
ਕੁਦਰਤ ਦੀ ਅਪਾਰ ਪ੍ਰਸੰਨਤਾ ਬਟੋਰੀ ਬੈਠੀ ਪੰਜਾਬ ਦੀ ਧਰਤੀ ਵਰਗੀ ਜੰਨਤ ਇਸ ਸੰਸਾਰ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ। ਉਹ ਧਰਤੀ ਜੋ ਬਲੀਦਾਨਾਂ ਦੀ ਸਰਜਮੀਂ ਹੈ, ਅਣਖ ਸਾਹਸ ਦੀ ਜਨਮਦਾਤੀ ਇਹ ਧਰਤ ਹਮੇਸ਼ਾ ਸਰਦਾਰੀ ਪਾਲਦੀ ਰਹੀ ਹੈ। ਜਿਸ ਵੀ ਕਿਸੇ ਨੇ ਇਸ ਦੀ ਪਵਿੱਤਰਤਾ ਤੇ ਸ਼ਾਨ ਵੱਲ ਅੱਖ ਭਰਕੇ ਵੇਖਿਆ ਇਸ ਧਰਤੀ ਦੇ ਜੰਮਿਆ ਉਹਨਾਂ ਅੱਖਾਂ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਅਤੇ ਇਸ ਕਦਰ ਨੀਵੀਂਆਂ ਪਵਾਈਆਂ ਕਿ ਮੁੜ ਉਹ ਅੱਖਾਂ ਉੱਪਰ ਨਹੀਂ ਉੱਠ ਸਕੀਆਂ। ਪੰਜਾਬ ਦੀ ਧਰਤੀ ਵੀ ਭਾਗਾਂ ਵਾਲੀ ਹੈ ਕਿ ਇਸਦੀ ਕੁੱਖੋਂ ਸਰਵਣ ਪੁੱਤ ਜਨਮ ਲੈਂਦੇ ਰਹੇ। ਉਹ ਪੁੱਤਰ ਜਿੰਨਾ ਨੂੰ ਇਸ ਧਰਤੀ ਦੀ ਆਣ ਸ਼ਾਨ ਦੀ ਫਿਕਰ ਰਹਿੰਦੀ ਸੀ ਅਤੇ ਉਸਦੀ ਰਾਖੀ ਲਈ ਉਹ ਆਪਣਾ ਆਪ ਵੀ ਵਾਰ ਦਿੰਦੇ ਸਨ। ਪੰਜਾਬ ਦੇ ਕੋਲ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ ਹੋਣਾ ਵਰਗੇ ਉੱਘੇ ਜਰਨੈਲ ਅਤੇ ਸਿਆਸਤਦਾਨ ਸਨ। ਜਿੰਨਾ ਦੀ ਅਗਵਾਈ ਵਿੱਚ ਪੰਜਾਬ ਰਾਜ ਦਰਬਾਰ ਦੀ ਸੋਭਾ ਮੁਗਲਾਂ, ਅੰਗਰੇਜ਼ਾਂ ਹਰੇਕ ਦੇ ਕੰਨਾਂ ਵਿੱਚ ਪਈ ਸੀ। ਪਰ ਉਸ ਸਮੇਂ ਜਦੋਂ ਸਿੱਖ ਰਾਜ ਦੀ ਸ਼ਾਨ ਨੂੰ ਖਤਰਾ ਹੋਇਆ ਤਾਂ ਉਹ ਘਰ ਦੇ ਭੇਤੀਂਆ ਕੋਲੋ ਹੋਇਆ।