ਸੰਨ 1997 ਦੀ ਦੇਸ਼ ਭਗਤੀ ਵਾਲੀ ਫਿਲਮ ‘ਬਾਰਡਰ’ ਦੇ ਸੀਕਵਲ ਵਜੋਂ ਬਣ ਰਹੀ ‘ਬਾਰਡਰ 2’ ਦੇ ਟੀਜ਼ਰ ਨੂੰ ਭਾਰਤੀ ਸੈਂਸਰ ਬੋਰਡ ਤੋਂ ਕਲੀਅਰੈਂਸ ਮਿਲ ਗਈ ਹੈ। ਸੰਨੀ ਦਿਓਲ ਇੱਕ ਵਾਰ ਫਿਰ ਆਪਣੇ ਪੁਰਾਣੇ ਕਿਰਦਾਰ ਵਿੱਚ ਵਾਪਸ ਆ ਰਹੇ ਹਨ। ਇਸ ਵਾਰ ਫਿਲਮ ਵਿੱਚ ਉਨ੍ਹਾਂ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵਰਗੇ ਨਵੇਂ ਚਿਹਰੇ ਵੀ ਨਜ਼ਰ ਆਉਣਗੇ।
ਬਾਲੀਵੁੱਡ ਹੀਰੋ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਲੀ ਜੰਗੀ ਡਰਾਮਾ ਫਿਲਮ ‘ਬਾਰਡਰ 2’ ਬਾਰੇ ਨਵੀਂ ਜਾਣਕਾਰੀ ਸ੍ਹਾਮਣੇ ਆਈ ਹੈ। ਇਸ ਫਿਲਮ ਦੇ ਪਹਿਲੇ ਟੀਜ਼ਰ ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਤੋਂ ਹਰੀ ਝੰਡੀ ਮਿਲ ਗਈ ਹੈ। ਹੁਣ ਇਸਨੂੰ 15 ਅਗਸਤ 2025 ਨੂੰ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਫਿਲਮ ਦਾ ਟੀਜ਼ਰ ਰਿਤਿਕ ਰੋਸ਼ਨ ਦੀ ਫਿਲਮ ‘ਵਾਰ 2’ ਦੇ ਨਾਲ ਸਿਨੇਮਾਘਰਾਂ ਵਿੱਚ ਦਿਖਾਇਆ ਜਾਵੇਗਾ।
ਫਿਲਮ ਦੀ ਟੀਮ ਨੇ ਆਪਣੀ ਪਹਿਲੀ ਝਲਕ ਯਾਨੀ ਟੀਜ਼ਰ 7 ਅਗਸਤ ਨੂੰ ਸੈਂਸਰ ਬੋਰਡ ਨੂੰ ਭੇਜਿਆ ਸੀ, ਜਿਸ ਨੂੰ ਬੋਰਡ ਨੇ ਯੂਏ ਸਰਟੀਫਿਕੇਟ ਦੇ ਨਾਲ ਪਾਸ ਕਰ ਦਿੱਤਾ ਹੈ। ਫਿਲਮ ਦੇ ਟੀਜ਼ਰ ਦੀ ਮਿਆਦ 1 ਮਿੰਟ 10 ਸਕਿੰਟ ਹੈ। ਇਸ ਪ੍ਰਮੋਸ਼ਨਲ ਕਲਿੱਪ ਨੂੰ ‘ਡੇਟ ਅਨਾਊਂਸਮੈਂਟ ਟੀਜ਼ਰ’ ਦਾ ਨਾਮ ਦਿੱਤਾ ਗਿਆ ਹੈ, ਜਿਸ ਵਿੱਚ ਫਿਲਮ ਦੀ ਰਿਲੀਜ਼ ਮਿਤੀ ਅਤੇ ਕਹਾਣੀ ਦਿਖਾਈ ਜਾਵੇਗੀ। ਟੀਜ਼ਰ 15 ਅਗਸਤ ਨੂੰ ‘ਵਾਰ 2’ ਨਾਲ ਜੋੜਿਆ ਜਾਵੇਗਾ। ਫਿਲਮ ਨਿਰਮਾਤਾਵਾਂ ਨੇ ਟੀਜ਼ਰ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਇੱਕ ਖਾਸ ਰਣਨੀਤੀ ਬਣਾਈ ਹੈ। ਇਹ ਟੀਜ਼ਰ ਰਿਤਿਕ ਰੋਸ਼ਨ ਅਤੇ ਜੂਨੀਅਰ ਐਨਟੀਆਰ ਦੀ ਫਿਲਮ ‘ਵਾਰ 2’ ਨਾਲ ਜੁੜਿਆ ਹੋਵੇਗਾ, ਜੋ ਕਿ ਆਜ਼ਾਦੀ ਦਿਵਸ ਦੇ ਮੌਕੇ ‘ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਦਰਸ਼ਕਾਂ ਦੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਟੀਜ਼ਰ ਉਨ੍ਹਾਂ ਹੀ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਜਿੱਥੇ ‘ਵਾਰ 2’ ਦਿਖਾਈ ਜਾਵੇਗੀ।
ਬਾਲੀਵੁੱਡ ਦੇ ਵਿੱਚ ਦੇਸ਼ ਭਗਤੀ ਦੀਆਂ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਅਨੁਰਾਗ ਸਿੰਘ ਫਿਲਮ ‘ਬਾਰਡਰ 2’ ਦੇ ਡਾਇਰੈਕਟਰ ਹਨ, ਜੋ ਪਹਿਲਾਂ ਵੀ ਕਈ ਦੇਸ਼ ਭਗਤੀ ਅਤੇ ਯੁੱਧ-ਅਧਾਰਤ ਫਿਲਮਾਂ ਵਿੱਚ ਆਪਣੇ ਡਾਇਰੈਕਸ਼ਨ ਦੇ ਚੁੱਕੇ ਹਨ। ਇਹ ਫਿਲਮ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇ.ਪੀ. ਦੱਤਾ ਅਤੇ ਨਿਧੀ ਦੱਤਾ ਦੁਆਰਾ ਸਾਂਝੇ ਤੌਰ ‘ਤੇ ਬਣਾਈ ਜਾ ਰਹੀ ਹੈ। ਜੇ.ਪੀ. ਦੱਤਾ ਉਹੀ ਨਿਰਦੇਸ਼ਕ ਹਨ ਜਿਨ੍ਹਾਂ ਨੇ ਅਸਲ ‘ਬਾਰਡਰ’ ਫਿਲਮ ਬਣਾਈ ਸੀ, ਜਿਸਨੂੰ ਅਜੇ ਵੀ ਦੇਸ਼ ਭਗਤੀ ਵਾਲੀਆਂ ਫਿਲਮਾਂ ਦੀ ਇੱਕ ਉਦਾਹਰਣ ਮੰਨਿਆ ਜਾਂਦਾ ਹੈ। ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਵੀ ਟੀਜ਼ਰ ਰਾਹੀਂ ਕੀਤਾ ਜਾਵੇਗਾ। ਇਸ ਫਿਲਮ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਲੀਜ਼ ਕਰਨ ਦੀ ਯੋਜਨਾ ਹੈ ਅਤੇ ਫਿਲਮ ਅਗਲੇ ਸਾਲ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।