ਕਿੱਸਿਆਂ ਦੇ ਪ੍ਰਭਾਵ ਤੋ ਕਿੱਥੇ ਬਚਣ ਦੇਣਾਂ ਹੈ ਅਜੋਕੇ ਸਮੇਂ ਦੇ ਗਾਇਕਾਂ ਨੇ। ਉਹ ਵੀ ਵੇਲਾ ਸੀ ਜਦੋਂ ਪੰਜਾਬ ਨੂੰ ‘ਸੋਨੇ ਦੀ ਚਿੜੀ’ ਦੇ ਨਾਂਵਾਂ ਨਾਲ ਜਾਣਿਆਂ ਜਾਂਦਾ ਸੀ ਤੇ ਅੱਜ ਪੰਜਾਬ ਨੂੰ ‘ਉੱਡਤਾ ਪੰਜਾਬ’ ਦਿਖਾਇਆ ਜਾਂਦਾ ਹੈ। ਇਕ ਕਵੀ ਦੀਆਂ ਸਤਰਾਂ ਨੇ…
ਪੰਜਾਬ ਤਾਂ ਇਸ ਨੂੰ ਕਹਿੰਦੇ ਸੀ,
ਪੰਜ ਦਰਿਆ ਇਸ ਵਿੱਚ ਵਹਿੰਦੇ ਸੀ,
ਕਈ ਹੋਰ ਦਰਿਆ ਵੀ ਚੱਲੇ ਨੇ ਫਲ ਹੈ ਸਰਕਾਰ ਨਲਾਇਕੀ ਦਾ।
ਛੇਵਾਂ ਦਰਿਆ ਸੀ ਨਸ਼ਿਆਂ ਦਾ ਤੇ ਸਤਵਾ ਲੱਚਰ ਗਾਇਕੀ ਦਾ।
ਪੰਜ ਦਰਿਆਵਾਂ ਦੀ ਧਰਤੀ ਹੋਣ ਨਾਲ ਇਸ ਨੂੰ ਪੰਜਾਬ ਕਰਕੇ ਜਾਣਿਆ ਜਾਂਦਾ ਸੀ ਪਰੰਤੂ ਅੱਜ ਇਸ ਪੰਜਾਬ ਵਿੱਚ ਦੋ ਹੋਰ ਨਵੇਂ ਦਰਿਆ ਚੱਲੇ ਨੇ ਇਕ ਨਸ਼ਿਆਂ ਦਾ ਤੇ ਇਕ ਲੱਚਰ ਗਾਇਕੀ ਦਾ।
ਜੇਕਰ ਨਸ਼ੇ ਤੇ ਲੱਚਰ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਆਪਸੀ ਬਹੁਤ ਗੂੜ੍ਹਾ ਸੰਬੰਧ ਦਿਸਦਾ ਹੈ ।
ਅਜੋਕੇ ਸਮੇਂ ਵਿੱਚ ਵੱਧ ਰਹੀ ਲੱਚਰ ਗਾਇਕੀ ਦੇ ਕਾਰਨ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਤੁਰੀ ਜਾਂਦੀ ਹੈ ।ਅੱਜ ਦੀ ਲੱਚਰ ਗਾਇਕੀ ਵਿੱਚ ਕੁੜੀ ਨੂੰ ਪੁਰਜਾ ,ਪਟੋਲਾ ਤੇ ਜੁਲਫੇ ਦੀ ਲਾਟ ਵਰਗੀ’ ਦੇ ਨਾਲ ਨਾਲ ‘ਅਫੀਮ ਦੀ ਡਲੀ’, ‘ਨੀ ਤੂੰ ਚਿੱਟੇ ਵਰਗੀ ਲੱਗਦੀ ਐ ” ਦਿਖਾਇਆ ਜਾਂਦਾ ਹੈ ।
ਇਹ ਲੱਚਰ ਗਾਇਕੀ ਪਹਿਲਾਂ ਨਹੀਂ ਸੀ ਹੁੰਦੀ ਪਹਿਲਾਂ ਸਭਿਆਚਾਰਕ ਗਾਣੇ ਹੀ ਪੰਜਾਬ ਵਿੱਚ ਗਾਏ ਜਾਂਦੇ ਸੀ ,ਇਸ ਦਾ ਵਿਕਾਸ ਤਾ ਪਿਛਲੇ ਦੋ ਢਾਈ ਦਹਾਕਿਆਂ ਵਿੱਚ ਹੀ ਹੋਇਆ ਹੈ।
ਅਜੋਕੇ ਸਮੇਂ ਦੇ ਗਾਣਿਆਂ ਵਿੱਚ ਮੁੰਡੇ ਤੇ ਕੁੜੀ ਦੇ ਚਰਿੱਤਰ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਸੁਣਦਿਆਂ ਸਾਰ ਹੀ ਨੌਜਵਾਨ ਪੀੜ੍ਹੀ ਇਸਨੂੰ ਅਮਲੀ ਰੂਪ ਦੇ ਦਿੰਦੀ ਹੈ ।
ਇਹਨਾਂ ਗਾਣਿਆਂ ਵਿੱਚ ਹੀ ‘ਜੱਟ’ ਸ਼ਬਦ ਨੂੰ ਬਹੁਤ ਬਦਨਾਮ ਕੀਤਾ ਗਿਆ ਹੈ ।ਜਿੱਥੇ ਰੁਲਦੀ ਕਿਸਾਨੀ ਤੇ ਕਰਜ਼ੇ ਕਾਰਨ ਫਾਹੇ ਲੈਂਦੇ ਕਿਸਾਨਾਂ ਦੇ ਅਸਲੀ ਹਲਾਤ ਬਿਆਨ ਕਰਨਾ ਚਾਹੀਦਾ ਸੀ, ਉਥੇ ਜੱਟਾ ਦੇ ਹੱਥਾ ਵਿੱਚ ਹਥਿਆਰ ਫੜਾ ਕੇ ਕਿਸੇ ਦੀ ਧੀ ਭੈਣ ਨੂੰ ਕਿਵੇਂ ਘਰੋਂ ਭਜਾਉਣਾ ਇਹ ਸਿਖਾਇਆ ਜਾਂਦਾ ਹੈ।
ਮੈਰਿਜ ਪੈਲਿਸਾਂ , ਕਾਲਜਾਂ ,ਯੂਨੀਵਰਸਿਟੀਆਂ ਦੇ ਵਿੱਚ ਹੁਣ ਹਥਿਆਰ ਆਮ ਹੀ ਦੇਖੇ ਜਾਂਦੇ ਹਨ ਕਿਉਂਕਿ ਸਾਨੂੰ ਸਾਡੇ ਗਾਇਕਾਂ ਨੇ ਸਿਖਾਇਆ ਏ ਕਿ ‘ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਨੀ ਉੱਥੇ ਜੱਟ ਫੈਰ ਕਰਦਾ ‘।
ਇਹਨਾਂ ਗਾਣਿਆਂ ਤੋਂ ਪਰਭਾਵਿਤ ਹੋ ਕੇ ਹੀ ਨੌਜਵਾਨ’ਗੈਂਗਸਟਰ’ ਬਣਨ ਤੇ ਮਜਬੂਰ ਹੋ ਗਏ ਨੇ ।ਅੱਜਕਲ ਲੋਹੜੀਆ , ਦੀਵਾਲੀਆਂ ਤੇ ਬਜ਼ਾਰੀ ਪਟਾਕੇ ਘੱਟ ਤੇ ਹਥਿਆਰਾਂ ਨਾਲ ਜਿਆਦਾ ਪਟਾਕੇ ਚਲਾਏ ਜਾਂਦੇ ਨੇ।
ਅਜੋਕੇ ਸਮੇਂ ਦੀ ਔਰਤ ਗਾਇਕਾ ਨੇ ਵੀ ਪੰਜਾਬੀ ਪਹਿਰਾਵਾ ਤਿਆਗ ਕੇ ਪੱਛਮੀ ਲਿਬਾਸ ਅਪਣਾ ਲਿਆ ਏ ਤੇ ਗਾਣਿਆਂ ਦੇ ਵਿੱਚ ਬਣੇ ਖਾੜਕੂ ਜੱਟ ਦੀ ਖੂਬ ਹਮਾਇਤ ਕਰ ਰਹੀ ਹੈ ।
ਮੁੰਡੇ ਨੇ ਕਿਵੇ ਰਾਤ ਨੂੰ ਕੁੜੀ ਨੂੰ ਮਿਲਣ ਜਾਣਾ ਤੇ ਕੁੜੀ ਨੇ ਕਿਵੇਂ ਮਿਲਣ ਆਉਣਾ ਇਹ ਅੱਜ ਦੀ ਗਾਇਕੀ ਵਿੱਚ ਦਿਖਾਇਆ ਜਾਂਦਾ ਹੈ । ਜੇ ਕਿਸੇ ਨੇ ਪੁੱਛਣਾ ਹੋਵੇ ਪੰਜਾਬ ਵਿੱਚ ਕਿਹੜੇ ਕਿਹੜੇ ਨਸ਼ੇ ਵਰਤੇ ਜਾਂਦੇ ਨੇ ਤਾਂ ਅੱਜ ਦੇ ਗਾਇਕਾਂ ਤੋਂ ਪੁੱਛ ਲਵੋ ਇਹ ਸਭ ਦੱਸ ਦੇਣਗੇ ।
ਕੁੜੀਆਂ ਨੂੰ ਕਿਵੇ ਛੇੜਨਾ, ਕਿਵੇ ਘਰੋਂ ਕੱਢਣਾ ,ਪਟੋਲਾ ਤੇ ਪੁਰਜਾ ਕਦੋਂ ਕਹਿਣਾ, ਇਹਨਾਂ ਬਾਰੇ ਵੀ ਇਹ ਖੂਬ ਆਪਣਿਆਂ ਗਾਣਿਆਂ ਵਿੱਚ ਜਿਕਰ ਕਰਦੇ ਨੇ।
ਇਹਨਾਂ ਗੀਤਾਂ ਦੇ ਕਾਰਨ ਹੀ ਕੁੜੀਆਂ ਬੇਘਰ ਹੁੰਦੀਆਂ ਨੇ ,ਮੁੰਡੇ ਮਿਰਜ਼ੇ ਬਣ ਕੇ ਕੁੜੀਆਂ ਨੂੰ ਘਰੋਂ ਕੱਢਦੇ ਆ ਤੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੁੰਦੇ ਜਾਪਦੇ ਤੇ ਬੇਬੇ ਬਾਪੂ ਨੂੰ ਬੁੜਾ ਬੁੜੀ ਕਹਿ ਕੇ ਬਲਾਉਦੇ ਨੇ।
ਮਾਂ ਦੀ ਪਾਟੀ ਚੁੰਨੀ ਦਿਖਾਈਂ ਨਹੀ ਦਿੰਦੀ ਅੱਜ ਦਿਆ ਮੁੰਡਿਆਂ ਨੂੰ ਤੇ ਸਹੇਲੀਆਂ ਨੂੰ ਸ਼ੋਅ ਰੂਮਾਂ ਚ ਖਰੀਦਦਾਰੀ ਕਰਵਾਉਂਦੇ ਨੇ,
ਬਾਪੂ ਪਾਣੀ ਮੰਗੇ ਤਾਂ ਕਹਿੰਦੇ ਆ !ਆਪੇ ਫੜ ਲੈ” ਠੋਕ ਕੇ ਜਵਾਬ ਦਿੰਦੇ ਨੇ ਤੇ ਬਾਹਰ ਛਬੀਲਾਂ ਲਾਉਂਦੇ ਆ ।
ਇਹ ਸਾਰੀਆਂ ਮਿਹਰਾਂ ਅੱਜ ਦੀ ਲੱਚਰ ਗਾਇਕੀ ਦੀਆਂ ਨੇ।
ਅੱਜ ਦੇ ਸਮੇ ਵਿੱਚ ਬਣਾਈ ਗਈ ਗਾਣੇ ਦੀ ਵੀਡੀਓ ਵਿੱਚ ਕੁੜੀਆਂ ਦੇ ਅੱਧੇ ਕੱਪੜੇ ਪਾਏ ਹੋਏ ਦਿਖਾਏ ਜਾਂਦੇ ਹਨ ,ਪੰਜਾਬੀ ਸਭਿਆਚਾਰ ਖਤਮ ਹੁੰਦਾ ਹੋਇਆ ਜਾਪਦਾ ਹੈ ।ਪੰਜਾਬ ਦੀਆਂ ਬਹੁਤੀਆਂ ਧੀਆਂ ਦੀਆਂ ਜਿੰਦਗੀਆਂ ਬਰਬਾਦ ਹੋ ਗਈਆਂ ਨੇ ਤੁਹਾਡੇ ਗਾਣਿਆਂ ਕਰਕੇ ,ਲੱਚਰ ਗਾਉਣ ਵਾਲਿਓ ?
ਕਹਿੰਦਾ ਏ ਉਹ ਹਰ ਪਿਉ ਤੁਹਾਨੂੰ ਜਿਸਦਾ ਧੀ ਪੁੱਤ ਤੁਹਾਡੇ ਗਾਣੇ ਸੁਣ ਨਸ਼ੇ ਵਿੱਚ ਲੱਗ ਕੁਰਾਹੇ ਪੈ ਗਿਆ ਹੈ , ‘
ਸਾਡੇ ਧੀ ਪੁੱਤ ਨੂੰ ਬਚਾ ਲਉ ਕਲਾਕਾਰੋ ,ਤੁਹਾਡੇ ਗਾਣੇ ਸੁਣ ਸੁਣ ਸਾਡੇ ਧੀ ਪੁੱਤ ਕੁਰਾਹੇ ਪੈ ਗਏ ਨੇ।
ਕਦੇ ਪੁੱਛਿਆ ਜੋ ਜਾਕੇ ਉਸ ਪਿਉ ਨੂੰ “ਜਿਹੜਾ ਪੁੱਤ ਦੀ ਲਾਸ਼ ਨੂੰ ਮੋਢੇ ਰੱਖ ਸਿਵਿਆਂ ਨੂੰ ਜਾਂਦਾ ਹੈ , ਜਿਸਦਾ ਇਕੱਲਾ ਪੁੱਤ ‘ ਭਰ ਜਵਾਨੀ ਵਿੱਚ ਹੀ ਨਸ਼ੇ ਕਰਕੇ ਮਰ ਗਿਆ ,
ਕੋਈ ਲਿਖੋ ਉਹਨਾਂ ਦੇ ਦੁੱਖਾਂ ਨੂੰ ।
ਜੱਟਾ ਨੂੰ ਖਾੜਕੂ ਤੇ ਗੀਤਾਂ ਵਿੱਚ ਬੰਦੇ ਮਾਰਨ ਵਾਲਾ ਦਿਖਾਉਣ ਵਾਲੇ ਕਲਾਕਾਰੋ ਕਦੇ ਜੱਟਾ ਦੇ ਘਰਾਂ ਜਾ ਕੇ ਉਹਨਾਂ ਦੇ ਦੁੱਖ ਸੁਣਿਆ ਜੋ ,ਉਹ ਕਿਸ ਹਾਲ ਚੋਂ ਲੰਗ ਰਹੇ ਨੇ, ਫਿਰ ਬਿਆਨ ਕਰਿਆ ਜੋ ਜੱਟ ਦੀ ਟੌਹਰ ਨੂੰ, ਅੱਜ ਤੁਸੀਂ ਕਲਾਕਾਰਾਂ ਨੇ ਪਿੰਡਾ ਨੂੰ ਗਾਣਿਆਂ ਵਿੱਚ ‘ ਗੈਂਗਲੈਡ ‘ ਬਣਾ ਦਿੱਤਾ ਏ ,
ਕੀ ਪਿੰਡਾਂ ਦੇ ਮੁੰਡੇ ਹੱਥਾਂ ਵਿੱਚ ਹਥਿਆਰ ਲੈ ਕੇ ਘੁੰਮਦੇ ਨੇ ?
ਬੰਦ ਕਰੋ ਇਹ ਲੱਚਰ ਗਾਇਕੀ ।
ਤੁਹਾਡੇ ਇਹਨਾਂ ਗਾਣਿਆਂ ਨੂੰ ਸੁਣ’ ਵਿਦੇਸ਼ੋ ਆਏ ਲੋਕਾਂ ਨੇ ਪਿੰਡਾਂ ਵਿੱਚ ਅਉਣਾ ਬੰਦ ਕਰ ਦੇਣਾਂ ਏ।
ਅੱਜ ਲੋੜ ਹੈ ਸਾਨੂੰ ਇਸ ਲੱਚਰ ਗਾਇਕੀ ਦਾ ਵਿਰੋਧ ਕਰਨ ਦੀ । ਜਿਹੜੇ ਬੰਦੇ ਨੂੰ ਸੰਗੀਤ ਦੇ ਕਿਸੇ ਸੁਰ ਦਾ ਨਹੀ ਪਤਾ ਹੁੰਦਾ ਤੇ ਉਹ ਅੱਜਕਲ ਮਾਇਕ ਫੜ ਗੀਤਾਂ ਵਿੱਚ ਬੜਕਾਂ ਮਾਰਦਾ ਦਿਸਦਾ ਏ। ਬਹੁਤੇ ਕਲਾਕਾਰ ਤਾਂ ਕਿਸੇ ਦੇ ਲਿਖੇ ਹੋਏ ਗਾਣਿਆਂ ਨੂੰ ਗਾਉਂਦੇ ਹਨ ,ਬੰਦ ਕਰੀਏ ਉਹ ਕਲਮਾਂ ਜੋ ਲੱਚਰ ਗੀਤ ਲਿਖਦੀਆਂ ਨੇ ।
ਅਜੋਕੇ ਸਮੇਂ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜੇਹੇ ਲੱਚਰ ‘ਗਾਣੇ ਗਾਉਣ ਵਾਲੇ ਕਲਾਕਾਰਾਂ ਦੇ ਵਿਰੁੱਧ ਸਖਤ ਕਰਵਾਈ ਕਰੇ, ਜਿਹੜੇ ਗੀਤਾਂ ਵਿੱਚ ਬੰਦੇ ਮਾਰਦੇ ਹੋਏ ਤੇ ਹਥਿਆਰਾਂ ਨਾਲ ਵੀਡੀਓ ਤਿਆਰ ਕਰਵਾਉਂਦੇ ਨੇ ।ਆਉ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾਈਏ ਤੇ ਦੁਬਾਰਾ ਫਿਰ ਪੰਜਾਬ ਨੂੰ ‘ ਸੋਨੇ ਦੀ ਚਿੜੀ’ ਬਣਾਈਏ’।