
ਕਿਸਾਨੋਂ, ਮਜਦੂਰੋ, ਮੁਲਾਜਮੋਂ, ਛੋਟੇ ਦੁਕਾਨਦਾਰੋ ‘ਤੇ ਛੋਟੇ ਵਪਾਰੀਓ ਤੁਹਾਡੇ ਸਾਰਿਆਂ ਵਲੋਂ ਧਰਮਾਂ, ਜਾਤਾਂ, ਰੰਗਾਂ, ਸਿਆਸੀ ਪਾਰਟੀਆਂ ਦੇ ਸਾਰੇ ਵਖਰੇਵੇਂ ਦੂਰ ਕਰਕੇ ਸਾਰਿਆਂ ਦੀ ਏਕਤਾ ਦੇ ਗੁਲਦਸਤੇ ਦੇ ਰੂਪ ਵਿੱਚ ਕੇਂਦਰ ਸਰਕਾਰ ਨਾਲ ਜੋ ਕਿਸਾਨੀ ਵਾਲੇ ਸੰਘਰਸ਼ ਵਜੋਂ ਜੋ ਆਮ ਜਨਤਾ ਦੇ ਹੱਕਾਂ ਦੀ ਲੜਾਈ ਇੱਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਨਾਲ ਲਗਦੀਆਂ ਸੜਕਾਂ ‘ਤੇ ਗਰਮੀ ਸਰਦੀ ਝਖੜ ਦੀ ਪ੍ਰਵਾਹ ਨਾ ਕਰਦਿਆਂ ਲੜੀ ਜਾ ਰਹੀ ਸੀ।ਇਸ ਲੜਾਈ ਨਾਲ ਭਾਵੇਂ ਕਿ ਸੰਘਰਸ਼ੀ ਯੋਧਿਆਂ ਦਾ ਕੋਈ ਸੱਤ ਕੁ ਸੌ ਕਿਸਾਨਾਂ ਦੇ ਕਰੀਬ ਕੀਮਤੀ ਜਾਨਾਂ ਜਾਣ ਨਾਲ ਸ਼ਹਾਦਤਾਂ ਦੇ ਕੇ ਜੋ ਨੁਕਸਾਨ ਹੋਇਆ ਹੈ ਦੀ ਭਰਪਾਈ ਕਿਸੀ ਵੀ ਕੀਮਤ ‘ਤੇ ਪੂਰੀ ਨਹੀਂ ਕੀਤੀ ਜਾ ਸਕਦੀ।ਇਸ ਤੋਂ ਇਲਾਵਾ ਵੀ ਮਾਇਕ ਤੌਰ ‘ਤੇ ਵੀ ਕਰੋੜਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ।ਦੂਜੇ ਬੰਨੇ ਇਸ ਸਾਲ ਭਰ ਦੇ ਸਮੇਂ ਵਿੱਚ ਸਰਕਾਰ ਦਾ ਵੀ ਆਰਥਿਕ ਨੁਕਸਾਨ ਹੋਣ ਦੇ ਨਾਲ-ਨਾਲ ਸਿਆਸੀ ਗਰਾਫ ਵੀ ਸੰਸਾਰ ਭਰ ਵਿੱਚ ਹੇਠਾਂ ਗਿਰਿਆ ਹੈ।ਫਿਰ ਵੀ ਸ਼ੁਕਰ ਹੈ ਕਿ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਬਹੁਤ ਸਾਰੇ ਬੁੱਧੀਜੀਵੀਆਂ ਜਿਨ੍ਹਾਂ ਵਿੱਚ ਮੈਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਵਰਗਿਆਂ ਅਨੇਕਾਂ ਲੋਕਾਂ ਵਲੋਂ ਸਮਝਾਉਣ ਕਰਕੇ ਪ੍ਰਧਾਨ ਮੰਤਰੀ ਜੀ ਵਲੋਂ ਆਖਿਰ ਮਿਤੀ 19 ਨਵੰਬਰ 2021 ਨੂੰ ਖਾਸ ਤੌਰ ‘ਤੇ ਤਿੰਨੇ ਹੀ ਖੇਤੀ ਕਨੂੰਨ ਵਾਪਿਸ ਕਰਨ ਦਾ ਐਲਾਨ ਕਰਕੇ ਬੇੱਸ਼ਕ ‘ਦੇਰ ਆਏ ਦਰੁਸਤ ਆਏ’ ਦੀ ਕਹਾਵਤ ਨੂੰ ਸੱਚ ਕਰਕੇ ਵਧਾਈ ਦੇ ਹੱਕਦਾਰ ਵੀ ਬਣ ਗਏ ਹਨ।ਪਰ ਜਿਸ ਨੂੰ ਕਿ ਪ੍ਰਧਾਨ-ਮੰਤਰੀ ਜੀ ਵਲੋਂ ਬਹੁਤ ਦੇਰ ਕੀਤੀ ਗਈ ਹੈ।ਜਦ ਕਿ ਛੇਤੀਂ ਲਿਆ ਫੈਸਲਾ ਸੱਤ ਸੌ ਦੇ ਕਰੀਬ ਸ਼ਹੀਦ ਹੋਈਆਂ ਕਿਸਾਨਾਂ ਦੀਆਂ ਕੀਮਤੀ ਜਾਨਾ ਨੂੰ ਬਚਾ ਸਕਦਾ ਸੀ ਅਤੇ ਕਿਸਾਨੀ ਦਾ ਕਰੋੜਾਂ ‘ਚ ਆਰਥਿਕ ਤੌਰ ‘ਤੇ ਹੋਏ ਨੁਕਸਾਨ ਹੋਣ ਤੋਂ ਵੀ ਬਚਾਇਆ ਜਾ ਸਕਦਾ ਸੀ।ਫਿਰ ਵੀ ਇਸ ਫੈਸਲੇ ਨੂੰ ਕਿਸਾਨੀ ਅੰਦੋਲਨ ਦੇ ਯੋਧਿਆਂ ਵਲੋਂ ਜਾਬਤੇ ਵਿੱਚ ਰਹਿ ਕੇ ਰੱਖੇ ਗਏ ਸ਼ਾਂਤਮਈ ਸਬਰ ਨਾਲ ਰੱਖੀ ਗਈ ਏਕਤਾ ਨਾਲ ਹੋਈ ਜਿੱਤ ਕਿਹਾ ਜਾ ਸਕਦਾ ਹੈ।
ਸ਼ਾਂਤਮਈ ਕਿਸਾਨੀ ਸੰਘਰਸ਼ ਦੇ ਯੋਧਿਓ ਤੁਹਾਡੀ ਏਕਤਾ ਦੇ ਨਾਲ-ਨਾਲ ਸਬਰ ਅਤੇ ਜਾਬਤੇ ਭਰੀ ਸ਼ਾਂਤੀ ਨੇ ਦੁਨੀਆਂ ‘ਚ ਵਸਦੀ ਮਨੁੱਖਤਾ ਨੂੰ ਉਹ ਕੰਮ ਕਰਕੇ ਵਿਖਾ ਦਿੱਤਾ।ਜਿਸ ਵਾਰੇ ਤੁਹਾਤੋਂ ਪਹਿਲੇ ਸੰਘਰਸ਼ ਕਰਨ ਵਾਲੇ ਦੇਸ਼ ਦੇ ਹਰੇਕ ਤਬਕੇ ਦੀ ਸੰਸਥਾ ਨੂੰ ਮਿਲੀ ਹਾਰ ਦਾ ਹੀ ਮੂੰਹ ਵੇਖਣ ਨੂੰ ਮਿਲਣ ਕਰਕੇ ਤੁਹਾਡੀ ਹੋਈ ਜਿੱਤ ਹੋਣ ਕਰਕੇ ਅਚੰਭਿਤ ਹੋਣਾ ਪਿਆ ਹੈ।ਕਿਸਾਨੋ ਮਜਦੂਰੋ ਛੋਟੇ ਵਪਾਰੀਓ ‘ਤੇ ਦੁਕਾਨਦਾਰ ਸਾਥੀਓ ਜਿਸ ਤਰ੍ਹ੍ਹਾਂ ਤੁਸੀਂ ਜਬਰ ਦਾ ਟਾਕਰਾ ਸਬਰ ਨਾਲ ਸ਼ਾਂਤਮਈ ਰਹਿ ਕੇ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦਾ ਏਕਾ ਰੱਖ ਕੀਤਾ ਹੈ।ਤੁਹਾਡੇ ਸਾਰਿਆਂ ਦੇ ਏਕੇ ਨਾਲ ਕੀਤੇ ਗਏ ਇਸ ਸੰਘਰਸ਼ ਦੀ ਮਿਸ਼ਾਲ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲਦੀ।ਤੁਹਾਡੇ ਇਸ ਸੰਘਰਸ਼ੀ ਏਕੇ ਵਾਲੇ ਗੁਲਦਸਤੇ ਵਿੱਚ ਬਹੁਤ ਸਾਰੇ ਲੋਕ ਰੱਬ ਨੂੰ ਨਾ ਮੰਨਣ ਵਾਲੇ ਨਾਸਤਿਕ ਕਿਸਮ ਦੇ ਕਾਮਰੇਡ ਵੀ ਸਨ, ਬਹੁਤ ਸਾਰੇ ਰੱਬ ਨੂੰ ਮੰਨਣ ਵਾਲੇ ਧਰਮਾਂ ਵਿੱਚ ਵਿਸਵਾਸ਼ ਰੱਖਣ ਵਾਲੇ ਆਸਤਿਕ ਸਿੱਖ, ਹਿੰਦੂ, ਇਸਾਈ, ਮੁਸਲਮਾਨ, ਪਾਰਸੀ, ਜੈਨੀ ‘ਤੇ ਬੋਧੀ ਵੀ ਸਨ।ਇਨ੍ਹਾਂ ਸਾਰਿਆਂ ਸੰਘਰਸ਼ੀ ਯੋਧਿਆਂ ਵਿੱਚ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਵਾਲਿਆਂ ਦੀ ਨੇੜਤਾ ਵਾਲੀ ਅਤੇ ਦੂਰ ਦੇ ਵਖਰੇਵੇਂ ਰੱਖਣ ਵਾਲੀ ਵਿਚਾਰ ਧਾਰਾ ਰਖਣ ਵਾਲੇ ਲੋਕ ਵੀ ਸਨ।ਜਿਨ੍ਹਾਂ ਸਾਰਿਆਂ ਨੇ ਆਪੋ-ਆਪਣੇ ਵੱਖੋ-ਵਖਰੇ ਵਿਚਾਰ ਰੱਖਣ ਦੇ ਬਾਵਯੁਦ ਵੀ ਏਕਾ ਰੱਖ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ।ਤੁਹਾਡੇ ਵਲੋਂ ਏਕਤਾ ਰੱਖ ਕੇ ਪ੍ਰਾਪਤ ਕੀਤੀ ਜਿੱਤ ਤੋਂ ਬਹੁਤ ਸਾਰੇ ਤੱਤ ਤੁਹਾਡੀ ਜਿੱਤ ਤੋਂ ਬੁਖਲਾਹਟ ਵਿੱਚ ਆ ਕੇ ਇਸ ਹੋਈ ਜਿੱਤ ਦੇ ਸਿਹਰੇ ਵੀ ਆਪੋ-ਆਪਣੇ ਤਰੀਕੀਆਂ ਨਾਲ ਆਪਣੇ ਸਿਰਾਂ ‘ਤੇ ਬੰਨ੍ਹਣ ਦੀ ਤਾਕ ਵਿੱਚ ਰਹਿ ਕੇ ਤੁਹਾਨੂੰ ਆਪਸ ਵਿੱਚ ਪਾੜਨ ਦੇ ਬਹੁਤ ਸਾਰੇ ਯਤਨ ਕਰਕੇ ਤੁਹਾਨੂੰ ਆਪਸ ਵਿੱਚ ਭੜਕਾਉਣ ਦੀ ਤਾਕ ਵਿੱਚ ਹਨ।ਤੁਹਾਡੀ ਹੋਈ ਜਿੱਤ ਤੋਂ ਬਹੁਤ ਸਾਰੀਆਂ ਵਿਰੋਧੀ ਤਾਕਤਾਂ ਤੁਹਾਡੇ ਏਕੇ ਵਿੱਚ ਵਖਰੇਵੇਂ ਪਾਉਣ ਦੇ ਯਤਨ ਕਰ ਰਹੀਆਂ ਹਨ।ਇਸ ਕਿਸਾਨੀ ਸੰਘਰਸ਼ ਦੇ ਯੋਧਿਓ ਤੁਸੀਂ ਇਨ੍ਹਾਂ ਏਕੇ ਨੂੰ ਵਿਖੇਰਨ ਵਾਲੇ ਲੋਕਾਂ ਤੋਂ ਸਾਵਧਾਨ ਰਿਹੋ ਵੇਖਿਓ ਕਿਧਰੇ ਇਹ ਅਪਣੀ ਗਲਤ ਸੋਚ ਰੱਖਣ ਵਾਲੇ ਲੋਕ ਕਾਮਯਾਬ ਨਾ ਹੋ ਜਾਣ।ਇਸ ਸੰਘਰਸ਼ ਦੀ ਜਿੱਤ ਲਈ ਦੇਸ਼ ਭਰ ਦੇ ਕਿਰਤੀਆਂ ਕਿਸਾਨਾਂ ਮੁਲਾਜਮਾਂ ਛੋਟੇ ਵਪਾਰੀਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿਣ ਵਾਲੇ ਹਰ ਪੰਜਾਬੀ ਨੇ ਆਪਣੀ ਸਮਰਥਾ ਤੋਂ ਵੀ ਵੱਧ ਕੇ ਹਿੱਸਾ ਪਾਇਆ ਹੈ।ਕਿਸੇ ਇੱਕਲੇ ਆਗੂ ਦੀ ਜਾਂ ਕਿਸੇ ਇੱਕਲੀ ਪਾਰਟੀ ਦੀ ਜਾਂ ਕਿਸੇ ਇੱਕਲੇ ਗਰੁਪ ਦੀ ਜਿੱਤ ਨਹੀਂ ਹੈ।ਇਸ ਕਰਕੇ ਇਹ ਜਿੱਤ ਸਾਰੇ ਹੀ ਸੰਘਰਸ਼ ਕਰਨ ਵਾਲੇ ਉਨ੍ਹਾਂ ਸਾਰੇ ਲੋਕਾਂ ਜਿਨ੍ਹਾਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਇਸ ਸੰਘਰਸ਼ ਵਿੱਚ ਹਿੱਸਾ ਪਾਇਆ ਹੈ ਚਾਹੇ ਉਹ ਕਿਸੇ ਵੀ ਰੂਪ ਸੀ ਉਨ੍ਹਾਂ ਸਾਰਿਆਂ ਦੇ ਏਕੇ ਦੀ ਜਿੱਤ ਹੈ।ਇਸ ਸੰਘਰਸ਼ ਵਿੱਚ ਜੋ ਯੋਧੇ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਕੇ ਸਦਾ ਲਈ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ।ਉਨ੍ਹਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਨਾਲ ਇਸ ਲੜਾਈ ਵਿੱਚ ਪਾਏ ਗਏ ਯੋਗਦਾਨ ਨੂੰ ਵੀ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਵੇਗਾ।ਇਸ ਸੰਘਰਸ਼ ਲਈ ਸਾਰੇ ਹੀ ਕਿਸਾਨ, ਕਿਰਤੀ, ਮਜਦੂਰ, ਮੁਲਾਜਮ, ਦੁਕਾਨਦਾਰ, ਛੋਟਾ ਵਪਾਰੀ, ਹਿੰਦੂ, ਸਿੱਖ, ਮੁਸਲਮਾਨ, ਪਾਰਸੀ, ਇਸਾਈ, ਜੈਨੀ, ਬੋਧੀ ਸਮੇਤ ਸਭਨਾ ਦੀ ਏਕਤਾ ਸਦਾ ਹੀ ਬੁਲੰਦੀਆਂ ‘ਤੇ ਪਹੁੰਚੇ ਅਤੇ ਸਦਾ ਜਿੰਦਾਬਾਦ ਰਵੇ !