ਮੁੰਬਈ – ਮੁੰਬਈ ਪੁਲੀਸ ਨੇ ਫਿਲਮ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਦੇ ਸਿਲਸਿਲੇ ’ਚ ਮਸ਼ਕੂਕ ਨੂੰ ਹਿਰਾਸਤ ’ਚ ਲਿਆ ਹੈ। ਮੁੱਖ ਮੁਲਜ਼ਮ ਹਾਲਾਂਕਿ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸੇ ਦੌਰਾਨ ਇਸ ਘਟਨਾ ਸਬੰਧਤ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮਸ਼ਕੂਕ, ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਹੈ, ਅਦਾਕਾਰ ਦੀ ਰਿਹਾਇਸ਼ੀ ਇਮਾਰਤ ਦੀਆਂ ਪੌੜੀਆਂ ਚੜ੍ਹਦਾ ਦਿਖਾਈ ਦੇ ਰਿਹਾ ਹੈ। ਪੁਲਿਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਦੌਰਾਨ ਕਈ ਗੱਲਾਂ ਸਾਹਮਣੇ ਆਈਆਂ ਹਨ। 16 ਜਨਵਰੀ ਨੂੰ ਇੱਕ ਵਿਅਕਤੀ ਸੈਫ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਮੁੰਬਈ ਪੁਲਿਸ ਜਿਸ ਵਿਅਕਤੀ ਤੋਂ ਇਸ ਸਮੇਂ ਪੁੱਛਗਿੱਛ ਕਰ ਰਹੀ ਹੈ, ਉਸਦਾ ਨਾਮ ਸ਼ਾਹਿਦ ਹੈ। ਪੁਲਿਸ ਨੇ ਉਸਨੂੰ ਗਿਰਗਾਓਂ ਦੇ ਫਾਕਲੈਂਡ ਰੋਡ ਤੋਂ ਹਿਰਾਸਤ ਵਿੱਚ ਲਿਆ ਹੈ। ਸ਼ਾਹਿਦ, ਜਿਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਉਸਦੇ ਖਿਲਾਫ ਪਹਿਲਾਂ ਹੀ ਚੋਰੀ ਦੇ 4-5 ਮਾਮਲੇ ਦਰਜ ਹਨ।
ਡਾਕਟਰ ਨੇ ਮੈਡੀਕਲ ਬੁਲੇਟਿਨ ਦੌਰਾਨ ਦੱਸਿਆ ਹੈ ਕਿ ਸੈਫ ਹੁਣ ਬਿਹਤਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚਾਕੂ 2 ਮਿਲੀਮੀਟਰ ਹੋਰ ਅੰਦਰ ਚਲਾ ਜਾਂਦਾ ਤਾਂ ਸੈਫ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਸਰਜਰੀ ਤੋਂ ਬਾਅਦ, ਸੈਫ ਨੂੰ ਹੁਣ ਆਈਸੀਯੂ ਤੋਂ ਇੱਕ ਵਿਸ਼ੇਸ਼ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਹਾਲਾਂਕਿ, ਸੈਫ ਨੂੰ ਇੱਕ ਹਫ਼ਤੇ ਲਈ ਬੈੱਡ ਰੈਸਟ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਉਸ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਸੈਫ ਇਸ ਵੇਲੇ ਆਪਣੇ ਕਰੀਬੀਆਂ ਨੂੰ ਨਹੀਂ ਮਿਲ ਸਕਣਗੇ।
ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਕਿਹਾ ਕਿ ਅਦਾਕਾਰ ਸੈਫ਼ ’ਤੇ ਚਾਕੂ ਨਾਲ ਹਮਲੇ ਪਿੱਛੇ ਕਿਸੇ ਅੰਡਰਵਰਲਡ ਗਰੋਹ ਦਾ ਹੱਥ ਨਹੀਂ ਹੈ। ਉਨ੍ਹਾਂ ਕਿਹਾ, ‘ਹਮਲੇ ਦੇ ਸਬੰਧ ’ਚ ਹਿਰਾਸਤ ਵਿੱਚ ਲਿਆ ਗਿਆ ਮਸ਼ਕੂਕ ਕਿਸੇ ਗਰੋਹ ਦਾ ਮੈਂਬਰ ਨਹੀਂ ਹੈ। ਕਿਸੇ ਗਰੋਹ ਨੇ ਇਹ ਹਮਲਾ ਨਹੀਂ ਕੀਤਾ।’ ਉਨ੍ਹਾਂ ਦੱਸਿਆ ਕਿ ਹੁਣ ਤੱਕ ਘਟਨਾ ਪਿੱਛੇ ਚੋਰੀ ਇੱਕੋ-ਇੱਕ ਮਕਸਦ ਪ੍ਰਤੀਤ ਹੁੰਦਾ ਹੈ।