ਸੁਸਾਨ ਲੇ ਨਵੀਂ ਲਿਬਰਲ ਪਾਰਟੀ ਦੀ ਨਵੀਂ ਨੇਤਾ ਬਣੀ ਹੈ ਜੋ ਰੂੜੀਵਾਦੀ ਵਿਰੋਧੀ ਐਂਗਸ ਟੇਲਰ ਨੂੰ ਹਰਾ ਕੇ ਪਾਰਟੀ ਦੇ 80 ਸਾਲਾਂ ਦੇ ਇਤਿਹਾਸ ਵਿੱਚ ਫੈਡਰਲ ਪਾਰਟੀ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ। 63 ਸਾਲਾ ਸਾਬਕਾ ਡਿਪਟੀ ਲੀਡਰ ਸੁਸਾਨ ਲੇ, ਜਿਸਨੂੰ ਮੱਧਮ ਧੜੇ ਦਾ ਸਮਰਥਨ ਪ੍ਰਾਪਤ ਸੀ, ਨੂੰ ਖਜ਼ਾਨਾ ਬੁਲਾਰੇ ਐਂਗਸ ਟੇਲਰ ਦੀਆਂ 25 ਦੇ ਮੁਕਾਬਲੇ 29 ਪਾਰਟੀ ਰੂਮ ਵੋਟਾਂ ਮਿਲੀਆਂ।
ਟੈੱਡ ਓ’ਬ੍ਰਾਇਨ, ਜੋ ਹਾਲ ਹੀ ਵਿੱਚ ਪਾਰਟੀ ਦੇ ਊਰਜਾ ਬੁਲਾਰੇ ਅਤੇ ਗੱਠਜੋੜ ਦੀ ਪ੍ਰਮਾਣੂ ਯੋਜਨਾ ਦੇ ਮੁੱਖ ਆਰਕੀਟੈਕਟ ਸਨ, ਆਪਣੇ ਵਿਰੋਧੀ ਫਿਲ ਥੌਮਸਨ ਨੂੰ ਵੋਟਿੰਗ ਵਿੱਚ 38-16 ਨਾਲ ਹਰਾ ਕੇ ਡਿਪਟੀ ਲੀਡਰ ਦੀ ਭੂਮਿਕਾ ਨਿਭਾਉਣਗੇ।
ਪਾਰਟੀ ਵੋਟਾਂ ਤੋਂ ਥੋੜ੍ਹੀ ਦੇਰ ਬਾਅਦ ਇੱਕ ਬਿਆਨ ਵਿੱਚ ਐਂਗਸ ਟੇਲਰ ਨੇ ਸੁਸਾਨ ਲੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਮੁਕਾਬਲੇਬਾਜ਼ ਦੀ ਸਫਲਤਾ ਪਾਰਟੀ ਲਈ ਇੱਕ ਮੀਲ ਪੱਥਰ ਹੈ, ਜਿਸਨੂੰ ਇਕੱਠੇ ਹੋਣ ਦੀ ਲੋੜ ਹੈ। ਲਿਬਰਲ ਪਾਰਟੀ ਨੂੰ ਇੱਕ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਸੀਂ ਇਸ ਚੋਣ ਵਿੱਚ ਬਹੁਤ ਸਾਰੇ ਚੰਗੇ ਲੋਕਾਂ ਨੂੰ ਗੁਆ ਦਿੱਤਾ ਹੈ। ਇਹ ਨਤੀਜਾ ਦਰਸਾਉਂਦਾ ਹੈ ਕਿ ਸਾਨੂੰ ਆਸਟ੍ਰੇਲੀਅਨ ਲੋਕਾਂ ਨੂੰ ਇਹ ਸਮਝਾਉਣ ਦੇ ਲਈ ਹੋਰ ਜਿਆਦਾ ਯਤਨ ਕਰਨੇ ਚਾਹੀਦੇ ਹਨ ਕਿ ਗੱਠਜੋੜ ਇੱਛਾਵਾਂ, ਆਰਥਿਕ ਮੌਕੇ ਅਤੇ ਆਸਟ੍ਰੇਲੀਅਨ ਸੁਪਨੇ ਦਾ ਸਮਰਥਨ ਕਰਨ ਲਈ ਸਭ ਤੋਂ ਵਧੀਆ ਪਾਰਟੀ ਹੈ।”
ਸੈਨੇਟਰ ਜੈਸਿੰਟਾ ਨੈਂਪੀਜਿਨਪਾ ਪ੍ਰਾਈਸ ਨੇ ਡਿਪਟੀ ਲੀਡਰਸ਼ਿਪ ਬੈਲਟ ਵਿੱਚ ਮੁਕਾਬਲਾ ਨਹੀਂ ਲਿਆ ਜਿਵੇਂ ਕਿ ਪਹਿਲਾਂ ਇਹ ਸੰਭਾਵਨਾ ਬਣੀ ਹੋਈ ਸੀ ਕਿਉਂਕਿ ਪਹਿਲਾਂ ਹੀ ਇਹ ਸਪੱਸ਼ਟ ਹੋ ਗਿਆ ਕਿ ਐਂਗਸ ਟੇਲਰ ਜਿੱਤੇ ਨਹੀਂ ਹਨ।
ਲੇਬਰ ਪਾਰਟੀ ਨੂੰ ਫੈਡਰਲ ਚੋਣਾਂ ਦੇ ਵਿੱਚ ਭਾਰੀ ਜਿੱਤ ਤੋਂ ਬਾਅਦ ਸੁਸਾਨ ਲੇ ਨੂੰ ਹੁਣ ਪਾਰਟੀ ਨੂੰ ਇਕਜੁੱਟ ਕਰਨ ਦੇ ਵਿਸ਼ਾਲ ਕੰਮ ਦਾ ਸਾਹਮਣਾ ਕਰਨਾ ਪਵੇਗਾ। ਹਾਲ ਹੀ ਦੀਆਂ ਚੋਣਾਂ ਦੇ ਵਿੱਚ ਸਾਬਕਾ ਲਿਬਰਲ ਨੇਤਾ ਪੀਟਰ ਡਟਨ ਨੂੰ ਆਪਣੀ ਸੀਟ ਤੋਂ ਹੀ ਹੱਥ ਧੋਣੇ ਪਏ ਸਨ। ਸੁਸਾਨ ਲੇ ਅਤੇ ਐਂਗਸ ਟੇਲਰ ਦੋਵੇਂ ਹੀ ਪੀਟਰ ਡਟਨ ਦੀ ਟੀਮ ਦੇ ਸੀਨੀਅਰ ਮੈਂਬਰ ਸਨ ਅਤੇ ਲਿਬਰਲ ਮੁਹਿੰਮ ਦੀ ਅਸਫਲਤਾ ਨਾਲ ਨੇੜਿਓਂ ਜੁੜੇ ਹੋਏ ਹਨ।
ਗੱਠਜੋੜ ਕੋਲ ਇਸ ਵੇਲੇ ਪ੍ਰਤੀਨਿਧੀ ਸਭਾ ਵਿੱਚ ਸਰਕਾਰ ਦੀਆਂ 93 ਸੀਟਾਂ ਦੇ ਮੁਕਾਬਲੇ ਸਿਰਫ਼ 42 ਸੀਟਾਂ ਹਨ, ਤਿੰਨ ਚੋਣ ਹਲਕਿਆਂ ਦੇ ਵਿੱਚ ਵੋਟਾਂ ਦੀ ਗਿਣਤੀ ਹਾਲੇ ਵੀ ਬਹੁਤ ਫਸਵੀਂ ਚੱਲ ਰਹੀ ਹੈ।
ਸੁਸਾਨ ਲੇ ਨੇ ਆਪਣੇ ਆਪ ਨੂੰ ਵਧੇਰੇ ਮੱਧਵਾਦੀ ਬਦਲ ਦੇ ਵਜੋਂ ਪੇਸ਼ ਕੀਤਾ ਅਤੇ ਅੱਜ ਹੋਈ ਲੀਡਰਸਿ਼ਪ ਦੀ ਵੋਟ ਤੋਂ ਪਹਿਲਾਂ ਐਲਾਨ ਕੀਤਾ ਕਿ, ‘ਪਾਰਟੀ ਨੂੰ “ਇੱਕ ਆਧੁਨਿਕ ਲਿਬਰਲ ਪਾਰਟੀ ਵਜੋਂ ਦਰਸਾਉਣ” ਦੀ ਲੋੜ ਹੈ ਅਤੇ ਉਸਨੂੰ ਨੇਤਾ ਵਜੋਂ ਨਿਯੁਕਤ ਕਰਨ ਨਾਲ “ਆਸਟ੍ਰੇਲੀਆ ਦੀਆਂ ਔਰਤਾਂ ਨੂੰ ਇੱਕ ਮਜ਼ਬੂਤ ਸੁਨੇਹਾ” ਜਾਵੇਗਾ। ਅਸੀਂ ਆਸਟ੍ਰੇਲੀਆ ਦੀਆਂ ਔਰਤਾਂ ਨੂੰ ਨਿਰਾਸ਼ ਕੀਤਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਲੋਕਾਂ ਨੇ ਸਾਡਾ ਸਮਰਥਨ ਕਿਉਂ ਨਹੀਂ ਕੀਤਾ ਕਿਉਂਕਿ ਉਹ ਸਾਡੀਆਂ ਨੀਤੀਗਤ ਪੇਸ਼ਕਸ਼ਾਂ ਤੋਂ ਪ੍ਰੇਰਿਤ ਨਹੀਂ ਸਨ, ਅਤੇ ਉਹਨਾਂ ਨੂੰ ਇਹ ਵਿਸ਼ਵਾਸ਼ ਨਹੀਂ ਸੀ ਕਿ ਅਸੀਂ ਦੇਸ਼ ਨੂੰ ਅੱਗੇ ਵਧਾਉਣ ਲਈ ਸਭ ਤੋਂ ਵਧੀਆ ਬਦਲ ਸਨ।”
ਸਾਬਕਾ ਸਪੀਕਰ ਐਂਡਰਿਊ ਵਾਲੈਂਸ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਕਿ ਸੁਸਾਨ ਲੇ ਦੀ ਨਿਯੁਕਤੀ ਸਿਰਫ ਔਰਤਾਂ ਨੂੰ ਸੁਨੇਹਾ ਭੇਜਣ ਬਾਰੇ ਸੀ। ਉਹਨਾਂ ਕਿਹਾ ਕਿ, ‘ਸੁਸਾਨ ਇਸ ਜਗ੍ਹਾ ‘ਤੇ 24 ਸਾਲਾਂ ਦੀ ਤਜਰਬੇਕਾਰ ਔਰਤ ਹੈ ਅਤੇ ਮੈਨੂੰ ਲੱਗਦਾ ਹੈ ਕਿ ਤਜਰਬੇ ਤੋਂ ਵੱਧ ਕੁਝ ਵੀ ਨਹੀਂ ਹੈ। ਜੇ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਇਹੀ ਇੱਕੋ ਇੱਕ ਕਾਰਣ ਸੀ .ਉਸਨੂੰ ਨੇਤਾ ਵਜੋਂ ਚੁਣਨ ਦਾ, ਬਿਲਕੁਲ ਨਹੀਂ।”
ਨਵੀਂ ਲਿਬਰਲ ਨੇਤਾ ਸੁਸਾਨ ਲੇ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਫੈਰਰ ਮੰਤਰੀਮੰਡਲ ਦੇ ਦੌਰਾਨ ਖੇਤਰੀ ਨਿਊ ਸਾਊਥ ਵੇਲਜ਼ ਦੇ ਵੋਟਰਾਂ ਨੂੰ ਸੰਭਾਲਿਆ ਅਤੇ ਉਸਨੇ ਸਕੌਟ ਮੌਰੀਸਨ ਯੁੱਗ ਦੌਰਾਨ ਕੈਬਨਿਟ ਵਿੱਚ ਸੇਵਾ ਨਿਭਾਈ ਤੇ ਪਾਰਟੀ ਵਿੱਚ ਸੀਨੀਅਰ ਅਹੁਦਿਆਂ ਦੀ ਇੱਕ ਲੰਬੀ ਸੂਚੀ ਵਿੱਚ। ਇੱਕ ਅਨੁਭਵੀ ਸਿਆਸਤਦਾਨ ਵਜੋਂ ਉਹ ਡਿਪਟੀ ਲੀਡਰਸ਼ਿਪ ਤੱਕ ਪਹੁੰਚਣ ਤੋਂ ਪਹਿਲਾਂ ਵਾਤਾਵਰਣ ਮੰਤਰੀ, ਸਿਹਤ ਅਤੇ ਬਜ਼ੁਰਗ ਦੇਖਭਾਲ ਮੰਤਰੀ ਅਤੇ ਖੇਡ ਮੰਤਰੀ ਰਹੀ ਹੈ। 2017 ਵਿੱਚ ਯਾਤਰਾ ਖਰਚਿਆਂ ਦੇ ਘੁਟਾਲੇ ਦੌਰਾਨ ਅਤੇ ਟੈਕਸਦਾਤਾਵਾਂ ਦੁਆਰਾ ਫੰਡ ਪ੍ਰਾਪਤ ਯਾਤਰਾ ਦੌਰਾਨ ਇੱਕ ਲਗਜ਼ਰੀ ਗੋਲਡ ਕੋਸਟ ਅਪਾਰਟਮੈਂਟ ਖਰੀਦਣ ਲਈ ਆਲੋਚਨਾ ਦੇ ਘੇਰੇ ਵਿੱਚ ਆਉਣ ਤੋਂ ਬਾਅਦ ਉਸਨੇ ਫਰੰਟਬੈਂਚ ਤੋਂ ਅਸਤੀਫਾ ਦੇ ਦਿੱਤਾ ਸੀ।