Articles

ਸੂਰਜ ਚੜ੍ਹਨ ਤੋਂ ਪਹਿਲਾਂ ਪਾਰਕ ਦੇ ਨਜ਼ਾਰੇ…

ਲੇਖਕ: ਗੁਰਜੀਤ ਕੌਰ “ਮੋਗਾ”

ਸਵੇਰੇ ਮੂੰਹ ਹਨੇਰੇ ਜਦੋਂ ਹਨੇਰਾ ਅਲੋਪ ਹੁੰਦਾ ਜਾਂਦਾ ਤੇ ਚਾਨਣ ਅਹਿਸਤਾ ਅਹਿਸਤਾ ਦਸਤਕ ਦਿੰਦਾ ਤਾਂ ਪਾਰਕਾਂ ਦਾ ਨਜ਼ਾਰਾ ਦਿਲ ਨੂੰ ਟੁੰਬਦਾ ਮਹਿਸੂਸ ਹੁੰਦਾ ਹੈ। ਟਿਕਿਆ ਹੋਇਆ ਆਲਮ ਜਦੋਂ ਹਰਕਤ ਵਿੱਚ ਆਉਂਦਾ ਹੈ ਤਾਂ ਪਾਰਕਾਂ ਦੀ ਮਨਮੋਹਕ ਤਸਵੀਰ ਮਨ ਤੇ ਤਨ ਦੋਹਾਂ ਨੂੰ ਤਰੋ-ਤਾਜ਼ਾ ਕਰ ਦਿੰਦੀ ਹੈ । ਪਹੁ ਫੁਟਾਲੇ ਜਦੋਂ ਪੌਣਾਂ ਰੁਮਕਦੀਆਂ ਹਨ ਸਾਰੇ ਫੁੱਲ, ਬਗੀਚਿਆਂ, ਦਰਖਤਾਂ ਨੂੰ ਹੁਲਾਰਾ ਜਿਹਾ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ।ਪਾਰਕ ਵਿਚਲੇ ਕਈ ਤਰਾਂ ਦੇ ਫੁੱਲਾਂ ਦੀ ਸੁਗੰਧੀ ਜਦੋਂ ਪੌਣਾਂ ਦਾ ਸੰਗ ਕਰਦੀ ਹੈ ਤਾਂ ਮਨ ਨੂੰ ਸਰੂਰ ਜਿਹਾ ਦਿੰਦੀ ਹੈ । ਧਰਤੀ ਤੇ ਡਿੱਗੇ ਫੁੱਲ ਤੇ ਕਲੀਆਂ ਵੀ ਆਪਣੇ ਹਿੱਸੇ ਦੀ ਸੁਗੰਧੀ ਬਖੇਰਦੀਆਂ ਸਾਨੂੰ ਸਰੀਰਕ ਤੇ ਮਾਨਸਿਕ ਉਤਸ਼ਾਹਿਤ ਕਰਦੀਆਂ ਹਨ ਜਿਵੇਂ ਸਾਨੂੰ ਸੰਦੇਸ਼ ਦੇ ਰਹੇ ਹੋਣ ਕਿ “ਡਿੱਗ ਕੇ ਵੀ ਕਿਉ ਡੋਲਣੈ।” ਸੈਰ ਵਾਲੇ ਟਰੈਕ ਦੁਆਲੇ ਝਾਤੀਆਂ ਮਾਰਦੇ  ਫੁੱਲ ਖਿੜੇ ਮੱਥੇ ਸਜਰੀ ਸਵੇਰ ਦੀ ਆਮਦ ਦਾ ਸੁਆਗਤ ਕਰਦੇ ਜਦੋ ਨਜ਼ਰੀਂ ਪੈਂਦੇ ਹਨ ਤਾਂ ਖਿੜਾਓ ਵਾਲਾ ਮਾਹੌਲ ਸਿਰਜਦੇ ਪ੍ਰਕਿਰਤੀ ਨੂੰ ਸਮਰਪਿਤ ਹੋ ਜਾਂਦੇ ਹਨ। ਹਨੇਰੇ ਦਾ ਪਿੱਛਾ ਕਰਦੀ ਰੋਸ਼ਨੀ ਜਦੋਂ ਸੂਰਜ ਦੇ ਚੜਨ ਦਾ ਸੁਨੇਹਾ ਲੈ ਕੇ ਆਉਂਦੀ ਤਾਂ ਹੌਲੀ-ਹੌਲੀ ਅਹੁਲਦਾ ਚਾਨਣ ਕੁੱਦਰਤ ਦੀ ਖੂਬਸੂਰਤ ਕਲਾ ਦੀ ਪੇਸ਼ਕਾਰੀ ਕਰਦਾ ਲਗਦਾ ਹੈ । ਰੁੱਖ ਵੀ ਨਵੀਂ ਸਵੇਰ ਨੂੰ ਜੀ ਆਇਆ ਕਰਨ ਲਈ ਝੁੱਕ ਕੇ ਧਰਤੀ ਨੂੰ ਸਿਜਦਾ ਕਰਦੇ ਹਨ । ਪਾਰਕ ਵਿਚਲੀ ਹਰਿਆਵਲ ਦੀਆਂ ਝਾਤਾਂ ਤੋਂ ਮਹਿਸੂਸ ਹੁੰਦੈ ਹੈ ਕਿ ਕੁਦਰਤ ਦੇ ਬਣਾਏ ਨਿਯਮਾਂ ਨੂੰ ਸਾਰੀ ਬਨਸਪਤੀ ਨੇ ਸਾਂਭ ਕੇ ਰੱਖਿਆ ਹੋਇਆ ਹੈ । ਮੇਰਾ ਨਿੱਜੀ ਅਨੁਭਵ ਹੈ ਪਾਰਕ ਵਿਚਲੇ ਰੁੱਖ, ਫੁੱਲ, ਟਾਹਣੀਆਂ,ਪੱਤੇ ਸਵੇਰ ਦੀ ਸੈਰ ਕਰਦੇ ਸਮੇਂ ਰੂਹ ਨੂੰ ਸਰਸ਼ਾਰ ਕਰ ਦਿੰਦੇ ਹਨ।ਤਾਜੀ ਤੇ ਸ਼ੁੱਧ ਹਵਾ ਦੇ ਗੱਫੇ ਮਨ ਨੂੰ ਆਨੰਦਿਤ ਕਰ ਦਿੰਦੇ ਹਨ ,ਤਰਾਂ- ਤਰਾਂ ਦੇ ਪੰਛੀਆਂ ਦੀਆਂ ਅਵਾਜਾਂ ਦਾ ਸੰਗੀਤ-ਨੁਮਾ ਮਾਹੌਲ,ਫਿਰ ਰਾਗ ਅਲਾਪਦੇ ਪੰਛੀ ਕੁਦਰਤ ਨਾਲ ਇਕਮਿਕਤਾ ਦਾ ਮਾਹੌਲ ਸਿਰਜਦੇ ਪ੍ਰਤੀਤ ਹੁੰਦੇ ਹਨ । ਕੁਦਰਤ ਦੀ ਸੁੰਦਰਤਾ ਦੇ ਦਰਸ਼ਨ ਮਨ ਵਿੱਚ ਨਵੀਂ ਤਾਜਗੀ ਤੇ ਊਰਜਾ ਭਰ ਦਿੰਦੇ ਹਨ । ਮੇਰੇ ਸ਼ਹਿਰ ਵਿਚਲੇ ਪਾਰਕ ਦੇ ਬਿਲਕੁੱਲ ਨੇੜੇ ਗੁਰਦੁਆਰਾ ਸਾਹਿਬ ਵੀ ਹੈ। ਪਵਿੱਤਰ ਬਾਣੀ ਸੁਣਨ ਦੀ ਹਲਕੀ ਜਿਹੀ ਅਵਾਜ ਕੰਨਾਂ ‘ਚ ਰਸ ਘੋਲਦੀ ਮਹਿਸੂਸਦੀ ਹੈ ਜੋ ਮਨ ਨੂੰ ਸਕੂਨ ਬਖਸ਼ਦੀ ਹੈ । ਕੁਦਰਤ ਦੀ ਅਸੀਮਤਾਂ ਨੂੰ ਨਿਹਾਰਦਿਆਂ, ਚਾਨਣ ਹੋਰ ਖਿੜਦਾ ਜਾਂਦਾ ਹੈ । ਸੈਰ ਕਰਨ ਵਾਲਿਆਂ ਦੀ ਵਾਰਤਾਲਾਪ ਵੀ ਨੇੜਿਓਂ ਲੰਘਦਿਆ ਕੰਨੀ ਪੈੰਦੀ ਹੈ । ਪਾਰਕ ਦੇ ਖੁੱਲੇ ਡੁੱਲੇ ਬਗੀਚਿਆਂ ਵਿੱਚ ਔਰਤਾਂ , ਮਰਦ ਅਲੱਗ-ਅਲੱਗ ਜਗ੍ਹਾਂ ਤੇ ਯੋਗਾਂ,ਕਸਰਤ ਦਾ ਅਭਿਆਸ  ਵਗੈਰਾ ਕਰਦੇ ਹਨ । ਬਣਾਵਟੀ ਹਾਸਿਆਂ ਦੀਆਂ ਫੁਹਾਰਾਂ ਮਾਹੌਲ ਨੂੰ ਖੁਸ਼ਨੁਮਾ ਬਨਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ । ਨਰੋਏ ਮਨ ਲਈ ਤੇ ਤੰਦਰੁਸਤ ਤਨ ਲਈ ਹਰ ਕੋਈ ਕੋਸ਼ਿਸ਼ ਕਰਦਾ ਹੈ।  ਕੋਈ ਕਦਮਾਂ ਦੀ ਚਹਿਲ ਕਦਮੀ ਕਰਕੇ ਤੇ ਕੋਈ ਵਰਜਿਸ ਕਰਕੇ । ਦੋਨੋਂ ਹੀ ਜੀਵਨ ਲਈ ਹਾਂ-ਪੱਖੀ ਸੰਕੇਤ ਦਿੰਦੇ ਹਨ । ਸ਼ਾਂਤ ਚਿੱਤ ਜਦੋਂ ਕੁਦਰਤ ਦੇ ਸਨਮੁੱਖ ਹੁੰਦਾ ਤਾਂ ਉਸ ਵੱਲ ਰਚੀ ਗਈ ਪ੍ਰਾਕਿਰਤੀ ਦੇ ਰੰਗਾਂ ਨੂੰ ਮਾਣਦਾ ਫੁੱਲਾਂ ਵਾਂਗ ਟਹਿਕਦਾ ਮਹਿਸੂਸ ਕਰਦਾ ਹੈ । ਜਿਵੇਂ ਜਿਵੇਂ ਚਾਨਣ ਦੀਆਂ ਰਿਸ਼ਮਾਂ ਧਰਤੀ ਦੀ ਸਰਦਲ ਤੇ ਬਿਖਰਦੀਆਂ ਹਨ ਤਾਂ ਪੌਦਿਆਂ, ਪੱਤਿਆਂ ਦਾ ਨਿਖਰਵਾਂ ਰੰਗ ਅੱਖਾਂ ਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ । ਪਾਰਕ ਦੇ ਨੇੜਿਓ ਲੰਘਦੀ ਰੇਲ  ਛਕ-ਛਕ ਦੀ ਅਵਾਜ਼ ਕਰਦੀ, ਹਨੇਰੇ ਨੂੰ ਚੀਰਦੀ ਅੱਗੇ ਵਧਣ ਦਾ ਸੁਨੇਹਾ ਦੇ ਜਾਂਦੀ ਹੈ । ਪਾਰਕਾਂ ਦਾ ਸਵੇਰ ਦਾ ਦਿਲਕਸ਼ ਨਜ਼ਾਰਾ ਮਸੋਸੀਆਂ ਰੂਹਾਂ ‘ਚ ਵੀ ਨਵੀਂ ਜਿੰਦ-ਜਾਨ ਭਰਨ ਦੀ ਸਮਰਥਾ ਰਖਦਾ ਹੈ । ਉੱਚੇ ,ਲੰਮੇ, ਸੰਘਣੇ ਅਡੋਲ ਖੜੈ ਰੁੱਖ ਸਿਰਜਹਾਰੇ ਦੀ ਸੁਹਜ ਸਲੀਕੇ ਦੀ ਤਸਵੀਰ ਬਿਆਨਦੇ ਹਨ । ਮਉਲੀ ਹੋਈ ਬਨਸਪਤੀ ਚੌਂ ਹੂਬ-ਹੂ ਕੁਦਰਤ ਦੇ ਦੀਦਾਰ ਹੋਣ ਦਾ ਅਹਿਸਾਸ ਹੁੰਦਾ ਹੈ । ਸ਼ਾਂਤ ਵਾਤਾਵਰਣ ਵਿੱਚ ਜਦੋਂ ਟਹਿਲਦੇ ਕਦਮ ਅੱਗੇ ਵਧਦੇ ਹਨ ਤਾਂ  ਹਰੇ ਭਰੇ ਫੁੱਲ ਬੂਟੇ ਮਨਾਂ ਨੂੰ ਖਿੱਚ ਜਿਹੀ ਪਾਉਂਦੇ ਹਨ । ਹਰੇ ਹਰੇ ਘਾਹ ਉੱਤੇ ਨੰਗੇ ਪੈਰੀ ਤੁਰਨ ਦਾ ਨਜਾਰਾ ਤਾਂ ਸ਼ਰੀਰ ਦਾ ਅਕੇਵਾਂ ਥਕੇਵਾਂ ਸਭ ਲਾਹ ਦਿੰਦਾ ਹੈ । ਹਰਿਆ ਭਰਿਆ ਚੋਗਿਰਦਾ ਕੁਦਰਤ ਦੇ ਸਹੁਪਣ ਦੀ ਤਰਜਮਾਨੀ ਕਰਦਾ ਲਗਦਾ ਹੈ । ਕੁਦਰਤ ਸੰਗ ਦੋਸਤੀ ਮਨ ਤੇ ਤਨ ਨੂੰ ਖੇੜਾ ਜਿਹਾ ਬਖਸ਼ਦੀ ਹੈ । ਸੈਰ ਕਰਨ ਬਾਦ ਥੋੜਾ ਆਰਾਮ ਲਈ ਜਦੋਂ ਪਾਰਕਾਂ ‘ਚ ਬਣੇ ਬੈਂਚਾਂ ਤੇ ਬੈਠੀਏ ਤਾਂ ਆਪਣੀ ਖੁਰਾਕ ਤਲਾਸ਼ਦੇ ਪੰਛੀ ਮਲਕੜੇ ਜਿਹੇ ਕੋਲ ਅਹੁਲਦੇ ਹਨ ਉਨਾਂ ਨੂੰ  ਨੀਝ ਨਾਲ ਤਕਦਿਆਂ ਉਨਾਂ ਦਾ ਸੁਹਪਣ ਮਨ ਨੂੰ ਬਾਗੋ-ਬਾਗ ਕਰ ਦਿੰਦਾ ਹੈ । ਆਪਣੀ ਥੋੜੀ ਜਿਹੀ ਹਰਕਤ ਤੇ ਉਨਾਂ ਦਾ ਫੁਰਰ ਹੋ ਜਾਣਾ ਉਨਾਂ ਦੇ ਚੇਤਨ ਮਨ ਦੀ ਬਾਤ ਪਾਉਂਦਾ ਹੈ । ਸੋ ਪਾਰਕ ਦਾ ਸਵੇਰ ਦਾ ਨਜ਼ਾਰਾ ਮਨ ਨੂੰ ਨਵੀਂ ਸ਼ਕਤੀ ਦੇ ਕੇ ਤੋਰਦਾ ਹੈ ਤੇ ਸਾਰਾ ਦਿਨ ਮਨ ਖਿੜਿਆ ਰਹਿੰਦਾ ਹੈ ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin