
ਜੇਕਰ ਸੋਚ ਪਵਿੱਤਰ ਹੈ ਤਾਂ ਹਿਰਦਾ ਵੀ ਪਵਿੱਤਰ ਹੋਵੇਗਾ । ਜੇਕਰ ਹਿਰਦਾ ਪਵਿੱਤਰ ਹੈ ਤਾਂ ਆਚਰਣ ਵੀ ਸੁੰਦਰ ਹੋਵੇਗਾ । ਜੇਕਰ ਆਚਰਣ ਸੁੰਦਰ ਹੈ ਤਾਂ ਜੱਗ ਦੀ ਸ਼ੋਭਾ ਵੀ ਮਿਲੇਗੀ ਤੇ ਪਰਿਵਾਰਕ ਸੁੱਖ ਸ਼ਾਂਤੀ ਵੀ ਬਣੀ ਰਹੇਗੀ ਤੇ ਇਸ ਤੋਂ ਵੀ ਅੱਗੇ ਸਮਾਜਿਕ ਵਿਕਾਸ ਵੀ ਸਹੀ ਦਿਸ਼ਾ ਵਿੱਚ ਹੋ ਸਕੇਗਾ ।ਮੁਲਕ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇਗੀ, ਲੋਕਾਂ ਦੇ ਦਿਲਾਂ ਇਕ ਦੂਸਰੇ ਵਾਸਤੇ ਦਰਦ ਸਮੇਂ ਦਰਦ ਅਤੇ ਹਮਦਰਦੀ ਸਮੇਂ ਹਮਦਰਦੀ ਦੀ ਸੰਵੇਦਨਾ ਹੋਣ ਦੇ ਨਾਲ ਨਾਲ ਹੀ ਲੋੜ ਸਮੇਂ ਇਕ ਦੂਸਰੇ ਨੂੰ ਸਹਾਰਾ ਦੇ ਕੇ, ਬਾਂਹ ਫੜਕੇ ਜਾਂ ਫਿਰ ਮੋਢੇ ਨਾਲ ਮੋਢਾ ਡਾਹ ਕੇ ਨਾਲ ਤੋਰਨ ਦੀ ਤਾਂਘ ਵੀ ਹੋਵੇਗੀ । ਲੋਕ ਇਕ ਦੂਸਰੇ ਦੇ ਸੰਗੀ ਸਾਥੀ ਹੋ ਕੇ ਸਾਹੀਂ ਵਿਸਮਣਗੇ । ਇਕ ਦੀ ਖ਼ੁਸ਼ੀ ਜਾਂ ਫਿਰ ਗ਼ਮੀ ਸਭਨਾ ਦੀ ਸਾਂਝੀ ਹੋਵੇਗੀ । ਲੋੜਵੰਦਾਂ ਦੀ ਲੋੜ ਰਲਮਿਲਕੇ ਪੂਰੀ ਹੋਵੇਗੀ । ਭਾਈਚਾਰਕ ਸਾਂਝ, ਮੇਲ ਮਿਲਾਪ ਰਲਕੇ ਸਾਂਝੀਵਾਲਤਾ ਦਾ ਪਰਚਮ ਬੁਲੰਦ ਕਰਨਗੇ । ਜਿੱਥੇ ਸੋਚ ਦੀ ਪਵਿੱਤਰਤਾ ਦਾ ਵਾਸਾ ਹੋਵੇਗਾ ਉੱਥੇ ਦੁਈ ਦਵੈਤ ਨਹੀਂ ਹੋਵੇਗੀ, ਸਭ ਨਾਲ ਬਰਾਬਰਤਾ ਦਾ ਸਲੂਕ ਕੀਤਾ ਜਾਵੇਗਾ । ਮਜ਼੍ਹਬੀ ਫ਼ਿਰਕਾ ਪ੍ਰਸਤੀ, ਜਾਤ ਪਾਤ ਤੇ ਰੰਗ ਨਸਲ ਦਾ ਭੇਦ ਤੇ ਵਿਤਕਰਾ ਬੇ ਮਾਅਨੇ ਹੋ ਕੇ ਰਹਿ ਜਾਣਗੇ, ਸਭ ਨੂੰ ਏਕ ਨੂਰ ਤੋਂ ਉਪਜੇ ਹੋਏ ਬੰਦੇ ਤਸਲੀਮ ਕਰਕੇ ਬਿਨਾ ਕਿਸੇ ਵਿਤਕਰੇ ਦੇ ਸਤਿਕਾਰ ਦਿੱਤਾ ਜਾਵੇਗਾ । ਲਿੰਗ ਭੇਦ ਨੂੰ ਕੁਦਰਤ ਦੀ ਵਿਲੱਖਣਤਾ ਮੰਨਕੇ ਇਸ ਨੂੰ ਸਮਝਿਆਂ ਤੇ ਸਤਿਕਾਰਿਆ ਜਾਵੇਗਾ । ਗੱਲ ਸੋਚ ਦੀ ਪਵਿੱਤਰਤਾ ਦੀ ਹੈ, ਜੇਕਰ ਕਿਸੇ ਦੀ ਸੋਚ ਵਿੱਚ ਲੋਚਾ ਹੈ, ੳਸ ਦੀ ਸੋਚ ਨੀਚ ਹੈ, ਨਫ਼ਰਤ, ਹੇਰਾ-ਫੇਰੀ, ਈਰਖਾ, ਚਲਾਕੀ ਜਾਂ ਸ਼ੈਤਾਨੀ ਵਾਲੀ ਹੈ ਤਾਂ ਉਸ ਵਿਅਕਤੀ ਦਾ ਵਿਵਹਾਰ ਆਮ ਲੋਕਾਂ ਨਾਲ਼ੋਂ ਬਿਲਕੁਲ ਵੱਖਰਾ ਹੋਵੇਗਾ, ਬੇਸ਼ੱਕ ਉਹ ਆਪਣੇ ਵਿਵਹਾਰ ਨੂੰ ਲੋਕਾਂ ਤੋਂ ਕਿੰਨਾ ਵੀ ਲੁਕਾਉਣ ਦੀ ਕੋਸ਼ਿਸ਼ ਕਰੇ, ਪਰ ਉਸ ਦੀ ਬੌਡੀ ਲੈਂਗੁਏਜ, ਚੇਹਰੇ ਦੇ ਹਾਵ ਭਾਵ ਤੇ ਵਾਰਤਾਲਾਪ ਸਮੇਂ ਵਰਤੇ ਗਏ ਸ਼ਬਦ, ਉਸ ਦੇ ਅੰਦਰਲੀ ਸੋਚ ਦਾ ਸੱਚ ਬਿਆਨ ਕਰ ਦੇਣਗੇ । ਕਹਿਣ ਦਾ ਭਾਵ ਇਹ ਕਿ ਕਿਸੇ ਵੀ ਮਨੁੱਖ ਦੀ ਰਫ਼ਤਾਰ, ਗੁੱਫਤਾਰ ਤੇ ਦਸਤਾਰ ਵਿੱਚੋਂ ਉਸ ਦੀ ਅੰਦਰੂਨੀ ਸੋਚ ਨੂੰ ਬਾਖੂਬੀ ਹੀ ਪਹਿਚਾਣਿਆ ਜਾ ਸਕਦਾ ਹੈ । ਕੁਦਰਤ ਬੜੀ ਬੇਅੰਤ ਹੈ, ਬੇਸ਼ੱਕ ਵਿਗਿਆਨੀ ਇਸ ਦੇ ਗੁੱਝੇ ਭੇਦਾਂ ਦੀ ਥਹੁ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅੰਤਿਮ ਤੇ ਕੰਧ ‘ਤੇ ਲਿਖਿਆ ਸੱਚ ਏਹੀ ਹੈ ਕਿ ਕੁਦਰਤ ਨੇ ਬਹੁਤਾ ਕੁੱਜ ਲੁਕਾਇਆ ਹੀ ਨਹੀਂ, ਬੱਸ ਮਨੁੱਖ ਦੀ ਸਮਝ ਵਿੱਚ ਹੀ ਨਹੀਂ ਆ ਰਿਹਾ ਜਿਸ ਕਰਕੇ ਮਨੁੱਖ ਤੁਕਾ ਮਾਰ ਥਿਊਰੀਆਂ ਉੱਤੇ ਕੰਮ ਕਰ ਰਿਹਾ ਹੈ ਤੇ ਕਰਦਾ ਰਹੇਗਾ । ਸਮਾਂ ਇਕ ਅੱਖਰਾਂ ਘੋੜਾ ਹੈ ਜੋ ਸਰਪਟ ਦੋੜ ਰਿਹਾ ਹੈ ਤੇ ਦੌੜਦਾ ਰਹੇਗਾ , ਇਸ ਨੂੰ ਕਦੇ ਵੀ ਰੋਕਿਆ ਜਾਂ ਬੰਨ੍ਹਿਆ ਨਹੀਂ। ਜਾ ਸਕੇਗਾ, ਅੱਗ,ਪਾਣੀ ਤੇ ਹਵਾ ਆਪੋ ਆਪਣਾ ਪ੍ਰਕਿਰਤਕ ਫਰਜ ਜਾਂ ਧਰਮ ਨਿਭਾਉਂਦੇ ਆਏ ਹਨ ਤੇ ਨਿਭਾਉਂਦੇ ਰਹਿਣਗੇ । ਕੁਦਰਤ ਵਿੱਚ ਉਪਜਣ, ਵਿਗਸਣ ਤੇ ਵਿਨਸਣ ਦੀ ਪ੍ਰਕਿਰਿਆ ਯੁੱਗਾਂ ਸਹਾਂਤਰਾਂ ਤੋ ਚਲਦੀ ਆਈ ਹੈ ਤੇ ਚਲਦੀ ਰਹੇਗੀ। ਹਰ ਦਿਨ ਸਵੇਰ, ਦੁਪਹਿਰ ਤੇ ਸ਼ਾਮ ਦੀ ਚਿੱਤਰ ਚੱਲਦਾ ਰਹੇਗਾ। ਰੁੱਤਾਂ ਬਦਲਦੀਆਂ ਰਹਿਣਗੀਆਂ, ਗਰਮੀ, ਸਰਦੀ, ਬਰਸਾਤ, ਪਤਝੜ ਤੇ ਬਸੰਤ ਬਹਾਰ ਆਪੋ ਆਪਣੇ ਰੰਗ ਬਿਖੇਰਦੇ ਰਹਿਣਗੇ । ਇਸ ਬ੍ਰਹਿਮੰਡ ਦਾ ਹਰ ਜੀਵ ਤੇ ਕਿਣਕਾ, ਉਸ ਦਾ ਹੀ ਅੰਸ਼ ਹੈ, ਬੱਸ ਅੰਤਰ ਗੜਬੀ ਤੇ ਸਮੁੰਦਰ ਵਿਚਲੇ ਪਾਣੀ ਕੁ ਜਿੰਨਾ ਹੀ ਹੈ, ਗੜਬੀ ਦਾ ਪਾਣੀ ਸਮੁੰਦਰ ਚੋਂ ਭਰ ਲਿਆ ਜਾਵੇ ਤਾਂ ਵੱਖਰਾ ਦਿਸਦਾ ਹੈ ਜਦ ਓਹੀ ਪਾਣੀ ਸਮੁੰਦਰ ਵਿੱਚ ਦੁਬਾਰਾ ਡੋਲ੍ਹ ਦਿੱਤਾ ਜਾਵੇ ਤਾਂ ਉਸ ਦੀ ਆਪਣੀ ਪਹਿਚਾਣ ਸਮੁੱਚ ਚ ਮਿਲਕੇ ਫ਼ਨਾਹ ਹੋ ਜਾਂਦੀ ਹੈ । ਮਨੁੱਖ ਇਸ ਸੱਚ ਨੂੰ ਅੱਜ ਸਵੀਕਾਰ ਲਵੇ ਜਾਂ ਅਗਲੇ ਸੌ ਸਾਲ ਬਾਅਦ, ਪਰ ਇਸ ਸੱਚ ਨੂੰ ਸਵੀਕਾਰਨ ਨਾਲ ਹੀ ਇਸ ਧਰਤੀ ‘ਤੇ ਵਸਦੀ ਲੋਕਾਈ ਦਾ ਭਲਾ ਹੋਵੇਗਾ ਵਰਨਾ ਮਾਰ ਮਰਈਆ ਤੇ ਖ਼ੂਨ ਖ਼ਰਾਬਾ ਚੱਲਦਾ ਰਹੇਗਾ , ਲੋਕਾਈ ਮਰਦੀ ਰਹੇਗੀ, ਦੁਰਾਚਾਰ ਤੇ ਅਨਾਚਾਰ ਦਾ ਉਪੱਦਰ ਵਧਦਾ ਫੁੱਲਦਾ ਤੇ ਫੈਲਦਾ ਰਹੇਗਾ । ਧਰਤੀ ਤੇ ਲੀਕਾਂ ਵੱਜਦੀਆਂ ਰਹਿਣਗੀਆਂ, ਮੁਲਕ ਲੜਦੇ ਰਹਿਣਗੇ ਤੇ ਬਰੂਦ ਸਿੱਕੇ ਨਾਲ ਦੁਨੀਆ ਵਿੱਚ ਤਬਾਹੀ ਮੱਚਦੀ ਰਹੇਗੀ । ਕੁਦਰਤੀ ਸੋਮੇ ਵਪਾਰਕ ਵਸਤਾਂ ਬਣਨਗੀਆਂ, ਉਹਨਾ ‘ਤੇ ਕਬਜ਼ੇ ਕਰਨ ਵਾਸਤੇ ਸੰਘਰਸ਼ ਤੇ ਲੜਾਈਆ ਹੋਣਗੀਆਂ, ਵਪਾਰਕ ਮਨਸ਼ੇ ਨਾਲ ਕੁਦਰਤੀ ਸੋਮਿਆ ਦੀ ਲੁੱਟ ਖਸੁੱਟ ਵੀ ਹੋਵੇਗੀ ਤੇ ਬਰਬਾਦੀ ਵੀ ।
ਮੁੱਕਦੀ ਗੱਲ ਇਹ ਕਿ ਅਜੋਕੇ ਮਨੁੱਖ ਵਾਸਤੇ ਸੋਚ ਦੀ ਸ਼ੁੱਧਤਾ ਦਾ ਹੋਣਾ ਅਤੀ ਜ਼ਰੂਰੀ ਹੈ । ਮੈ ਇਹ ਨਹੀਂ ਕਹਿ ਰਿਹਾ ਕਿ ਸਾਰੇ ਮਨੁੱਖਾਂ ਦੀ ਸੋਚ ਮਲੀਨ ਹੁੰਦੀ ਹੈ, ਨਹੀਂ ਇਸ ਤਰਾਂ ਬਿਲਕੁਲ ਵੀ ਨਹੀਂ, ਸਮਾਜ ਵਿੱਚ ਬਹੁਤ ਸਾਰੇ ਮਨੁੱਖ ਬੰਦੇ ਹੀ ਨਹੀਂ ਬਲਕਿ ਇਨਸਾਨ ਹਨ । ਉਹ ਸ਼ੁੱਧ ਸੋਚ ਦੇ ਮਾਲਿਕ ਹਨ । ਉਹਨਾਂ ਦੇ ਕਰਮ ਉਹਨਾਂ ਦੀ ਸੋਚ ਵਿਚਲੀ ਸ਼ੁਧਤਾ ਨੂੰ ਅੱਖਰ ਅੱਖਰ ਬਿਆਨ ਕਰਦੇ ਹਨ, ਮੇਰੇ ਕਹਿਣ ਦਾ ਭਾਵ ਇਹ ਕਿ ਜੋ ਲੇਕ ਮਲੀਨ ਸੋਚ ਦੇ ਗੁਲਾਮ ਹਨ, ਉਹਨਾ ਨੂੰ ਆਪਣੀ ਜ਼ਿੰਦਗੀ ਦੀ ਬੇਹਤਰੀ ਵਾਸਤੇ ਇਸ ਮਲੀਨ ਸੋਚ ਦੀ ਗੁਲਾਮੀ ਤੋਂ ਬਾਹਰ ਨਿਕਲਣਾ ਪਵੇਗਾ, ਨਹੀਂ ਤਾਂ ਫਿਰ, “ਆਪ ਵੀ ਡੁੱਬੇ ਤੇ ਜਜਮਾਨ ਵੀ ਡੋਬੇ” ਵਾਲੀ ਗੱਲ ਹੋਵੇਗੀ ।
ਆਖਿਰ ਚ ਏਹੀ ਕਹਾਂਗਾ ਕਿ ਸੋਚ ਵਿਚਲੀ ਮਲੀਨਤਾ ਜਿੱਥੇ ਮਨੁੱਖੀ ਸਮਾਜ ਵਾਸਤੇ ਅਤੀ ਘਾਤਕ ਹੈ ਉੱਥੇ ਇਹ ਕੁਦਰਤ ਦੇ ਸਮੁੱਚੇ ਵਰਤਾਰੇ ਵਾਸਤੇ ਵੀ ਬਹੁਤ ਨੁਕਸਾਨਦਾਇਕ ਹੈ । ਇਸ ਕਰਕੇ ਸਮਾਜ ਨੂੰ ਬੱਚਿਆ ਦੇ ਸੰਸਕਾਰਾਂ ਵੱਲ ਵਧੇਰੇ ਧਿਆਨ ਦੇਣ ਦੀ ਵਧੇਰੇ ਲੋੜ ਹੈ ਕੇ ਦੂਜੀ ਗੱਲ, ਮਲੀਨ ਲੋਚ ਵਾਲੇ ਲੋਕਾਂ ਦੀ ਪਹਿਚਾਣ ਕਰਕੇ ਉਹਨਾ ਦੇ ਭਲੇ ਹਿਤ ਕਾਰਜ ਕਰਨਾ ਵੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਮਨੁੱਖਤਾ ਦਾ ਭਲਾ ਹੋ ਸਕੇ।