ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ ਨਾਂ ਦੀ ਪੁਸਤਕ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਉਸ ਸਮੇਂ ਦੀ ਪੱਤਰਕਾਰੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਵਿਖਾਈ ਦਿੰਦੀ ਲੱਗਦੀ ਹੈ, ਜਦੋਂ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸੀ ਅਤੇ ਉਸ ਸਮੇਂ ਦੀ ਪੱਤਰਕਾਰੀ, ਡਰ, ਭੈ, ਘਿਰਣਾ, ਫਿਰਕੇਦਾਰੀ, ਸਰਕਾਰੀ ਅਤੇ ਸਰਕਾਰੀ ਏਜੰਸੀਆਂ ਦੇ ਦਬਾਓ ਦੇ ਪ੍ਰਭਾਵ ਵਾਲੀ ਕਹੀ ਜਾ ਸਕਦੀ ਹੈ। ਖੁਲ੍ਹ ਕੇ ਖ਼ਬਰਾਂ ਲਿਖਣੀਆਂ ਖ਼ਤਰੇ ਤੋਂ ਖਾਲ੍ਹੀ ਨਹੀਂ ਸਨ। ਇਹ ਪੁਸਤਕ ਜਸਪਾਲ ਸਿੰਘ ਸਿੰਘ ਸਿੱਧੂ ਦੇ ਨਿੱਜੀ ਤਜਰਬੇ ਦਾ ਪ੍ਰਗਟਾਵਾ ਕਰਦੀ ਵਿਖਾਈ ਦਿੰਦੀ ਹੈ ਕਿਉਂਕਿ ਉਹ ਉਨ੍ਹਾਂ ਦਿਨਾ ਵਿਚ ਲੰਮਾ ਸਮਾਂ ਅੰਮ੍ਰਿਤਸਰ ਵਿਖੇ ਯੂ.ਐਨ.ਆਈ.ਦਾ ਪੱਤਰਕਾਰ ਰਿਹਾ ਹੈ ਅਤੇ ਪੱਤਰਕਾਰ ਭਾਈਚਾਰੇ ਵਿਚ ਉਸਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਹਮਦਰਦ ਅਤੇ ਨਜ਼ਦੀਕੀ ਵੀ ਗਿਣਿਆਂ ਜਾਂਦਾ ਸੀ। ਉਸਦੀ ਪੁਸਤਕ ਹਕੀਕੀ ਤੌਰ ਤੇ ਤੱਥਾਂ ਤੇ ਅਧਾਰਤ ਹਰ ਹਾਲਾਤ ਅਤੇ ਮੌਕੇ ਦਾ ਹੂ-ਬ-ਹੂ ਚਿਤਰਣ ਕਰਦੀ ਹੈ। ਇਹ ਪੁਸਤਕ ਇੱਕ ਇਤਿਹਾਸਕ ਦਸਤਾਵੇਜ ਸਾਬਤ ਹੋਵੇਗੀ ਕਿਉਂਕਿ ਇਸ ਵਿਚ ਹਰ ਘਟਨਾ ਦਾ ਤਰਤੀਬਵਾਰ ਸਮਾਂ, ਸਥਾਨ ਅਤੇ ਤਾਰੀਖ਼ ਬੜੇ ਸਲੀਕੇ ਨਾਲ ਵਰਨਣ ਕੀਤਾ ਹੋਇਆ ਹੈ। ਇਸ ਵਿਚ ਦਿੱਤੇ ਤੱਥ ਸਹੀ ਜਾਪਦੇ ਹਨ ਕਿਉਂਕਿ ਜਸਪਾਲ ਸਿੰਘ ਸਿੱਧੂ ਇੱਕ ਨਿਊਜ਼ ਏਜੰਸੀ ਦੇ ਰਿਪੋਰਟਰ ਸਨ, ਜਿਸਨੂੰ ਤੁਰੰਤ ਅਤੇ ਤੱਥਾਂ ਤੇ ਅਧਾਰਤ ਖ਼ਬਰਾਂ ਦੇਣ ਨਾਲ ਹੀ ਮਾਣਤਾ ਮਿਲਦੀ ਹੁੰਦੀ ਹੈ। ਦੂਜੀ ਵੱਡੀ ਗੱਲ ਜਿਹੜੀ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਨਿਖ਼ਰਕੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਿਸਤਾਨ ਪੱਖੀ ਨਹੀਂ ਸਨ, ਸਗੋਂ ਉਹ ਸਾਧਾਰਨ ਧਾਰਮਿਕ ਪ੍ਰਵਿਰਤੀ ਵਾਲੇ ਨੇਕ ਇਨਸਾਨ ਸਨ ਪ੍ਰੰਤੂ ਹਾਲਾਤ ਨੇ ਉਨ੍ਹਾਂ ਨੂੰ ਵਾਦਵਿਵਾਦ ਦਾ ਵਿਸ਼ਾ ਬਣਾਇਆ ਸੀ। ਸੰਤਾਂ ਉਪਰ ਕਈ ਵਾਰੀ ਖਾਲਿਸਤਾਨ ਦੇ ਹੱਕ ਵਿਚ ਬੋਲਣ ਲਈ ਜ਼ੋਰ ਪਾਇਆ ਜਾਂਦਾ ਸੀ ਪ੍ਰੰਤੂ ਉਨ੍ਹਾਂ ਕਦੀਂ ਵੀ ਉਸਦੀ ਪ੍ਰੋੜ੍ਹਤਾ ਨਹੀਂ ਕੀਤੀ। ਇਥੋਂ ਤੱਕ ਕਿ ਸੰਤ ਭਿੰਡਰਾਂਵਾਲੇ ਨਿਰਦੋਸ਼ ਹਿੰਦੂਆਂ ਦੇ ਕਤਲਾਂ ਦੀ ਨਿੰਦਿਆ ਕਰਦੇ ਰਹੇ। ਇਸ ਗੱਲ ਨੂੰ ਸਾਬਤ ਕਰਨ ਵਿਚ ਹੋ ਸਕਦਾ ਲੇਖਕ ਦੀ ਨਿੱਜੀ ਵਿਚਾਰਧਾਰਾ ਵੀ ਹੋਵੇ। ਤੀਜੀ ਗੱਲ ਜਿਹੜੀ ਮਹਿਸੂਸ ਹੁੰਦੀ ਹੈ ਕਿ ਉਸ ਸਮੇਂ ਸਰਕਾਰੀ ਗੁਪਤਚਰ ਏਜੰਸੀਆਂ ਨੇ ਆਪਣਾ ਅਜਿਹਾ ਤਾਣਾ ਬਾਣਾ ਬੁਣਿਆਂ ਹੋਇਆ ਸੀ ਕਿ ਸਾਰੇ ਸਿੱਖ ਸੰਗਠਨਾ ਨੂੰ ਇਕ ਮੰਚ ਤੇ ਇਕੱਠਾ ਨਹੀਂ ਹੋਣ ਦਿੱਤਾ ਤਾਂ ਜੋ ਉਹ ਦੇਸ਼ ਦੀ ਅਖਾਉਤੀ ਏਕਤਾ ਤੇ ਅਖੰਡਤਾ ਲਈ ਸਮੱਸਿਆ ਨਾ ਪੈਦਾ ਕਰ ਦੇਣ। ਖਾਸ ਤੌਰ ਤੇ ਨੌਜਵਾਨ ਜਥੇਬੰਦੀਆਂ ਜਿਹੜੀਆਂ ਤੋਂ ਸਰਕਾਰ ਬੜੀ ਹੀ ਭੈ ਭੀਤ ਸੀ, ਉਨ੍ਹਾਂ ਨੂੰ ਖ਼ੱਖ਼ਰੀਆਂ ਖ਼ੱਖ਼ਰੀਆਂ ਕਰਕੇ ਰੱਖਿਆ ਹੋਇਆ ਸੀ। ਇਹ ਪ੍ਰਭਾਵ ਨੌਜਾਵਾਨਾ ਦੇ ਇਕ ਦੂਜੇ ਪ੍ਰਤੀ ਪੁਸਤਕ ਵਿਚ ਦਿੱਤੇ ਗਏ ਵਿਚਾਰਾਂ ਤੋਂ ਪੈਂਦਾ ਹੈ। ਇਕ ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਿਸਨੂੰ ਮੰਨਣ ਵਿਚ ਯਕੀਨ ਆਉਣਾ ਅਸੰਭਵ ਲੱਗਦਾ ਹੈ ਕਿ ਪਾਕਿਸਤਾਨ ਦੀਆਂ ਗੁਪਤਚਰ ਏਜੰਸੀਆਂ ਪੰਜਾਬ ਵਿਚ ਗੜਬੜ ਵਾਲੇ ਹਾਲਾਤ ਤਾਂ ਬਣਾਈ ਰੱਖਣ ਲਈ ਸਿੱਖ ਸੰਗਠਨਾ ਦੀ ਮਦਦ ਕਰਦੀਆਂ ਅਤੇ ਉਕਸਾਉਂਦੀਆਂ ਸਨ ਪ੍ਰੰਤੂ ਉਹ ਖਾਲਿਸਤਾਨ ਪੱਖੀ ਨਹੀਂ ਸਨ। ਉਹ ਪੰਜਾਬ ਵਿਚ ਅਸਾਵੇ ਂਹਾਲਾਤ ਬਣਾ ਕੇ ਰੱਖਣਾ ਚਾਹੁੰਦੀਆਂ ਸਨ। ਸਭ ਤੋਂ ਮਹੱਤਵਪੂਰਨ ਨੁਕਤਾ ਇਹ ਵੀ ਸਾਫ ਵਿਖਾਈ ਦਿੰਦਾ ਹੈ ਕਿ ਆਮ ਤੌਰ ਤੇ ਸਿੱਖ ਵਿਦਵਾਨ, ਸੰਸਥਾਵਾਂ ਅਤੇ ਧੜੇ ਕਿਸੇ ਵੀ ਮਹੱਤਵਪੂਰਨ ਵਿਸ਼ੇ ਤੇ ਸੰਬਾਦ ਕਰਨ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦੇ ਜਿਸਦਾ ਸੰਬੰਧ ਸਿੱਖ ਵਿਚਾਰਧਾਰਾ, ਦਰਸ਼ਨ, ਵਿਦਵਤਾ ਅਤੇ ਗੁੰਝਲਦਾਰ ਸਿੱਖ ਮਾਨਸਿਕਤਾ ਨਾਲ ਹੋਵੇ। ਉਹ ਤਾਂ ਫਟਾਫਟ ਗਹਿਰ ਗੰਭੀਰ ਗੱਲ ਕਰਨ ਦੀ ਥਾਂ ਤੁਰੰਤ ਬਿਨਾ ਸੋਚੇ ਸਮਝੇ ਕਿਸੇ ਵੀ ਤੇਜ ਤਰਾਰ ਵਿਚਾਰ ਪ੍ਰਗਟ ਕਰਨ ਵਾਲੇ ਦੇ ਹੱਕ ਵਿਚ ਆਪਣੀ ਪ੍ਰਤੀ ਕਿਰਿਆ ਦੇਣ ਵਿਚ ਮਿੰਟ ਵੀ ਨਹੀਂ ਲਗਾਉਂਦੇ ਸਗੋਂ ਜੈਕਾਰਾ ਛੱਡ ਕੇ ਪਰਵਾਨ ਕਰ ਲੈਂਦੇ ਹਨ ਪ੍ਰੰਤੂ ਇਸ ਪੁਸਤਕ ਵਿਚ ਬਾਬਾ ਸਿੰਧੀ ਜਿਸਦਾ ਨਾਂ ਗੁਰਦਿਆਲ ਸਿੰਘ ਸਿੰਧੀ ਹੈ ਦੀ ਕੋਠੀ ਨੂੰ ਵਿਚਾਰ ਚਰਚਾ ਕਰਨ ਦਾ ਕੇਂਦਰ ਮੰਨ ਕੇ ਸੰਬਾਦ ਹੁੰਦਾ ਵਿਖਾਇਆ ਗਿਆ ਹੈ, ਜਿਹੜਾ ਸੰਬਾਦ ਪੜ੍ਹਨ ਤੇ ਬੜਾ ਸਾਰਥਕ ਅਤੇ ਦਲੀਲ ਭਰਪੂਰ ਲੱਗਦਾ ਹੈ। ਇਸ ਵਿਚਾਰ ਚਰਚਾ ਵਿਚ ਸਿੱਖ ਚਿੰਤਕ ਕਰਨੈਲ ਸਿੰਘ, ਪੱਤਰਕਾਰ ਦਲਬੀਰ ਸਿੰਘ ਅਤੇ ਰੰਧਾਵਾ ਆਦਿ ਸ਼ਾਮਲ ਹੁੰਦੇ ਹਨ। ਇਨ੍ਹਾਂ ਦਾ ਸੰਬਾਦ ਕਦੀਂ ਵੀ ਉਲਾਰ ਨਹੀਂ ਹੁੰਦਾ ਜਿਸਨੂੰ ਉਸਾਰੂ ਵਿਚਾਰ ਚਰਚਾ ਦਾ ਨਾਂ ਦਿੱਤਾ ਜਾ ਸਕਦਾ ਹੈ। ਪੱਤਰਕਾਰੀ ਜਿਸਨੂੰ ਪਰਜਾਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਉਸਦੇ ਉਨ੍ਹਾਂ ਦਿਨਾ ਵਿਚ ਫਿਰਕੂ ਅਤੇ ਲਾਲਚੀ ਯੋਗਦਾਨ ਦਾ ਵੀ ਪ੍ਰਗਟਾਵਾ ਕੀਤਾ ਗਿਆ ਹੈ, ਜੋ ਕਿ ਇੱਕ ਗੰਭੀਰ ਅਤੇ ਹਿਰਦੇਵੇਦਿਕ ਗੱਲ ਹੈ, ਕਿਉਂਕਿ ਆਮ ਤੌਰ ਤੇ ਅਖ਼ਬਾਰ ਦੀ ਹਰ ਖ਼ਬਰ ਤੇ ਆਮ ਸਾਧਾਰਨ ਲੋਕ ਵਿਸ਼ਵਾਸ਼ ਕਰ ਲੈਂਦੇ ਹਨ, ਜਦੋਂ ਕਿ ਅਸਲ ਵਿਚ ਉਸ ਸਮੇਂ ਕੁਝ ਕੁ ਹੀ ਨਹੀਂ ਸਗੋਂ ਬਹੁਤੇ ਪੱਤਰਕਾਰਾਂ ਨੇ ਨਿਰਪਖ ਪੱਤਰਕਾਰੀ ਨਹੀਂ ਕੀਤੀ ਸਗੋਂ ਸਰਕਾਰ ਦਾ ਹੱਥਠੋਕਾ ਬਣਕੇ ਕੰਮ ਕਰਦੇ ਰਹੇ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਖ਼ਬਾਰਾਂ ਦੇ ਸੀਨੀਅਰ ਲੋਕ ਵੀ ਆਪਣੇ ਪੱਤਰਕਾਰਾਂ ਨੂੰ ਅਜਿਹੀਆਂ ਇਕਤਰਫਾ ਖ਼ਬਰਾਂ ਭੇਜਣ ਲਈ ਦਬਾਓ ਪਾਉਂਦੇ ਰਹੇ। ਪੱਤਰਕਾਰ ਸੰਗਠਨਾ ਦੇ ਸਲਾਹਕਾਰ ਬਣਕੇ ਵੀ ਸਲਾਹਾਂ ਦਿੰਦੇ ਰਹੇ। ਅਜਿਹੇ ਹਾਲਾਤ ਵਿਚ ਕੁਝ ਇਮਾਨਦਾਰ ਪੱਤਰਕਾਰਾਂ ਨੂੰ ਸਰਕਾਰ ਦੀ ਸਖ਼ਤੀ ਕਰਕੇ ਨਿੰਮੋਝੂਣਾ ਅਤੇ ਜਲੀਲ ਹੋਣਾ ਪਿਆ। ਇਥੋਂ ਤੱਕ ਕਿ ਸ਼ਰੋਮਣੀ ਗੁਰਦੁਆਰਾ ਪੰਬੰਧਕ ਕਮੇਟੀ ਦਾ ਪੀ ਆਰ ਓ ਵੀ ਸਰਕਾਰ ਦੀ ਤਾਈਦ ਕਰਦਾ ਰਿਹਾ। ਫ਼ੌਜੀਆਂ ਦੇ ਵਿਵਹਾਰ ਅਤੇ ਦੋਵਾਂ ਫਿਰਕਿਆਂ ਦੀ ਕੁੜੱਤਣ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਿਆ। ਇੱਕ ਫਿਰਕੇ ਦੇ ਲੋਕਾਂ ਨੇ ਫ਼ੌਜ ਦੀ ਆਮਦ ਦਾ ਸੁਆਗਤ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਲਈ ਮਠਿਆਈਆਂ ਸਰਵ ਕੀਤੀਆਂ ਗਈਆਂ, ਇਥੇ ਹੀ ਲੇਖਕ ਲਿਖਦਾ ਹੈ ਕਿ ਫ਼ੌਜੀਆਂ ਨਾਲੋਂ ਪੰਜਾਬ ਪੁਲਿਸ ਦਾ ਵਿਵਹਾਰ ਮਾੜਾ ਸੀ। ਬਲਿਊ ਸਟਾਰ ਅਪ੍ਰੇਸ਼ਨ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਜ਼ਿੰਮੇਵਾਰ ਸਨ। ਇਸ ਸੰਬੰਧੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਬਿਆਨਾ ਦਾ ਜ਼ਿਕਰ ਕੀਤਾ ਗਿਆ ਹੈ। ਲੇਖਕ ਇਹ ਵੀ ਲਿਖਦਾ ਹੈ ਕਿ ਅਕਾਲੀ ਦਲ ਦੀ ਰਵਾਇਤੀ ਲੀਡਰਸ਼ਿਪ ਵੀ ਉਤਨੀ ਹੀ ਜ਼ਿੰਮੇਵਾਰ ਸੀ, ਜਿਤਨੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸੀ। ਖਾੜਕੂ ਜਥੇਬੰਦੀਆਂ ਵਿਚੋਂ ਡਾ.ਸੋਹਣ ਸਿੰਘ ਦੇ ਯੋਗਦਾਨ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਗਿਆ ਹੈ। ਇਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਦੋਸ਼ੀ ਮੰਨਿਆਂ ਗਿਆ ਹੈ ਕਿÀੁਂਕਿ ਉਹ ਕੇਂਦਰ ਸਰਕਾਰ ਦੇ ਹੱਥੀਂ ਚੜ੍ਹਕੇ ਭਿੰਡਰਾਂਵਾਲੇ ਦੀ ਕੁਰਬਾਨੀ ਦਾ ਮੁੱਲ ਵੱਟਣ ਦੀ ਕੋਸਿਸ਼ ਕਰ ਰਹੇ ਸਨ। ਲੇਖਕ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨੌਜਵਾਨ ਜਥੇਬੰਦੀਆਂ ਵਿਚ ਜੋਸ਼ ਤੇ ਖਰੋਸ਼ ਤਾਂ ਹੈ ਸੀ ਪ੍ਰੰਤੂ ਉਨ੍ਹਾਂ ਵਿਚ ਸਿਆਸੀ ਸੂਝ ਦੀ ਘਾਟ ਕਰਕੇ ਆਪੋ ਧਾਪੀ ਵਿਚ ਪੈ ਕੇ ਇੱਕ ਦੂਜੇ ਧੜੇ ਨਾਲ ਖ਼ਾਨਾਜੰਗੀ ਵਿਚ ਪਏ ਰਹੇ। ਕਈ ਥਾਵਾਂ ਤੇ ਕਈ ਘਟਨਾਵਾਂ ਦਾ ਦੁਹਰਾਓ ਵੀ ਰੜਕਦਾ ਹੈ। ਇਉਂ ਵੀ ਲੱਗਦਾ ਹੈ ਕਿ ਲੇਖਕ ਨੇ ਬੇਲੋੜੀ ਬਿਆਨਬਾਜੀ ਕੀਤੀ ਹੈ। ਆਪਣੇ ਨਜ਼ਦੀਕਆਂ ਨੂੰ ਵੀ ਕਈ ਥਾਵਾਂ ਤੇ ਜ਼ਿਕਰ ਕਰਕੇ ਵਿਸ਼ੇਸ਼ ਮਹੱਤਤਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਲੇਖਕ ਨੂੰ ਉਨ੍ਹਾਂ ਦਿਨਾ ਵਿਚ ਸਹਿਯੋਗ ਦਿੱਤਾ ਸੀ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਦੇ ਕੇ ਸਾਰਥਿਕ ਸਾਬਤ ਹੋ ਗਈ ਹੈ, ਜਿਨ੍ਹਾਂ ਬਾਰੇ ਪਹਿਲਾਂ ਇਤਨੀ ਵਿਸਥਾਰ ਸਹਿਤ ਜਾਣਕਾਰੀ ਕਿਸੇ ਪੁਸਤਕ ਵਿਚ ਨਹੀਂ ਦਿੱਤੀ ਜਾ ਸਕੀ। ਘਟਨਾਵਾਂ ਦੀ ਲੜੀ ਕਿਤੇ ਵੀ ਟੁੱਟਣ ਨਹੀਂ ਦਿੱਤੀ, ਜਿਸ ਕਰਕੇ ਪੁਸਤਕ ਰੌਚਿਕ ਵੀ ਲੱਗਦੀ ਹੈ, ਪਾਠਕ ਪੁਸਤਕ ਨੂੰ ਲਗਾਤਾਰ ਪੜ੍ਹਦਾ ਰਹਿੰਦਾ ਹੈ ਕਿਉਂਕਿ ਉਹ ਸਹੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ। ਹਾਲਾਂ ਕਿ ਕਿਤੇ ਕਿਤੇ ਰੁੱਖਾਪਣ ਵੀ ਅਖੜਦਾ ਹੈ।
– ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
previous post
next post