ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ।
ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ।
ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ।
ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ।
ਕੂਕੇ, ਬੱਬਰਾਂ, ਤੇਰੀ ਖਾਤਿਰ, ਸਭ ਕੁੱਝ ਲੇਖੇ ਲਾਇਆ।
ਸੁਣ ਨੀ……
ਗਦਰ ਲਹਿਰ ਦੇ ਨਾਇਕ ਸਾਡੇ, ਤਨ ਤੇ ਲੱਖ ਤਸੀਹੇ ਜਰ ਗਏ।
ਐਪਰ ਦੇਸ਼ ਵਾਸੀਆਂ ਦੇ ਵਿੱਚ, ਤੇਰੀ ਇਕ ਚੰਗਿਆੜੀ ਧਰ ਗਏ।
ਮਘਦੀ ਮਘਦੀ ਜੋ ਚੰਗਿਆੜੀ, ਇਕ ਦਿਨ ਰੰਗ ਦਿਖਾਇਆ।
ਸੁਣ ਨੀ…..
ਸੰਨ ਸੰਤਾਲੀ ਵਿੱਚ ਤੂੰ ਆਈ, ਆਉਂਦੇ ਸਾਰ ਹੀ ਵੰਡੀਆਂ ਪਾਈਆਂ।
ਭਾਈ ਆਪਸ ਵਿੱਚ ਲੜਾ ਕੇ, ਖੂਨ ਦੀਆਂ ਨਦੀਆਂ ਤੂੰ ਵਹਾਈਆਂ।
ਤਾਂ ਵੀ ਘੁੰਡ ਚੁਕਾਈ ਦੇ ਕੇ, ਅਸਾਂ ਨੇ ਸ਼ਗਨ ਮਨਾਇਆ
ਸੁਣ ਨੀ…..
ਲਾਈ ਲੱਗ ਤੂੰ ਨਿਕਲੀ ਅੜੀਏ, ਹੱਥ ਸਰਮਾਏਦਾਰਾਂ ਚੜ੍ਹ ਗਈ।
ਪਿੱਠ ਮੋੜਕੇ ਆਪਣਿਆਂ ਵੱਲ, ਗੈਰਾਂ ਦੀ ਬੁੱਕਲ ਵਿੱਚ ਵੜ ਗਈ।
ਸੱਤਰਾਂ ਦੀ ਹੋਈ ਅੜੀਏ, ਤੈਨੂੰ ਹੋਸ਼ ਅਜੇ ਨਾ ਆਇਆ
ਸੁਣ ਨੀ…
ਐਨਾ ਵੱਡਾ ਮੁੱਲ ਤਾਰ ਕੇ, ਸੂਰਮਿਆਂ ਤੈਨੂੰ ਪਰਨਾਇਆ।
‘ਦੀਸ਼’ ਦੇ ਵੀਰਾਂ ਦੀ ਕੁਰਬਾਨੀ, ਦਾ ਤੈਂ ਅੜੀਏ ਮੁੱਲ ਨਾ ਪਾਇਆ।
ਹੱਥ ਅਜੇ ਨਾ ਸਾਡੇ ਆਈ, ਡਾਢਾ ਸਾਨੂੰ ਤੂੰ ਤਰਸਾਇਆ।
ਸੁਣ ਨੀ……
-ਗੁਰਦੀਸ਼ ਕੌਰ ਗਰੇਵਾਲ