34 ਸਾਲਾਂ ਤੋਂ ਡਰਾਈਵਿੰਗ ਕਰ ਰਿਹਾ ਡੈਨੀਅਲ ਪਹਿਲੀ ਰੀਓ ਡੀ ਜੇਨੇਰੀਓ ਦੇ ਮਸ਼ਹੂਰ ਕੋਪਾਕਾਬਾਨਾ ਸਮੁੰਦਰ ਤੱਟ ‘ਤੇ ਡਬਲ ਡੈਕਰ ਬੱਸ ਲੈ ਕੇ ਪਹੁੰਚਿਆ। ਸਫੈਦ ਕਮੀਜ਼ ਅਤੇ ਟਾਈ ਪਹਿਨੀ ਉਹ ਬਿਕਨੀ ‘ਚ ਘੁੰਮ ਰਹੀਆਂ ਮੁਟਿਆਰਾਂ ਨਾਲ ਭਰੇ ਇਸ ਬੀਚ ‘ਤੇ ਪਸੀਨੇ ਨਾਲ ਬਦਹਾਲ ਹੋ ਰਿਹਾ ਸੀ।
ਛੇਤੀ ਹੀ ਉਹ ਆਪਣੀ ਬੱਸ ਨੂੰ ਦੱਖਣ ਅਮੇਰਿਕਾ ਦੇ ਬਹੁਤ ਹੀ ਲੰਬੇ ਸਫਰ ‘ਤੇ ਲੈ ਕੇ ਨਿਕਲਣ ਵਾਲਾ ਹੈ। ਅੰਧ ਮਹਾਸਾਗਰ ਦੇ ਤੱਟ ‘ਤੇ ਸਥਿਤ ਬ੍ਰਾਜ਼ੀਲ ਦੇ ਸ਼ਹਿਰ ਰੀਓ ਤੋਂ ਇਸ ਟਾਪੂ ਦੇ ਦੂਸਰੇ ਕੰਢੇ ‘ਤੇ ਪ੍ਰਸ਼ਾਂਤ ਮਹਾਸਾਗਰ ਦੇ ਤੱਟ ‘ਤੇ ਪੇਰੂ ਦੀ ਰਾਜਧਾਨੀ ਲੀਮਾ ਤਕ ਇਹ ਸਫਰ ਵਾਕਈ ਬਹੁਤ ਲੰਬਾ ਹੋਣ ਵਾਲਾ ਹੈ।
ਉਨ੍ਹਾਂ ਦੀ ਬੱਸ ਕੰਪਨੀ ਦੀ ਇਹ ਨਵੀਂ ਬੱਸ ਸੇਵਾ ਦਾ ਪਹਿਲਾ ਸਫਰ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਲੰਬਾ ਬੱਸ ਰੂਟ ਦੱਸਿਆ ਜਾ ਰਿਹਾ ਹੈ।
ਤੱਟ ‘ਤੇ ਮੌਜੂਦ ਲੋਕ ਇਹ ਸੁਣ ਕੇ ਹੈਰਾਨ ਹਨ ਕਿ ਇਹ ਬੱਸ ਮਹਾਂਦੀਪ ਦੇ ਦੂਸਰੇ ਕੰਢੇ ਵਸੇ ਲੀਮਾ ਸ਼ਹਿਰ ਤਕ ਦਾ ਸਫਰ ਕਰੇਗੀ। ਛੇਤੀ ਹੀ ਉਸ ਦੇ ਚਾਰੇ ਪਾਸੇ ਸੈਲਾਨੀਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਅਤੇ ਲੋਕ ਡਰਾਈਵਰ ਨਾਲ ਸੈਲਫੀ ਲੈਣਾ ਚਾਹੁੰਦੇ ਸਨ। ਉਦੋਂ ਉਥੇ ਪੁਲਸ ਕਾਰ ਪਹੁੰਚ ਜਾਂਦੀ ਹੈ ਕਿਉਂਕਿ ਇਸ ਰੁਝੇਵਿਆਂ ਭਰੇ ਤੱਟ ‘ਤੇ ਬੱਸਾਂ ਦੇ ਖੜ੍ਹੇ ਹੋਣ ਦੀ ਮਨਾਹੀ ਹੈ। ਉਨ੍ਹਾਂ ਤੁਰੰਤ ਬੱਸ ਨੂੰ ਉਸ ਦੇ ਰਸਤੇ ‘ਤੇ ਸਾਓ ਪਾਓਲੋ ਵੱਲ ਰਵਾਨਾ ਕਰ ਦਿੱਤਾ।
ਰੀਓ ਤੋਂ ਬਾਹਰ ਨਿਕਲਦੇ ਹੀ ਡਰਾਈਵਰ ਨੂੰ ਇਕ ਘੱਟ ਉਚਾਈ ਵਾਲੀ ਸੁਰੰਗ ‘ਚੋਂ ਲੰਘਣਾ ਪਿਆ। ਕਿਸੇ ਤਰ੍ਹਾਂ ਉਹ ਬੱਸ ਨੂੰ ਉਸ ਵਿਚੋਂ ਸੁਰੱਖਿਅਤ ਕੱਢ ਕੇ ਲੈ ਗਿਆ। 61 ਸਾਲਾ ਇਸ ਪੇਰੂਵੀਅਨ ਨੇ ਇਸ ਤੋਂ ਪਹਿਲਾਂ ਲੀਮਾ ਤੋਂ ਕਾਰਾਕਸ ਤਕ ਬੱਸ ਡਰਾਈਵ ਕੀਤੀ ਹੈ। ਇਹ ਵੀ 5,600 ਕਿਲੋਮੀਟਰ ਦਾ ਬਹੁਤ ਲੰਬਾ ਸਫਰ ਹੈ। ਆਪਣੇ ਤਜਰਬੇ ਦੇ ਆਧਾਰ ‘ਤੇ ਉਹ ਦੱਸਦਾ ਹੈ ਕਿ ਵੇਨੇਜ਼ੁਏਲਾ ‘ਚ ਸਭ ਤੋਂ ਖਰਾਬ ਪੁਲਸ ਵਾਲਿਆਂ ਨਾਲ ਸਾਹਮਣਾ ਹੁੰਦਾ ਹੈ, ਜੋ ਹਰ ਵੇਲੇ ਪੈਸੇ ਠੱਗਣ ਦੀ ਭਾਲ ‘ਚ ਰਹਿੰਦੇ ਹਨ।
ਡੈਨੀਅਲ ਓਰਮੇਨੋ ਬੱਸ ਕੰਪਨੀ ਦਾ ਮੁਲਾਜ਼ਮ ਹੈ। ਹੁਣ ਤਕ ਦੇ ਆਪਣੇ ਕਰੀਅਰ ‘ਚ ਉਹ ਲਗਭਗ 8.2 ਮਿਲੀਅਨ ਕਿਲੋਮੀਟਰ ਸਫਰ ਤੈਅ ਕਰ ਚੁੱਕਾ ਹੈ। ਉਸ ਮੁਤਾਬਕ ਹਰ ਮਹੀਨੇ ਉਹ 20 ਹਜ਼ਾਰ ਕਿਲੋਮੀਟਰ ਬੱਸ ਚਲਾਉਂਦਾ ਹੈ। ਟ੍ਰਾਂਸੋਸ਼ੀਆਨਿਕਾ ਰੋਡ ਬ੍ਰਾਜ਼ੀਲ ਦੇ ਸੋਇਆ ਉਗਾਉਣ ਵਾਲੇ ਇਲਾਕੇ, ਅਮੇਜਨ ਦੇ ਜੰਗਲਾਂ ਅਤੇ ਐਂਡੀਜ਼ ਪਰਬਤਾਂ ਦੀਆਂ ਚੋਟੀਆਂ ਤੋਂ ਹੋ ਕੇ ਲੰਘਦਾ ਹੈ। ਇਹ ਰਸਤਾ ਕਈ ਸਾਲਾਂ ਤੋਂ ਖੁੱਲ੍ਹਾ ਹੈ ਅਤੇ ਡੈਨੀਅਲ ਦਾ ਮਾਲਕ ਕਾਫੀ ਸਮੇਂ ਤੋਂ ਬਹੁਤ ਲੰਬੇ ਸਫਰ ਵਾਲੀ ਇਹ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਰਸਤੇ ‘ਤੇ ਸਭ ਤੋਂ ਉੱਚਾ ਸਥਾਨ ਪੇਰੂ ‘ਚ 4,630 ਮੀਟਰ ਦੀ ਉਚਾਈ ‘ਤੇ ਹੈ। ਪਹਿਲਾਂ ਤੋਂ ਸਾਓ ਪਾਓਲੋ ਤੋਂ ਲੀਮਾ ਤਕ ਸਿੱਧਾ ਰਸਤਾ ਮੌਜੂਦ ਹੈ। ਇਸ ਨੂੰ ਰੀਓ ਤਕ ਵਧਾਉਣ ਲਈ ਮੁਸ਼ਕਲ ਨਾਲ ਅਧਿਕਾਰੀਆਂ ਨੂੰ ਰਾਜ਼ੀ ਕੀਤਾ ਗਿਆ ਹੈ।
ਹਾਲਾਂਕਿ, ਇਸ ਬਹੁਤ ਹੀ ਲੰਬੇ ਰਸਤੇ ‘ਤੇ ਬੱਸ ਸੇਵਾ ਦੀ ਸ਼ੁਰੂਆਤ ਜ਼ਰਾ ਫਿੱਕੀ ਰਹੀ। ਕਿਉਂਕਿ ਇਸ ਦੀ ਮਨਜ਼ੂਰੀ ਅਚਾਨਕ ਮਿਲੀ, ਬੱਸ ਕੰਪਨੀ ਕੋਲ ਇਸ ਸੇਵਾ ਦਾ ਐਲਾਨ ਕਰਨ ਅਤੇ ਰੀਓ ਬੱਸ ਸਟੈਂਡ ‘ਤੇ ਆਪਣਾ ਕੇਂਦਰ ਖੋਲ੍ਹਣ ਦਾ ਵੀ ਸਮਾਂ ਨਹੀਂ ਸੀ। ਅਜਿਹੇ ‘ਚ ਪਹਿਲਾਂ ਸਫਰ ‘ਤੇ ਬੱਸ ਖਾਲੀ ਰਵਾਨਾ ਹੋਈ, ਉਸ ਵਿਚ ਸਿਰਫ ਇਕ ਜਰਮਨ ਡਾਕੂਮੈਂਟਰੀ ਨਿਰਮਾਤਾ ਟੀਮ ਸੀ। ਸਾਓ ਪਾਓਲੋ ਪਹੁੰਚ ਕੇ ਇਸ ਨੂੰ ਆਪਣੇ ਪਹਿਲੇ 18 ਮੁਸਾਫਰ ਨਸੀਬ ਹੋਏ।
ਬੱਸ ਕੰਪਨੀ ਦਾ ਸਥਾਨਕ ਬੁਲਾਰਾ ਓਸਕਰ ਵਾਸਕਵੇਜ ਕਹਿੰਦਾ ਹੈ, ”ਅਸੀਂ ਦੁਨੀਆ ਦੇ ਅਜੂਬਿਆਂ ਕ੍ਰਿਸਟੋ ਅਤੇ ਮਾਚੂ ਪੀਚੋ ਨੂੰ ਇਕੱਠੇ ਲਿਆ ਰਹੇ ਹਾਂ।” ਜ਼ਿਕਰਯੋਗ ਹੈ ਕਿ ਰੀਓ ਸ਼ਹਿਰ ‘ਚ ਬਣੀ ਜੀਸਸ ਦੀ ਵਿਸ਼ਾਲ ਮੂਰਤੀ ਨੂੰ ਕ੍ਰਿਸਟੋ ਕਹਿੰਦੇ ਹਨ ਜਦਕਿ ਮਾਚੂ ਪੀਚੂ ਆਪਣੀ ਇੰਕਾ ਸੱਭਿਅਤਾ ਦੇ ਖੰਡਰਾਂ ਲਈ ਮਸ਼ਹੂਰ ਹੈ। ਹਫਤੇ ‘ਚ ਦੋ ਦਿਨ ਸ਼ਨੀਵਾਰ ਅਤੇ ਬੁੱਧਵਾਰ ਬੱਸ ਰੀਓ ਤੋਂ ਚੱਲੇਗੀ ਜਦਕਿ ਵਾਪਸੀ ਲੀਮਾ ਤੋਂ ਵੀਰਵਾਰ ਅਤੇ ਐਤਵਾਰ ਨੂੰ ਹੁੰਦੀ ਹੈ। ਸਾਓ ਪਾਓਲੋ ਤੋਂ ਬਾਅਦ ਰਸਤੇ ‘ਚ ਕੈਂਪੋ ਗ੍ਰਾਂਦ, ਕੁਇਆਬਾ ਅਤੇ ਪੋਰਤੋ ਵੇਲਹੋ ਪੈਂਦੇ ਹਨ। ਪੇਰੂ ਦੀ ਸਰਹੱਦ ਪਾਰ ਕਰਦੇ ਹੀ ਪੁਏਰਤੋ ਮਾਲਦੋਨਾਦੋ, ਕੁਸਕੋ ਅਤੇ ਨਾਸਕਾ ਆਉਂਦੇ ਹਨ। ਰੀਓ ਤੋਂ ਲੀਮਾ ਤਕ ਦੇ ਚਾਰ ਦਿਨ ਦੇ ਇਸ ਸਫਰ ਦੀ ਟਿਕਟ ਲਗਭਗ 210 ਡਾਲਰ ਹੈ।
ਪਹਿਲੇ ਸਫਰ ‘ਚ ਬੱਸ ਵਿਚ ਚਾਰ ਡਰਾਈਵਰ ਹਨ। ਹਾਲਾਂਕਿ, ਬਾਅਦ ਵਿਚ ਇਸ ‘ਚ 2 ਜਾਂ ਵੱਧ ਤੋਂ ਵੱਧ 3 ਡਰਾਈਵਰ ਹੋਣਗੇ। ਹਰੇਕ ਡਰਾਈਵਰ 4 ਘੰਟੇ ਬੱਸ ਚਲਾਉਣ ਤੋਂ ਬਾਅਦ ਆਰਾਮ ਕਰਦਾ ਹੈ। ਬੱਸ ‘ਚ 44 ਸਾਧਾਰਨ ਅਤੇ 12 ਸਲੀਪਰ ਸੀਟਾਂ ਹਨ। ਤੇਲ ਭਰਨ ਲਈ ਰੁਕਣ ਤੋਂ ਇਲਾਵਾ ਰੋਜ਼ ਇਹ ਸਿਰਫ 2 ਵਾਰ ਭੋਜਨ ਅਤੇ ਟੁਆਇਲਟ ਬ੍ਰੇਕ ਲਈ ਰੁਕਦੀ ਹੈ।
ਰੀਓ ਤੋਂ ਬੱਸ ਦੇ ਰਵਾਨਾ ਹੋਣ ਮੌਕੇ ‘ਤੇ ਪੇਰੂ ਗੇ ਰੌਂਲੁਵ-ਜਨਰਲ ਮੌਜੂਦ ਸਨ। ਉਹ ਕਹਿੰਦੇ ਹਨ, ”ਇਸ ਲੰਬੇ ਰਸਤੇ ‘ਤੇ ਮੈਂ ਜੁਲਾਈ ‘ਚ ਆਪਣੀ ਕਾਰ ‘ਚ ਸਫਰ ਕੀਤਾ ਸੀ। ਉਦੋਂ ਮੇਰੇ ਨਾਲ ਜਰਮਨੀ ਦੇ ਕੌਂਸੁਲ-ਜਨਰਲ ਹੇਰਾਲਡ ਕਲੀਨ ਵੀ ਸਨ।” ਰਸਤੇ ‘ਚ ਕਈ ਸਥਾਨਾਂ ਨੂੰ ਦੇਖਣ ਲਈ ਰੁਕ-ਰੁਕ ਕੇ ਉਹ ਆਏ ਸਨ, ਇਸ ਲਈ ਉਨ੍ਹਾਂ ਨੂੰ ਇਸ ਸਫਰ ‘ਚ 11 ਦਿਨ ਲੱਗੇ ਸਨ।
ਹਾਲਾਂਕਿ, ਇਸ ਟ੍ਰਾਂਸੋਸ਼ੀਆਨਿਕਾ ਹਾਈਵੇ ਨਾਲ ਜੁੜੀਆਂ ਕਈ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ ਹਨ। ਹਜ਼ਾਰਾਂ ਨਵੇਂ ਰੋਜ਼ਗਾਰ ਪੈਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਪਰ ਹਕੀਕਤ ‘ਚ ਇਸ ਸੜਕ ਨੂੰ ਬਹੁਤ ਘੱਟ ਇਸਤੇਮਾਲ ਕੀਤਾ ਜਾ ਰਿਹਾ ਹੈ। ਦੱਖਣ ਅਮੇਰਿਕਾ ‘ਚ ਸੜਕ ਮਾਰਗਾਂ ਦੇ ਜਾਲ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਮਾਰਗਾਂ ਦੇ ਨਿਰਮਾਣ ‘ਤੇ ਚਰਚਾ ਹੋਣ ਲੱਗੀ ਹੈ ਤਾਂ ਕਿ ਏਸ਼ੀਆ ਲਈ ਬੰਦਰਗਾਹਾਂ ਤਕ ਮਾਲ ਜ਼ਿਆਦਾ ਤੇਜ਼ੀ ਨਾਲ ਭੇਜਿਆ ਜਾ ਸਕੇ। ਬ੍ਰਾਜ਼ੀਲ, ਪੇਰੂ ਅਤੇ ਬੋਲੀਵੀਆ ਅੰਧਮਹਾਸਾਗਰ ਤੋਂ ਪ੍ਰਸ਼ਾਂਤ ਮਹਾਸਾਗਰ ਤਕ ਰੇਲ ਸੇਵਾ ਸ਼ੁਰੂ ਕਰਨ ‘ਤੇ ਵੀ ਵਿਚਾਰ ਕਰ ਰਹੇ ਹਨ, ਜਿਸ ਦੇ ਲਈ ਚੀਨ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਦੋਂ ਤਕ ਦੁਨੀਆਂ ਦੇ ਇਸ ਸਭ ਤੋਂ ਲੰਬੇ ਬੱਸ ਰੂਟ ‘ਤੇ ਇਹ ਸਫਰ ਬੇਸ਼ੱਕ ਇਕ ਹੌਲੀ ਪਰ ਹਵਾਈ ਸੇਵਾ ਨਾਲੋਂ ਬਹੁਤ ਸਸਤਾ ਬਦਲ ਹੈ।