ਐਂਬਰਗਰਿਸ ਮੋਮ ਵਰਗਾ ਇੱਕ ਠੋਸ ਗੂੜ੍ਹੇ ਭੂਰੇ ਰੰਗ ਪਦਾਰਥ ਹੁੰਦਾ ਹੈ ਜੋ ਸਪਰਮ ਵਹੇਲ ਪ੍ਰਜਾਤੀ ਦੀਆਂ ਕੁਝ ਕੁ ਵਹੇਲਾਂ (ਕਰੀਬ 2%) ਦੀ ਪਾਚਨ ਪ੍ਰਣਾਲੀ ਵਿੱਚ ਬਣਦਾ ਹੈ। ਇਸ ਦਾ ਭਾਰ ਕੁਝ ਕਿੱਲੋ ਤੋਂ ਲੈ ਕੇ ਦੋ ਕਵਿੰਟਲ ਤੱਕ ਵੀ ਹੋ ਸਕਦਾ ਹੈ ਕਿਉਂਕਿ ਸਪਰਮ ਵਹੇਲ ਬਹੁਤ ਹੀ ਵੱਡਾ ਜਾਨਵਰ (ਲੰਬਾਈ ਕਰੀਬ 55 ਫੁੱਟ) ਹੈ। ਬਹੁਤ ਹੀ ਕਿਸਮਤ ਵਾਲੇ ਲੋਕਾਂ ਨੂੰ ਇਹ ਸਮੁੰਦਰ ਵਿੱਚ ਤੈਰਦਾ ਜਾਂ ਸਮੁੰਦਰੀ ਤੱਟਾਂ ‘ਤੇ ਪਿਆ ਮਿਲਦਾ ਹੈ। ਸ਼ੁਰੂ ਵਿੱਚ ਇਹ ਬਦਬੂਦਾਰ ਹੁੰਦਾ ਹੈ ਪਰ ਮਹੀਨਿਆਂ ਜਾਂ ਸਾਲਾਂ ਬੱਧੀ ਸਮੁੰਦਰ ਵਿੱਚ ਤੈਰਦੇ ਰਹਿਣ ਤੋਂ ਬਾਅਦ ਲੂਣੇ ਪਾਣੀ ਨਾਲ ਰਿਐਕਸ਼ਨ ਹੋਣ ‘ਤੇ ਇਸ ਦੀ ਬਦਬੂ ਖਤਮ ਹੋ ਜਾਂਦੀ ਹੈ। ਇਸ ਵਿੱਚ ਐਂਬਰੋਕਸਾਈਡ ਅਤੇ ਐਂਬਰੀਨੋਲ ਨਾਮਕ ਕੈਮੀਕਲ ਬਣ ਜਾਂਦੇ ਹਨ ਤੇ ਇਹ ਇੱਕ ਅਲੌਕਿਕ ਕਿਸਮ ਦੀ ਖੁਸ਼ਬੂ ਦੇਣ ਲੱਗ ਪੈਂਦਾ ਹੈ। ਜਿੰਨੀ ਦੇਰ ਜਿਆਦਾ ਇਹ ਸਮੁੰਦਰ ਵਿੱਚ ਰਹਿੰਦਾ ਹੈ, ਉਨੀ ਹੀ ਇਸ ਦੀ ਖੁਸ਼ਬੂ ਵਧੀਆ ਹੋ ਜਾਂਦੀ ਹੈ। ਸੰਸਾਰ ਦੀਆਂ ਚੋਟੀ ਦੀਆਂ ਕਾਸਮੈਟਿਕ ਕੰਪਨੀਆਂ ਇਸ ਨੂੰ ਅਤਿ ਮਹਿੰਗੇ ਪ੍ਰਫਿਊਮ ਬਣਾਉਣ ਲਈ ਬੇਸ ਵਜੋਂ ਵਰਤਦੀਆਂ ਹਨ ਕਿਉਂਕਿ ਇਸ ਨਾਲ ਤਿਆਰ ਕੀਤਾ ਗਿਆ ਪ੍ਰਫਿਊਮ ਬਹੁਤ ਸਮੇਂ ਤੱਕ ਟਿਕਿਆ ਰਹਿੰਦਾ ਹੈ। ਭਾਰਤ ਵਿੱਚ ਇਸ ਦੇ ਵਪਾਰ ‘ਤੇ ਪਾਬੰਦੀ ਹੈ ਤੇ ਕਾਲੇ ਬਜ਼ਾਰ ਵਿੱਚ ਇੱਕ ਕਿੱਲੋ ਐਂਬਰਗਰਿਸ ਦੀ ਕੀਮਤ ਇੱਕ ਕਰੋੜ ਨਾਲੋਂ ਵੀ ਵੱਧ ਹੈ।
ਐਂਬਰਗਰਿਸ ਸ਼ਿਕਾਰ ਦਾ ਮਾਸ ਹਜ਼ਮ ਕਰਨ ਲਈ ਸਪਰਮ ਵਹੇਲ ਦੇ ਪਿੱਤੇ ਦੁਆਰਾ ਅੰਤੜੀਆਂ ਵਿੱਚ ਛੱਡੇ ਗਏ ਰਸਾਂ ਤੋਂ ਬਣਦਾ ਹੈ। ਸਪਰਮ ਵਹੇਲ ਬਹੁਤ ਹੀ ਮਾਹਰ ਸ਼ਿਕਾਰੀ ਜਾਨਵਰ ਹੈ ਤੇ ਆਪਣੇ ਵੱਡੇ ਅਕਾਰ ਕਾਰਨ ਇਹ ਵੱਡੀ ਮਾਤਰਾ ਵਿੱਚ ਸਮੁੰਦਰੀ ਜੀਵਾਂ ਦਾ ਸ਼ਿਕਾਰ ਕਰਦੀ ਹੈ। ਵਿਸ਼ਾਲਕਾਈ ਆਕਟੋਪਸ ਇਸ ਦਾ ਮਨਭਾਉਂਦਾ ਸ਼ਿਕਾਰ ਹੈ। ਵਿਗਿਆਨੀਆਂ ਦਾ ਮੰਨਣਾਂ ਹੈ ਕਿ ਸ਼ਿਕਾਰ ਦੀਆਂ ਹੱਡੀਆਂ ਅਤੇ ਹੋਰ ਤਿੱਖੇ ਅੰਗਾਂ ਤੋਂ ਵਹੇਲ ਦੀਆਂ ਅੰਤੜੀਆਂ ਨੂੰ ਬਚਾਉਣ ਖਾਤਰ ਪਿੱਤੇ ਵਾਲੋਂ ਛੱਡੇ ਗਏ ਰਸ ਇਨ੍ਹਾਂ ਦੁਆਲੇ ਜੰਮ ਜਾਂਦੇ ਹਨ ਤਾਂ ਜੋ ਇਹ ਅਸਾਨੀ ਨਾਲ ਸਰੀਰ ਤੋਂ ਬਾਹਰ ਨਿਕਲ ਜਾਣ। ਆਮ ਤੌਰ ‘ਤੇ ਐਂਬਰਗਰਿਸ ਮਲ ਮੂਤਰ ਦੇ ਨਾਲ ਹੀ ਪਾਚਨ ਪ੍ਰਣਾਲੀ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਪਰ ਕਈ ਵਾਰ ਇਹ ਗੋਲਾ ਜਿਆਦਾ ਵੱਡਾ ਹੋ ਜਾਵੇ ਤਾਂ ਵਹੇਲ ਇਸ ਨੂੰ ਮੂੰਹ ਰਾਹੀਂ ਬਾਹਰ ਸੁੱਟ ਦਿੰਦੀ ਹੈ। ਸਪਰਮ ਵਹੇਲ ਦੇ ਪੇਟ ਵਿੱਚ ਐਂਬਰਗਰਿਸ ਬਣਨ ਲਈ 5 ਤੋਂ 10 ਸਾਲ ਲੱਗਦੇ ਹਨ ਜਿਸ ਕਾਰਨ ਕਈ ਵਾਰ ਸਾਲਾਂ ਬਾਅਦ ਇੱਕ ਦੋ ਹੀ ਐਂਬਰਗਰਿਸ ਮਿਲਦੇ ਹਨ।
ਇਸ ਨੂੰ ਮਰਦਾਨਾ ਸ਼ਕਤੀ ਵਧਾਉਣ ਵਾਲਾ ਸਮਝਿਆ ਜਾਂਦਾ ਹੈ ਜਿਸ ਕਾਰਨ ਪ੍ਰਚੀਨ ਕਾਲ ਤੋਂ ਰਾਜਿਆਂ, ਮਹਾਰਾਜਿਆਂ ਅਤੇ ਧਨਾਡਾਂ ਵੱਲੋਂ ਇਸ ਨੂੰ ਵੱਖ ਵੱਖ ਤਰੀਕਿਆਂ ਨਾਲ ਵਰਤੋਂ ਵਿੱਚ ਲਿਆਂਦਾ ਜਾਂਦਾ ਰਿਹਾ ਹੈ। ਇੰਗਲੈਂਡ ਦੇ ਸ਼ਾਹੀ ਮਹਿਲਾਂ ਵਿੱਚ ਇਸ ਨੂੰ ਅੰਡਿਆਂ ਨਾਲ ਪਕਾ ਕੇ ਇੱਕ ਖਾਸ ਡਿੱਸ਼ ਤਿਆਰ ਕੀਤੀ ਜਾਂਦੀ ਸੀ ਜੋ ਰਾਜੇ ਚਾਰਲਸ ਦੂਸਰੇ (ਰਾਜ ਕਾਲ 1649 ਤੋਂ 1685 ਈਸਵੀ) ਨੂੰ ਬਹੁਤ ਪਸੰਦ ਸੀ ਪਰ ਜਿਆਦਾਤਰ ਯੂਰਪੀਨ ਰਾਜੇ ਇਸ ਨੂੰ ਸ਼ਰਾਬ ਨਾਲ ਮਿਲਾ ਕੇ ਪੀਂਦੇ ਸਨ। ਮਿਸਰ ਵਿੱਚ ਇਸ ਦੀ ਵਰਤੋਂ ਅਗਰਬੱਤੀ, ਕੌਫੀ, ਚੌਕਲੇਟ ਅਤੇ ਸਿਗਰਟਾਂ ਨੂੰ ਖੁਸ਼ਬੂਦਾਰ ਬਣਾਉਣ ਲਈ ਕੀਤੀ ਜਾਂਦੀ ਸੀ। ਜਦੋਂ ਯੂਰਪ ਵਿੱਚ ਬਲੈਕ ਡੈੱਥ ਨਾਮਕ ਪਲੇਗ (1346 ਤੋਂ 1353 ਈਸਵੀ, ਜਿਸ ਕਾਰਨ ਯੂਰਪ ਦੀ ਕਰੀਬ ਅੱਧੀ ਅਬਾਦੀ ਖਤਮ ਹੋ ਗਈ ਸੀ) ਫੈਲਿਆ ਸੀ ਤਾਂ ਇਹ ਮੰਨਿਆਂ ਜਾਂਦਾ ਸੀ ਕਿ ਜੇ ਐਂਬਰਗਰਿਸ ਨੂੰ ਜ਼ੇਬ ਵਿੱਚ ਰੱਖਿਆ ਜਾਵੇ ਤਾਂ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਚੇਚਕ, ਕੋਹੜ, ਟੀ.ਬੀ. ਅਤੇ ਦਮਾਂ ਆਦਿ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਸੀ।
ਇਸ ਵੇਲੇ ਐਂਬਰਗਰਿਸ ਦੇ ਵਪਾਰ ‘ਤੇ ਆਸਟਰੇਲੀਆ, ਅਮਰੀਕਾ ਅਤੇ ਭਾਰਤ ਆਦਿ ਦੇਸ਼ਾਂ ਵਿੱਚ ਪਬੰਦੀ ਹੈ ਪਰ ਇੰਗਲੈਂਡ, ਫਰਾਂਸ, ਸਵਿਟਜ਼ਰਲੈਂਡ ਅਤੇ ਮਾਲਦੀਵਸ ਆਦਿ ਦੇਸ਼ਾਂ ਵਿੱਚ ਖੁਲ੍ਹ ਹੈ। ਇਸ ‘ਤੇ ਪਬੰਦੀ ਲਗਾਉਣ ਦਾ ਮੁੱਖ ਕਾਰਨ ਇਹ ਹੈ ਕਿ 18ਵੀਂ ਅਤੇ 19ਵੀਂ ਸਦੀ ਵਿੱਚ ਚਰਬੀ, ਹੱਡੀਆਂ, ਮਾਸ ਅਤੇ ਐਂਬਰਗਰਿਸ ਪ੍ਰਾਪਤ ਕਰਨ ਲਈ ਸਪਰਮ ਵਹੇਲ ਸਮੇਤ ਵਹੇਲ ਮੱਛੀਆਂ ਦਾ ਸ਼ਿਕਾਰ ਐਨਾ ਵਧ ਗਿਆ ਸੀ ਕਿ ਇੱਕ ਸਾਲ ਵਿੱਚ 50000 ਤੱਕ ਵਹੇਲਾਂ ਮਾਰ ਦਿੱਤੀਆਂ ਜਾਂਦੀਆਂ ਸਨ। ਇਸ ਕਾਰਨ ਵਹੇਲਾਂ ਦੀ ਪ੍ਰਜਾਤੀ ਦੇ ਲੁਪਤ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ। ਇਸ ਖਤਰੇ ਨੂੰ ਭਾਂਪ ਕੇ ਫਿਕਰਮੰਦ ਦੇਸ਼ਾਂ ਨੇ 1982 ਵਿੱਚ ਇੰਟਰਨੈਸ਼ਨਲ ਵਹੇਲੰਿਗ ਕਮਿਸ਼ਨ ਦੀ ਸਥਾਪਨਾ ਕੀਤੀ ਤੇ ਇੱਕ ਨਿਸ਼ਚਿਤ ਮਾਤਰਾ ਤੋਂ ਵੱਧ ਵਹੇਲਾਂ ਦੇ ਸ਼ਿਕਾਰ ‘ਤੇ ਪਾਬੰਦੀ ਲਗਾ ਦਿੱਤੀ ਗਈ। ਪਰ ਅਧੁਨਿਕ ਕਾਸਮੈਟਿਕ ਇੰਡਸਟਰੀ ਨੇ ਇਸ ਦਾ ਹੱਲ ਲੱਭ ਲਿਆ ਹੈ ਤੇ ਹੁਣ ਐਂਬਰਗਰਿਸ ਦੀ ਜਗ੍ਹਾ ਪ੍ਰੋਫਿਊਮ ਵਿੱਚ ਸਿੰਥੈਟਿਕ ਐਂਬਰੋਕਸਾਈਡ ਦੀ ਵਰਤੋਂ ਕੀਤੀ ਜਾ ਰਹੀ ਹੈ। ਐਂਬਰਗਰਿਸ ਸਭ ਤੋਂ ਜਿਆਦਾ ਦੱਖਣੀ ਅਫਰੀਕਾ, ਬਰਾਜ਼ੀਲ, ਮੈਡਗਾਸਕਰ, ਵੈਸਟ ਇੰਡੀਜ਼, ਮਾਲਦੀਵਜ਼, ਚੀਨ, ਜਪਾਨ, ਭਾਰਤ, ਆਸਟਰੇਲੀਆ, ਨਿਊਜ਼ੀਲੈਂਡ, ਬਹਾਮਾਸ ਅਤੇ ਮੱਲਾਕਾ ਟਾਪੂਆਂ ਦੇ ਸਮੁੰਦਰੀ ਤੱਟਾਂ ‘ਤੇ ਮਿਲਦਾ ਹੈ। 2021 ਵਿੱਚ ਬਹਾਮਾਸ ਦੇ ਇੱਕ ਮਛੇਰੇ ਨੂੰ 127 ਕਿੱਲੋ ਦਾ ਐਂਬਰਗਰਿਸ ਮਿਲਿਆ ਸੀ ਜਿਸ ਦੀ ਕੀਮਤ 15 ਲੱਖ ਅਮਰੀਕਨ ਡਾਲਰ (ਤਕਰੀਬਨ 13 ਕਰੋੜ ਰੁਪਏ) ਮਿਥੀ ਗਈ ਸੀ।