ਮਨੁੱਖੀ ਸੱਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਮਨੁੱਖੀ ਦਿਮਾਗ ਦੇ ਵਿਕਾਸ ਦੇ ਨਾਲ-ਨਾਲ ਭਾਸ਼ਾਵਾਂ ਦਾ ਵਿਕਾਸ ਵੀ ਪੜਾਅ-ਦਰ-ਪੜਾਅ ਹੁੰਦਾ ਆਇਆ ਹੈ। ਭਾਸ਼ਾਵਾਂ ਨੂੰ ਸੰਕੇਤਕ ਰੂਪ ਵਿੱਚ ਲਿਖਣ ਲਈ ਸੰਕੇਤ-ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਇੱਕ ਭਾਸ਼ਾ ਦੀ ਆਪਣੀ ਇੱਕ ਸੰਕੇਤ-ਲਿਪੀ ਹੁੰਦੀ ਹੈ। ਸੰਕੇਤ-ਲਿਪੀ ਦੇ ਅੰਤਰਗਤ ਕਿਸੇ ਵੀ ਭਾਸ਼ਾ ਨੂੰ ਤੇਜ਼ ਗਤੀ ਨਾਲ ਲਿਖਣ ਲਈ ਨਿਸ਼ਚਿਤ ਕੀਤੇ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਨੁੱਖੀ ਵਿਚਾਰਧਾਰਾ ਦੇ ਵਿਕਾਸ ਵਿੱਚ ਸੰਕੇਤ ਲਿਪੀ ਨੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਨਿਊਯਾਰਕ ਦੇ ਸਕੂਲ ਆਫ ਐਜੂਕੇਸ਼ਨ ਦੇ ਪ੍ਰੋਫੈਸਰ ‘ਹੈਲਨ ਰੈਨਲਡਜ਼’ ਅਨੁਸਾਰ ਈਸਾ ਤੋਂ ਪਹਿਲਾਂ ਵੀ ਸੰਕੇਤ-ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ। ਹੈਲਨ ਅਨੁਸਾਰ ਯੂਨਾਨ ਵਿੱਚ ਭਾਸ਼ਨਾਂ ਅਤੇ ਕਵਿਤਾਵਾਂ ਨੂੰ ਸੰਕੇਤ ਲਿਪੀ ਵਿੱਚ ਨੋਟ ਕੀਤਾ ਜਾਂਦਾ ਸੀ। ਇਤਿਹਾਸਕ ਸਰੋਤਾਂ ਅਨੁਸਾਰ ਦੁਨੀਆ ਦਾ ਪਹਿਲਾ ਸਟੈਨੋਗ੍ਰਾਫਰ ‘ਮਾਰਕਸ ਟੂਲੀਅਸ ਟੀਰੋ’ ਹੋਇਆ ਹੈ ਜਿਸ ਨੇ 63 ਪੂਰਵ ਈਸਾ ਵਿੱਚ ਸਿਸਰੋ ਅਤੇ ਯੰਗਰ ਕੈਟੋ ਦੇ ਭਾਸ਼ਨਾਂ ਨੂੰ ਸੰਕੇਤ ਲਿਪੀ ਵਿੱਚ ਲਿਪੀਬੱਧ ਕੀਤਾ ਸੀ। ਕਿਹਾ ਜਾਂਦਾ ਹੈ ਕਿ ਮਾਰਕਸ ਦੇ ਇਹ ਨੋਟ ਹੀ ਅੱਗੇ ਜਾ ਕੇ ਸੰਕੇਤ ਲਿਪੀਆਂ ਲਈ ਆਧਾਰਭੂਤ ਸਮੱਗਰੀ ਬਣੇ। ਮਾਰਕਸ ਦਾ ਸੰਕੇਤ ਲਿਪੀ ਦਾ ਸਿਧਾਂਤ ਵਰਣ-ਵਿਨਿਆਸ ਸਿਧਾਂਤ ਉੱਤੇ ਆਧਾਰਿਤ ਸੀ।
ਰੋਮਨ ਸਕਾਲਰਾਂ ਨੇ ਵੀ ਸੰਕੇਤ-ਲਿਪੀ ਦੀ ਪ੍ਰਣਾਲੀ ਨੂੰ ਅਪਣਾਇਆ ਅਤੇ ਉਨ੍ਹਾਂ ਨੇ ਇਹ ਵਿਧੀ ਭਾਸ਼ਨਾਂ ਜਾਂ ਕਾਰਵਾਈਆਂ ਨੂੰ ਨੋਟ ਕਰਨ ਲਈ ਵਰਤੀ। ਬ੍ਰਿਟਿਸ਼ ਅਜਾਇਬ-ਘਰ ਵਿੱਚ ਖਰੜਾ ਨੰਬਰ 18231 ਮਿਲਦਾ ਹੈ ਜੋ ਕਿ 972 ਈਸਵੀ ਦਾ ਹੈ ਇਸ ਖਰੜੇ ਵਿੱਚ ਵੀ ਸੰਕੇਤ-ਲਿਪੀ ਦੇ ਨੋਟ ਮਿਲਦੇ ਹਨ ਡਾ. ਟਿਮੋਥੀ ਬ੍ਰਾਈਟ ਨੂੰ ਨਵੀਨ ਸੰਕੇਤ-ਲਿਪੀ ਦਾ ਮੋਢੀ ਕਿਹਾ ਜਾਂਦਾ ਹੈ ਉਸ ਨੇ 1588 ਈਸਵੀ ਵਿੱਚ ‘ਐਨ ਆਰਟ ਆਫ ਸ਼ਾਰਟ ਸਵਿਫਟ ਐਂਡ ਸੀਕ੍ਰੇਟ ਰਾਈਟਿੰਗ ਕਰੈਕਟਰ’ ਨਾਮ ਦੀ ਕਿਤਾਬ ਰਚ ਕੇ ਸੰਕੇਤ-ਲਿਪੀ ਦੀਆਂ ਨਵੀਆਂ ਲੀਹਾਂ ਦੀ ਬੁਨਿਆਦ ਕਾਇਮ ਕੀਤੀ ਇਸ ਪੁਸਤਕ ਵਿਚਲੀ ਸੰਕੇਤ-ਲਿਪੀ ਪ੍ਰਣਾਲੀ ਨੂੰ ਬ੍ਰਾਈਟ ਪ੍ਰਣਾਲੀ ਕਿਹਾ ਜਾਂਦਾ ਹੈ। ਬ੍ਰਾਈਟ ਨੇ ਆਪਣੀ ਇਹ ਪੁਸਤਕ ਇੰਗਲੈਂਡ ਦੀ ਤਤਕਾਲੀ ਮਲਿਕਾ ਮਹਾਰਾਣੀ ‘ਅਲਿਜਾਬੈੱਥ’ ਨੂੰ ਸਮਰਪਿਤ ਕੀਤੀ। ਜਾਨ ਵਿਲੀਅਸ ਨੇ ‘ਆਰਟ ਆਫ ਸਟੈਨੋਗ੍ਰਾਫੀ’ ਨਾਮ ਦੀ ਪੁਸਤਕ ਦੀ ਰਚਨਾ ਕੀਤੀ ਜੋ ਕਿ ਵਰਣ-ਵਿਨਿਆਸ ਸਿਧਾਂਤ ਤੇ ਆਧਾਰਿਤ ਸੀ ਅਤੇ ਇਸ ਵਿੱਚ ਅੱਖਰ ਪ੍ਰਧਾਨ ਸਨ ਅਤੇ ਸਵਰਾਂ ਨੂੰ ਬਹੁਤੀ ਵਿਸ਼ੇਸ਼ ਥਾਂ ਹਾਸਿਲ ਨਹੀਂ ਸੀ।
ਸਮੇਂ ਦੇ ਨਾਲ-ਨਾਲ ਸੰਕੇਤ-ਲਿਪੀ ਦੇ ਖੇਤਰ ਵਿੱਚ ਵੀ ਬਹੁਤ ਸਾਰੇ ਵਿਦਵਾਨਾਂ ਅਤੇ ਭਾਸ਼ਾ ਵਿਗਿਆਨੀਆਂ ਨੇ ਖੋਜ ਅਤੇ ਮਹੱਤਵਪੂਰਨ ਪ੍ਰਣਾਲੀਆਂ ਦਾ ਅਧਿਐਨ ਕੀਤਾ ਹੈ। ਵਿਸ਼ਵ ਵਿੱਚ ਅਜੋਕੇ ਸਮੇਂ ਵੀ ਸੰਕੇਤ-ਲਿਪੀ ਨਾਲ ਸਬੰਧਤ ਅਨੇਕਾਂ ਪ੍ਰਣਾਲੀਆਂ ਪ੍ਰਚਲਿਤ ਹਨ ਜੇਕਰ ਗੱਲ ਜਾਨ ਬ੍ਰਾਈਮ ਦੀ ਪੁਸਤਕ ‘ਯੂਨੀਵਰਸਲ ਇੰਗਲਿਸ਼ ਸ਼ਾਰਟਹੈਂਡ’ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਪ੍ਰਚੱਲਿਤ ਸੰਕੇਤ-ਲਿਪੀ ਪ੍ਰਣਾਲੀ ਵਾਲੀ ਪੁਸਤਕ ਬਣੀ ਜਾਨ ਬ੍ਰਾਈਮ ਨੇ ਇਸ ਦੀ ਰਚਨਾ 1767 ਈਸਵੀ ਵਿੱਚ ਕੀਤੀ। ਉਸ ਨੇ ਆਪਣੀ ਇਸ ਪੁਸਤਕ ਵਿੱਚ ਰੇਖਾਵਾਂ ਨੂੰ ਲਿਖਣ ਵੇਲੇ ਉਨ੍ਹਾਂ ਦੀ ਮੁੱਢਲੀ ਸਥਿਤੀ ਅਤੇ ਉਨ੍ਹਾਂ ਦੇ ਸਥਾਨ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਵਿਅੰਜਨ ਰੇਖਾਵਾਂ ਨਾਲ ਸਵਰ ਲਾਉਣ ਲਈ ਪੰਜ ਸਥਾਨ ਨਿਯੁਕਤ ਕੀਤੇ।1786 ਈਸਵੀ ਵਿੱਚ ‘ਸੈਮੂਅਲ ਟੇਲਰ’ ਨਾਂ ਦੇ ਵਿਅਕਤੀ ਨੇ ਆਪਣੀ ਇੱਕ ਕਿਤਾਬ ਸੰਕੇਤ ਲਿਪੀ ਦੇ ਨਿਯਮਾਂ ਨੂੰ ਦਰਸਾਉਂਦੀ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਉਸ ਨੇ ਹਰ ਇੱਕ ਅੱਖਰ ਲਈ ਇੱਕ ਵਿਸ਼ੇਸ਼ ਰੇਖਾ ਨੂੰ ਨਿਸ਼ਚਿਤ ਕੀਤਾ ਅਤੇ ਟੇਲਰ ਦੀ ਇਹ ਵਿਧੀ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਕਬੂਲ ਹੋਈ।
ਧੁਨੀ ਪ੍ਰਣਾਲੀ ਦੇ ਖੇਤਰ ਉੱਤੇ ਜੇ ਗਹੁ ਨਾਲ ਵਿਚਾਰ ਕੀਤੀ ਜਾਵੇ ਤਾਂ ਇਹ ਵੇਖਣ ਵਿੱਚ ਆਉਂਦਾ ਹੈ ਕਿ ਧੁਨੀ ਪ੍ਰਣਾਲੀ ਦਾ ਮੁੱਢ 1750 ਈਸਵੀ ਵਿੱਚ ਇੰਗਲੈਂਡ ਵਿੱਚ ਬੱਝਾ। ਧੁਨੀਆਤਮਕ ਪ੍ਰਣਾਲੀ ਦਾ ਸੰਸਾਰ ਵਿੱਚ ਪਹਿਲਾ ਕਰਤਾ-ਧਰਤਾ ਵਿਲੀਅਮ ਟਿਫਿਨ ਹੋਇਆ ਹੈ ਅਤੇ ਇਸ ਤੋਂ ਬਾਅਦ ਵੱਖ-ਵੱਖ ਮੁਲਕਾਂ ਦੇ ਅਨੇਕਾਂ ਭਾਸ਼ਾ ਵਿਗਿਆਨੀਆਂ ਅਤੇ ਵਿਦਵਾਨਾਂ ਨੇ ਧੁਨੀ ਪ੍ਰਣਾਲੀ ਦੇ ਵਿੱਚ ਅਨੇਕਾਂ ਖੋਜਾਂ ਕੀਤੀਆਂ ਪਰ ਸੰਕੇਤ ਲਿਪੀ ਦੇ ਖੇਤਰ ਵਿੱਚ ਸ਼ੁਰੂਆਤ ਤੋਂ ਲੈ ਕੇ ਜੇ ਹੁਣ ਤੱਕ ਦੇ ਸਮੇਂ ਨੂੰ ਦੇਖਿਆ ਜਾਵੇ ਤਾਂ ‘ਸਟੈਨੋਗ੍ਰਾਫਿਕ ਸਾਊਂਡਹੈਂਡ’ ਪੁਸਤਕ ਦੇ ਕਰਤਾ “ਸਰ ਆਈਜ਼ੈਕ ਪਿਟਮੈਨ” ਨੂੰ ਸੰਕੇਤ-ਲਿਪੀ ਦਾ ਵਿਸ਼ਵ-ਵਿਆਪਕ ਪਿਤਾਮਾ ਮੰਨਿਆ ਜਾਂਦਾ ਹੈ। ਪਿਟਮੈਨ ਨੇ ਜਿਸ ਪ੍ਰਣਾਲੀ ਨੂੰ ਸੰਕੇਤ-ਲਿਪੀ ਵਿੱਚ ਅਪਣਾਇਆ ਸੰਕੇਤ-ਲਿਪੀ ਦੇ ਖੇਤਰ ਵਿੱਚ ਨਵੀਨ ਯੁੱਗ ਵਿੱਚ ਵੀ ਉਹੀ ਪ੍ਰਣਾਲੀ ਸਰਬ- ਵਿਆਪਕ ਹੋਈ ਹੈ। ਪਿਟਮੈਨ ਆਧਾਰਿਤ ਸੰਕੇਤ-ਲਿਪੀ ਵਿੱਚ ਹਰ ਅੱਖਰ ਦੀ ਧੁਨੀ ਦੇ ਆਧਾਰ ਤੇ ਇੱਕ ਨਿਸ਼ਚਿਤ ਰੇਖਾ ਨਿਰਧਾਰਿਤ ਕੀਤੀ ਗਈ ਹੈ ਅਤੇ ਰੇਖਾਵਾਂ ਗਣਿਤ ਦੇ ਰੂਪਾਂ ਦੇ ਆਧਾਰ ਤੇ ਬਣਾਈਆਂ ਗਈਆਂ ਹਨ। ਪਿਟਮੈਨ ਪ੍ਰਣਾਲੀ ਇਸ ਤੋਂ ਪਹਿਲਾਂ ਈਜਾਦ ਹੋਈਆਂ ਪ੍ਰਣਾਲੀਆਂ ਤੋਂ ਜ਼ਿਆਦਾ ਮਕਬੂਲ ਪ੍ਰਣਾਲੀ ਮੰਨੀ ਜਾਂਦੀ ਹੈ।
ਸੰਕੇਤ ਲਿਪੀ ਦਾ ਜ਼ਿਕਰ ਕਰਦੇ ਹੋਏ ਇਸ ਗੱਲ ਵੱਲ ਵੀ ਗੌਰ ਕਰਨ ਦੀ ਜ਼ਰੂਰਤ ਹੈ ਕਿ ਦੁਨੀਆ ਵਿੱਚ ਪਹਿਲੀ ਵਾਰ ਸੰਕੇਤ-ਲਿਪੀ ਦਾ ਪ੍ਰਯੋਗ ਅਦਾਲਤਾਂ ਦੇ ਖੇਤਰ ਵਿੱਚ 1649 ਈਸਵੀ ਵਿੱਚ ਜਾਨ ਲਿਲਬਰਨ ਨੇ ਅਦਾਲਤੀ ਮੁਕੱਦਮੇ ਨੂੰ ਨੋਟ ਕਰਨ ਲਈ ਕੀਤਾ ਪ੍ਰੰਤੂ ਦੂਜੇ ਪਾਸੇ ਸਰਕਾਰੀ ਦਸਤਾਵੇਜ਼ਾਂ ਨੂੰ ਘੋਖਣ ਉਪਰੰਤ ਇਹ ਸਾਹਮਣੇ ਆਉਂਦਾ ਹੈ ਕਿ ਥਾਮਸ ਗੁਰਨੀ ਨੂੰ 1738 ਈਸਵੀ ਵਿੱਚ ਬਤੌਰ ਸਰਕਾਰੀ ਸਟੈਨੋਗ੍ਰਾਫਰ ਓਲਡ ਬੇਲੀ ਦੀ ਕ੍ਰਿਮੀਨਲ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ ਅਤੇ ਕਿਹਾ ਜਾਂਦਾ ਹੈ ਕਿ ਥਾਮਸ ਗੁਰਨੀ ਉਹ ਪਹਿਲਾ ਇਨਸਾਨ ਸੀ ਜਿਸ ਨੂੰ ਸੰਕੇਤ-ਲਿਪੀ ਦਾ ਦਫਤਰੀ ਪ੍ਰਯੋਗ ਕਰਨ ਲਈ ਸਰਕਾਰੀ ਤੌਰ ਤੇ ਮਾਨਤਾ ਮਿਲੀ ਸੀ। ਸਾਡੇ ਮਹਾਨ ਦੇਸ਼ ਭਾਰਤ ਵਿੱਚ ਵੀ ਹਰੇਕ ਪ੍ਰਾਂਤ ਦੇ ਸਰਕਾਰੀ-ਤੰਤਰ ਵਿੱਚ ਪਿਟਮੈਨ ਸ਼ਾਰਟਹੈਂਡ ਪ੍ਰਣਾਲੀ ਆਧਾਰਿਤ ਸੰਕੇਤ-ਲਿਪੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੇ ਗੱਲ ਪੰਜਾਬੀ ਭਾਸ਼ਾ ਆਧਾਰਿਤ ਸੰਕੇਤ-ਲਿਪੀ ਦੀ ਕਰੀਏ ਤਾਂ ਇਸ ਵਿੱਚ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਪਿਟਮੈਨ ਪ੍ਰਣਾਲੀ ਵਾਲੇ ਸਿਧਾਂਤ ਹੀ ਅਪਣਾਏ ਗਏ ਹਨ ਪ੍ਰੰਤੂ ਸੰਕੇਤ-ਲਿਪੀ ਦੇ ਵਿਦਵਾਨਾਂ ਅਨੁਸਾਰ ਭਾਸ਼ਾ ਦੀਆਂ ਬਰੀਕੀਆਂ ਅਤੇ ਲੋੜੀਂਦੇ ਸ਼ਬਦ-ਜੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਅਨੁਸਾਰ ਸ਼ਬਦ ਚਿੰਨ੍ਹਾਂ,ਸੰਖਿਪਤ ਸ਼ਬਦਾਂ,ਕਾਟਵੀਆਂ ਰੇਖਾਵਾਂ ਅਤੇ ਵਾਕੰਸ਼ਾਂ ਦੀ ਵਰਤੋਂ ਦੇ ਸਿਧਾਂਤ ਵੀ ਪੰਜਾਬੀ ਸੰਕੇਤ-ਲਿਪੀ ਵਿੱਚ ਈਜਾਦ ਕੀਤੇ ਗਏ ਹਨ।
ਪੰਜਾਬੀ ਸੰਕੇਤ-ਲਿਪੀ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾ ਨਾਮ ‘ਕੰਵਰ ਰਾਬਿੰਦਰ ਸਿੰਘ’ ਦਾ ਆਉਂਦਾ ਹੈ ਜਿਨ੍ਹਾਂ ਨੇ 15 ਫਰਵਰੀ 1948 ਵਿੱਚ ਪਿਟਮੈਨ ਪ੍ਰਣਾਲੀ ਵਿੱਚ ਨਿਰਧਾਰਿਤ ਰੇਖਾਵਾਂ ਦੀ ਦਿਸ਼ਾ ਤੋਂ ਉਲਟ ਦਿਸ਼ਾ ਦਰਸਾਉਂਦੀ ਰਾਬਿੰਦਰਾ ਗੁਰਮੁੱਖੀ ਸ਼ਾਰਟਹੈਂਡ ਨਾਂ ਦੀ ਪੁਸਤਕ ਦੀ ਰਚਨਾ ਕੀਤੀ। ਕੰਵਰ ਰਾਬਿੰਦਰ ਸਿੰਘ ਭਾਸ਼ਾ ਵਿਭਾਗ ਪੰਜਾਬ ਵਿੱਚ ਇੰਸਟ੍ਰਕਟਰ,ਸੁਪਰਵਾਈਜ਼ਰ ਅਤੇ ਖੋਜ ਅਫਸਰ(ਸਟੈਨੋਗ੍ਰਾਫੀ) ਆਦਿ ਅਹੁਦਿਆਂ ਤੇ ਸੇਵਾ ਨਿਭਾਉਂਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਨੇ ਸੰਕੇਤ ਲਿਪੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤੋਂ ਇਲਾਵਾ ਪੰਜਾਬੀ ਸੰਕੇਤ-ਲਿਪੀ ਵਿੱਚ ਸਰਦੂਲ ਸੰਖੇਪ ਲਿਪੀ (1948) ਰਚੇਤਾ ਪ੍ਰੋਫੈਸਰ ਜੋਗਿੰਦਰ ਸਿੰਘ/ਸਰਦੂਲ ਸਿੰਘ, ਆਦਰਸ਼ ਪੰਜਾਬੀ ਸ਼ਾਰਟਹੈਂਡ (1963) ਰਚੇਤਾ ਸਰਦਾਰ ਮੰਗਲ ਸਿੰਘ ਗਿਆਨੀ, ਪਾਲ ਸੰਕੇਤ ਲਿਪੀ (1969) ਰਚੇਤਾ ਭੂਸ਼ਨ ਕੁਮਾਰ,ਨਵੀਨ ਪੰਜਾਬੀ ਸੰਕੇਤਕਰਨ (1971) ਰਚੇਤਾ ਕਰਤਾਰ ਸਿੰਘ ਐੱਮ.ਏ, ਸਰਨ ਸਤਿੰਦਰ ਪੰਜਾਬੀ ਸ਼ਾਰਟਹੈਂਡ (1976) ਰਚੇਤਾ ਸਰਦਾਰ ਰਾਜਿੰਦਰ ਸਿੰਘ ਬੀ.ਏ, ਸਿਸਟੇਮੈਟਿਕ ਪੰਜਾਬੀ ਸਟੈਨੋ ਅਧਿਆਪਕ (1988) ਰਚੇਤਾ ਸਰਦਾਰ ਅਮਰੀਕ ਸਿੰਘ ਐੱਮ.ਏ. ਆਦਿ ਵੱਖ-ਵੱਖ ਸਿਧਾਂਤਾਂ ਨੂੰ ਪ੍ਰਣਾਈਆਂ ਪੁਸਤਕਾਂ ਹੋਂਦ ਵਿੱਚ ਆਈਆਂ।
ਅਜੋਕੇ ਸਮੇਂ ਵਿੱਚ ਸਭ ਤੋਂ ਮਕਬੂਲ ਪੁਸਤਕ ‘ਪ੍ਰਮਾਣਿਕ ਸੰਕੇਤ-ਲਿਪੀ’ (1991) ਹੋਈ ਹੈ ਇਸ ਪੁਸਤਕ ਦੀ ਰਚਨਾ ਭਾਸ਼ਾ ਵਿਭਾਗ ਪੰਜਾਬ ਵਿੱਚ ਸਥਾਪਤ ਸਟੈਨੋਗ੍ਰਾਫੀ ਖੋਜ ਵਿੰਗ ਵੱਲੋਂ ਕੀਤੀ ਗਈ। ਪ੍ਰਮਾਣਿਕ ਸੰਕੇਤ-ਲਿਪੀ ਪੁਸਤਕ ਵਿੱਚ ਥ ਅਤੇ ਸ ਵਿਅੰਜਨ ਰੇਖਾ ਤੋਂ ਬਿਨਾਂ ਬਾਕੀ ਦੀਆਂ ਵਿਅੰਜਨ ਰੇਖਾਵਾਂ ਪਿਟਮੈਨ ਸ਼ਾਰਟਹੈਂਡ ਪ੍ਰਣਾਲੀ ਵਾਲੀਆਂ ਹੀ ਹਨ ਅਤੇ ਇਸ ਤੋਂ ਇਲਾਵਾ ਤ,ਥ,ਦ ਅਤੇ ਧ ਵਿਅੰਜਨ ਰੇਖਾਵਾਂ ਦੇ ਵਿਕਲਪੀ ਰੂਪ ਖੱਬਾ ਅਤੇ ਸੱਜਾ ਰੂਪ ਵਿੱਚ ਦਰਸਾਏ ਗਏ ਹਨ। ਸੰਕੇਤ-ਲਿਪੀ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹੋਏ ਇੱਕ ਇਹ ਪਹਿਲੂ ਵੀ ਆਪ ਜੀ ਦੇ ਧਿਆਨ ਵਿੱਚ ਲਿਆ ਦਈਏ ਕਿ ਭਾਸ਼ਾ ਵਿਭਾਗ ਪੰਜਾਬ ਵਿੱਚ ਡਾਕਟਰ ਬ੍ਰਿਹਦਬਲ ਸ਼ਰਮਾ ਜੋ ਕਿ ਖੋਜ-ਅਫਸਰ ਸਟੈਨੋਗ੍ਰਾਫੀ ਦੀ ਆਸਾਮੀ ਤੇ ਕਾਰਜਸ਼ੀਲ ਰਹੇ ਹਨ ਉਨ੍ਹਾਂ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਸੰਕੇਤ-ਲਿਪੀ ਦਾ ਵਿਗਿਆਨਕ ਅਧਿਐਨ ਦੇ ਵਿਸ਼ਾ-ਵਿਸ਼ੇਸ਼ ਪ੍ਰਸੰਗ ਵਿੱਚ ਪੀ.ਐੱਚ.ਡੀ ਦੀ ਪਹਿਲੀ ਡਿਗਰੀ ਹਾਸਿਲ ਕਰਕੇ ਸੰਕੇਤ-ਲਿਪੀ ਦੇ ਖੇਤਰ ਵਿੱਚ ਇੱਕ ਮੀਲ-ਪੱਥਰ ਸਥਾਪਿਤ ਕੀਤਾ ਗਿਆ ਉਨ੍ਹਾਂ ਨੇ ਆਪਣੇ ਖੋਜ-ਕਾਰਜ ਵਿੱਚ ਸੰਕੇਤ-ਲਿਪੀ ਸਬੰਧੀ ਸਿੱਟੇ ਕੱਢਣ ਤੋਂ ਇਲਾਵਾ ਪੰਜਾਬੀ ਦੀਆਂ ਵਿਅੰਜਨ ਰੇਖਾਵਾਂ ਅਤੇ ਸਵਰ ਧੁਨੀਆਂ ਦੀ ਫਰੀਕੁਐਂਸੀ ਕੱਢਣ ਦਾ ਮਾਅਰਕਾ ਵੀ ਮਾਰਿਆ ਹੈ ਜਿਸ ਖੇਤਰ ਵਿੱਚ ਅੱਜ ਤੱਕ ਕਿਸੇ ਦਾ ਧਿਆਨ ਨਹੀਂ ਸੀ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਕਟਰ ਬ੍ਰਿਹਦਬਲ ਸ਼ਰਮਾ ਨੂੰ ਸੰਕੇਤ-ਲਿਪੀ ਵਿੱਚ ਪੀ.ਐੱਚ.ਡੀ ਕਰਨ ਦੇ ਇਵਜ਼ ਵਜੋਂ 1 ਨਵੰਬਰ 1992 ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।