ਹੁਸ਼ਿਆਰਪੁਰ (ਅਮਰਿੰਦਰ)— ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵਲੋਂ ਥਾਣਾ ਸਿਟੀ ਪੁਲਸ ‘ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ ‘ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਜ਼ਿਲਾ ਤੇ ਸੈਸ਼ਨ ਜੱਜ ਕੇ. ਐੱਸ ਚੀਮਾ ਦੀ ਅਦਾਲਤ ‘ਚ ਸੁਣਵਾਈ ਹੋਈ। ਅਦਾਲਤ ‘ਚ ਸੁਰਵੀਨ ਚਾਵਲਾ ਅਤੇ ਅਕਸ਼ੇ ਠੱਕਰ ਵਲੋਂ ਵਕੀਲ ਪੇਸ਼ ਨਹੀਂ ਹੋਇਆ ਜਦਕਿ ਮਨਵਿੰਦਰ ਚਾਵਲਾ ਵਲੋਂ ਵਕੀਲ ਗੁਰਵੀਰ ਸਿੰਘ ਰਹਿਲ ਪੇਸ਼ ਹੋਏ। ਸ਼ਿਕਾਇਤਕਰਤਾ ਸਤਪਾਲ ਗੁਪਤਾ ਵਲੋਂ ਪੇਸ਼ ਹੋਏ ਵਕੀਲ ਨਵੀਨ ਜੈਰਥ ਅਤੇ ਸਰਕਾਰੀ ਵਕੀਲ ਸਤਨਾਮ ਸਿੰਘ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਕਿ ਪਿਛਲੀ ਤਾਰੀਕ ‘ਤੇ ਵੀ ਵਕੀਲ ਪੇਸ਼ ਨਾ ਹੋਣ ਕਰਕੇ ਦੋਸ਼ੀਆਂ ਦੀ ਅੰਤ੍ਰਿਮ ਜ਼ਮਾਨਤ ਖਾਰਜ ਕੀਤੀ ਜਾਵੇ। ਇਸ ਦੇ ਜਵਾਬ ‘ਚ ਮਨਵਿੰਦਰ ਚਾਵਲਾ ਵਲੋਂ ਪੇਸ਼ ਹੋਏ ਵਕੀਲ ਗੁਰਵੀਰ ਸਿੰਘ ਰਹਿਲ ਨੇ ਕਿਹਾ ਕਿ ਦੋਸ਼ੀਆਂ ਨੇ ਇਸ ਸੰਬੰਧੀ ਸ਼ਿਕਾਇਤ ਡੀ. ਜੀ. ਪੀ. ਨੂੰ ਕੀਤੀ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਬਹੁ-ਚਰਚਿਤ ਮਾਮਲੇ ਦੀ ਅਗਲੀ ਸੁਣਵਾਈ 21 ਜੂਨ ਤੈਅ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਏ. ਡੀ. ਜੀ. ਪੀ. (ਕ੍ਰਾਈਮ) ਦੇ ਹਵਾਲੇ
ਦੱਸਣਯੋਗ ਹੈ ਕਿ ਇਸ ਬਹੁ-ਚਰਚਿਤ ਮਾਮਲੇ ‘ਚ ਸ਼ਿਕਾਇਤਕਰਤਾ ਦੇ ਆਧਾਰ ‘ਤੇ ਥਾਣਾ ਸਿਟੀ ਪੁਲਸ ‘ਚ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਹੈ। ਇਸ ਮਾਮਲੇ ‘ਚ ਅਦਾਲਤ ਦੇ ਨਿਰਦੇਸ਼ ‘ਤੇ ਦੋਸ਼ੀ ਥਾਣਾ ਸਿਟੀ ਪੁਲਸ ਦੇ ਸਾਹਮਣੇ ਜਾਂਚ ‘ਚ ਸਹਿਯੋਗ ਕਰਨ ਲਈ ਪੇਸ਼ ਹੋ ਚੁੱਕੇ ਹਨ ਪਰ ਇਸ ਮਾਮਲੇ ਨਾਲ ਸੰਬੰਧਿਤ ਕੋਈ ਦਸਤਾਵੇਜ ਪੇਸ਼ ਨਹੀਂ ਕੀਤੇ ਗਏ। ਇਸ ਦੌਰਾਨ ਹੀ ਦੋਸ਼ੀਆਂ ਵਲੋਂ ਇਸ ਮਾਮਲੇ ਦੀ ਉੱਚੇ ਪੱਧਰ ‘ਤੇ ਜਾਂਚ ਕਰਵਾਉਣ ਲਈ ਡੀ. ਜੀ. ਪੀ. ਸਾਹਮਣੇ ਸ਼ਿਕਾਇਤ ਕਰਨ ‘ਤੇ ਹੁਣ ਇਹ ਮਾਮਲਾ ਏ. ਡੀ. ਜੀ. ਪੀ. (ਕ੍ਰਾਈਮ) ਨੂੰ ਸੌਂਪ ਦਿੱਤਾ ਗਿਆ ਹੈ।