Articles

ਸੁਸ਼ੀਲ ਕੁਮਾਰ ਕਾਂਡ: ਨੌਜਵਾਨਾਂ ਲਈ ਇੱਕ ਸਬਕ

ਸਿਆਣੇ ਕਹਿੰਦੇ ਨੇ ਸਮਾਜ ਵਿੱਚ ਚੰਗਾ ਰੁਤਬਾ ਹਾਸਿਲ ਕਰਨ ਲਈ ਸਾਲਾਂ ਲੱਗ ਜਾਂਦੇ ਹਨ, ਪਰ ਏਹੀ ਰੁਤਬਾ ਤੁਹਾਡੇ ਇੱਕ ਮਾੜੇ ਵਰਤਾਰੇ ਨਾਲ ਇੱਕ ਪਲ ਵਿੱਚ ਨੇਸਤ-ਓ-ਨਾਬੂਦ ਹੋ ਸਕਦਾ ਹੈ। ਇਸੇ ਦੀ ਹੀ ਤਾਜ਼ਾ ਮਿਸਾਲ਼ ਸਾਗਰ ਰਾਣਾ ਕਤਲ ਕਾਂਡ ਵਿੱਚ ਫਸੇ ਓਲੰਪਿਆਨ ਭਲਵਾਨ ਸੁਸ਼ੀਲ ਕੁਮਾਰ ਤੋਂ ਮਿਲਦੀ ਹੈ। ਓਹਦੇ ਵੱਲੋਂ ਕੀਤੇ ਇੱਕ ਪਲ ਦੇ ਗੁੱਸੇ ਨੇ ਉਸ ਦੀ ਪ੍ਰਸਿੱਧੀ ਅਤੇ ਖੇਡ ਕਰੀਅਰ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਲਿਆਕੇ ਸੁੱਟ ਦਿੱਤਾ। ਸੁਸ਼ੀਲ ਵੱਲੋਂ ਹੱਡ ਭੰਨਵੀ ਮਿਹਨਤ ਨਾਲ ਪ੍ਰਾਪਤ ਕੀਤਾ ਮਾਣ ਸਤਿਕਾਰ ਇੱਕ ਝਟਕੇ ਵਿੱਚ ਖੇਰੂੰ-ਖੇਰੂੰ ਹੋ ਗਿਆ। ਸੁਸ਼ੀਲ ਕੁਮਾਰ, ਜੋ ਕੱਲ੍ਹ ਤੱਕ ਪੂਰੇ ਦੇਸ਼ ਅਤੇ ਦੁਨੀਆਂ ਦਾ ਨਾਇਕ ਸੀ, ਅੱਜ ਪੁਲਿਸ ਅਤੇ ਕਾਨੂੰਨ ਦੀ ਨਜ਼ਰ ਵਿੱਚ ਦੋਸ਼ੀ ਬਣ ਬੈਠਾ। ਓਸ ਉੱਤੇ ਅਗਵਾ ਅਤੇ ਕਤਲ ਵਰਗੇ ਗੰਭੀਰ ਦੋਸ਼ ਲੱਗੇ ਹਨ, ਜਿਸ ਦੇ ਚਲਦਿਆਂ ਕੋਰਟ ਨੇ ਉਸਦੀ ਜ਼ਮਾਨਤ ਦੀ ਅਰਜ਼ੀ ਨੂੰ ਖ਼ਾਰਜ ਕਰਦਿਆਂ ਉਸਨੂੰ ਚਾਰ ਦਿਨਾਂ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਹੈ।

ਦਰਮਿਆਨੇ ਕੱਦ ਅਤੇ ਸਡੌਲ ਜੁੱਸੇ ਦੇ ਮਾਲਿਕ ਸੁਸ਼ੀਲ ਕੁਮਾਰ ਦਾ ਜਨਮ ਹਰਿਆਣਾ ਦੇ ਇਕ ਸਾਧਾਰਣ ਪਰਿਵਾਰ ਵਿਚ ਹੋਇਆ ਸੀ। ਉਸ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਹੋਈ ਸੀ ਅਤੇ ਬਚਪਨ ਤੋਂ ਹੀ ਉਸਦਾ ਖੇਡਾਂ ਵੱਲ ਰੁਝਾਨ ਸੀ। ਉਸਦੇ ਪਿਤਾ ਇੱਕ ਸਰਕਾਰੀ ਡਰਾਈਵਰ ਸਨ। ਜਿਨ੍ਹਾਂ ਨੇ ਉਸਨੂੰ ਸਰਵਉੱਚ ਮੁਕਾਮ ਤੱਕ ਪਹੁੰਚਾਉਣ ਲਈ ਕਈ ਸੁਪਨੇ ਸੰਜੋਏ ਅਤੇ ਜਿਸ ਨੂੰ ਪੂਰਾ ਕਰਨ ਲਈ ਉਸਦੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਉਹਨਾਂ ਨੇ ਸੁਸ਼ੀਲ ਨੂੰ ਭਾਰਤ ਦੀ ਪੁਰਾਤਨ ਖੇਡ ਕੁਸ਼ਤੀ ਖੇਡਣ ਲਈ ਪ੍ਰੇਰਿਆ ਅਤੇ ਉਸਦੀ ਟ੍ਰੇਨਿੰਗ ਛਤਰਸਾਲ ਸਟੇਡੀਅਮ, ਨਵੀਂ ਦਿੱਲੀ ਵਿਖ਼ੇ ਕਰਵਾਉਣੀ ਸ਼ੁਰੂ ਕਰ ਦਿੱਤੀ। ਸੁਸ਼ੀਲ ਨੇ ਮਹਾਬਲੀ ਭਲਵਾਨ ਸਤਪਾਲ ਨੂੰ ਆਪਣਾ ਗੁਰੂ ਧਾਰਿਆ ਅਤੇ ਉਸਤੋਂ ਕੁਸ਼ਤੀ ਦੇ ਗੁਰ ਲੈਣ ਲੱਗਾ।

ਸੁਸ਼ੀਲ ਕੁਮਾਰ ਨੇ 2003 ਏਸ਼ੀਆਈ ਚੈਪੀਂਅਨਸ਼ਿਪ ਵਿੱਚ ਬਰੋਂਜ਼ ਅਤੇ ਓਸੇ ਸਾਲ ਲੰਡਨ ਰਾਸ਼ਟਰਮੰਡਲ ਚੈਪੀਂਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਕੇ ਕੁਸ਼ਤੀ ਜਗਤ ਵਿੱਚ ਤਰਥੱਲੀ ਮਚਾ ਦਿੱਤੀ ਸੀ। ਸੁਸ਼ੀਲ ਨੇ 2008 ਬੀਜੀਂਗ ਓਲੰਪਿਕਿਸ ਖੇਡਾਂ ਵਿੱਚ ਬਰੋਂਜ਼ ਅਤੇ 2012 ਲੰਡਨ ਓਲੰਪਿਕਿਸ ਵਿੱਚ ਸਿਲਵਰ ਮੈਡਲ ਜਿੱਤ ਕੇ 1952 ਤੋਂ ਬਾਅਦ ਭਾਰਤ ਦਾ ਝੰਡਾ ਓਲੰਪਿਕਸ ਕੁਸ਼ਤੀ ਅਖਾੜੇ ਵਿੱਚ ਫ਼ਹਿਰਾਇਆ। 2010 ਤੋਂ ਲੈਕੇ 2018 ਤੱਕ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੁਸ਼ੀਲ ਕੁਮਾਰ ਨੇ ਲਗਾਤਾਰ 3 ਵਾਰ ਸੋਨ ਤਗਮਾ ਜਿੱਤਿਆ। ਸਨ 2010 ਵਿੱਚ ਉਸਨੇ ਕੁਸ਼ਤੀ ਵਿਸ਼ਵ ਖਿਤਾਬ ਆਪਣੇ ਨਾਂ ਕੀਤਾ।

ਉਹ ਇਕਲੌਤਾ ਭਾਰਤੀ ਰੈਸਲਰ ਹੈ ਜਿਸਨੇ ਸ਼ਾਕਾਹਾਰੀ ਰਹਿੰਦੇ ਹੋਏ ਕੁਸ਼ਤੀ ਵਰਗੀ ਖੇਡ ਵਿੱਚ ਇਹਨਾਂ ਜ਼ਿਆਦਾ ਨਾਮਣਾ ਖੱਟਿਆ। ਉਹ ਪੂਰੀ ਦੁਨੀਆਂ ਵਿੱਚ ਵੈਜੀਟੇਰੀਅਨ ਰੈਸਲਰ ਦੇ ਨਾਂ ਨਾਲ ਵੀ ਮਸ਼ਹੂਰ ਹੋਇਆ।

ਉਸਦੀਆਂ ਇਹਨਾਂ ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਵੱਲੋਂ ਉਸਨੂੰ ਪਦਮ ਸ਼੍ਰੀ, ਅਰਜੁਨ ਪੁਰਸਕਾਰ ਅਤੇ ਵੱਕਾਰੀ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਨਾਲ ਨਿਵਾਜਿਆ ਗਿਆ। ਰੇਲਵੇ ਵਿੱਚ ਉੱਚ ਅਹੁਦੇ ਦੀ ਸਰਕਾਰੀ ਨੌਕਰੀ ਦੇ ਨਾਲ ਉਸ ਨੂੰ ਭਾਰਤ ਅਤੇ ਹਰਿਆਣਾ ਸਰਕਾਰ ਤੋਂ ਕਰੋੜਾਂ ਰੁਪਏ ਇਨਾਮ ਵਜੋਂ ਵੀ  ਮਿਲੇ।

ਜਿਵੇੰ ਕਹਿੰਦੇ ਨੇ ਆਪਣੀ ਮਿਹਨਤ ਨਾਲ ਕਾਮਯਾਬੀ ਤਾਂ ਸਰ ਬਥੇਰੇ ਕਰ ਲੈਂਦੇ ਹਨ,ਪਰ ਐਡੇ ਉੱਚੇ ਮੁਕਾਮ ਤੇ ਉਹੀ ਟਿਕ ਸਕਦਾ ਹੈ ਜੋ ਕਾਮਯਾਬੀ ਦੇ ਨਾਲ ਆਪਣੇ ਵਿੱਚ ਇਕੱਗਰਤਾ, ਸਹਿਜਤਾ, ਹਲੀਮੀ ਅਤੇ ਸਹਿਨਸ਼ੀਲਤਾ ਵਰਗੇ ਗੁਣ ਲੈਕੇ ਵੀ ਆਵੇ। ਸ਼ਾਇਦ ਸੁਸ਼ੀਲ ਵਿੱਚ ਇਹਨਾਂ ਗੁਣਾ ਦੀ ਘਾਟ ਦੇ ਕਾਰਨ ਉਹ ਪਹਿਲਾਂ ਵੀ ਕਈ ਵਾਰ ਵਿਵਾਦਾਂ ਦੇ ਘੇਰੇ ਵਿੱਚ ਆਉਂਦਾ ਰਿਹਾ ਹੈ ।

ਪਰ ਮਾੜੇ ਵਕ਼ਤ ਨੇ ਸੁਸ਼ੀਲ ਨੂੰ ਇਸ ਵਾਰ ਅਜਿਹੇ ਵਿਵਾਦ ਵਿੱਚ ਫਸਾਇਆ ਜਿੱਥੋਂ ਉਸਦਾ ਨਿਕਲਣਾ ਲਗਭਗ ਮੁਸ਼ਕਿਲ ਜਾਪਦਾ। ਦਰਅਸਲ, ਸੁਸ਼ੀਲ ਕੁਮਾਰ ਅਤੇ ਸਾਗਰ ਰਾਣੇ ਵਿਚਕਾਰ ਪੈਸੇ ਦੇ ਲੈਣ-ਦੇਣ ਨੂੰ ਲੈਕੇ ਛਤਰਸਾਲ ਸਟੇਡੀਅਮ ਵਿੱਚ ਝਗੜਾ ਹੋਇਆ ਸੀ। ਸਾਗਰ ਰਾਣਾ ਜੋ ਕਦੇ ਸੁਸ਼ੀਲ ਨੂੰ ਆਪਣਾ ਆਦਰਸ਼ ਮੰਨਦਾ ਸੀ, ਓਸੇ ਦੇ ਫਲੈਟ ਵਿੱਚ ਕਿਰਾਏ ‘ਤੇ ਰਹਿੰਦਾ ਸੀ। ਪਰ ਕਿਸੇ ਕਾਰਨ ਸਾਗਰ ਨੇ ਦੋ ਮਹੀਨਿਆਂ ਦਾ ਕਿਰਾਇਆ ਦਿੱਤੇ ਬਿਨਾਂ ਫਲੈਟ ਛੱਡ ਦਿੱਤਾ। ਸੁਸ਼ੀਲ ਨੇ ਸਾਗਰ ਤੋਂ ਕਈ ਵਾਰ ਉਸ ਦੇ ਬਕਾਏ ਕਿਰਾਏ ਦੀ ਮੰਗ ਕੀਤੀ, ਪਰ ਸਾਗਰ ਰੁਪਏ ਦੇਣ ਵਿਚ ਦੇਰੀ ਕਰਦਾ ਰਿਹਾ। ਇਸੇ ਗੱਲ ਤੋਂ ਨਰਾਜ਼ ਸੁਸ਼ੀਲ ਤੇ ਉਸਦੇ ਸਾਥੀਆਂ ਨੇ ਉਸਨੂੰ ਧੱਕੇ ਨਾਲ ਚੁੱਕ ਲਿਆ ਅਤੇ ਛਤਰਸਾਲ ਸਟੇਡੀਅਮ ਲੈ ਗਏ, ਜਿੱਥੇ ਗੁੱਸੇ ਵਿੱਚ ਆਏ ਸੁਸ਼ੀਲ ਅਤੇ ਉਸਦੇ ਸਾਥੀਆਂ ਵੱਲੋਂ ਉਸਨੂੰ ਕਾਫ਼ੀ ਜਿਆਦਾ ਕੁੱਟਿਆ ਗਿਆ। ਜਿਸ ਨੂੰ ਗੁੱਝੀਆਂ ਸੱਟਾਂ ਦੇ ਚਲਦਿਆਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਦੋ ਦਿਨਾਂ ਬਾਅਦ ਹੀ ਓਸ ਮੌਤ ਹੋ ਗਈ। ਇਸਦੇ ਨਾਲ ਹੀ ਕੁਸ਼ਤੀ ਜਗਤ ਦਾ ਇੱਕ ਉੱਭਰਦਾ ਤਾਰਾ ਕੁਝ ਰੁਪਿਆ ਦੇ ਮਾਮੂਲੀ ਝਗੜੇ ਕਰਕੇ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਿਆ। ਕੁਸ਼ਤੀ ਜਗਤ ਦਾ ਧਰੂ ਤਾਰਾ ਜਿਸ ਨੂੰ ਕਈ ਨੌਜਵਾਨ ਆਪਣਾ ਆਦਰਸ਼ ਮੰਨਦੇ ਸਨ ਅੱਜ ਜੇਲ ਦੀਆਂ ਸਲਾਖਾਂ ਦੇ ਪਿੱਛੇ ਗੁੱਸੇ ਅਤੇ ਹਉਮੈ ਵਿੱਚ ਆਕੇ ਕੀਤੀ ਗ਼ਲਤੀ ਦੀ ਸਜ਼ਾ ਭੁਗਤ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਸਮੁੱਚੇ ਕੁਸ਼ਤੀ ਜਗਤ ਨੂੰ ਚੱਕਉਣਾ ਪੈ ਰਿਹਾ ਹੈ, ਜੋ ਇਹਨਾਂ ਤੋਂ ਆਉਣ ਵਾਲੇ ਸਮੇਂ ਵਿੱਚ ਕਈ ਹੋਰ ਅੰਤਰਾਸ਼ਟਰੀ ਤਗਮਿਆਂ ਦੀ ਉਮੀਦ ਲਾਈ ਬੈਠਾ ਸੀ।

ਸਾਗਰ ਦੀ ਮੌਤ ਨਾਲ ਪੂਰੇ ਖੇਡ ਜਗਤ ਵਿੱਚ ਹਲਚਲ ਮਚ ਗਈ। ਸਾਗਰ ਰਾਣਾ ਵੀ ਖ਼ੁਦ ਜੂਨੀਅਰ ਰੈਸਲਿੰਗ ਚੈਂਪੀਅਨ ਸੀ, ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੁਸ਼ੀਲ ਨੇ ਆਖਿਆ ਹੈ ਕਿ ਉਹ ਉਸਨੂੰ ਸਿਰਫ਼ ਡਰਾ ਧਮਕਾ ਕੇ ਆਪਣਾ ਬਕਾਇਆ ਲੈਣਾ ਚਾਹੁੰਦਾ ਸੀ ਪਰ ਕਦ ਗੁੱਸੇ ਨੇ ਉਸਤੋਂ ਇਹ ਕਾਰਾ ਕਰਵਾ ਦਿੱਤਾ ਉਸਨੂੰ ਵੀ ਪਤਾ ਨਹੀਂ ਚਲਿਆ।

ਨੌਜਵਾਨਾਂ ਨੂੰ ਇਸ ਮੰਦਭਾਗੀ ਘਟਨਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ‘ਸਰਤਾਜ’ ਦੇ ਇਸ ਘਟਨਾ ਤੋਂ ਕੁਝ ਸਮੇਂ ਬਾਅਦ ਰਿਲਿਜ਼ ਹੋਏ ਗੀਤ ‘ਗੁੱਸੇ ਦਾ ਨਤੀਜਾ ਹੁੰਦਾ ਮਾੜਾ…’ ਦਿਆਂ ਬੋਲਾਂ ਨੂੰ ਆਪਣੇ ਜ਼ਹਿਨ ਵਿੱਚ ਹਮੇਸ਼ਾ ਲਈ ਉੱਕੇਰ ਲੈਣਾ ਚਾਹੀਦਾ ਹੈ, ਤਾਂ ਜੋ ਉਹ ਛੋਟੇ-ਮੋਟੇ ਝਗੜਿਆਂ ਪਿੱਛੇ ਆਪਣੇ ਭਵਿੱਖ ਨੂੰ ਦਾਅ ਤੇ ਨਾ ਲਾਉਣ ਕਿਉਂਕਿ ਸੁਨਹਿਰੀ ਭਵਿੱਖ ਦੇ ਨਾਲ ਉਹਨਾਂ ਦੇ ਮਾਂ-ਬਾਪ ਅਤੇ ਹੋਰ ਪਰਿਵਾਰਕ ਮੈਂਮ੍ਬਰਾਂ ਦੀਆਂ ਸੱਧਰਾਂ ਵੀ ਜੁੜੀਆਂ ਹੁੰਦੀਆਂ ਹਨ।

ਸੋ ਇਸ ਲਈ ਵੀਰਿਓ…

ਗੁੱਸੇ ਦਾ ਨਤੀਜਾ ਹੁੰਦਾ ਮਾੜਾ…

ਰੱਖੀ ਦਾ ਨੀ ਦਿਲਾਂ ਵਿੱਚ ਸਾੜਾ…!

ਡਾ. ਬਲਜਿੰਦਰ ਸਿੰਘ,

ਸਹਾਇਕ ਪ੍ਰੋਫੈਸਰ, ਸਰੀਰਿਕ ਸਿਖਿਆ ਵਿਭਾਗ,

ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸਧਾਰ

Related posts

ਭਾਰਤ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਧਦਾ ਨੈੱਟਵਰਕ !

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin

ਕੰਨੜ ਲੇਖਿਕਾ ਦੇ ਮਿੰਨੀ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਨੂੰ ‘ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2025’ ਮਿਲਿਆ !

admin