Articles Religion

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।।

ਲੇਖਕ: ਸੁਰਜੀਤ ਸਿੰਘ, ਦਿਲਾ ਰਾਮ, ਗੁਰਮਤਿ ਕਾਲਜ ‘ਪਟਿਆਲਾ’

ਸ੍ਰੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਉਸ ਸਮੇਂ ਦੇ ਹਾਕਮਾਂ ਵੱਲੋਂ ਪਰਜਾ ਉੱਪਰ ਜਬਰ, ਹਿੰਦੂਆਂ ਦਾ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨਾਲ ਨਫ਼ਰਤ ਭਰਿਆ ਤੇ ਧੱਕੇਸ਼ਾਹੀ ਵਾਲਾ ਵਰਤਾਓ ਕਰਨਾ, ਤਕੜਿਆਂ ਦਾ ਮਾੜਿਆਂ ਉੱਪਰ ਕਹਿਰ ਅਤੇ ਅਮੀਰਾਂ ਦਾ ਗਰੀਬਾਂ ਨਾਲ ਵਿਤਕਰਾ ਕਰਨਾ ਆਦਿ ਵਰਗੀਆਂ ਸਮਾਜਿਕ ਬੁਰਿਆਈਆਂ ਉਸ ਸਮੇਂ ਪ੍ਰਚਲਿਤ ਸਨ।

ਉਸ ਸਮੇਂ ਮੁਸਲਮਾਨ ਹਾਕਮਾਂ ਨੇ ਦੀਨ ਦੇ ਨਾਂ `ਤੇ ਸਹੁੰ ਖਾਧੀ ਹੋਈ ਸੀ ਕਿ ਜਿਵੇਂ ਵੀ ਹੋ ਸਕੇ ਵੱਧ ਤੋਂ ਵੱਧ ਹਿੰਦੂਆਂ ਨੂੰ ਕਲਮਾਂ ਪੜ੍ਹਾਈਆਂ ਜਾਣ ਅਤੇ ਮੋਮਨ ਬਣਾਇਆ ਜਾਵੇ। ਇਸ ਮਨੋਰਥ ਦੀ ਪੂਰਤੀ ਲਈ ਉਹ ਨਰਮ ਤੇ ਗਰਮ ਦੋਵੇਂ ਪ੍ਰਕਾਰ ਦੇ ਢੰਗ, ਹਥਿਆਰ ਵਰਤਦੇ ਸਨ। ਜਿੱਥੇ ਹਿੰਦੂ ਲੋਕ ਰਾਜ -ਉਪੱਦਰ ਹੇਠ ਮਿੱਧੇ ਮਧੋਲੇ ਜਾ ਰਹੇ ਸਨ, ਉੱਥੇ ਮੁਸਲਮਾਨ ਪਰਜਾ ਨਾਲ ਵੀ ਬਥੇਰੀ ਸਖ਼ਤੀ ਤੇ ਬੇ-ਇਨਸਾਫ਼ੀ ਹੁੰਦੀ ਸੀ। ਇਸ ਬਾਰੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ:
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੇ
ਹਕੁ ਗਵਾਈ।
(ਵਾਰ ੧:੩੦)
ਹਰ ਪਾਸੇ ਕੂੜ ਧਰਮ ਤੇ ਪਾਪ ਪ੍ਰਧਾਨ ਸੀ। ਹਿੰਦੂ ਤੇ ਮੁਸਲਮਾਨ ਦੋਵੇਂ ਹੀ ਆਪੋ-ਆਪਣੇ ਧਰਮਾਂ ਦੇ ਅਸਲੀ ਅਸੂਲ ਭੁੱਲ ਚੁੱਕੇ ਸਨ। ਉਸ ਸਮੇਂ ਮਨੁੱਖ ਜਾਤੀ ਦੀ ਪੁਕਾਰ ਸੁਣ ਕੇ ਸਿਰਜਣਹਾਰ ਪ੍ਰਭੂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਜਗ ਵਿਚ ਭੇਜਿਆ, ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ:
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।
ਪਾਰਬ੍ਰਹਮ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ।
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ।
ਰਾਣਾ ਰੰਕੁ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ।
ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰ ਸੁਣਾਇਆ।
ਕਲਿ ਤਾਰਣਿ ਗੁਰੁ ਨਾਨਕੁ ਆਇਆ॥
(ਵਾਰ ੧:੨੩)
-ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
੧੪੬੯ ਈ. ਵਿਚ ਆਪ ਜੀ ਦਾ ਪ੍ਰਕਾਸ਼ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਇਹ ਸਥਾਨ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਵਿਚ ਸਥਿਤ ਹੈ ਤੇ ਇਸੇ ਪਵਿੱਤਰ ਸਥਾਨ ਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਸੀ ਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਸੀ।
ਪ੍ਰਸਿੱਧ ਇਤਿਹਾਸਕਾਰ ਐਮ. ਏ. ਮੈਕਾਲਿਫ ਦੇ ਅਨੁਸਾਰ, “ਗੁਰੂ ਨਾਨਕ ਦਾ ਆਗਮਨ ਇਕ ਨਵੀਂ ਜਾਗ੍ਰਿਤੀ ਦਾ ਸੂਚਕ ਸੀ।”
ਸ੍ਰੀ ਗੁਰੂ ਨਾਨਕ ਸਾਹਿਬ ਬਚਪਨ ਤੋਂ ਹੀ ਬੜੇ ਗੰਭੀਰ ਅਤੇ ਵਿਚਾਰਸ਼ੀਲ ਸੁਭਾਅ ਦੇ ਸਨ ਤੇ ਉਹ ਅਕਸਰ ਹੀ ਆਪਣੇ ਵਿਚਾਰਾਂ ਵਿਚ ਮਗਨ ਰਹਿੰਦੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜਦੋਂ ਸੱਤ ਵਰਿਆਂ ਦੇ ਹੋਏ ਤਾਂ ਉਨ੍ਹਾਂ ਨੂੰ ਪੰਡਿਤ ਗੋਪਾਲ ਦੀ ਪਾਠਸ਼ਾਲਾ ਵਿਚ ਹਿੰਦੀ ਅਤੇ ਗਣਿਤ ਦੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ। ਗੁਰੂ ਸਾਹਿਬ ਨੇ ਆਪਣੇ ਅਧਿਆਤਮਿਕ ਗਿਆਨ ਨਾਲ ਪੰਡਿਤ ਗੋਪਾਲ ਨੂੰ ਹੈਰਾਨ ਕਰ ਦਿੱਤਾ ਸੀ, ਇਸ ਤੋਂ ਬਾਅਦ ਗੁਰੂ ਸਾਹਿਬ ਨੇ ਪੰਡਿਤ ਬ੍ਰਿਜਨਾਥ ਤੋਂ ਸੰਸਕ੍ਰਿਤ ਅਤੇ ਮੌਲਵੀ ਕੁਤਬਉੱਦੀਨ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਹਾਸਲ ਕੀਤਾ।
ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ੯ ਵਰਿਆਂ ਦੇ ਹੋਏ ਤਾਂ ਪ੍ਰੋਹਿਤ ਹਰਦਿਆਲ ਨੇ ਉਨ੍ਹਾਂ ਨੂੰ ਜਨੇਊ ਪਾਉਣ ਲਈ ਬੁਲਾਇਆ। ਗੁਰੂ ਸਾਹਿਬ ਨੇ ਇਸ ਜਨੇਊ ਨੂੰ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਪ੍ਰੋਹਿਤ ਨੂੰ ਕਿਹਾ ਕਿ ਉਹ ਸਿਰਫ ਦਇਆ, ਸੰਤੋਖ, ਜਤ ਅਤੇ ਸਤ ਦਾ ਬਣਿਆ ਹੋਇਆ ਹੀ ਜਨੇਊ ਪਾਉਣ ਜਿਹੜਾ ਨਾ ਟੁੱਟੇ, ਨਾ ਮੈਲਾ ਹੋਵੇ ਅਤੇ ਨਾ ਹੀ ਸੜੇ। ਇਸ ਸਮੇਂ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
(ਪੰਨਾ ੪੭੧)
ਸ੍ਰੀ ਗੁਰੂ ਨਾਨਕ ਸਾਹਿਬ ਨੇ ਪੰਡਿਤ ਅਤੇ ਮੁੱਲਾਂ ਆਦਿ ਪੁਰੋਹਿਤ ਵਰਗ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ। ਉਹ ਵੇਦ ਸ਼ਾਸਤਰ ਅਤੇ ਕੁਰਾਨ ਤਾਂ ਪੜ੍ਹਦੇ ਸਨ, ਪਰ ਉਨ੍ਹਾਂ ਦੀ ਨੀਅਤ ਸਾਫ ਨਹੀਂ ਸੀ। ਉਹ ਲੋਕਾਂ ਨਾਲ ਧੋਖਾ ਕਰਦੇ ਸਨ ਅਤੇ ਉਨ੍ਹਾਂ ਨੂੰ ਫਜੂਲ ਦੇ ਰਸਮਾਂ-ਰਿਵਾਜ਼ਾਂ ਵਿਚ ਫਸਾ ਕੇ ਉਨ੍ਹਾਂ ਨੂੰ ਲੁੱਟਦੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
(ਪੰਨਾ ੬੬੨)
ਇਸ ਕਾਰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਉਨ੍ਹਾਂ ਦੇ ਪਿੱਛੇ ਨਾ ਲੱਗਣ ਲਈ ਕਿਹਾ। ਗੁਰੂ ਨਾਨਕ ਸਾਹਿਬ ਦਾ ਕਹਿਣਾ ਸੀ ਕਿ ਪ੍ਰੋਹਿਤ ਵਰਗ’ ਲੋਕਾਂ ਦੀ ਠੀਕ ਅਗਵਾਈ ਕਰਨ ਦੀ ਬਜਾਏ ਆਪ ਕੁਰਾਹੇ ਪਿਆ ਹੋਇਆ ਹੈ ਤੇ ਉਨ੍ਹਾਂ ਨੂੰ
ਪਰਮਾਤਮਾ ਦੀ ਦਰਗਾਹ ਵਿਚ ਸਖ਼ਤ ਸਜ਼ਾ ਮਿਲੇਗੀ ਅਤੇ ਉਹ ਆਵਾਗਮਣ ਦੇ ਚੱਕਰ ਵਿਚ ਫਸੇ ਰਹਿਣਗੇ। ਗੁਰੂ ਸਾਹਿਬ ਇੱਕ ਪਰਮਾਤਮਾ ਵਿਚ ਵਿਸ਼ਵਾਸ ਰੱਖਦੇ ਸਨ, ਉਨ੍ਹਾਂ ਨੇ ਆਪਣੀ ਬਾਣੀ ਵਿਚ ਵੀ ਵਾਰ-ਵਾਰ ਪਰਮਾਤਮਾ ਦੇ ਇੱਕ ਹੋਣ ਉੱਪਰ ਜ਼ੋਰ ਦਿੱਤਾ ਹੈ। ਗੁਰੂ ਜੀ ਦੇ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਦਾ ਹੈ,ਉਸ ਦੀ ਪਾਲਣਾ ਕਰਦਾ ਹੈ ਅਤੇ ਉਸ ਦਾ ਨਾਸ਼ ਕਰਦਾ ਹੈ।
ਕੀਤਾ ਪਸਾਉ ਏਕੋ ਕਵਾਉ॥
(ਪੰਨਾ ੩)
ਅਜਿਹੀਆਂ ਸ਼ਕਤੀਆਂ ਪਰਮਾਤਮਾ ਤੋਂ ਸਿਵਾਏ ਕਿਸੇ ਹੋਰ ਦੇਵੀ-ਦੇਵਤੇ ਵਿਚ ਨਹੀਂ ਹਨ। ਇਸ ਕਾਰਨ ਪਰਮਾਤਮਾ ਦੇ ਸਾਹਮਣੇ ਇਨ੍ਹਾਂ ਦੇਵੀ-ਦੇਵਤਿਆਂ ਦਾ ਕੋਈ ਮਹੱਤਵ ਨਹੀਂ, ਪਰਮਾਤਮਾ ਅੱਗੇ ਇਹ ਉਸ ਤਰ੍ਹਾਂ ਹਨ; ਜਿਵੇਂ ਤੇਜਮਈ ਸੂਰਜ ਅੱਗੇ ਇੱਕ ਛੋਟਾ ਜਿਹਾ ਤਾਰਾ।
ਪੀਰ-ਪੈਗੰਬਰ ਸੈਂਕੜੇ ਤੇ ਹਜ਼ਾਰਾਂ ਹਨ, ਪਰ ਪਰਮਾਤਮਾ ਇੱਕ ਹੈ। ਉਸ ਪਰਮ-ਪਿਤਾ ਪਰਮਾਤਮਾ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ; ਜਿਵੇਂ- ਹਰੀ, ਗੋਪਾਲ, ਵਾਹਿਗੁਰੂ, ਸਾਹਿਬ, ਅੱਲ੍ਹਾ, ਖੁਦਾ ਅਤੇ ਰਾਮ ਆਦਿ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅੰਦਰ ਫੁਰਮਾਨ ਕਰਦੇ ਹਨ:
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥
(ਪੰਨਾ ੮੮੫)
ਸ੍ਰੀ ਗੁਰੂ ਨਾਨਕ ਸਾਹਿਬ ਸਮੇਂ ਸਮਾਜ ਨਾ-ਕੇਵਲ ਚਾਰ ਪ੍ਰਮੁੱਖ ਵਰਗਾਂ, (ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ) ਬਲਕਿ ਅਨੇਕ ਹੋਰ ਜਾਤਾਂ, ਉਪ ਜਾਤਾਂ ਵਿਚ ਵੀ ਵੰਡਿਆ ਹੋਇਆ ਸੀ। ਅਖੌਤੀ ਉੱਚ ਜਾਤੀ ਦੇ ਲੋਕ ਆਪਣੀ ਜਾਤ ਦਾ ਬਹੁਤ ਮਾਣ ਕਰਦੇ ਸਨ ਤੇ ਉਹ  ਨੀਵੀਆਂ ਜਾਤਾਂ ਨਾਲ ਬਹੁਤ ਨਫ਼ਰਤ। ਸਮਾਜ ਵਿਚ ਛੂਤ-ਛਾਤ ਦੀ ਭਾਵਨਾ ਬਹੁਤ ਫ਼ੈਲ ਗਈ ਸੀ। ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮਲਕ ਭਾਗੋ ਦੇ ਪਕਵਾਨ ਨੂੰ ਨਾਂਹ ਕਰ ਦਿੱਤੀ ਤਾਂ ਮਲਕ ਭਾਗੋ ਨੇ ਇਸ ਵਿਚ
ਆਪਣੀ ਨਿਰਾਦਰੀ ਤੇ ਹੱਤਕ ਸਮਝੀ। ਉਸ ਸਮੇਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਤੁਹਾਡਾ ਭੋਜਨ ਗਰੀਬਾਂ ਤੇ ਮਿਹਨਤੀਆਂ ਦੇ ਲਹੂ ਨਾਲ ਭਰਿਆ ਹੋਇਆ ਹੈ। ਇਹ ਭੋਜਨ ਹੋਰਨਾਂ ਦੀ ਕਮਾਈ ਤੇ ਧੱਕੇ ਜਬਰ ਨਾਲ ਖੋਹ ਕੇ ਤਿਆਰ ਕੀਤਾ ਗਿਆ ਹੈ ਤੇ ਭਾਈ ਲਾਲੋ ਦਸਾਂ ਨਹੁੰਆਂ ਦੀ ਕਿਰਤ ਕਰਦਾ ਤੇ ਵੰਡ ਕੇ ਛਕਦਾ ਹੈ। ਉਸ ਦਾ ਭੋਜਨ ਪਵਿੱਤਰ, ਦੁੱਧ ਵਾਂਗ ਨਰੋਆ ਤੇ ਸੁਆਦੀ ਹੈ। ਚੇਤੇ ਰੱਖੋ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥
(ਪੰਨਾ ੧੪੧)
ਬਾਕੀ ਰਹੀ ਗੱਲ ਅਖੌਤੀ ਉੱਚੀਆਂ-ਨੀਵੀਆਂ ਜਾਤਾਂ ਦੀ ਤਾਂ ਸਭ ਇਨਸਾਨ ਇੱਕੋ ਪਿਤਾ ਪਰਮਾਤਮਾ ਦੇ ਬਣਾਏ ਹਨ ਤੇ ਸਭ ਉਸ ਦੀ ਰੱਖਿਆ ਹੇਠ ਹੀ ਹਨ, ਜਾਤਾਂ ਦੇ ਵਿਤਕਰੇ ਕਰਨਾ ਵਾਧੂ ਤੇ ਫਜ਼ੂਲ ਵਿਚਾਰ ਹਨ:
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
(ਪੰਨਾ ੮੩)
ਗੁਰੂ ਜੀ ਨੇ ਉਸ ਸਮੇਂ ਲੋਕਾਂ ਨੂੰ ਕਿਹਾ ਕਿ ਸਭਨਾਂ ਵਿਚ ਇੱਕੋ ਪ੍ਰਭੂ ਨੂੰ ਜਾਣ ਕੇ ਕਿਸੇ ਦੀ ਜਾਤ ਨਾ ਪੁੱਛੋ, ਕਿਉਂਕਿ ਅੱਗੇ ਕਿਸੇ ਦੀ ਜਾਤ ਨਾਲ ਨਹੀਂ ਜਾਂਦੀ:
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥
(ਪੰਨਾ ੩੪੯)
ਗੁਰੂ ਸਾਹਿਬ ਨੇ ਕਿਹਾ ਜਿੱਥੋਂ ਤਕ ਮੇਰੀ ਵਰਤੋਂ ਦਾ ਸਵਾਲ ਹੈ, ਮੈਂ ਤਾਂ ਨੀਵੀਂ ਤੋਂ ਨੀਵੀਂ ਜਾਤ ਵਾਲਿਆਂ ਦਾ ਮਿੱਤਰ ਤੇ ਸੰਗੀ ਹਾਂ ਅਤੇ ਆਪਣੇ ਆਪ ਨੂੰ ਅਖੌਤੀ ਉੱਚ ਜਾਤੀਏ ਤੇ ਵੱਡੇ ਲੋਕ ਸਮਝਣ ਵਾਲਿਆਂ ਨਾਲ ਮੇਰਾ ਕੋਈ ਵਾਸਤਾ ਨਹੀਂ। ਮੇਰਾ ਤਾਂ ਯਕੀਨ ਹੈ ਕਿ ਜਿਸ ਥਾਂ, ਜਿਸ ਦੇਸ਼ ਜਾਂ ਸਮਾਜ ਵਿਚ ਨੀਵਿਆਂ ਦੀ ਸੰਭਾਲ
ਕੀਤੀ ਜਾਂਦੀ ਹੋਵੇ ਅਤੇ ਉਨ੍ਹਾਂ ਨੂੰ ਉੱਚਾ ਚੁੱਕਿਆ ਤੇ ਸਤਿਕਾਰਿਆ ਜਾਂਦਾ ਹੋਵੇ, ਤਾਂ ਉੱਥੇ ਪਰਮਾਤਮਾ ਦੀ ਨਜ਼ਰ ਸਵੱਲੀ ਰਹਿੰਦੀ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
(ਪੰਨਾ ੧੫)
ਗੁਰੂ ਨਾਨਕ ਸਾਹਿਬ ਨੇ ਜਾਤੀ ਪ੍ਰਥਾ ਅਤੇ ਛੂਤ ਛਾਤ ਦੀ ਭਾਵਨਾ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦਿਆਂ ਫੁਰਮਾਇਆ :
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
(ਪੰਨਾ ੧੩੩੦)
ਗੁਰੂ ਨਾਨਕ ਸਾਹਿਬ ਦਾ ਕਹਿਣਾ ਸੀ ਕਿ ਪਰਮਾਤਮਾ ਦੇ ਦਰਬਾਰ ਵਿਚ ਕਿਸੇ ਨੇ ਜਾਤ ਨਹੀਂ ਪੁੱਛਣੀ ਕੇਵਲ ਅਮਲਾਂ ਨਾਲ ਹੀ ਨਿਬੇੜਾ ਹੋਵੇਗਾ ਪਰਮਾਤਮਾ ਨੂੰ ਵਿਸਾਰਨ ਵਾਲਾ ਮਾੜੀ ਜਾਤ ਦਾ ਗਿਣਿਆ ਜਾਂਦਾ ਹੈ :
ਖਸਮੁ ਵਿਸਾਰਹਿ ਤੇ ਕਮਜਾਤਿ॥
ਨਾਨਕ ਨਾਵੈ ਬਾਝੁ ਸਨਾਤਿ॥
(ਪੰਨਾ ੧੦)
ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਸੰਸਥਾਵਾਂ ਚਲਾ ਕੇ ਜਾਤੀ ਪ੍ਰਥਾ ’ਤੇ ਤਕੜੀ ਸੱਟ ਮਾਰੀ। ਏਨਾ ਹੀ ਨਹੀਂ ਗੁਰੂ ਸਾਹਿਬ ਨੇ ਉਸ ਸਮੇਂ ਦੇ ਪ੍ਰਚਲਿਤ ਧਰਮ ਵਿਚ ਹੁੰਦੀ ਮੂਰਤੀ-ਪੂਜਾ ਦਾ ਵੀ ਖੰਡਨ ਕੀਤਾ। ਗੁਰੂ ਜੀ ਦੀ ਬਾਣੀ ਤੋਂ ਪਤਾ ਚਲਦਾ ਹੈ ਕਿ ਉਸ ਸਮੇਂ ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਸਨ, ਜੋ ਉਨ੍ਹਾਂ ਦੇ ਨਾਰਦ ਆਖਦੇ ਸਨ ‘ਉਹ ਉਸ ਤਰ੍ਹਾਂ ਦੀ ਹੀ ਪੂਜਾ ਕਰਦੇ ਸਨ। ਇਨ੍ਹਾਂ ਅੰਨ੍ਹਿਆਂ, ਗੂੰਗਿਆਂ ਵਾਸਤੇ ਹਨੇਰਾ ਘੁੱਪ ਬਣਿਆ ਹੋਇਆ ਸੀ। ਨਾ ਇਹ ਸਹੀ ਰਸਤੇ ਵੇਖ ਰਹੇ ਸਨ ਤੇ ਨਾ ਹੀ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਸਨ, ਇਹ ਨਾ ਸਮਝ ਲੋਕ ਪੱਥਰਾਂ ਨੂੰ ਪੂਜੀ ਜਾ ਰਹੇ ਸਨ। ਗੁਰੂ ਸਾਹਿਬ ਦਾ ਕਹਿਣਾ ਸੀ ਕਿ ਮੂਰਤੀਆਂ ਬੇਜਾਨ ਹਨ, ਉਹ ਮਨੁੱਖ ਨੂੰ ਕਿਵੇਂ ਇਸ ਭਵਸਾਗਰ ਤੋਂ ਪਾਰ ਉਤਾਰ ਸਕਦੀਆਂ ਹਨ। ਇਸ ਲਈ ਮੂਰਤੀਆਂ ਦੀ ਪੂਜਾ ਕਰਨਾ ਫਜ਼ੂਲ ਹੈ। ਗੁਰੂ ਸਾਹਿਬ ਬਾਣੀ ਅੰਦਰ ਫੁਰਮਾਨ ਕਰਦੇ ਹਨ:
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥
ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ॥
ਪਾਥਰੁ ਲੇ ਪੂਜਹਿ ਮੁਗਧ ਗਵਾਰ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥
(ਪੰਨਾ ੫੫੬)
ਸ੍ਰੀ ਗੁਰੂ ਨਾਨਕ ਸਾਹਿਬ ਉਨ੍ਹਾਂ ਪੁਜਾਰੀਆਂ ਕੋਲ ਗਏ, ਜੋ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਗੁਰੂ ਜੀ ਨੇ ਉੱਥੇ ਜਾ ਕੇ ਪੁਜਾਰੀ ਵਰਗ ਨੂੰ ਸਮਝਾਉਣਾ ਕੀਤਾ ਕਿ ਦੇਵੀ-ਦੇਵਤੇ ਤੇ ਪੱਥਰਾਂ ਦੀਆਂ ਬਣੀਆਂ ਮੂਰਤੀਆਂ ਸਾਨੂੰ ਕੁਝ ਭੀ ਨਹੀਂ ਦੇ ਸਕਦੀਆਂ।
ਮੈਂ ਇਨ੍ਹਾਂ ਪਾਸੋਂ ਕੁਝ ਭੀ ਨਹੀਂ ਮੰਗਦਾ। ਪੱਥਰਾਂ ਦੇ ਬਣਾਏ ਦੇਵੀ-ਦੇਵਤਿਆਂ ਨੂੰ ਪਾਣੀ ਵਿਚ ਰੋੜਨ ਨਾਲ ਉਹ ਪਾਣੀ ਵਿਚ ਹੀ ਡੁੱਬਣਗੇ। ਜਿਹੜੇ ਖੁਦ ਹੀ ਪਾਣੀ ਵਿਚ ਡੁੱਬ ਗਏ ਭਾਈ ਉਹ ਸਾਨੂੰ ਸੰਸਾਰ-ਸਮੁੰਦਰੋਂ ਕਿਵੇਂ ਤਾਰਨਗੇ? ਗੁਰੂ ਸਾਹਿਬ ਨੇ ਫੁਰਮਾਇਆ:
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ (ਪੰਨਾ ੬੩੭)
ਪੁਜਾਰੀਆਂ ਨੇ ਫਿਰ ਪੁੱਛਿਆ ਤੁਸੀਂ ਮੜੀਆਂ, ਮਸੀਤਾਂ ਵਿਚ ਯਕੀਨ ਰੱਖਦੇ ਹੋਵੋਗੇ? ਗੁਰੂ ਜੀ ਨੇ ਉੱਤਰ ਦਿੱਤਾ- ਕਿ ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ ਤੇ ਨਾ ਹੀ ਮੈ ਸਮਾਧਾਂ ਤੇ ਮਸਾਣਾਂ ਵਿਚ ਜਾਂਦਾ ਹਾਂ। ਪ੍ਰਭੂ ਦੇ ਨਾਮ ਨੇ ਮੇਰੀ ਸੰਸਾਰੀ ਮੋਹ ਦੀ ਤ੍ਰਿਸ਼ਨਾ ਮਿਟਾ ਦਿੱਤੀ ਹੈ। ਅਡੋਲ ਅਵਸਥਾ ਵਿਚ ਰਤੇ ਹੋਏ ਮੇਰੇ ਮਨ ਨੂੰ ਹੁਣ ਸਹਿਜ ਅਵਸਥਾ ਚੰਗੀ ਲੱਗ ਰਹੀ ਹੈ। ਇਹ ਸਭ ਪਰਮਾਤਮਾ ਦੀ ਹੀ ਮਿਹਰ ਹੈ, ਉਹ ਆਪ ਹੀ ਮੇਰੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ। ਉਹ ਆਪ ਹੀ ਮੈਨੂੰ ਚੰਗੀ ਮੱਤ ਦਿੰਦਾ ਹੈ, ਜਿਸ ਕਰਕੇ ਮੈ ਕਿਸੇ ਹੋਰ ਪਾਸੇ ਨਹੀਂ ਭਟਕਦਾ। ਗੁਰੂ ਸਾਹਿਬ ਬਾਣੀ ਅੰਦਰ ਫੁਰਮਾਨ ਕਰਦੇ ਹਨ:
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥
ਤ੍ਰਿਸ਼ਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸ਼ਨਾ ਨਾਮਿ ਬੁਝਾਈ॥
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ॥
ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ॥ (ਪੰਨਾ ੬੩੪)
ਏਨਾ ਹੀ ਨਹੀਂ ਗੁਰੂ ਸਾਹਿਬ ਜੀ ਨੇ ਮਰੇ ਹੋਏ ਵਿਅਕਤੀ ਦਾ ਸ਼ਰਾਧ ਕਰਨ ਦਾ ਵੀ ਸਖ਼ਤ ਵਿਰੋਧ ਕੀਤਾ। ਸ੍ਰੀ ਗੁਰੂ ਨਾਨਕ ਸਾਹਿਬ ਲਾਹੌਰ ਪੁੱਜੇ। ਲਾਹੌਰ ਵਿਚ ਦੁਨੀ ਚੰਦ ਨਾਂ ਦਾ ਇਕ ਬਹੁਤ ਧਨਵਾਨ ਵਿਅਕਤੀ ਰਹਿੰਦਾ ਸੀ। ਉਸ ਨੇ ਆਪਣੇ ਮਰੇ ਹੋਏ ਪਿਤਾ ਦਾ ਸ਼ਰਾਧ ਕੀਤਾ ਅਤੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਣ ਲਈ ਆਪਣੇ ਘਰ ਸੱਦਿਆ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਮਰ ਗਿਆਂ ਦੇ ਨਾਂ ‘ਤੇ ਬ੍ਰਾਹਮਣਾਂ ਆਦਿਕ ਨੂੰ ਛਕਾਏ ਗਏ ਭੋਜਨ ਅਤੇ ਮਣਸੇ ਕੱਪੜੇ ਆਦਿ ਪਿੱਤਰਾਂ ਨੂੰ ਪਰਲੋਕ ਵਿਚ ਨਹੀਂ ਪੁੱਜਦੇ। ਪਰਲੋਕ ਵਿਚ ਤਾਂ ਮਨੁੱਖ ਦੇ ਨਾਲ ਉਹੀ ਕੁਝ ਜਾਂਦਾ ਹੈ ਜਿਹੜਾ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਮਿਹਨਤ ਨਾਲ ਖੱਟ ਕੇ ਤੇ ਧਰਮ ਦੀ ਕਿਰਤ ਕਰ ਕੇ ਆਪਣੇ ਹੱਥੀਂ ਲੋੜਵੰਦਾਂ ਦੀ ਮਦਦ ਕੀਤੀ ਹੋਵੇ। ਇਸ ਤਰ੍ਹਾਂ ਦੇ ਕੀਤੇ ਹੋਏ ਕਰਮ ਦਾ ਫਲ ਹੀ, ਅੱਗੇ ਜਾ ਕੇ ਇਨਸਾਨ ਨੂੰ ਮਿਲਦਾ ਹੈ। ਜੇਕਰ ਧਨ ਨੂੰ ਅਗਲੇ ਜਹਾਨ ਵਿਚ ਨਾਲ ਲੈ ਕੇ ਜਾਣਾ ਹੈ ਤਾਂ ਧਰਮ ਦੀ ਕਿਰਤ ਕਰ ਕੇ ਆਪਣੀ ਖੱਟੀ ਕਮਾਈ ਨੂੰ ਵੰਡ ਕੇ ਛਕਿਆ ਜਾਵੇ। ਗੁਰੂ ਜੀ ਨੇ ਬਾਣੀ ਅੰਦਰ ਸਮਝਾਇਆ:
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥
(ਪੰਨਾ ੪੭੨)
ਦੁਨੀ ਚੰਦ ਗੁਰੂ ਜੀ ਦੇ ਚਰਨੀਂ ਢਹਿ ਪਿਆ ਤੇ ਗੁਰੂ ਦਾ ਸਿੱਖ ਬਣ ਗਿਆ। ਦੁਨੀ ਚੰਦ ਨੇ ਕਰੋੜਾਂ ਦਾ ਆਪਣਾ ਧਨ-ਮਾਲ ਗਰੀਬਾਂ-ਲੋੜਵੰਦਾਂ ਵਿਚ ਵੰਡ ਦਿੱਤਾ ਤੇ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਲਿਆ। ਫਿਰ ਉਸ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣਾ ਸ਼ੁਰੂ ਕਰ ਦਿੱਤਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਵੀ ਕਿਰਤ ਕੀਤੀ। ਮੱਝਾਂ ਚਰਾਉਣਾ, ਮੋਦੀਖਾਨੇ ਵਿਚ ਨੌਕਰੀ ਕਰਨਾ, ਸੱਜਣ ਠੱਗ ਨੂੰ ਸੱਚੀ-ਸੁੱਚੀ ਕਿਰਤ ਕਰਨ ਲਈ ਪ੍ਰੇਰਿਤ ਕਰਨਾ, ਅਖੀਰਲੇ ਸਮੇਂ ਕਰਤਾਰਪੁਰ ਸਾਹਿਬ ਵਿਖੇ ਖੇਤੀ ਕਰਨਾ ਆਦਿ ਸਾਖੀਆਂ ਸਾਨੂੰ ਕਿਰਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਕਿਰਤ ਦੀ ਸਿੱਖਿਆ ਦਿੰਦੇ ਹੋਏ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ, ਹਰਾਮ ਦੀ ਅਤੇ ਲੁੱਟ-ਖਸੁੱਟ ਦੀ ਕਮਾਈ ਹੋਈ ਰੋਟੀ ਵੱਲੋਂ ਕਦੇ ਸੁਖ-ਚੈਨ ਨਹੀਂ ਮਿਲਦਾ, ਜਦੋਂ ਕਿ ਇਮਾਨਦਾਰੀ ਅਤੇ ਮਿਹਨਤ ਦੀ ਰੋਟੀ ਵਿਚ ਸਾਰੇ ਪ੍ਰਕਾਰ ਦੇ ਸੁਖ-ਚੈਨ ਹਨ। ਗੁਰੂ ਜੀ ਨੇ ਸਮਝਾਇਆ ਕਿ ਮਨੁੱਖ ਦੁਆਰਾ ਕੀਤੀ ਹੋਈ ਨੇਕ ਕਮਾਈ ਹੀ ਉਸ ਨਾਲ ਨਿੱਭਦੀ ਹੈ, ਜੇਕਰ ਇਹ ਮਨੁੱਖਾ ਜਨਮ ਵੀ ਗਵਾ ਲਿਆ ਤਾਂ ਮੁੜ ਛੇਤੀ ਵਾਰੀ ਨਹੀ ਮਿਲਦੀ:
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥ (ਪੰਨਾ ੧੫੪)
ਸ੍ਰੀ ਗੁਰੂ ਨਾਨਕ ਸਾਹਿਬ ਜੀ ਅਨੁਸਾਰ ਜਿਹੜਾ ਮਨੁੱਖ ਪਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਤਾਂ ਕਰਤਾਰ ਉਸ ਦੀ ਜ਼ਰੂਰ ਸੁਣਦਾ ਹੈ। ਭਾਈ ਮਨਸੁਖ ਇਕ ਵਪਾਰੀ ਸੀ ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਸੁਣ ਕੇ ਗੁਰੂ ਜੀ ਦਾ ਸਿੱਖ ਬਣਿਆ ਸੀ। ਸੰਗਲਾਦੀਪ (ਲੰਕਾ ਜਾਂ ਸਿਲੂਨ) ਦੇ ਰਾਜੇ ਸ਼ਿਵਨਾਭ ਨੂੰ ਭਾਈ ਮਨਸੁਖ ਦੀ ਸੰਗਤ ਕਰਨ ਦਾ ਅਵਸਰ ਮਿਲਿਆ। ਭਾਈ ਮਨਸੁਖ ਨੇ ਉਸ ਨੂੰ ਗੁਰੂ ਨਾਨਕ
ਸਾਹਿਬ ਜੀ ਦੇ ਉਪਦੇਸ਼ਾਂ ਅਤੇ ਸਿੱਖੀ ਦੇ ਨੇਮਾਂ, ਮਰਯਾਦਾ ਤੇ ਗੁਰੂ ਜੀ ਦੀ ਵਡਿਆਈ ਬਾਰੇ ਦੱਸਿਆ।
ਜਦ ਭਾਈ ਮਨਸੁਖ ਵਾਪਸ ਪੰਜਾਬ ਜਾਣ ਲੱਗਾ ਤਾਂ ਰਾਜੇ ਨੇ ਕਿਹਾ ਕਿ ਉਹ ਵੀ ਉਸ ਦੇ ਨਾਲ ਚੱਲੇਗਾ ਤੇ ਗੁਰੂ ਜੀ ਦੇ ਦਰਸ਼ਨ ਕਰੇਗਾ। ਪਰ ਭਾਈ ਮਨਸੁਖ ਨੇ ਕਿਹਾ
ਰਾਜਾ ਜੀ ! ਤੁਸੀਂ ਆਪਣੇ ਫ਼ਰਜ਼ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਓ ਤੇ ਸੱਚੇ ਦਿਲੋਂ ਗੁਰੂ ਜੀ ਨੂੰ ਯਾਦ ਕਰਦੇ ਰਹੋ, ਗੁਰੂ ਜੀ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ। ਰਾਜਾ ਮੰਨ ਗਿਆ ਉਹ ਆਪਣੇ ਫ਼ਰਜ਼ ਨਿਭਾਉਂਦਾ ਹੋਇਆ ਗੁਰੂ ਜੀ ਨੂੰ ਹਰਦਮ ਯਾਦ ਕਰਿਆ ਕਰੇ ਅਤੇ ਦਰਸ਼ਨਾਂ ਲਈ ਅਰਦਾਸਾਂ ਕਰਦਾ ਰਿਹਾ ਕਰੇ। ਜਦੋਂ ਇਸ ਗੱਲ ਦਾ ਆਮ ਲੋਕਾਂ ਨੂੰ ਪਤਾ ਲੱਗਿਆ ਤਾਂ ਕਈ ਸਾਧੂਆਂ ਨੇ ਰਾਜੇ ਨੂੰ ਆਪਣਾ ਚੇਲਾ ਬਣਾਉਣਾ ਚਾਹਿਆ। ਆਪਣੇ ਆਪ ਨੂੰ ਗੁਰੂ ਨਾਨਕ ਦੱਸ ਕੇ , ਰਾਜੇ ਦੇ ਦਰਬਾਰ ਵਿਚ ਆਉਣਾ ਸ਼ੁਰੂ ਕਰ ਦਿੱਤਾ। ਪਰ ਉਨ੍ਹਾਂ ਵਿੱਚੋਂ ਕੋਈ ਵੀ ਰਾਜੇ ਦੀ ਤਸੱਲੀ ਨਾ ਕਰ ਸਕਿਆ। ਰਾਜੇ ਨੇ ਸਾਧੂਆਂ ਦੀ ਪ੍ਰੀਖਿਆ ਲਈ ਇਕ ਜੁਗਤ ਬਣਾਈ ਕਿ ਜਿਹੜਾ ਵੀ ਸਾਧੂ ਗੁਰੂ ਬਣ ਕੇ ਆਵੇ, ਉਸ ਦਾ ਸ਼ਾਹੀ ਬਾਗ਼ ਵਿਚ ਉਤਾਰਾ ਕਰਵਾਇਆ
ਜਾਵੇ। ਉਸ ਦੀ ਅੰਨ-ਪਾਣੀ ਆਦਿ ਨਾਲ ਖੂਬ ਸੇਵਾ ਕੀਤੀ ਜਾਵੇ ਅਤੇ ਫਿਰ ਉਸ ਦੀ ਪਰਖ ਲਈ ਧਨ ਅਤੇ ਸੁੰਦਰ ਇਸਤਰੀਆਂ ਦਾ ਲਾਲਚ ਦਿੱਤਾ ਜਾਵੇ, ਪਰੰਤੂ ਕੋਈ ਵੀ ਸਾਧੂ ਇਸ ਪਰਖ ਵਿਚ ਪੂਰਾ ਨਾ ਉਤਰਿਆ। ਰਾਜਾ ਸਮਝ ਗਿਆ ਕਿ ਇਹ ਸਭ ਪਾਖੰਡੀ ਹਨ। ਏਨੇ ਨੂੰ ਗੁਰੂ ਨਾਨਕ ਸਾਹਿਬ ਵੀ ਸੰਗਲਾਦੀਪ ਪਹੁੰਚ ਗਏ, ਉਨ੍ਹਾਂ ਨੇ ਆਪ ਹੀ ਰਾਜੇ ਦੇ ਬਾਗ਼ ਵਿਚ ਜਾ ਡੇਰਾ ਲਾਇਆ। ਰਾਜੇ ਨੇ ਬਹੁਤ ਸੋਹਣੀਆਂ ਇਸਤਰੀਆਂ ਭੇਜੀਆਂ, ਉਨ੍ਹਾਂ ਨੇ ਬੜੇ ਯਤਨ ਕੀਤੇ, ਪਰ ਉਹ ਗੁਰੂ ਜੀ ਨੂੰ ਭਰਮਾ, ਡੁਲਾ ਨਾ ਸਕੀਆਂ। ਪਹਿਲਾਂ ਤਾਂ ਗੁਰੂ ਜੀ ਰੱਬ ਦੇ ਧਿਆਨ ਵਿਚ ਜੁੜੇ ਬੈਠੇ ਰਹੇ ਫਿਰ ਆਪ ਨੇ ਮਿੱਠੀ ਰਸ ਭਿੰਨੀ ਤੇ ਦਇਆ ਭਰੀ ਆਵਾਜ਼ ਵਿਚ ਕਿਹਾ ਹੈ:
ਗਾਛਹੁ ਪੁੜੀ ਰਾਜ ਕੁਆਰਿ॥
ਨਾਮੁ ਭਣਹੁ ਸਚੁ ਹੋਤੁ ਸਵਾਰਿ॥
(ਪੰਨਾ ੧੧੮੭)
ਜਾਓ ਬੱਚੀਓ, ਕਰਤਾਰ ਚਿੱਤ ਆਵੇ ਰੱਬ ਦਾ ਨਾਂ ਲਵੇ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ! ਮੋਹਨ ਆਈਆਂ, ਮੋਹੀਆਂ ਗਈਆਂ। ਵੱਸ ਕਰਨ ਆਈਆਂ, ਬੱਝ ਗਈਆਂ। ਉਹ ਗੁਰੂ ਜੀ ਦੇ ਚਰਨੀਂ ਢਹਿ ਪਈਆਂ ਅਤੇ ਨਿਹਾਲ ਹੋ ਗਈਆਂ। ਰਾਜੇ ਨੇ ਇਹ ਗੱਲ ਸੁਣੀ ਉਹ ਬਹੁਤ ਖੁਸ਼ ਹੋਇਆ ‘ਤੇ ਉਸ ਨੂੰ ਯਕੀਨ ਹੋ ਗਿਆ ਕਿ ਇਸ ਵਾਰ ਠੀਕ ਹੀ ਤਾਰਨਹਾਰ ਸੱਚੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪ ਆਏ ਹਨ। ਉਹ ਰਾਣੀ ਸਮੇਤ ਦਰਸ਼ਨਾਂ ਲਈ ਬਾਗ਼ ਵਿਚ ਗਿਆ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰ
ਕੇ ਤੇ ਬਚਨ ਸੁਣ ਕੇ ਉਹ ਨਿਹਾਲ ਹੋ ਗਏ। ਤਨ-ਮਨ ਅਨੋਖੀ ਖੁਸ਼ੀ ਦੇ ਸਰੂਰ ਨਾਲ ਭਰ ਗਿਆ ਤੇ ਉਹ ਦੋਵੇਂ ਜੀਅ ਗੁਰੂ ਜੀ ਦੇ ਸਿੱਖ ਬਣ ਗਏ। ਉਨ੍ਹਾਂ ਦੇ ਮਗਰ ਉਨ੍ਹਾਂ ਦੀ ਪਰਜਾ ਦੇ ਅਨੇਕਾਂ ਲੋਕਾਂ ਨੇ ਵੀ ਸਿੱਖੀ ਧਾਰਨ ਕੀਤੀ। ਗੁਰੂ ਜੀ ਕਾਫ਼ੀ ਸਮਾਂ ਉੱਥੇ ਰਹੇ, ਫਿਰ ਆਪ ਰਾਜੇ ਸ਼ਿਵਨਾਭ ਨੂੰ ਉਸ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ ਦਾ ਕੰਮ ਸੌਂਪ ਕੇ ਉੱਥੋਂ ਵਿਦਾ ਹੋ ਗਏ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਵੇਲੇ ਇਸਤਰੀ ਦੀ ਦਸ਼ਾ ਵੀ ਬਹੁਤ ਤਰਸਯੋਗ ਸੀ। ਸ਼ੂਦਰਾਂ ਦੀ ਤਰ੍ਹਾਂ ਉਸ ਨੂੰ ਵੀ ਜਨੇਊ ਧਾਰਨ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਉਸ ਦਾ ਕੰਮ ਰਸੋਈ ਵਿਚ ਰੋਟੀ ਪਕਾਉਣਾ, ਘਰ ਦੇ ਹੋਰ ਛੋਟੇ-ਮੋਟੇ ਕੰਮ ਕਰਨਾ ਜਾਂ ਸੰਤਾਨ ਦੀ ਉਤਪਤੀ ਕਰਨਾ ਹੀ ਸੀ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ ਹੁੰਦੀ, ਉਸ ਦਾ ਪਰਮ-ਧਰਮ ਤਾਂ ਆਪਣੇ ਪਤੀ- ਪਰਮਾਤਮਾ ਨੂੰ ਖੁਸ਼ ਰੱਖਣਾ ਹੀ ਸੀ। ਉਹ ਮਰਦ ਦੀਆਂ ਖੁਸ਼ੀਆਂ ਬਦਲੇ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੀ ਸੀ, ਪਰੰਤੂ ਮਰਦ ਉਸ ਨੂੰ ਇੱਕ ਪਸ਼ੂ ਦੀ ਤਰ੍ਹਾਂ ਹੀ ਸਮਝਦਾ ਸੀ। ਪੈਸਿਆਂ ਦੀ ਲੋੜ ਪੈਣ ‘ਤੇ ਉਸ ਨੂੰ ਕਿਸੇ ਦੀ ਰਖੇਲ ਬਣਾ ਕੇ ਵੇਚ ਦਿੱਤਾ ਜਾਂਦਾ ਸੀ। ਪਤੀ ਦੇ ਮਰਨ ਮਗਰੋਂ ਉਸ ਨੂੰ ਮਜਬੂਰਨ ‘ਸਤੀ ਹੋਣਾ ਪੈਂਦਾ ਸੀ। ਇੱਥੇ ਹੀ ਬੱਸ ਨਹੀਂ ਧਰਮ ਮੰਦਰਾਂ ਦੇ ਪੁਜਾਰੀਆਂ ਦੀ ਕਾਮ ਭੁੱਖ ਨੂੰ ਦੂਰ ਕਰਨ ਲਈ ਉਸ ਨੂੰ ਨੂੰ “ਦੇਵ ਦਾਸੀ’ ਵੀ ਬਣਨਾ ਪੈਂਦਾ ਸੀ। ਉਸ ਸਮੇਂ ਦੀਆਂ ਪ੍ਰਚਲਿਤ ਧਾਰਮਿਕ ਪੁਸਤਕਾਂ, ਮਨੁ ਸਮ੍ਰਿਤੀ `ਤੇ ਯੋਗੀਆਂ ਦੇ ਪ੍ਰਚਾਰ ਆਦਿਕਾਂ ਦੇ ਅਸਰ ਥੱਲੇ ਇਸਤਰੀ ਨੂੰ ਮਨੁੱਖ ਦੇ ਧਾਰਮਿਕ ਜੀਵਨ ਵਿਚ ਰੁਕਾਵਟ, ਸਭ ਦੁੱਖਾਂ ਦਾ ਮੂਲ ਕਾਰਨ ਤੇ ਕੁਰਾਹੇ ਪਾਉਣ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ ਸੀ। ਮਨੂੰ ਸਿਆਂ ਵਿਚ ਲਿਖਿਆ ਮਿਲਦਾ ਹੈ, “ਇਸਤਰੀਆਂ ਅਗਿਆਨਣਾਂ ਹਨ, ਵੇਦ-ਮੰਤਰਾਂ ਤੋਂ ਵਾਂਝੀਆਂ ਹਨ ਅਤੇ ਝੂਠ ਦੀਆਂ ਮੂਰਤਾਂ ਹਨ” (ਮਨੂ ਸਮ੍ਰਿਤੀ, ਅਧਿਆਇ ੫, ਸਲੋਕ ੪੭-੪੮) ਪਦਮ
ਪੁਰਾਣ ਵਿਚ ਇਸਤਰੀ ਦੀ ਬਹੁਤ ਦੁਰਗਤੀ ਕੀਤੀ ਗਈ ਹੈ। ਲਿਖਿਆ ਹੈ:
ਪਤੀ ਭਾਵੇਂ ਬਹੁਤ ਹੀ ਬੁੱਢਾ ਹੋਵੇ, ਕਰੂਪ ਹੋਵੇ; ਲੰਗੜਾ-ਲੂਲਾ, ਕੋਹੜੀ ਹੋਵੇ, ਡਾਕੂ, ਚੋਰ, ਕਾਤਲ ਹੋਵੇ, ਸ਼ਰਾਬੀ ਹੋਵੇ, ਜੂਏਬਾਜ਼ ਤੇ ਰੰਡੀਬਾਜ਼ ਹੋਵੇ, ਸ਼ਰੇਆਮ ਪਾਪ ਕਰਦਾ ਫਿਰੇ, ਪਰ ਪਤਨੀ ਨੂੰ ਫਿਰ ਵੀ ਉਸ ਨੂੰ ਪਰਮਾਤਮਾ ਵਾਂਗ ਪੂਜਣਾ ਚਾਹੀਦਾ ਹੈ। ਯੋਗੀਆਂ, ਜੈਨੀਆਂ, ਸਿੱਧਾਂ ਆਦਿ ਵਰਗੇ ਭਗਤਾਂ ਦੇ ਵੀ ਇਸਤਰੀ ਬਾਰੇ ਇਹੋ ਜਿਹੇ ਵਿਚਾਰ ਹੀ ਸਨ। ਮੁਸਲਮਾਨਾਂ ਵਿਚ ਵੀ ਇਸਤਰੀ ਨੂੰ ਮਸਜਿਦ ਵਿਚ ਜਾ ਕੇ ਧਰਮ ਕਰਮ ਕਰਨ ਅਤੇ ਉਪਦੇਸ਼ ਕਰਨ ਦਾ ਕੋਈ ਅਧਿਕਾਰ ਨਹੀ ਸੀ। ਐਸੇ ਸਮੇਂ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਇਸਤਰੀ ਨਾਲ ਹੋ ਰਹੇ ਘੋਰ ਅਨਿਆਂ ਵਿਰੁੱਧ ਆਵਾਜ਼ ਉਠਾਈ ਤੇ ਆਖਿਆ ਕਿ ਜਿਸ ਇਸਤਰੀ ਨੇ ਧਰਮੀ ਰਾਜਿਆਂ, ਭਗਤਾਂ, ਫ਼ਿਲਾਸਫ਼ਰਾਂ, ਸੂਰਮਿਆਂ ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਦਾ ਨਹੀਂ ਆਖਣਾ ਚਾਹੀਦਾ। ਸੱਚਾ ਧਰਮ ਲਿੰਗ ਵਿਤਕਰੇ ਨੂੰ ਸਵੀਕਾਰ ਨਹੀਂ ਕਰਦਾ।
‘ਇਸਤਰੀ ਦੀ ਕੁੱਖ ਚੋਂ ਹੀ ਮਰਦ ਜਨਮ ਲੈਂਦਾ ਹੈ ਇਸਤਰੀ ਨਾਲ ਹੀ ਉਸ ਦੀ ਮੰਗਣੀ ਤੇ ਫਿਰ ਵਿਆਹ ਹੁੰਦਾ ਹੈ। ਇਸਤਰੀ ਨਾਲ ਹੀ ਮਰਦ ਦੋਸਤੀ ਰੱਖਣਾ ਪਸੰਦ ਕਰਦਾ ਹੈ, ਕਿਉਂਕਿ ਉਸ ਦੇ ਸਾਥ ਤੋਂ ਬਿਨਾ ਜੀਵਨ ਅਧੂਰਾ ਹੈ। ਜੇਕਰ ਕਿਸੇ ਮਰਦ ਦੀ ਇਸਤਰੀ ਵਿਆਹ ਤੋਂ ਬਾਅਦ ਮਰ ਜਾਂਦੀ ਹੈ ਤਾਂ ਉਸ ਦੀ ਜ਼ਿੰਦਗੀ ਅਧੂਰੀ ਰਹਿ ਜਾਂਦੀ ਹੈ। ਗੁਰੂ ਸਾਹਿਬ ਬਾਣੀ ਅੰਦਰ ਦੱਸਦੇ ਹਨ ਕਿ ਬੇਵੱਸ ਪਾਣੀ ਤਾਂ ਏਥੋਂ ਤਕ ਤਾਂਘ ਰੱਖਦਾ ਹੈ ਕਿ ਮੇਰੇ ਅਗਲੇਰੀ ਜ਼ਿੰਦਗੀ ਲਈ ਇਸਤਰੀ ਲੂਲੀ, ਲੰਗੜੀ, ਅਪਾਹਜ਼ ਹੀ ਕਿਉਂ ਨਾ ਹੋਵੇ ਉਸ ਨਾਲ ਵੀ ਰਿਸ਼ਤਾ ਰੱਖਣਾ ਮਨਜ਼ੂਰ ਕਰਦਾ ਹੈ।
ਜੇਕਰ ਇੰਨੇ ਸੁਖ ਇਸਤਰੀ ਨਾਲ ਮਿਲ ਕੇ ਮਰਦ ਨੂੰ ਮਿਲਦੇ ਹਨ ਤਾਂ ਫਿਰ ਕਿਉਂ ਉਸ ਨੂੰ ਮਾੜਾ ਕਿਹਾ ਜਾਂਦਾ ਹੈ। ਇਸਤਰੀ ਜਾਤ ਨਾ ਹੋਵੇ ਤਾਂ ਸ੍ਰਿਸ਼ਟੀ ਨਹੀਂ ਚੱਲ ਸਕਦੀ। ਬਸ ਉਹ ਅਕਾਲ ਪੁਰਖ ਹੀ ਹੈ, ਜੋ ਉਸ ਇਸਤਰੀ ਤੋਂ ਨਹੀਂ ਜੰਮਿਆ। ਉਹ ਆਪਣੇ ਆਪ ਤੋਂ ਹੈ। ਵਾਹਿਗੁਰੂ ਦੀਆਂ ਨਜ਼ਰਾਂ ਵਿਚ ਤਾਂ ਉਹੀ ਮਨੁੱਖ
ਭਾਵੇਂ ਇਸਤਰੀ ਹੋਵੇ- ਭਾਵੇਂ ਪੁਰਸ਼) ਉੱਜਲੇ ਹਨ, ਜਿਹੜੇ ਪ੍ਰਭੂ ਪਿਆਰ ਵਿਚ ਰੰਗੇ ਹੋਏ ਹਨ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥
(ਪੰਨਾ ੪੭੩)
ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਤੋਂ ਤੁਰ ਕੇ ਤਲਵੰਡੀ, ਸ਼ਕਰਪੁਰ, ਗਾਜ਼ੀ ਖਾਂ ਆਦਿ ਥਾਵਾਂ ਤੋਂ ਹੁੰਦੇ ਹੋਏ ਅਤੇ ਸੱਚੇ ਧਰਮ ਦਾ ਪ੍ਰਚਾਰ ਕਰਦੇ ਆਪ ਸਿੰਧ ਪਹੁੰਚੇ। ਉੱਥੋਂ ਉਹ ਹਾਜੀਆਂ ਦੇ ਇਕ ਜਥੇ ਨਾਲ ਰਲ ਕੇ ਮੱਕੇ ਸ਼ਰੀਫ ਜਾ ਅੱਪੜੇ।
ਇਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।
ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ। (ਵਾਰ ੧:੩੨)
ਉੱਥੇ ਪੁੱਜਦਿਆਂ ਸਾਰ ਹੀ ਆਪ ਜੀ ਨੇ ਲੋਕਾਂ ਦੇ ਭਰਮ ਦੂਰ ਕਰਨ ਅਤੇ ਸੱਚੇ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਆਪ ਜੀ ਉੱਥੇ ਕਾਅਬੇ ਵੱਲ ਪੈਰ ਪਸਾਰ ਕੇ ਸੌਂ ਗਏ। ਸਭ ਜਾਣਦੇ ਹਨ ਕਿ ਦੁਨੀਆ ਭਰ ਵਿਚ ਕਿਸੇ ਵੀ ਥਾਂ ਮੁਸਲਮਾਨ ਕਾਅਬੇ ਵੱਲ ਪੈਰ ਪਸਾਰ ਕੇ ਨਹੀਂ ਪੈਂਦੇ। ਅਜਿਹਾ ਕਰਨ ਨੂੰ ਉਹ ਵੱਡਾ ਗੁਨਾਹ ਅਤੇ ਕਾਅਬੇ ਦੀ ਬੇਅਦਬੀ ਸਮਝਦੇ ਹਨ। ਗੁਰੂ ਜੀ ਨੂੰ ਇਸ ਤਰ੍ਹਾਂ ਸੁੱਤਿਆਂ ਵੇਖ ਕੇ ਹਾਜੀ ਰੌਲਾ ਪਾਉਣ ਲੱਗ ਪਏ। ਜੀਵਨ ਨਾਮੀ ਇਕ ਹਾਜੀ ਨੇ ਗੁੱਸੇ ਵਿਚ ਆ ਕੇ ਗੁਰੂ ਜੀ ਨੂੰ ਠੰਡ ਮਾਰਿਆ ਤੇ ਕਿਹਾ, “ਤੂੰ ਕੌਣ ਕਾਫ਼ਰ ਹੈਂ ਜੋ ਖ਼ੁਦਾ ਦੇ ਘਰ ਵੱਲ ਪੈਰ ਪਸਾਰੀ ਪਿਆ ਹੈਂ ? ਕੋਈ ਹੋਸ਼ ਕਰ! ਇਹ ਖੁਦਾ ਦੇ ਘਰ ਦੀ ਬੇਅਦਬੀ ਹੈ, ਵੱਡਾ ਗੁਨਾਹ ਹੈ। ਗੁਰੂ ਜੀ ਨੇ ਬੜੀ ਮਿੱਠੀ ਤੇ ਸ਼ਾਂਤੀ ਭਰੀ ਆਵਾਜ਼ ਵਿਚ ਕਿਹਾ, “ਮਿੱਤਰਾ ਮੈਂ ਪ੍ਰਦੇਸੀ ਹਾਂ, ਥੱਕਿਆ ਹੋਇਆ ਹਾਂ। ਜਿੱਧਰ ਰੱਬ ਦਾ ਘਰ ਨਹੀਂ, ਮੇਰੀਆਂ ਲੱਤਾਂ ਓਧਰ ਨੂੰ ਕਰ ਦੇ।” ਜੀਵਨ ਕ੍ਰੋਧ ਵਿਚ ਆਇਆ ਤੇ ਗੁਰੂ ਜੀ ਦੀਆਂ ਲੱਤਾਂ ਘਸੀਟ ਕੇ ਉਸ ਪਾਸੇ ਨੂੰ ਕੀਤੀਆਂ ਜਿੱਧਰ ਕਾਅਬਾ ਨਹੀਂ ਸੀ। ਪਰ ਜਦੋਂ ਉਸ ਨੇ ਉਤਾਂਹ ਤੱਕਿਆ ਤਾਂ ਵੇਖਿਆ ਜਿਸ ਪਾਸੇ ਗੁਰੂ ਜੀ ਦੇ ਪੈਰ ਹੁਣ ਕੀਤੇ ਹਨ, ਓਧਰ ਹੀ ਕਾਅਬਾ ਖੜ੍ਹਾ ਹੈ। ਜੀਵਨ ਨੇ ਲੱਤਾਂ ਹੋਰ ਪਾਸੇ ਕੀਤੀਆਂ। ਕਾਅਬਾ ਵੀ ਉਸੇ ਪਾਸੇ ਖੜਾ ਸਭਨੂੰ ਦਿੱਸਿਆ।
ਜੀਵਨ ਤੇ ਹੋਰ ਹਾਜੀ ਹੈਰਾਨ ਹੋ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ, “ਵੇਖ ਲਿਆ ਜੇ ਮਿੱਤਰੋ ! ਕਿ ਰੱਬ ਦਾ ਘਰ ਤਾਂ ਹਰ ਪਾਸੇ ਹੈ। ਤੁਹਾਡੇ ਕੁਰਾਨ ਸ਼ਰੀਫ ਵਿਚ ਵੀ ਲਿਖਿਆ ਹੈ, ਅੱਲ੍ਹਾ ਪੂਰਬ ਵਿਚ ਵੀ ਹੈ ਤੇ ਪੱਛਮ ਵਿਚ ਵੀ। ਤੁਸੀਂ ਜਿੱਧਰ ਮੂੰਹ ਕਰੋ ਓਧਰ ਹੀ ਅੱਲਾ ਦਾ ਘਰ ਹੈ। ਤੁਸੀਂ ਹਜ਼ਰਤ ਸਾਹਿਬ ਦੇ ਬਚਨ ਭੁੱਲ ਗਏ ਹੋ।
ਕਾਫ਼ਰ ਤੁਸੀਂ ਹੋ ਕਿ ਮੈਂ?” ਉਨ੍ਹਾਂ ਸਭ ਦੀਆਂ ਅੱਖਾਂ ਖੁੱਲ੍ਹ ਗਈਆਂ। ਉਨ੍ਹਾਂ ਨੂੰ ਸਾਰੇ ਪਾਸੇ ਖੁਦਾ ਤੇ ਖੁਦਾ ਦਾ ਵਾਸ ਦਿੱਸਣ ਲੱਗ ਪਿਆ।
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ।
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ।
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ।
ਟੰਗੋਂ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ।
ਹੋਇ ਹੈਰਾਨੁ ਕਰੇਨਿ ਜੁਹਾਰੀ॥੩੨॥
(ਵਾਰ ੧:੩੨)
ਅਗਲੀ ਸਵੇਰ ਬਹੁਤ ਸਾਰੇ ਹਾਜੀ ਗੁਰੂ ਜੀ ਦੇ ਦੁਆਲੇ ਆ ਜੁੜੇ ਅਤੇ ਗੁਰੂ ਜੀ ਨਾਲ ਨਾਲ ਚਰਚਾ ਕਰਨ ਲੱਗੇ। ਮਖ਼ਦੂਮ ਰੁਕਨਦੀਨ ਉਨ੍ਹਾਂ ਦਾ ਮੁਖੀ ਸੀ। ਉਨ੍ਹਾਂ ਪੁੱਛਿਆ, ਤੁਸੀਂ ਹਿੰਦੂ ਹੋ ਕਿ ਮੁਸਲਮਾਨ ? ਗੁਰੂ ਜੀ ਨੇ ਕਿਹਾ, ਕਿ “ਨਾ ਮੈਂ ਹਿੰਦੂ ਹਾਂ,
ਨਾ ਮੈਂ ਮੁਸਲਮਾਨ ਹਾਂ, ਮੈਂ ਤਾਂ ਪਰਮਾਤਮਾ ਦਾ ਰਚਿਆ ਪੰਜਾਂ ਤੱਤਾਂ ਦਾ ਪੁਤਲਾ ਹਾਂ।” ਫੇਰ ਉਨ੍ਹਾਂ ਨੇ ਪੁੱਛਿਆ, “ਹਿੰਦੂ ਵੱਡਾ ਹੈ ਕਿ  ਮੁਸਲਮਾਨ ??
ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ।
ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ।
ਪੁਛ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਹਨਿ ਨ ਢੋਈ। (ਵਾਰ ੧:੩੩)
ਗੁਰੂ ਜੀ ਨੇ ਕਿਹਾ ਕਿ ਹਿੰਦੂ ਜਾਂ ਮੁਸਲਮਾਨ ਹੋਣ ਜਾਂ ਅਖਵਾਉਣ ਨਾਲ ਬੰਦਾ ਵੱਡਾ ਜਾਂ ਨਿੱਕਾ, ਉੱਚਾ ਜਾਂ ਨੀਵਾਂ, ਚੰਗਾ ਜਾਂ ਮੰਦਾ ਨਹੀਂ ਹੋ ਸਕਦਾ। ਚੰਗਾ ਜਾਂ ਵੱਡਾ ਉਹ ਹੈ, ਜਿਸ ਦੀ ਕਰਨੀ ਚੰਗੀ ਹੈ। ਭੈੜੇ ਤੇ ਨੀਵੇਂ ਕੰਮ ਕਰਨ ਵਾਲਾ ਹਿੰਦੂ ਵੀ ਨੀਵਾਂ ਤੇ ਭੈੜਾ ਹੈ ਤੇ ਮੁਸਲਮਾਨ ਵੀ। ਫਿਰ ਹੋਰ ਵਿਚਾਰ ਹੋਈ, ਤਾਂ ਗੁਰੂ ਜੀ ਨੇ ਕਿਹਾ, ਮਰਨ ਮਗਰੋਂ ਬੰਦੇ ਦੇ ਚੰਗੇ-ਮੰਦੇ ਕੰਮ ਹੀ ਉਸ ਦੇ ਨਾਲ ਜਾਂਦੇ ਹਨ ਅਤੇ ਉਨ੍ਹਾਂ ਦਾ ਚੰਗਾ-ਮੰਦਾ ਫ਼ਲ ਉਸ ਨੂੰ ਭੋਗਣਾ ਪੈਂਦਾ ਹੈ। ਇਸ ਤਰ੍ਹਾਂ ਚੋਖੀ ਚਰਚਾ ਹੁੰਦੀ ਰਹੀ। ਸਭ ਦੀ ਨਿਸ਼ਾ ਹੋ ਗਈ। ਉੱਥੇ ਜੁੜੇ ਹਾਜੀਆਂ ਨੇ ਗੁਰੂ ਜੀ ਦੇ ਉਪਦੇਸ਼ ਨੂੰ ਦਿਲ ਵਿਚ ਧਾਰਨ ਕੀਤਾ। ਮਖਦੂਮ ਰੁਕਨਦੀਨ ਹੋਰੀਂ ਤਾਂ ਗੁਰੂ ਜੀ ਦੇ ਚਰਨੀਂ ਢਹਿ ਪਏ ਤੇ ਕਹਿਣ ਲੱਗੇ, ਤੁਸੀਂ ਸਾਡਾ ਕੁਫ਼ਰ ਤੇ ਕੁਫ਼ਰ ਹਨੇਰ ਦੂਰ ਕੀਤਾ ਹੈ। ਅਸੀਂ ਤੁਹਾਨੂੰ ਆਪਣਾ ਰਹਿਬਰ ਮੰਨਦੇ ਹਾਂ।
ਧੁਰੋਂ ਪਠਾਏ ਗੁਰੂ ਨਾਨਕ ਪਾਤਸ਼ਾਹ ਨੇ “ਧੁਰ ਕੀ ਬਾਣੀ ਨੂੰ ਆਪ ਵੀ ਉਚਾਰਿਆ ਤੇ ਸੰਭਾਲਿਆ ਵੀ। ਗੁਰੂ ਸਾਹਿਬ ਨੇ ਸਿੱਧਾਂ ਨਾਲ ਗੋਸ਼ਟ ਵੀ ਕੀਤੀ। ਗੁਰੂ ਸਾਹਿਬ ਜੀ ਦੀ ਸਿੱਧਾਂ ਨਾਲ ਮੁੱਖ ਤੌਰ ‘ਤੇ ਚਰਚਾ ੪ ਥਾਵਾਂ ‘ਤੇ ਹੋਈ।
ਗੋਰਖ ਮਤੇ, ਸੁਮੇਰ ਪਰਬਤ, ਪਿਸ਼ਾਵਰ ਅਤੇ ਅਚਲ ਬਟਾਲੇ। ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਗੋਰਖ ਮਤੇ ਨਾਮੇ ਸਥਾਨ ‘ਤੇ ਪੁੱਜੇ। ਇਸ ਜਗ੍ਹਾ ਸਿੱਧਾਂ ਜੋਗੀਆਂ ਦਾ ਵੱਡਾ ਡੇਰਾ ਸੀ। ਇਹ ਲੋਕ ਸਿੱਧੀਆਂ ਅਤੇ ਕਰਾਮਾਤਾਂ ਵਿਖਾ-ਵਿਖਾ ਕੇ ਲੋਕਾਂ ਪਾਸੋਂ ਭੇਟਾ ਵਸੂਲਦੇ ਸਨ ਤੇ ਉਨ੍ਹਾਂ ਨੂੰ ਰੱਬ ਵੱਲੋਂ ਹਟਾ ਕੇ ਅਨੇਕਾਂ ਭਰਮਾਂ ਵਹਿਮਾਂ ਦੇ ਜਾਲ ਵਿਚ ਫਸਾਉਂਦੇ ਸਨ। ਅਜਿਹੇ ਪਖੰਡੀ-ਧਰਮੀ ਜੋ ਆਪ ਕੁਰਾਹੇ ਪਏ ਹੋਏ ਸਨ ਤੇ ਹੋਰਨਾਂ ਨੂੰ ਕੁਰਾਹੇ ਪਾ ਰਹੇ ਸਨ। ਗੁਰੂ ਜੀ ਉਨ੍ਹਾਂ ਦੇ ਡੇਰੇ ਪੁੱਜੇ। ਸਿੱਧਾਂ ਨੇ ਚਰਚਾ ਬਹਿਸ ਕਰਕੇ ਗੁਰੂ ਜੀ ਨੂੰ ਹਰਾਉਣਾ ਚਾਹਿਆ ਪਰ ਉਹ ਆਪ ਹੀ ਹਾਰ ਖਾ ਗਏ ਤੇ ਹਾਰ ਮੰਨ ਗਏ। ਬਾਣੀ ਆਨੁਸਾਰ :-
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ॥ (ਪੰਨਾ ੯੩੮)
ਜੋਗੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ- ਤੁਸੀਂ ਕੌਣ ਹੋ? ਤੁਹਾਡਾ ਕੀ ਨਾਮ ਹੈ? ਤੁਹਾਡਾ ਕੀ ਮਤ ਤੇ ਕੀ ਮਕਸਦ ਹੈ? ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ
ਦਿੱਤਾ – ਮੈ ਸੱਚੇ ਪ੍ਰਭੂ ਨੂੰ ਜਪਦਾ ਹਾਂ, ਪ੍ਰਭੂ ਅੱਗੇ ਹੀ ਮੇਰੀ ਅਰਦਾਸਿ ਹੈ ਤੇ ਮੇਰੀ ਇਹੀ ਮਤ ਹੈ। ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ, ਇਹ ਹੀ ਮੇਰਾ ਮਕਸਦ ਹੈ :
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ॥ (ਪੰਨਾ ੯੩੮)
ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਅਸਲ ਜੋਗ ਉਹ ਨਹੀਂ ਜੋ ਤੁਸੀਂ ਸ਼ਰਾਬ ਪੀ-ਪੀ ਕੇ ਕਮਾਉਂਦੇ ਹੋ। ਅਸਲ ਜੋਗ ਤਾਂ ਇਹ ਹੈ ਕਿ ਕਰਤਾਰ ਦਾ ਨਾਮ ਹਿਰਦੇ ਵਿਚ ਵਸਾਇਆ ਜਾਵੇ ਤੇ ਮੂੰਹ ਤੋਂ ਉਚਾਰਿਆ ਜਾਵੇ। ਮਨ ਕਰਤਾਰ ਵਿਚ ਤੇ ਹੱਥ ਕਾਰ ਵਿਚ ਲਾ ਕੇ ਰੱਬ ਦੇ ਜੀਆਂ ਦੀ ਸੇਵਾ ਤੇ ਸਹਾਇਤਾ ਕੀਤੀ ਜਾਵੇ, ਭੁੱਲਿਆਂ ਨੂੰ ਰੱਬ ਦੇ ਰਾਹੇ ਪਾਇਆ ਜਾਵੇ ਅਤੇ ਮਾਇਆ ਦੇ ਜਾਲ ਤੋਂ ਬਚਾਇਆ ਜਾਵੇ। ਸਾਰੇ ਸਿੱਧਾਂ ਨੇ ਗੁਰੂ ਜੀ ਅੱਗੇ ਸਿਰ ਨਿਵਾਏ ਅਤੇ ਉਨ੍ਹਾਂ ਦੇ ਦੱਸੇ ਰਾਹ ਤੇ ਤੁਰਨ ਦਾ ਪ੍ਰਣ ਕੀਤਾ।
ਗੁਰੂ ਜੀ ਦੇ ਸਮੇਂ ਹੀ ਬਾਬਰ ਨੇ ਤਬਾਹੀ ਮਚਾਈ ਹੋਈ ਸੀ। ਗੁਰੂ ਜੀ ਹਸਨ ਅਬਦਾਲੋਂ ਤੁਰਦੇ ਹੋਏ ਜਦੋਂ ਸੈਦਪੁਰ ਪਹੁੰਚੇ ਤਾਂ ਕੁਝ ਚਿਰ ਮਗਰੋਂ ਬਾਬਰ ਦੀਆਂ ਫੌਜਾਂ ਵੀ ਮਾਰੋ-ਮਾਰ ਕਰਦੀਆਂ ਸੈਦਪੁਰ ਆ ਗਈਆਂ। ਉਸ ਸਮੇਂ ਅੱਤ ਦੀ ਲੁੱਟ-ਮਾਰ ਤਬਾਹੀ ਹੋਈ। ਗੁਰੂ ਸਾਹਿਬ ਬਾਣੀ ਅੰਦਰ ਫੁਰਮਾਨ ਕਰਦੇ ਹਨ:
ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ ਜਾਇ॥
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ॥
(ਪੰਨਾ ੪੧੭)
ਸੈਦਪੁਰ ਦੀਆਂ ਇਸਤਰੀਆਂ ਜ਼ਾਲਮਾਂ ਦੇ ਪੰਜੇ ਵਿਚ ਫਸ ਗਈਆਂ ਹਨ। ਮੁਸਲਮਾਨੀਆਂ ਦੇ ਨਮਾਜ਼ ਦਾ ਤੇ ਹਿੰਦਵਾਣੀਆਂ ਦੇ ਪੂਜਾ ਦਾ ਵਖਤ ਉਨ੍ਹਾਂ ਕੋਲੋਂ ਖੁੰਝ ਗਿਆ ਹੈ। ਜਿਹੜੀਆਂ ਅੱਗੇ ਨਹਾ ਕੇ ਟਿੱਕੇ ਲਾ ਕੇ, ਸੁੱਚੇ ਚੌਂਕੇ ਵਿਚ ਬੈਠਦੀਆਂ ਸਨ, ਹੁਣ ਨਾਂਹ ਤਾਂ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਨੇ ਤੇ ਨਾਂ ਹੀ ਸੁੱਚੇ ਚੌਕੇ ਵਿਚ ਬੈਠਦੀਆਂ ਨੇ। ਜਿਨ੍ਹਾਂ ਨੇ ਧਨ ਜੋਬਨ ਦੇ ਨਸ਼ੇ ਵਿਚ ਕਦੇ ਰਾਮ ਨੂੰ ਚੇਤੇ ਨਹੀਂ ਕੀਤਾ ਹੁਣ ਹਾਲਤ ਕੁਝ ਅਜਿਹੀ ਬਣ ਗਈ ਹੈ ਕਿ ਉਹ ਖੁਦਾ-ਖੁਦਾ ਵੀ ਨਹੀਂ ਆਖ ਸਕਦੇ। ਜਦ ਲੁੱਟ-ਮਾਰ ਤੇ ਕੱਟ-ਵੱਢ ਬੰਦ ਹੋਈ, ਤਾਂ ਬਚੇ ਰਹੇ ਮਰਦਾਂ, ਤੀਵੀਆਂ, ਮੁੰਡਿਆ ਤੇ ਕੁੜੀਆਂ ਨੂੰ ਲੁੱਟ ਦੇ ਮਾਲ ਦੀਆਂ ਪੰਡਾਂ ਚੁਕਾਈਆਂ ਗਈਆਂ ਅਤੇ ਸਭ ਨੂੰ ਬਾਬਰ ਦੇ ਡੇਰੇ ਵੱਲ ਹਿੱਕਿਆ ਗਿਆ। ਗੁਰੂ ਜੀ ਦਾ ਦਿਲ ਤਾਂ ਆਪਣੇ ਸਾਥੀ ਕੈਦੀਆਂ ਦੀ ਹਾਲਤ ਵੇਖ- ਵੇਖ ਕੇ ਭਰ ਗਿਆ ਸੀ ਤੇ ਡੁਲ੍ਹ ਰਿਹਾ ਸੀ। ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ, “ਮਰਦਾਨਿਆ! ਰਬਾਬ ਵਜਾ, ਬਾਣੀ ਆਈ ਏ। ਭਾਈ ਮਰਦਾਨਾ ਜੀ ਨੇ ਹੁਕਮ ਮੰਨਿਆ ਤੇ ਰਬਾਬ ਵੱਜਣ ਲੱਗ ਪਈ। ਗੁਰੂ ਜੀ ਨੇ
ਉੱਚੀ, ਸੁਰੀਲੀ, ਅਵਾਜ਼ ਵਿਚ ਸ਼ਬਦ ਦਾ ਕੀਰਤਨ ਅਰੰਭ ਕਰ ਦਿੱਤਾ। ਇਹ ਕੀਰਤਨ ਦੂਰ-ਦੂਰ ਤਕ ਸੁਣਿਆ ਗਿਆ। ਕੈਦੀਆਂ ਨੂੰ ਆਪਣੇ ਦੁੱਖ ਹੌਲੇ ਜਾਪਣ ਲੱਗ ਪਏ। ਡੇਰੇ ਵਿਚ ਸਭ ਨੂੰ ਚੱਕੀਆਂ ਦਿੱਤੀਆਂ ਗਈਆਂ ਕਿ ਫੌਜ ਵਾਸਤੇ ਆਟਾ ਪੀਸਣ ਲਈ । ਗੁਰੂ ਜੀ ਤੇ ਭਾਈ ਮਰਦਾਨੇ ਨੂੰ ਵੀ ਇਕ-ਇਕ ਚੱਕੀ ਮਿਲੀ। ਗੁਰੂ ਜੀ ਨਾਲੇ ਤਾਂ ਚੱਕੀ ਪੀਹੀ ਜਾਣ ਅਤੇ ਨਾਲੇ ਉੱਚੀ, ਮਿੱਠੀ, ਸੁਰੀਲੀ ਆਵਾਜ਼ ਵਿਚ ਰੱਬੀ-ਬਾਣੀ ਦਾ ਕੀਰਤਨ ਕਰੀ ਜਾਣ। ਆਪ ਜੀ ਦਾ ਰੱਬੀ ‘ਨਾਦ’ ਸੁਣ ਕੇ ਚੱਕੀ ਪੀਹਣ ਵਾਲਿਆਂ ਨੂੰ ਆਪਣੇ ਦੁੱਖ ਭੁੱਲ ਗਏ। ਉਹ ਮਗਨ ਜਿਹੇ ਹੋ ਕੇ, ਅੱਖਾਂ ਮੀਟ ਕੇ ਚੱਕੀਆਂ ਚਲਾਈ ਗਏ। ਬਾਬਰ ਦੇ ਸਿਪਾਹੀਆਂ ਨੇ ਜਦ ਕੈਦਖਾਨੇ ਵਿਚ ਆ ਕੇ ਇਹ ਸਭ ਦੇਖਿਆ ਤਾਂ ਉਨ੍ਹਾਂ ਨੇ ਬਾਬਰ ਨੂੰ ਖ਼ਬਰ ਕੀਤੀ। ਬਾਬਰ ਆਪ ਆਇਆ ਤੇ ਜਦੋਂ ਉਸਨੇ ਗੁਰੂ ਜੀ ਦੇ ਰੱਬੀ-ਨੂਰ ਭਰੇ ਚਿਹਰੇ ਨੂੰ ਵੇਖਿਆ ਤਾ ਉਹ ਠਠੰਬਰ ਗਿਆ ਤੇ ਕਹਿਣ ਲੱਗਾ, “ਜੇ ਮੈਨੂੰ ਪਤਾ ਹੁੰਦਾ ਕਿ ਇਸ ਥਾਂ ਅਜਿਹੇ ਸਾਈਂ ਲੋਕ ਹਨ, ਤਾਂ ਮੈਂ ਨਗਰ ਨੂੰ ਲੁੱਟਣ ਤੇ ਉਜਾੜਨ ਦਾ ਹੁਕਮ ਨਾ ਦੇਂਦਾ। ਫੇਰ ਉਸ ਨੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਕਿਹਾ, “ਸਾਈਂ ਲੋਕੋ ! ਜਾਉ, ਤੁਸੀਂ ਆਜ਼ਾਦ ਹੋ।” ਪਰੰਤੂ ਗੁਰੂ ਜੀ ਨੇ ਕਿਹਾ, “ਜੇ ਤੁਹਾਡਾ ਪਛੋਤਾਵਾ ਦਿਲੋਂ ਹੈ ਤਾਂ ਇਨ੍ਹਾਂ ਵਿਚਾਰਿਆਂ ਨੂੰ ਵੀ ਛੱਡੋ ਅਤੇ ਇਨ੍ਹਾਂ ਦਾ ਲੁੱਟਿਆ ਹੋਇਆ ਮਾਲ ਵੀ ਇਨ੍ਹਾਂ ਨੂੰ ਵਾਪਸ ਕਰੋ। ਬਾਬਰ ਨੇ ਅਜਿਹਾ ਕਰਨ ਲਈ ਹੁਕਮ ਦੇ ਦਿੱਤੇ। ਗੁਰੂ ਸਾਹਿਬ ਨੇ ਬਾਬਰ ਦੇ ਹੋਏ ਹਮਲੇ ਨੂੰ ਕਰਤਾਰ ਦੀ ਮਰਜ਼ੀ ਕਿਹਾ। ਗੁਰੂ ਸਾਹਿਬ ਫੁਰਮਾਉਂਦੇ ਹਨ:-
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੂਛਹਿ ਸੁਖ॥
ਇਕਨ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ॥
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥ (ਪੰਨਾ ੪੧੭)
ਅਖੀਰ ਸਮੇਂ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਦੇ ਯੋਗ ਸਮਝ ਕੇ ਆਪਣਾ ਅੰਗ ਬਣਾ ਲਿਆ। ਭਾਈ ਲਹਿਣਾ ਜੀ ਦੀ ਗੁਰੂ ਸਾਹਿਬ ਨੇ ਬਹੁਤ ਵਾਰ ਪ੍ਰੀਖਿਆ ਲਈ। ਭਾਈ ਲਹਿਣਾ ਜੀ ਹਰੇਕ ਪ੍ਰੀਖਿਆ ਵਿੱਚੋਂ ਖਰੇ ਉਤਰੇ। ਜਗਤ-
ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਗਾ ਕੇ ‘ਅੰਗਦ` (ਸ੍ਰੀ ਗੁਰੂ ਅੰਗਦ ਦੇਵ ਜੀ) ਬਣਾ ਦਿੱਤਾ। ਗੁਰੂ ਜੀ ਨੇ ਬਚਨ ਕੀਤਾ:
ਅਬ ਤੂੰ ਮੇਰੇ ਅੰਗ ਤੇ ਭਇਆ।
ਤੂੰ ਲਹਿਨਾ ਮੈਂ ਦੇਨਾ ਭਇਆ।
(ਮਹਿਮਾ ਪ੍ਰਕਾਸ਼)
ਇਸ ਪ੍ਰਥਾਇ ਗੁਰਬਾਣੀ ਦਾ ਫੁਰਮਾਨ ਹੈ :
ਤਖਤਿ ਬਹੈ ਤਖਤੈ ਕੀ ਲਾਇਕ॥
(ਪੰਨਾ ੧੦੩੮)
ਆਪ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਸੌਂਪ ਕੇ ਸ੍ਰੀ ਗੁਰੂ ਅੰਗਦ ਸਾਹਿਬ ਬਣਾਇਆ ਤੇ ਆਪ ਕਰਤਾਰਪੁਰ ਵਿਖੇ ੧੫੩੯ ਈ. ਵਿਚ ਜੋਤੀ ਜੋਤ ਸਮਾ ਗਏ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin