Literature Articles

ਸੁਖਦੇਵ ਸਿੰਘ ਸ਼ਾਂਤ ਦੀ ਪੁਸਤਕ ‘ਗਿਆਰਾਂ ਭੱਟ ਸਾਹਿਬਾਨ’ ਮਨੁੱਖ ਤੋਂ ਸਿੱਖ ਬਣਨ ਲਈ ਮਾਰਗ ਦਰਸ਼ਕ

‘ਗਿਆਰਾਂ ਭੱਟ ਸਾਹਿਬਾਨ’ਸੁਖਦੇਵ ਸਿੰਘ ਸ਼ਾਂਤ ਦੀ ਚੌਧਵੀਂ ਪੁਸਤਕ ਹੈ।
ਲੇਖਕ: ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਸੁਖਦੇਵ ਸਿੰਘ ਸ਼ਾਂਤ ਸਿੱਖ ਵਿਚਾਰਧਾਰਾ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਪ੍ਰਤੀਬੱਧਤਾ ਨਾਲ ਪੁਸਤਕਾਂ ਲਿਖਕੇ ਮਨੁੱਖਤਾ ਨੂੰ ਜਾਗਰੂਕ ਕਰਨ ਵਿੱਚ ਵਿਲੱਖਣ ਯੋਗਦਾਨ ਪਾ ਰਿਹਾ ਹੈ। ਹੁਣ ਤੱਕ ਉਸ ਦੀਆਂ ਤੇਰਾਂ ਧਾਰਮਿਕ ਰੰਗ ਵਿੱਚ ਰੰਗੀਆਂ ਹੋਈਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਆਮ ਤੌਰ ‘ਤੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਬਾਣੀ ਬਾਰੇ ਹੀ ਬਹੁਤਾ ਸਾਹਿਤ ਲਿਖਿਆ ਗਿਆ ਹੈ, ਪ੍ਰੰਤੂ ਸੁਖਦੇਵ ਸਿੰਘ ਸ਼ਾਂਤ ਦੀ ਖ਼ੂਬੀ ਹੈ ਕਿ ਉਸਨੇ ਗੁਰੂ ਸਾਹਿਬ ਦੀ ਬਾਣੀ ਤੋਂ ਇਲਾਵਾ ਪਹਿਲਾਂ ਭਗਤਾਂ ਅਤੇ ਹੁਣ ਭੱਟ ਸਾਹਿਬਾਨ ਦੀ ਬਾਣੀ ਬਾਰੇ ਲਿਖਿਆ ਹੈ। ਇਸ ਲਈ ਉਹ ਵਧਾਈ ਦਾ ਪਾਤਰ ਹੈ। ‘ਗਿਆਰਾਂ ਭੱਟ ਸਾਹਿਬਾਨ’ ਉਸਦੀ ਚੌਧਵੀਂ ਪੁਸਤਕ ਹੈ। ਇਸ ਤੋਂ ਇਲਾਵਾ ਉਸਦੇ ਚਾਰ ਗੁਰਮਤਿ ਨਾਲ ਸੰਬੰਧਤ ਟ੍ਰੈਕਟ ਵੀ ਪ੍ਰਕਾਸ਼ਤ ਹੋ ਚੁੱਕੇ ਹਨ। ਇਸ ਪੁਸਤਕ ਨੂੰ ਉਸਨੇ ਚਾਰ ਅਧਿਆਇ ਵਿੱਚ ਵੰਡਿਆ ਹੈ। ਲੇਖਕ ਨੇ ‘ਗਿਆਰਾਂ ਭੱਟ ਸਾਹਿਬਾਨ’ ਦੇ ਸਵੱਈਏ ਅਰਥਾਤ ਭੱਟ-ਕਾਵਿ ਨੂੰ ਬਾਣੀ ਦਾ ਹੀ ਦਰਜਾ ਦਿੱਤਾ ਹੈ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੇ ਸਵੱਈਏ ਸ੍ਰੀ ਗੁਰੂ ਗ੍ਰੰਥ ਵਿੱਚ ਸ਼ਾਮਲ ਕਰਕੇ ਬਾਣੀ ਦਾ ਦਰਜਾ ਦੇ ਦਿੱਤਾ ਹੈ, ਭਾਵੇਂ ਇਹ ਸਵੱਈਏ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਹੀ ਕਹੇ ਗਏ ਹਨ। ਮੁਖ ਤੌਰ ‘ਤੇ ਸਵੱਈਏ ਛੰਦ ਦੀ ਵਰਤੋਂ ਕੀਤੀ ਗਈ ਹੈ, ਪ੍ਰੰਤੂ ਰਡ, ਝੋਲਨਾ ਅਤੇ ਸੋਰਠਾ ਛੰਦ ਵੀ ਵਰਤੇ ਗਏ ਹਨ। ਸਵੱਈਆਂ ਦੀ ਸਾਹਿਤਕ ਅਮੀਰੀ ਕਾਵਿ-ਅਲੰਕਾਰ, ਕਾਵਿ-ਰਸ, ਕਾਵਿ-ਰੂਪ, ਕਾਵਿ-ਛੰਦ ਅਤੇ ਅਖਾਣਾ-ਮੁਹਾਵਰਿਆਂ ਦੀ ਵਰਤੋਂ ਤੋਂ ਪਤਾ ਲੱਗਦੀ ਹੈ। ਪਹਿਲੇ ਅਧਿਆਇ ‘ਭੱਟ ਸਾਹਿਬਾਨ ਦੀ ਗਿਣਤੀ, ਉਨ੍ਹਾਂ ਦੇ ਮੁਖੀ ਅਤੇ ਸਵੱਈਏ ਉਚਾਰਨ ਦੇ ਸਮੇਂ-ਸਥਾਨ ਬਾਰੇ’ ਵਿੱਚ ਸੁਖਦੇਵ ਸਿੰਘ ਸ਼ਾਂਤ ਨੇ ਉਦਾਹਰਣਾ ਦੇ ਵੱਖ-ਵੱਖ ਵਿਦਵਾਨਾ ਦੀ ਜਾਣਕਾਰੀ ਦਾ ਅਧਿਐਨ ਕਰਨ ਤੋਂ ਬਾਅਦ ਇਹ ਸਾਬਤ ਕੀਤਾ ਹੈ ਕਿ ਭੱਟ ਸਾਹਿਬਾਨ ਦੀ ਗਿਣਤੀ ਗਿਆਰਾਂ ਹੀ ਹੈ, ਭਾਵੇਂ ਕਈ ਵਿਦਵਾਨਾ ਨੇ ਇਹ ਗਿਣਤੀ ਵੱਖਰੀ-ਵੱਖਰੀ ਦਿੱਤੀ ਹੈ, ਕਿਉਂਕਿ ਕਈ ਥਾਵਾਂ ਤੇ ਇੱਕੋ ਨਾਮ ਨੂੰ ਵੱਖ-ਵੱਖ ਤਰ੍ਹਾਂ ਲਿਖਿਆ ਗਿਆ ਹੈ, ਜਿਵੇਂ ਕਲਸਹਾਰ, ਕਲ੍ਹ ਅਤੇ ਟੱਲ ਲਿਖਿਆ ਹੈ। ਸਵੱਈਏ ਦੀ ਕੁਲ ਗਿਣਤੀ ਵੀ 123 ਦੱਸੀ ਹੈ। ਵੱਖ-ਵੱਖ ਭੱਟ ਸਾਹਿਬਾਨ ਨੇ ਵੱਖ-ਵੱਖ ਸਮੇਂ ਵੱਖ-ਵੱਖ ਗੁਰੂ ਸਾਹਿਬਾਨ ਦੀ ਪ੍ਰਸੰਸਾ ਵਿੱਚ ਸਵੱਈਏ ਲਿਖੇ ਤੇ ਲਿਖਤੀ ਰੂਪ ਵਿੱਚ ਸੰਭਾਲੇ। ਇਨ੍ਹਾਂ ਨੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਗੁਰੂ ਸਾਹਿਬਾਨ ਦੀ ਸਿਫ਼ਤ ਸਲਾਹ ਵਿੱਚ ਪਹਿਲਾਂ ਹੀ ਲਿਖੇ ਹੋਏ ਸਨ। ਪੰਜਵੇਂ ਗੁਰੂ ਸਾਹਿਬ ਨੂੰ ਗੋਇੰਦਵਾਲ ਸਾਹਿਬ ਵਿਖੇ ਹਾਜ਼ਰ ਹੋ ਕੇ ਪੜ੍ਹੇ, ਗਾਏ ਅਤੇ ਸੁਣਾਏ। ਭੱਟ ਕਲਸਹਾਰ ਜੀ, ਭੱਟ ਮਥੁਰਾ ਜੀ ਅਤੇ ਭੱਟ ਹਰਿਬੰਸ ਜੀ ਨੇ ਪੰਜਵੇਂ ਗੁਰੂ ਜੀ ਦੀ ਉਸਤਤ ਵਿੱਚ 21 ਸਵੱਈਆਂ ਦੀ ਰਚਨਾ ਕੀਤੀ ਸੀ। ਭੱਟ ਕਲਸਹਾਰ ਜੀ ਨੂੰ ਮੁਖ ਭੱਟ ਜੀ ਵਜੋਂ ਮੰਨਿਆਂ ਗਿਆ ਹੈ, ਕਿਉਂਕਿ ਉਸਨੇ ਸਭ ਤੋਂ ਵੱਧ 54 ਸ਼ਬਦ ਲਿਖੇ ਹਨ, ਪ੍ਰੰਤੂ ਸਭ ਤੋਂ ਪਹਿਲਾ ਭੱਟ ਭਿਖਾ ਜੀ ਸਨ। ਦੂਜਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੇ ਜੀਵਨ ਸੰਬੰਧੀ’ ਹੈ। ਭੱਟ ਗੌੜ ਬ੍ਰਾਹਮਣ ਆਪਣੇ ਜਜਮਾਨਾ ਦੀਆਂ ਬੰਸਾਵਲੀਆਂ ਵਹੀਆਂ ਵਿੱਚ ਦਰਜ ਕਰਦੇ ਸਨ। ਬਹੁਤੇ ਸੁਲਤਾਨਪੁਰ ਲੋਧੀ ਆ ਕੇ ਵਸ ਗਏ। ਭੱਟ ਭਿਖਾ ਜੀ ਸੱਚ ਦੀ ਭਾਲ ਵਿੱਚ ਐਧਰ ਓਧਰ ਭੱਟਕਦੇ ਸ੍ਰੀ ਗੁਰੂ ਅਮਰ ਦਾਸ ਜੀ ਕੋਲ ਪਹੁੰਚ ਗਏ। ਉਥੇ ਰਹਿਕੇ ਉਸਨੇ ਗੁਰੂ ਜੀ ਦੀ ਸਿਫ਼ਤ ਵਿੱਚ ਸਵੱਈਏ ਲਿਖੇ।

ਪਹਿਲੇ 10 ਭੱਟ ਸਾਹਿਬਾਨ ਭੱਟ ਭਿਖਾ ਜੀ ਦੇ ਸੰਬੰਧੀ ਹੀ ਸਨ। ਭੱਟ ਨਲ੍ਹਾ ਦਾ ਸਿੱਧਾ ਸੰਬੰਧ ਨਹੀਂ ਸੀ। ਭੱਟ ਭਿਖਾ ਜੀ ਦੇ ਤਿੰਨ ਸਪੁੱਤਰ ਭੱਟ ਮਥੁਰਾ ਜੀ, ਭੱਟ ਜਾਲਪ ਜੀ ਤੇ ਭੱਟ ਕੀਰਤ ਜੀ ਸਨ, ਭੱਟ ਮਥੁਰਾ ਜੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਦਰਸ਼ਨਾ ਲਈ ਆਏ ਤੇ 20-25 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਸੱਤ-ਸੱਤ ਸਵੱਈਏ ਉਚਾਰੇ। ਭੱਟ ਜਾਲਪ ਜੀ ਨੇ ਵੀ ਗੋਇੰਦਵਾਲ ਸਾਹਿਬ ਰਹਿ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਵਿੱਚ ਪੰਜ ਸਵੱਈਏ ਉਚਾਰੇ। ਭੱਟ ਕੀਰਤ ਜੀ ਨੇ ਵੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਚਾਰ-ਚਾਰ ਸਵੱਈਏ ਉਚਾਰੇ ਸਨ। ਇਸ ਲਈ ਇਨ੍ਹਾਂ ਦਾ ਸਮਾਂ ਗੁਰੂ ਸਾਹਿਬਾਨ ਵਾਲਾ ਹੀ ਹੈ। ਭੱਟ ਭਿਖਾ ਜੀ ਦੇ ਭਤੀਜੇ ਭੱਟ ਸਲ੍ਹ ਜੀ ਤੇ ਭੱਟ ਭਲ੍ਹ ਜੀ ਭੱਟ ਸੋਖਾ ਜੀ ਦੇ ਸਪੁੱਤਰ ਸਨ। ਭੱਟ ਸਲ੍ਹ ਜੀ ਨੇ ਸ੍ਰੀ ਗੁਰੂ ਅਮਰਦਾਸ ਸੰਬੰਧੀ ਇੱਕ ਸਵੱਈਆ ਅਤੇ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਦੋ ਸਵੱਈਏ ਉਚਾਰੇ ਸਨ। ਭੱਟ ਭਲ੍ਹ ਜੀ ਨੇ ਇੱਕ ਸਵੱਈਆ ਸ੍ਰੀ ਗੁਰੂ ਅਮਰਦਾਸ ਜੀ ਸੰਬੰਧੀ ਉਚਾਰਿਆ। ਭੱਟ ਬਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਪੰਜ ਸਵੱਈਏ ਉਚਾਰੇ। ਇਸੇ ਤਰ੍ਹਾਂ ਭੱਟ ਹਰਿਬੰਸ ਜੀ ਨੇ ਪੰਜਵੇਂ ਗੁਰੂ ਜੀ ਦੀ ਉਸਤਤ ਵਿੱਚ ਦੋ ਸਵੱਈਏ ਉਚਾਰੇ ਸਨ। ਭੱਟ ਕਲਸਹਾਰ ਜੀ ਨੇ ਪਹਿਲੇ ਗੁਰੂ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬ ਤੱਕ 54, ਸਾਰੇ ਭੱਟ ਸਾਹਿਬਾਨ ਤੋਂ ਜ਼ਿਆਦਾ ਸਵੱਈਏ ਲਿਖੇ ਸਨ। ਭੱਟ ਗਯੰਦ ਜੀ ਨੇ ਚੌਥੇ ਗੁਰੂ ਦੀ ਉਸਤਤ ਵਿੱਚ ਤੇਰ੍ਹਾਂ ਸਵੱਈਏ ਉਚਾਰੇ ਸਨ। ਭੱਟ ਨਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 16 ਸਵੱਈਏ ਲਿਖੇ ਤੇ ਉਚਾਰੇ ਸਨ।

ਤੀਜਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੀ ਬਾਣੀ ਦਾ ਵਿਸ਼ਾ-ਵਸਤ’ੂ ਹੈ, ਪੰਜ ਗੁਰੂ ਸਾਹਿਬਾਨ ਦੀ ਸਿਫ਼ਤ ਦੀ ਅੰਤਰੀਵੀ ਭਾਵਨਾ ਵਿੱਚ ਇੱਕ ਗੁਰੂ-ਜੋਤਿ ਸਤਿਗੁਰ ਭਾਵ ਇੱਕ ਵਾਹਿਗੁਰੂ ਦੀ ਜੋਤਿ ਦੀ ਸਿਫ਼ਤ ਹੀ ਹੈ। ਪੰਜ ਗੁਰੂ-ਵਿਅਕਤੀਆਂ ਦੇ ਰੂਪ ਵਿੱਚ ਇੱਕ ਹੀ ਗੁਰੂ-ਜੋਤਿ ਭਾਵ ਅਕਾਲ ਪੁਰਖ ਦੀ ਜੋਤਿ ਦੀ ਵਡਿਆਈ ਇਨ੍ਹਾਂ ਇੱਕ ਸੌ ਤੇਈ ਸਵੱਈਆਂ ਦਾ ਮੂਲ ਕੇਂਦਰੀ ਵਿਸ਼ਾ ਹੈ। ਇਸ ਮੂਲ ਵਿਸ਼ੇ ਦੇ ਅੰਤਰਗਤ ਹੀ ਕੁਝ ਗੁਰਮਤਿ ਸਿਧਾਂਤਾਂ ਸੰਬੰਧੀ ਵੀ ਸਾਨੂੰ ਅਨਮੋਲ ਦਿਸ਼ਾ-ਨਿਰਦੇਸ਼ ਪ੍ਰਾਪਤ ਹੁੰਦੇ ਹਨ। ਕੁੱਲ ਮਿਲਾਕੇ ਇਨ੍ਹਾਂ ਸਵੱਈਆਂ ਦੇ ਵਿਸ਼ਾ-ਵਸਤੂ ਨੂੰ ਵਿਚਾਰਨ ਲਈ ਅਸੀਂ ਅੱਠ ਨੁਕਤਿਆਂ, ਜਿਨ੍ਹਾਂ ਵਿੱਚ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼, ਗੁਰੂ ਸਾਹਿਬਾਨ ਗੁਰ-ਪਰਮੇਸ਼ਰ ਵਜੋਂ, ਨਾਮ ਅਤੇ ਨਾਮ-ਸਿਮਰਨ, ਨਾਮ-ਸਿਮਰਨ ਸੰਬੰਧੀ ਮਿਥਿਹਾਸਿਕ ਅਤੇ ਇਤਿਹਾਸਕ ਹਵਾਲੇ, ਅਵਤਾਰੀ ਮਹਾਂਪੁਰਸ਼ਾਂ ਦੀਆਂ ਉਦਾਹਰਣਾ ਰਾਹੀਂ ਗੁਰੂ ਸਾਹਿਬਾਨ ਦੀ ਉਸਤਤ, ਰਾਜ-ਯੋਗ/ਸਹਜ ਯੋਗ ਵਾਲੇ ਗੁਰਮਤਿ-ਮਾਰਗ ਦੀ ਸਿਫ਼ਤ, ਨੈਤਿਕਤਾ/ਸਦਾਚਾਰ ਦੇ ਪੱਖ ਤੋਂ ਗੁਰੂ ਸਾਹਿਬਾਨ ਦੇ ਜੀਵਨ ਦੀ ਉਸਤਤ ਅਤੇ ਸਿੱਖ ਰਹਿਤ ਮਰਯਾਦਾ ਨਾਲ ਸੰਬੰਧਤ ਕੁਝ ਸੰਕੇਤ ਵਿਸ਼ਾ-ਵਸਤੂ ਤੋਂ ਅਗਵਾਈ ਲੈ ਸਕਦੇ ਹਾਂ।

ਚੌਥਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੀ ਬਾਣੀ ਦਾ ਸਾਹਿਤਕ ਪੱਖ’ ਹੈ। ਭੱਟ ਸਾਹਿਬਾਨ ਆਪਣੇ ਆਪ ਨੂੰ ਕਵੀਆਣਿ, ਕਵਿ ਜਨ ਅਤੇ ਕਬਿ ਆਖਦੇ ਹਨ। ਉਨ੍ਹਾਂ ਨੇ ਆਪਣੀ ਬਾਣੀ ਉਚਾਰਨ ਲਈ ਪ੍ਰਸਿੱਧ ਛੰਦ ਸਵੱਈਏ ਦੀ ਵਰਤੋਂ ਕੀਤੀ ਹੈ। ਇਸ ਛੰਦ ਦੇ ਰੂਪ ਨੂੰ ਨਿਭਾਉਣ ਵਿੱਚ ਤਾਂ ਉਨ੍ਹਾਂ ਨੇ ਨਿਪੁੰਨਤਾ ਵਿਖਾਈ ਹੀ ਹੈ, ਇਸਦੇ ਨਾਲ ਹੀ ਗਿਆਰਾਂ ਭੱਟ ਸਾਹਿਬਾਨ ਨੇ ਬਾਣੀ ਨੂੰ ਅਲੰਕਾਰਾਂ, ਅਖਾਣਾ ਅਤੇ ਮੁਹਾਵਰਿਆਂ ਨਾਲ ਵੀ ਸ਼ਿੰਗਾਰਿਆ ਹੈ। ਸ਼ਬਦਾਵਲੀ ਦਾ ਰੰਗ ਵੀ ਨਿਵੇਕਲਾ ਹੈ। ਸਾਹਿਤਕ ਪੱਖ ਅਰਥਾਤ ਕਾਵਿ-ਕਲਾ ਦੇ ਪੱਖ ਤੋਂ ਭੱਟ ਸਾਹਿਬਾਨ ਵੱਲੋਂ ਉਚਾਰੇ ਗਏ ਸਵੱਈਏ ਇੱਕ ਅਨਮੋਲ ਖ਼ਜਾਨਾ ਹਨ, ਜਿਸ ਵਿੱਚ ਅਨੇਕ ਪ੍ਰਕਾਰ ਦੇ ਸਾਹਿਤਕ ਹੀਰੇ-ਮੋਤੀ ਭਰੇ ਪਏ ਹਨ। ਅਲੰਕਾਰਾਂ ਵਿੱਚ, ਸ਼ਬਦ ਅਲੰਕਾਰਾਂ ਵਿੱਚ, ਛੇਕ ਅਨੁਪ੍ਰਾਸ ਅਲੰਕਾਰ, ਸ਼ਰੁਤੀ ਅਨੁਪ੍ਰਾਸ ਅਲੰਕਾਰ, ਯਮਕ ਅਲੰਕਾਰ ਅਤੇ ਵੀਪਾਸਾ ਅਲੰਕਾਰ ਵਰਤੇ ਹਨ। ਅਰਥ ਅਲੰਕਾਰਾਂ ਵਿੱਚ ਦੀਪਕ ਅਲੰਕਾਰ, ਦੇਹਲੀ ਅਲੰਕਾਰ, ਅਰਥਾਵਿ੍ਰਤੀ ਅਲੰਕਾਰ, ਕਾਰਕ ਦੀਪਕ ਅਲੰਕਾਰ, ਮੁਦ੍ਰਾ ਅਲੰਕਾਰ, ਸਾਰ ਅਲੰਕਾਰ, ਅਨਨਯ ਅਲੰਕਾਰ, ਹੇਤੂ ਅਲੰਕਾਰ, ਵਕ੍ਰੋਕਤੀ/ਕਾਕੋਕਤੀ ਅਲੰਕਾਰ, ਯਥਾਸੰਖਯ ਅਲੰਕਾਰ, ਮੀਲਿਤ ਅਲੰਕਾਰ, ਉਪਮਾ ਅਲੰਕਾਰ, ਏਕਾਵਲੀ ਅਲੰਕਾਰ, ਸੁਸਿੱਧ ਅਲੰਕਾਰ, ਤਦਗੁਣ ਅਲੰਕਾਰ, ਪ੍ਰਮਾਣ ਅਲੰਕਾਰ ਅਤੇ ਮਾਨਵੀਕਰਨ ਅਲੰਕਾਰ ਹਨ। ਭੱਟ ਸਾਹਿਬਾਨ ਦੀ ਬਾਣੀ ਵਿੱਚੋਂ ਕੁਝ ਮੁਹਾਵਰੇ ਉਲਟੀ ਗੰਗਾ ਵਹਾਉਣਾ, ਸਿਰ ‘ਤੇ ਹੱਥ ਧਰਨਾ, ਸਿਰ ਨਿਵਾਉਣਾ ਆਦਿ ਹਨ। ਇਸੇ ਤਰ੍ਹਾਂ ਬਾਣੀ ਦੀ ਸ਼ਬਦਾਵਲੀ ਅਰਬੀ, ਫ਼ਾਰਸੀ, ਸੰਸਕ੍ਰਿਤਿ ਭਾਸ਼ਾਵਾਂ ਵਰਤੀਆਂ ਹਨ। ਕਾਵਿ ਰਸ-ਵਿੱਚ, ਸ਼ਾਂਤ-ਰਸ, ਬੀਰ-ਰਸ ਤੇ ਕਰੁਣਾ-ਰਸ। ਕਾਵਿ-ਛੰਦ ਵਿੱਚ ਰਡ, ਝੋਲਨਾ, ਸੋਰਠਾ, ਛੱਪਯ ਛੰਦ, ਰੋਲਾ ਛੰਦ, ਪੰਚਾਨਨ ਛੰਦ ਅਤੇ ਘਨਾਛਰੀ ਛੰਦ ਵਰਤੇ ਹਨ। ਸੁਖਦੇਵ ਸਿੰਘ ਸ਼ਾਂਤ ਇਸ ਵਡਮੁੱਲੀ ਪੁਸਤਕ ਦੀ ਰਚਨਾ ਕਰਨ ਲਈ ਵਧਾਈ ਦਾ ਪਾਤਰ ਹੈ। ਉਸ ਕੋਲੋਂ ਭਵਿਖ ਵਿੱਚ ਸਿੱਖ ਸੋਚ ਸੰਬੰਧੀ ਹੋਰ ਖੋਜੀ ਪੁਸਤਕਾਂ ਦੀ ਆਸ ਕੀਤੀ ਜਾ ਸਕਦੀ ਹੈ। ਸੁਖਦੇਵ ਸਿੰਘ ਸ਼ਾਂਤ ਦੀ 198 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।

Related posts

ਆਯੁਰਵੇਦ ਦਾ ਗਿਆਨ: ਚੱਕਰ ਸੰਤੁਲਨ ਪ੍ਰਾਣਾਯਾਮ !

admin

ਅਧਿਆਪਕ ਦਿਵਸ ‘ਤੇ ਵਿਸ਼ੇਸ਼: ਸਮਾਜ ਨੂੰ ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਨਾਲ ਬਦਲਣਾ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin