![](http://indotimes.com.au/wp-content/uploads/2020/09/Deep-Chohan-150x150.jpg)
ਪਾਲਾ ਬਠਿੰਡੇ ਦੇ ਨਾਲ ਲੱਗਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ । ਪਿਤਾ ਦੀ ਮੌਤ ਬਚਪਨ ਵਿੱਚ ਵੀ ਹੋ ਜਾਣ ਕਾਰਨ ਉਸ ਦੀ ਦੇਖ ਭਾਲ ਉਸ ਦੀ ਮਾਂ ਨੇ ਹੀ ਕੀਤੀ ਸੀ । ਜਿਸ ਕਾਰਨ ਉਹ ਆਪਣੀ ਮਾਂ ਨੂੰ ਹੀ ਆਪਣਾ ਰੱਬ ਮਨਦਾ ਸੀ । ਪਾਲੇ ਨੇ ਪੜ੍ਹਾਈ ਤੋਂ ਬਾਅਦ ਪਿੰਡ ਦੇ ਹੀ ਹਸਪਤਾਲ ਵਿਚ ਇਕ ਛੋਟੀ ਜਿਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ । ਜਿਸ ਤੋਂ ਬਾਅਦ ਪਾਲੇ ਦਾ ਵਿਆਹ ਰਾਣੋ ਨਾਮ ਦੀ ਲੜਕੀ ਨਾਲ ਹੋ ਗਿਆ । ਪਾਲਾ ਰਾਣੋ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਫੁੱਲਾਂ ਵਾਂਗੂੰ ਰੱਖਦਾ ਸੀ । ਘਰ ਵਿੱਚ ਨੂੰਹ ਸੱਸ ਦੀ ਇੰਜ ਬਣਦੀ ਸੀ ਜਿਵੇਂ ਮਾਵਾਂ ਧੀਆਂ ਹੋਣ । ਵੱਡੀ ਲੜਕੀ ਅਤੇ ਫੇਰ ਦੋ ਲੜਕੇ ਇੱਕ -ਇੱਕ ਕਰਕੇ ਪਾਲੇ ਘਰ ਤਿੱਨ ਅੋਲੱਦਾ ਹੋਈਆਂ ਸਨ । ਪਿਛਲੇ ਕੁਝ ਦਿਨਾਂ ਤੋਂ ਰਾਣੋ ਦੀ ਤਬੀਅਤ ਠੀਕ ਨਹੀਂ ਸੀ ਪਹਿਲਾਂ ਪਿੰਡ ਦੇ ਹਸਪਤਾਲ ਅਤੇ ਫਿਰ ਸ਼ਹਿਰ ਦੇ ਹਸਪਤਾਲ ਪਾਲੇ ਨੇ ਉਸ ਦਾ ਕਾਫੀ ਇਲਾਜ ਕਰਵਾਇਆ । ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਦੌਰਾਨੇ ਇਲਾਜ ਰਾਣੋ ਦੀ ਮੌਤ ਹੋ ਗਈ । ਰੋਂਦੇ ਕੁਰਲਾਂਦੇ ਤਿੰਨ ਬੱਚੇ ਪਤੀ ਅਤੇ ਸੱਸ ਨੂੰ ਛੱਡ ਕੇ ਰਾਣੋ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ । ਪਾਲੇ ਨੂੰ ਹੁਣ ਅੱਗੇ ਦਾ ਫਿਕਰ ਪੈ ਗਿਆ ਸੀ । ਪਿੰਡ ਦੇ ਕਈ ਲੋਕ ਉਸ ਨੂੰ ਫਿਰ ਤੋਂ ਵਿਆਹ ਕਰਾਉਣ ਲਈ ਕਹਿੰਦੇ ਸਨ ਪਰ ਉਸ ਨੂੰ ਪਤਾ ਸੀ ਕੀ ਜੋ ਪਿਆਰ ਉਸ ਦੇ ਬੱਚਿਆਂ ਨੂੰ ਰਾਣੋ ਦੇ ਗਈ ਸੀ ਉਹ ਹੋਰ ਕੋਈ ਨਹੀਂ ਦੇ ਸਕੇਗਾ । ਉਸ ਨੂੰ ਦੂਸਰਾ ਵਿਆਹ ਕਰਾਉਣ ਬਾਰੇ ਸੋਚਣਾ ਵੀ ਪਾਪ ਜਿਹਾ ਲੱਗਦਾ ਸੀ । ਪਾਲੇ ਦੇ ਬੱਚਿਆਂ ਨੂੰ ਉਸ ਦੀ ਮਾਂ, ਬੱਚਿਆਂ ਦੀ ਦਾਦੀ ਸੰਭਾਲਦੀ ਸੀ । ਪਾਲੇ ਦੀ ਮਾਂ ਪਹਿਲਾਂ ਨਾਲੋਂ ਕਾਫ਼ੀ ਬਜ਼ੁਰਗ ਹੋ ਚੁੱਕੀ ਸੀ ਪਰ ਬੱਚਿਆਂ ਦੀ ਦੇਖ ਭਾਲ ਵਿੱਚ ਉਸ ਨੇ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਸੀ ।