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਵਿੱਚ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ, ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਨੇ ਐਨਡੀਏ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਬਾਕੀ ਬਚੀਆਂ 39 ਵੋਟਾਂ ਦੇ ਵਿੱਚੋਂ 28 ‘ਚੋਂ 7 ਬੀਜੇਡੀ ਦੀਆਂ, 4 ਬੀਆਰਐਸ ਦੀਆਂ, 1 ਅਕਾਲੀ ਦਲ ਦੀ ਅਤੇ ਦੋ ਆਜ਼ਾਦ ਸੰਸਦ ਮੈਂਬਰਾਂ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਨੇ ਕਿਸੇ ਨੂੰ ਵੀ ਵੋਟ ਨਹੀਂ ਦਿੱਤੀ। ਭਾਵ 14 ਸੰਸਦ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਅਜਿਹੀ ਸਥਿਤੀ ਵਿੱਚ ਬਾਕੀ ਬਚੀਆਂ 14 ਵੋਟਾਂ ਐਨਡੀਏ ਨੂੰ ਗਈਆਂ। ਕੁੱਲ 15 ਵੋਟਾਂ ਨੂੰ ਗੈਰ-ਕਾਨੂੰਨੀ ਐਲਾਨਿਆਂ ਗਿਆ ਸੀ ਜਿਨ੍ਹਾਂ ਵਿੱਚੋਂ 10 ਵੋਟਾਂ ਐਨਡੀਏ ਦੀਆਂ ਸਨ ਅਤੇ 5 ਵੋਟਾਂ ਵਿਰੋਧੀ ਧਿਰ ਦੀਆਂ ਸਨ। ਇਸ ਚੋਣ ਵਿੱਚ 15 ਵੋਟਾਂ ਗੈਰ-ਕਾਨੂੰਨੀ ਪਾਈਆਂ ਗਈਆਂ ਯਾਨੀ ਕਿ ਕੁੱਲ ਵੋਟਾਂ ਦਾ ਲਗਭਗ 2 ਪ੍ਰਤੀਸ਼ਤ। ਇਸ ਤੋਂ ਪਤਾ ਚੱਲਦਾ ਹੈ ਕਿ ਸੰਸਦ ਮੈਂਬਰਾਂ ਵੱਲੋਂ ਵੋਟਿੰਗ ਪ੍ਰਕਿਰਿਆ ਵਿੱਚ ਗਲਤੀਆਂ ਕਰਨ ਜਾਂ ਜਾਣਬੁੱਝ ਕੇ ਗੈਰ-ਕਾਨੂੰਨੀ ਵੋਟਾਂ ਪਾਉਣ ਦੀ ਸੰਭਾਵਨਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਚੋਣਾਂ ਵਿੱਚ ਸੰਸਦ ਮੈਂਬਰਾਂ ਨੂੰ ਸਹੀ ਵੋਟ ਪਾਉਣ ਲਈ ਲੰਬੀ ਸਿਖਲਾਈ ਦੀ ਲੋੜ ਹੋਵੇਗੀ ਤਾਂ ਜੋ ਗੈਰ-ਕਾਨੂੰਨੀ ਵੋਟਾਂ ਦੀ ਗਿਣਤੀ ਘੱਟ ਕੀਤੀ ਜਾ ਸਕੇ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ-ਰਾਸ਼ਟਰਪਤੀ ਚੋਣ ਵਿੱਚ ਜਿੱਤ ‘ਤੇ ਵਧਾਈ ਦਿੱਤੀ।
ਇਹ ਚੋਣ ਜੁਲਾਈ ਵਿੱਚ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਸਿਹਤ ਕਾਰਣਾਂ ਕਰਕੇ ਅਸਤੀਫਾ ਦੇਣ ਤੋਂ ਬਾਅਦ ਹੋਈ। ਸੰਸਦ ਦੇ ਹਾਲ ਹੀ ਦੇ ਮਾਨਸੂਨ ਸੈਸ਼ਨ ਦੌਰਾਨ ਜਗਦੀਪ ਧਨਖੜ ਨੇ ਸਿਹਤ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਦੋ ਸਾਲ ਬਾਕੀ ਸਨ।
ਭਾਰਤ ਦਾ ਉਪ-ਰਾਸ਼ਟਰਪਤੀ ਚੁਣੇ ਜਾਣ ‘ਤੇ ਸੀ.ਪੀ. ਰਾਧਾਕ੍ਰਿਸ਼ਨਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਾਨੂੰ 2047 ਤੱਕ ਵਿਕਸਤ ਭਾਰਤ ਬਣਾਉਣਾ ਹੈ ਤਾਂ ਸਾਨੂੰ ਹਰ ਚੀਜ਼ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ। ਚੋਣਾਂ ਖਤਮ ਹੋਣ ਤੋਂ ਬਾਅਦ ਸਾਨੂੰ ਰਾਜਨੀਤੀ ਨੂੰ ਭੁੱਲ ਕੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਮੈਂ ਇਸ ਨਵੇਂ ਅਹੁਦੇ ‘ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗਾ। ਲੋਕਤੰਤਰ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਮਹੱਤਵਪੂਰਨ ਹਨ। ਲੋਕਤੰਤਰ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ। ਦੂਜੇ ਪੱਖ (ਵਿਰੋਧੀ ਧਿਰ) ਨੇ ਕਿਹਾ ਕਿ ਇਹ ਇੱਕ ਵਿਚਾਰਧਾਰਕ ਲੜਾਈ ਹੈ ਪਰ ਵੋਟਿੰਗ ਪੈਟਰਨ ਤੋਂ ਅਸੀਂ ਸਮਝ ਗਏ ਹਾਂ ਕਿ ਰਾਸ਼ਟਰਵਾਦੀ ਵਿਚਾਰਧਾਰਾ ਵੱਡੇ ਫਰਕ ਨਾਲ ਜਿੱਤ ਗਈ ਹੈ।
ਉਪ-ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ, ਬੀ ਸੁਦਰਸ਼ਨ ਰੈਡੀ ਨੇ ਕਿਹਾ, ਮੈਂ ਨਵੇਂ ਚੁਣੇ ਗਏ ਉਪ-ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੇ ਕਾਰਜਕਾਲ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਹਾਲਾਂਕਿ ਨਤੀਜਾ ਮੇਰੇ ਹੱਕ ਵਿੱਚ ਨਹੀਂ ਹੈ ਪਰ ਵਿਚਾਰਧਾਰਕ ਲੜਾਈ ਹੋਰ ਜ਼ੋਰਾਂ-ਸ਼ੋਰਾਂ ਨਾਲ ਜਾਰੀ ਰਹੇਗੀ।
ਸੀਪੀ ਰਾਧਾਕ੍ਰਿਸ਼ਨਨ ਦਾ ਜਨਮ 4 ਮਈ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਗੌਂਡਰ ਤੋਂ ਆਉਂਦੇ ਹਨ ਜੋ ਕਿ ਤਾਮਿਲਨਾਡੂ ਦੀ ਇੱਕ ਪ੍ਰਮੁੱਖ ਓਬੀਸੀ ਜਾਤੀ ਹੈ ਅਤੇ ਆਰਐਸਐਸ ਪਿਛੋਕੜ ਵਾਲਾ ਹੈ। ਉਨ੍ਹਾਂ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਨ੍ਹਾਂ ਦਾ ਰਾਜਨੀਤਿਕ ਸਫ਼ਰ ਆਰਐਸਐਸ ਨਾਲ ਸ਼ੁਰੂ ਹੋਇਆ ਸੀ। 1974 ਵਿੱਚ ਉਹ ਭਾਰਤੀ ਜਨ ਸੰਘ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ। ਉਹ ਓਬੀਸੀ ਭਾਈਚਾਰੇ ਕੋਂਗੂ ਵੇਲਾਲਰ (ਗੌਂਡਰ) ਤੋਂ ਆਉਂਦੇ ਹਨ। ਉਨ੍ਹਾਂ ਦੀ ਪਤਨੀ ਦਾ ਨਾਮ ਆਰ. ਸੁਮਤੀ ਹੈ। ਸਾਲ 1996 ਵਿੱਚ ਉਨ੍ਹਾਂ ਨੂੰ ਭਾਜਪਾ ਤਾਮਿਲਨਾਡੂ ਦਾ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਬਾਅਦ, 1998 ਵਿੱਚ, ਉਹ ਪਹਿਲੀ ਵਾਰ ਕੋਇੰਬਟੂਰ ਤੋਂ ਲੋਕ ਸਭਾ ਸੰਸਦ ਮੈਂਬਰ ਚੁਣੇ ਗਏ ਅਤੇ 1999 ਵਿੱਚ ਦੁਬਾਰਾ ਜਿੱਤ ਦਾ ਝੰਡਾ ਲਹਿਰਾਇਆ। ਇਸ ਦੇ ਨਾਲ ਉਨ੍ਹਾਂ ਨੇ ਸੰਸਦ ਵਿੱਚ ਕੱਪੜਾ ਉਦਯੋਗ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ ਹੈ। ਉਹ ਪੀਐਸਯੂ ਕਮੇਟੀ, ਵਿੱਤ ਬਾਰੇ ਸਲਾਹਕਾਰ ਕਮੇਟੀ ਅਤੇ ਸਟਾਕ ਮਾਰਕੀਟ ਘੁਟਾਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਕਮੇਟੀ ਦੇ ਮੈਂਬਰ ਵੀ ਰਹੇ ਹਨ। ਸਾਲ 2004 ਵਿੱਚ, ਉਨ੍ਹਾਂ ਨੇ ਭਾਰਤੀ ਸੰਸਦੀ ਪਾਰਟੀ ਦੇ ਹਿੱਸੇ ਵਜੋਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਵੀ ਸੰਬੋਧਨ ਕੀਤਾ ਹੈ। ਉਹ ਤਾਈਵਾਨ ਜਾਣ ਵਾਲੇ ਪਹਿਲੇ ਸੰਸਦੀ ਵਫ਼ਦ ਦਾ ਵੀ ਹਿੱਸਾ ਸਨ। ਉਹ 2004 ਤੋਂ 2007 ਤੱਕ ਭਾਜਪਾ ਤਾਮਿਲਨਾਡੂ ਰਾਜ ਪ੍ਰਧਾਨ ਸਨ। ਇਸ ਦੌਰਾਨ, ਉਨ੍ਹਾਂ ਨੇ 19,000 ਕਿਲੋਮੀਟਰ ਲੰਬੀ ਰੱਥ ਯਾਤਰਾ ਕੱਢੀ, ਜੋ 93 ਦਿਨਾਂ ਤੱਕ ਚੱਲੀ। ਇਸ ਯਾਤਰਾ ਵਿੱਚ ਉਨ੍ਹਾਂ ਨੇ ਨਦੀਆਂ ਨੂੰ ਜੋੜਨ, ਅੱਤਵਾਦ ਨੂੰ ਖਤਮ ਕਰਨ, ਇਕਸਾਰ ਸਿਵਲ ਕੋਡ ਲਾਗੂ ਕਰਨ, ਛੂਤਛਾਤ ਨੂੰ ਖਤਮ ਕਰਨ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਰਗੇ ਮੁੱਦੇ ਉਠਾਏ। ਮੰਨਿਆ ਜਾਂਦਾ ਹੈ ਕਿ ਇਸ ਯਾਤਰਾ ਕਾਰਨ ਉਨ੍ਹਾਂ ਦਾ ਰਾਜਨੀਤਿਕ ਕੱਦ ਹੋਰ ਵਧਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਪਦਯਾਤਰਾ ਵੀ ਕੀਤੀਆਂ। 2016 ਤੋਂ 2020 ਤੱਕ, ਉਹ ਕੋਚੀਨ ਸਥਿਤ ਕੋਇਰ ਬੋਰਡ ਦੇ ਚੇਅਰਮੈਨ ਸਨ। ਉਨ੍ਹਾਂ ਦੀ ਅਗਵਾਈ ਵਿੱਚ ਕੋਇਰ ਨਿਰਯਾਤ 2532 ਕਰੋੜ ਰੁਪਏ ਦੇ ਉੱਚਤਮ ਪੱਧਰ ‘ਤੇ ਪਹੁੰਚ ਗਿਆ। 2020 ਤੋਂ 2022 ਤੱਕ, ਉਹ ਭਾਜਪਾ ਦੇ ਆਲ ਇੰਡੀਆ ਇੰਚਾਰਜ ਸਨ ਅਤੇ ਉਨ੍ਹਾਂ ਨੂੰ ਕੇਰਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। 18 ਫਰਵਰੀ 2023 ਨੂੰ ਉਨ੍ਹਾਂ ਨੂੰ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਸਿਰਫ਼ ਚਾਰ ਮਹੀਨਿਆਂ ਵਿੱਚ ਰਾਜ ਦੇ ਸਾਰੇ 24 ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਜਨਤਾ ਅਤੇ ਪ੍ਰਸ਼ਾਸਨ ਨਾਲ ਸਿੱਧਾ ਸੰਪਰਕ ਕੀਤਾ। 31 ਜੁਲਾਈ 2024 ਨੂੰ ਉਨ੍ਹਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਇਆ ਗਿਆ। ਇਸ ਦੌਰਾਨ, ਸਾਲ 2024 ਵਿੱਚ, ਉਨ੍ਹਾਂ ਨੂੰ ਤੇਲੰਗਾਨਾ ਦਾ ਰਾਜਪਾਲ ਵੀ ਬਣਾਇਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪੁਡੂਚੇਰੀ ਦਾ ਉਪ ਰਾਜਪਾਲ ਵੀ ਬਣਾਇਆ ਗਿਆ ਹੈ। ਸੀਪੀ ਰਾਧਾਕ੍ਰਿਸ਼ਨਨ ਇੱਕ ਚੰਗੇ ਖਿਡਾਰੀ ਵੀ ਰਹੇ ਹਨ। ਕਾਲਜ ਪੱਧਰ ‘ਤੇ ਉਹ ਇੱਕ ਟੇਬਲ ਟੈਨਿਸ ਚੈਂਪੀਅਨ ਅਤੇ ਲੰਬੀ ਦੂਰੀ ਦਾ ਦੌੜਾਕ ਸੀ। ਇਸ ਤੋਂ ਇਲਾਵਾ ਉਹ ਕ੍ਰਿਕਟ ਅਤੇ ਵਾਲੀਬਾਲ ਦੇ ਵੀ ਸ਼ੌਕੀਨ ਰਹੇ ਹਨ। ਉਹ ਅਮਰੀਕਾ, ਯੂਕੇ, ਜਰਮਨੀ, ਜਾਪਾਨ, ਚੀਨ ਅਤੇ ਕਈ ਯੂਰਪੀਅਨ ਦੇਸ਼ਾਂ ਸਮੇਤ ਦੁਨੀਆ ਦੇ ਕਈ ਹਿੱਸਿਆਂ ਦੀ ਯਾਤਰਾ ਕਰ ਚੁੱਕੇ ਹਨ।