Articles Technology

ਸੋਸ਼ਲ ਮੀਡੀਆ ਦੇ ਸਮਾਜ ਉਪਰ ਪੈ ਰਹੇ ਚੰਗੇ-ਮਾੜੇ ਪ੍ਰਭਾਵ !

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਸਮਝ ਨਾਲ ਵਰਤੋਂ ਕਰਨ ਦੀ ਲੋੜ

ਅੱਜ ਸਾਡੇ ਸਮਾਜ ਵਿੱਚ ਹਰ ਦਿਨ ਚੰਗਾ-ਮਾੜਾ ਜੋ ਵੀ ਵਾਪਰਦਾ ਹੈ, ਉਸ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਅਤੇ ਸਰਕਾਰਾਂ ਤੱਕ ਅਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਨਾਲ ਹੀ ਦੁਨੀਆ ਭਰ ਦੀ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਅਸਾਨ ਹੋ ਗਿਆ ਹੈ ਅਤੇ ਆਪਣੀ ਕਲਾ ਨੂੰ ਅੱਗੇ ਲਿਜਾਣ ਲਈ ਵੀ ਸੋਸ਼ਲ ਮੀਡੀਆ ਇਕ ਵਧੀਆ ਮੰਚ ਹੈ, ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧਰਮ, ਜਾਤ-ਪਾਤ ਆਦਿ ਦੇ ਨਾਂ ’ਤੇ ਨਿੱਤ-ਨਵੀਆਂ ਭਾਵਨਾਵਾਂ ਭੜਕਾਊ ਅਫਵਾਹਾਂ ਫੈਲਾਈਆਂ ਜਾਣੀਆਂ ਚਿੰਤਾ ਦਾ ਵਿਸ਼ਾ ਹਨ।
ਮਾਨਸਿਕ ਤਣਾਓ ਦਾ ਕਾਰਨ
ਸੋਸ਼ਲ ਮੀਡੀਆ ਇਨਸਾਨੀ ਦਿਮਾਗ ’ਤੇ ਇਨ੍ਹਾਂ ਭਾਰੂ ਹੋ ਗਿਆ ਹੈ ਕਿ ਇਸ ਤੋਂ ਵੱਖਰੀ ਹੋਂਦ ਦੀ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ। ਫੇਸ ਬੁੱਕ, ਵੱਟਸਐਪ, ਟਵਿੱਟਰ, ਸਨੈਪਚੈਟ ਤੇ ਇੰਸਟਾਗਰਾਮ ਨੇ ਪੂਰੇ ਸੰਸਾਰ ਨੂੰ ਇਕ ਪਿੰਡ ਵਿੱਚ ਬਦਲ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ਦੀ ਹੱਦੋਂ ਵੱਧ ਵਰਤੋਂ ਮਨੁੱਖ ਅੰਦਰ ਤਣਾਓ ਦਾ ਕਾਰਨ ਬਣ ਰਹੀ ਹੈ ਅਤੇ ਇਹ ਤਣਾਓ ਅੱਗੇ ਜਾ ਕੇ ਮਾਨਸਿਕ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਹੈ। ਸੋਸ਼ਲ ਮੀਡੀਆ ਨੇ ਮਨੁੱਖ ਨੂੰ ਭਾਵਨਾਤਮਕ ਤੌਰ ’ਤੇ ਕਮਜ਼ੋਰ ਕਰ ਦਿੱਤਾ ਹੈ। ਮਨੁੱਖ ਆਏ ਦਿਨ ਸੋਸ਼ਲ ਮੀਡੀਆ ‘ਤੇ ਰਿਸ਼ਤੇ ਬਣਾ ਅਤੇ ਤੋੜ ਰਿਹਾ ਹੈ। ਵਰਤਮਾਨ ਸਮੇਂ ਵਿਚ ਸੋਸ਼ਲ ਮੀਡੀਆ ‘ਤੇ ਹੁੰਦਾ ਰਿਸ਼ਤਿਆਂ ਦਾ ਘਾਣ ਨਿੱਤ ਦਾ ਵਰਤਾਰਾ ਬਣ ਕੇ ਰਹਿ ਗਿਆ ਹੈ। ਕਈ ਵਾਰ ਮਨੁੱਖ ਸੋਸ਼ਲ ਮੀਡੀਆ ਦੀ ਵਰਤੋਂ ਕਾਰਨ ਰਿਸ਼ਤਿਆਂ ਵਿੱਚ ਆਈ ਟੁੱਟ-ਭੱਜ ਤੋਂ, ਮਾਨਸਿਕ ਤੌਰ ’ਤੇ ਇੰਨਾਂ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਉਹ ਆਤਮਹੱਤਿਆ ਕਰਨ ਤੱਕ ਚਲਾ ਜਾਂਦਾ ਹੈ।
ਗਿਆਨ ਵਧਾਊ ਵੀ ਤੇ ਗੁਮਰਾਹਕੁਨ ਵੀ
ਹਰ ਚੀਜ਼ ਦੇ ਦੋਵੇਂ ਪੱਖ ਹੁੰਦੇ ਹਨ, ਜਿਵੇਂ ਚਾਕੂ-ਸਬਜ਼ੀ ਕੱਟਣ ਲਈ ਵਰਦਾਨ, ਕਤਲ ਕਰਨ ਲਈ ਸਰਾਪ। ਇਵੇਂ ਹੀ ਸੋਸ਼ਲ ਮੀਡੀਏ ਦੇ ਵੀ ਦੋਵੇਂ ਪੱਖ ਹਨ। ਇਸ ਕਾਰਨ ਸਾਡੇ ਗਿਆਨ ’ਚ ਅਥਾਹ ਵਾਧਾ ਹੁੰਦਾ ਹੈ। ਐੈਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ ਅਤੇ ਨਾ ਹੀ ਅਜਿਹੀਆਂ ਕੰਮ ਦੀਆਂ ਗੱਲਾਂ ਕਦੇ ਕਿਤਾਬਾਂ ‘ਚੋਂ ਪੜ੍ਹੀਆਂ ਹੁੰਦੀਆਂ ਹਨ। ਨੈਤਿਕ ਸਿੱਖਿਆ, ਚੰਗੇ ਵਿਚਾਰ, ਵਿਗਿਆਨਕ ਕਾਢਾਂ, ਆਧੁਨਿਕ ਤਕਨੀਕ, ਇਤਿਹਾਸ, ਸੱਭਿਆਚਾਰਕ, ਵਿਰਸਾ, ਦੇਸ਼-ਵਿਦੇਸ਼ ਦੀਆਂ ਤਾਜ਼ਾ ਘਟਨਾਵਾਂ ਅਤੇ ਹੋਰ ਪਤਾ ਨਹੀਂ ਕੀ ਕੁਝ। ਇਸ ਤਰ੍ਹਾਂ ਬਹੁਮੁੱਲਾ ਗਿਆਨ ਸਾਨੂੰ ਸੋਸ਼ਲ ਮੀਡੀਏ ਰਾਹੀਂ ਮਿਲਦਾ ਹੈ। ਇਹ ਬੌਧਿਕ ਗਿਆਨ ਵਧਾਉਣ ਦਾ ਬਹੁਤ ਵਧੀਆ ਅਤੇ ਸਸਤਾ ਸਾਧਨ ਹੈ। ਦੂਜੇ ਪਾਸੇ ਇਸ ਰਾਹੀਂ ਕਈ ਤਰ੍ਹਾਂ ਦਾ ਕੂੜ ਪ੍ਰਚਾਰ, ਗੈਰ-ਵਿਗਿਆਨਕ ਗੱਲਾਂ, ਭੜਕਾਊ ਵੀਡੀਓ, ਅਸ਼ਲੀਲਤਾ ਅਤੇ ਕਈ ਤੱਥ-ਹੀਣ ਸੂਚਨਾਵਾਂ ਮਿਲ ਜਾਂਦੀਆਂ ਹਨ। ਕਈ ਸੂਚਨਾਵਾਂ, ਪ੍ਰਚਾਰ ਆਦਿ ਬਹੁਤ ਵਾਰ ਮਨੁੱਖੀ ਭਾਵਨਾਵਾਂ ਨੂੰ ਭੜਕਾਉਣ ਅਤੇ ਮਨੁੱਖ ਦੀ ਸੋਚ ਨੂੰ ਗੁੰਮਰਾਹ ਕਰਨ ਦੀ ਦਿਸ਼ਾ ‘ਚ ਲੈ ਜਾਂਦਾ ਹੈ।
ਭੜਕਾਊ ਖ਼ਬਰਾਂ ਦਾ ਬਣਿਆ ਮੰਚ
ਸੋਸ਼ਲ ਮੀਡੀਆ ਦੇ ਪਰਸਪਰ ਫਾਇਦੇ ਤੇ ਨੁਕਸਾਨ ਦੋਵੇਂ ਹੀ ਅੰਤਾਂ ਦੇ ਹਨ। ਜੇਕਰ ਅਸੀ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਹਾਸਿਲ ਕਰਨੀ ਹੋਵੇ ਤਾ ਸੋਸ਼ਲ ਮੀਡੀਆ ਸਾਨੂੰ ਮਿੰਟਾਂ-ਸਕਿੰਟਾਂ ਵਿੱਚ ਅਣਮੁੱਲੀ ਜਾਣਕਾਰੀ ਸਿਰਫ ਸਾਡੀ ਇੱਕ ਕਲਿੱਕ ਨਾਲ ਦੇ ਦਿੰਦਾ ਹੈ। ਸ਼ੋਸਲ ਮੀਡੀਆ ਹੈਰਾਨੀਜਨਕ ਜਾਣਕਾਰੀ ਦਾ ਸਰੋਤ ਹੈ। ਨੁਕਸਾਨ ਵੀ ਸੋਸ਼ਲ ਮੀਡੀਆ ਦੇ ਘੱਟ ਨਹੀਂ ਹਨ। ਜਦੋਂ ਕਿਤੇ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਬਦਅਮਨੀ ਫੈਲਦੀ ਹੈ ਤਾਂ ਸਭ ਤੋ ਪਹਿਲਾਂ ਸਰਕਾਰਾਂ ਸੋਸ਼ਲ ਮੀਡੀਆ ਉੱਤੇ ਪਬੰਦੀ ਲਗਾਉਂਦੀ ਹੈ, ਕਿਉਂਕਿ ਇਸ ਦੀ ਵਰਤੋਂ ਅਪਰਾਧ-ਬਿਰਤੀ ਵਾਲੇ ਇਨਸਾਨ ਵੀ ਬਹੁਤ ਕਰਦੇ ਹਨ। ਸ਼ੋਸ਼ਲ ਮੀਡੀਆ ’ਤੇ ਅਜਿਹੇ ਸਰਗਨਾ ਹਮੇਸ਼ਾ ਸਰਗਰਮ ਰਹਿੰਦੇ ਹਨ ਜਿਹੜੇ ਕਿ ਸਮਾਜ ਤੇ ਰਾਜ ਲਈ ਹਰ ਪੱਖ ਤੋ ਘਾਤਕ ਹਨ। ਸੋਸ਼ਲ ਮੀਡੀਆ ਸਸਤਾ ਹੋਣ ਕਾਰਨ ਲਗਭਗ ਹਰ ਇਨਸਾਨ ਇਸ ਦੀ ਵਰਤੋ ਬੇਵਕਤ ਅਤੇ ਬੇਲੋੜੀ ਕਰਕੇ ਆਪਣਾ ਕੀਮਤੀ ਸਮਾਂ ਤੇ ਆਪਣੇ ਪਰਿਵਾਰ ਰਿਸ਼ਤਿਆਂ ਨੂੰ ਬਰਬਾਦ ਕਰ ਰਿਹਾ ਹੈ। ਬਹੁਤ ਸਾਰੇ ਸੁਨੇਹੇ, ਸ਼ੁਭਕਾਮਨਾਵਾਂ, ਸਿਰਫ ਇਸ ਜ਼ਰੀਏ ਹੀ ਦਿੱਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਕਿਸੇ ਨੂੰ ਵੀ ਜਵਾਬਦੇਹ ਨਹੀ ਹੈ। ਇਸ ਲਈ ਇਸ ਉਤੇ ਭੜਕਾਊ, ਮਨਘੜਤ ਖਬਰਾਂ ਚੱਲਦੀਆਂ ਰਹਿੰਦੀਆਂ ਹਨ। ਇਹ ਅੱਜ ਸਾਡਾ ਕੀਮਤੀ ਸਮਾਂ ਖਾ ਰਿਹਾ ਹੈ।
ਵੱਧ ਤੋਂ ਵੱਧ ਸਿਖਣ ਦੀ ਲੋੜ
ਅੱਜ ਦਾ ਯੁਗ ਤਕਨੀਕ ਦਾ ਯੁਗ ਹੈ। ਸੋਸ਼ਲ ਮੀਡੀਆ ਉਸ ਯੁਗ ਦੀ ਇੱਕ ਬਹੁਤ ਹੀ ਵਧੀਆ ਕਾਢ ਹੈ। ਅਸੀਂ ਸੋਸ਼ਲ ਮੀਡੀਆ ’ਤੇ ਇੰਨੇ ਨਿਰਭਰ ਹੋ ਗਏ ਹਾਂ ਕਿ ਹਰ ਕੰਮ ਲਈ ਇਸ ਦੀ ਮਦਦ ਲੈਂਦੇ ਹਾਂ। ਸੋਸ਼ਲ ਮੀਡੀਆ ਸਾਡੇ ਲਈ ਬਹੁਤ ਫਾਇਦੇਮੰਦ ਹੈ। ਘਰ ਬੈਠੇ ਹੀ ਸਾਨੂੰ ਸਾਰੀ ਦੁਨੀਆਂ ਭਰ ਦੀ ਖ਼ਬਰ ਮਿਲ ਜਾਂਦੀ ਹੈ। ਸੋਸ਼ਲ ਮੀਡੀਆ ਹਰ ਉਮਰ ਦੇ ਮਨੁੱਖ ਲਈ ਬਹੁਤ ਵਧੀਆ ਹੈ। ਇਹ ਅਧਿਆਪਕਾਂ ਲਈ, ਵਿਦਿਆਰਥੀਆਂ ਲਈ, ਨੌਜਵਾਨਾਂ ਲਈ, ਹਰ ਆਮ ਅਤੇ ਖਾਸ ਵਿਅਕਤੀ ਲਈ ਇੱਕ ਗਿਆਨ ਦਾ ਸਾਗਰ ਹੈ। ਪਰ ਅੱਜ ਕਲ ਲੋਕ ਸੋਸ਼ਲ ਮੀਡੀਆ ਦਾ ਗਲਤ ਪ੍ਰਯੋਗ ਕਰ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਭ ਦੇਖਦੇ ਹੋਏ ਤਾਂ ਲਗਦਾ ਹੈ ਕਿ ਸੋਸ਼ਲ ਮੀਡੀਆ ਦਾ ਸਾਡੇ ਲਈ ਫਾਇਦੇ ਤੋਂ ਵੱਧ ਨੁਕਸਾਨ ਹੈ। ਸਾਨੂੰ ਸੋਸ਼ਲ ਮੀਡੀਆ ਤੋਂ ਗਿਆਨ ਲੈਣ ਦੀ ਲੋੜ ਹੈ ਨਾ ਕਿ ਉਸ ਦਾ ਗਲਤ ਢੰਗ ਨਾਲ ਵਰਤੋਂ ਕਰਕੇ ਲੋਕਾਂਂ ਨੂੰ ਪ੍ਰੇਸ਼ਾਨ ਕਰਨਾ ਚਾਹੀਦਾ। ਉਂਝ ਕਿਸੇ ਵੀ ਚੀਜ਼ ਦੇ ਜੇਕਰ ਸਾਨੂੰ ਲਾਭ ਮਿਲਦਾ ਤਾਂ ਉਸ ਦਾ ਕੁਝ ਨਾ ਕੁਝ ਨੁਕਸਾਨ ਵੀ ਹੂੰਦਾ ਹੈ, ਪਰ ਸਾਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਤੋਂ ਵੱਧ ਤੋਂ ਵੱਧ ਸਿੱਖ ਸਕੀਏ ਨਾ ਕਿ ਸੋਸ਼ਲ ਮੀਡੀਆ ਉੱਤੇ ਲਗ ਕੇ ਆਪਣੇ ਸਮੇਂ ਨੂੰ ਖਰਾਬ ਕਰੀਏ।
ਲੋੜ ਨਾਲੋਂ ਜ਼ਿਆਦਾ ਵਰਤੋਂ ਨੁਕਸਾਨਦਾਇਕ
ਸੋਸ਼ਲ ਮੀਡੀਆ ਦੇ ਜਿੱਥੇ ਫਾਇਦੇ ਹਨ ਉਥੇ ਇਸ ਦੇ ਨੁਕਸਾਨ ਵੀ ਹਨ। ਅੱਜ-ਕੱਲ੍ਹ ਹਰ ਨੌਜਵਾਨ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਵਰਤੋਂ ਵੀ ਇੰਨੀ ਜ਼ਿਆਦਾ ਕਰ ਰਿਹਾ ਹੈ ਕਿ ਇਸ ਦੇ ਲਾਭ ਘੱਟ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਅੱਜ ਦੇ ਯੁੱਗ ਵਿੱਚ ਭਾਵੇਂ ਨੈਟਵਰਕਿੰਗ ਪ੍ਰਣਾਲੀ ਨੂੰ ਸਮਾਜ ਦਾ ਹਰ ਵਰਗ ਅਪਣਾ ਰਿਹਾ ਹੈ, ਪਰ ਵਿਹਲੜਾਂ ਲਈ ਇਹ ਸ਼ੁਗਲ ਦਾ ਸਾਧਨ ਬਣ ਗਿਆ ਹੈ। ਆਧੁਨਿਕ ਯੁੱਗ ਵਿੱਚ ਇਹ ਸੰਚਾਰ ਦਾ ਸਭ ਤੋਂ ਵਧੀਆ, ਸਸਤਾ ਅਤੇ ਸੌਖਾ ਸਾਧਨ ਹੈ, ਜਿਸ ਰਾਹੀਂ ਤੁਸੀਂ ਆਪਣਾ ਸੰਦੇਸ਼ ਮਿੰਟਾਂ-ਸਕਿੰਟਾਂ ਵਿੱਚ ਲੱਖਾਂ ਹੀ ਲੋਕਾਂ ਤੱਕ ਪਹੁੰਚਾ ਸਕਦੇ ਹੋ। ਇਹ ਨੈਟਵਰਕਿੰਗ ਸਾਡੀ ਨੈਤਿਕਤਾ ਨੂੰ ਖੋਰਾ ਲਾ ਰਹੀ ਹੈ। ਇਸ ਦਾ ਸਿੱਧਾ ਪ੍ਰਭਾਵ ਸਾਡੇ ਰਾਸ਼ਟਰੀ ਆਚਰਣ ’ਤੇ ਪੈ ਰਿਹਾ ਹੈ। ਪਰਿਵਾਰਕ ਸਬੰਧ ਤਹਿਸ ਨਹਿਸ ਹੋ ਰਹੇ ਹਨ। ਬੱਚੇ ਪਰਿਵਾਰ ਵਿੱਚ ਬੈਠਣਾ ਪਸੰਦ ਹੀ ਨਹੀਂ ਕਰਦੇ। ਉਹ ਆਪੋ ਆਪਣੇ ਕਮਰਿਆਂ ਵਿੱਚ ਕੰਪਿਊਟਰ, ਲੈਪਟਾਪ, ਆਈ ਪੈਡ ਜਾਂ ਮੋਬਾਈਲਾਂ ’ਤੇ ਹੀ ਮਸਤ ਰਹਿੰਦੇ ਹਨ। ਸੋਸ਼ਲ ਮੀਡੀਆ ਦੀ ਲਤ ਇਕ ਗੰਭੀਰ ਮਾਨਸਿਕ ਸਮੱਸਿਆ ਹੈ। ਕੁਝ ਵੀ ਕਰਦੇ ਸਮੇਂ ਸੈਲਫੀ ਲੈ ਕੇ ਸੋਸ਼ਲ ਮੀਡੀਆ ’ਤੇ ਪਾ ਦੇਣਾ ਅੱਜ-ਕੱਲ੍ਹ ਆਮ ਹੋ ਗਿਆ ਹੈ। ਇਸ ਨਾਲ ਕੋਈ ਰੇਲ ਗੱਡੀ ਥੱਲੇ ਦਰੜਿਆ ਜਾਂਦਾ ਹੈ ਤੇ ਕੋਈ ਪਹਾੜਾਂ ਤੋਂ ਰੁੜ੍ਹ ਜਾਂਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਬਾਰੇ ਸੁਚੇਤ ਕਰਨ ਤੇ ਇਸ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ।
ਪਰਿਵਾਰ ਤੋਂ ਕਰ ਰਿਹੈ ਦੂਰ
ਸੋਸ਼ਲ ਮੀਡੀਆ ਰਾਹੀਂ ਅਸੀਂ ਆਪਣੇ ਦੂਰ ਬੈਠੇ ਰਿਸ਼ਤੇਦਾਰਾਂ, ਦੋਸਤਾਂ ਅਤੇ ਹੋਰ ਜਾਣਕਾਰਾਂ ਨਾਲ ਜੁੜੇ ਹੋਏ ਹਾਂ, ਪਰ ਦੂਸਰੇ ਪਾਸੇ ਓਨਾ ਹੀ ਆਪਣੇ ਪਰਿਵਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਪਹਿਲਾਂ ਲੋਕ ਘਰਾਂ ਵਿੱਚ ਇਕੱਠੇ ਬੈਠ ਕੇ ਗੱਲਾਂ-ਬਾਤਾਂ ਕਰਦੇ ਅਤੇ ਇੱਕ ਦੂਜੇ ਦਾ ਦੁੱਖ ਸੁੱਖ ਸੁਣਦੇ ਸਨ। ਪਰ ਹੁਣ ਕਹਾਣੀ ਉਲਟ ਹੈ, ਹਰ ਘਰ ਦੇ ਛੋਟੇ ਵੱਡੇ ਮੈਂਬਰ ਕੋਲ ਮੋਬਾਈਲ ਹੈ। ਉਨ੍ਹਾਂ ਕੋਲ ਇੱਕ ਦੂਜੇ ਲਈ ਸਮਾਂ ਹੀ ਨਹੀਂ ਹੈ। ਅਸੀਂ ਅੱਜ ਆਪਣੇ ਆਪਣੇ ਕਮਰਿਆਂ ਵਿੱਚ ਬੈਠੇ ਸੋਸ਼ਲ ਮੀਡੀਆ ਤੇ ਉਲਝ ਕੇ ਰਹਿ ਗਏ ਹਾਂ। ਅੰਤ ਵਿੱਚ ਇਹੀ ਬੇਨਤੀ ਕਰਾਂਗਾ ਕਿ ਸੋਸ਼ਲ ਮੀਡੀਆ ’ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰੋ।

Related posts

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

admin

ਧਰਮ ਨਿਰਪੱਖ ਸਿਵਲ ਕੋਡ: ਅਸਮਾਨਤਾ ਅਤੇ ਬੇਇਨਸਾਫ਼ੀ ਦਾ ਇਲਾਜ ?

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin