ਸੁੰਦਰ ਪੰਜ ਜਮਾਤਾਂ ਪਾਸ ਇੱਕ ਪ੍ਰਵਾਸੀ ਮਜ਼ਦੂਰ ਸੀ। ਘਰ ਦੀ ਜਿੰਮੇਦਾਰੀ ਚੁੱਕਦਿਆਂ ਇੱਕ ਵੱਡੇ ਜਿਮੀਂਦਾਰ ਕੋਲ ਸੀਰੀ ਰਲ ਗਿਆ। ਵਧੀਆ ਕਾਮਾ ਹੋਣ ਕਾਰਨ ਜਿਮੀਂਦਾਰ ਦਾ ਉਸ ਉੱਪਰ ਭਰੋਸਾ ਬਣ ਗਿਆ ਸੀ। ਆਪਣਾ ਘਰ ਬਣਾਉਣ ਲਈ ਜਿਮੀਂਦਾਰ ਤੋਂ ਸੱਠ ਹਜ਼ਾਰ ਰੁਪਏ ਅਗਾਉਂ ਮੰਗ ਲਏ। ਜਿਮੀਂਦਾਰ ਪ੍ਰੇਮ ਸਿੰਘ ਕਹਿਣ ਲੱਗਾ ਰੁਪਏ ਤਾਂ ਲੈ ਲਾ, ਪਰ ਵਿਆਜ ਦਾ ਬੋਝ ਬਹੁਤ ਭਾਰੀ ਹੁੰਦਾ।” ਸੁੰਦਰ ਕਹਿਣ ਲੱਗਾ,” ਆਪਣਾ ਘਰ ਹੋਣ ਦੇ ਸਾਹਮਣੇ ਤਾਂ ਇਹ ਬੋਝ ਘੱਟ ਹੀ ਲੱਗੇਗਾ, ਨਾਲੇ ਮੈਂ ਕਿਹੜਾ ਤੁਹਾਡੇ ਕੋਲੋਂ ਕਿਤੇ ਹੋਰ ਜਾਣਾ ਹੈ, ਸਭ ਉੱਤਰ ਜਾਵੇਗਾ।”ਸ਼ਹਿਰ ਦੀ ਇੱਕ ਬਸਤੀ ਵਿੱਚ ਇੱਕ ਵਿਸਵਾ ਜਗ੍ਹਾ ਲੈ ਲਈ, ਉਸ ਉੱਪਰ ਕੜੀਆਂ-ਬਾਲਿਆਂ ਦੀ ਛੱਤ ਦਾ ਇੱਕ ਕੋਠਾ ਖੜਾ ਕਰ ਲਿਆ।
ਘਰ ਵਿੱਚ ਅੱਠ ਜਮਾਤਾਂ ਪਾਸ ਇੱਕ ਸੁੰਦਰ ਪਤਨੀ ਸਵਿੱਤਰੀ ਅਤੇ ਦੋ ਬੱਚੇ ਇੱਕ ਵੱਡਾ ਮੁੰਡਾ ਤੇ ਇੱਕ ਛੋਟੀ ਕੁੜੀ ਹੋ ਗਏ ਸਨ। ਮੀਆਂ-ਬੀਬੀ ਦੋਵੇਂ ਜਣੇ ਸਾਡੇ ਸਕੂਲ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਆਏ। ਮੈਂ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਸਮਝਦਿਆਂ ਦਾਖਲਾ ਅਤੇ ਫ਼ੀਸ ਵਿੱਚੋਂ ਅੱਧ ਤੋਂ ਜਿਆਦਾ ਮੁਆਫ਼ ਕਰ ਦਿੱਤੇ। ਬੱਚਿਆਂ ਦੀ ਜਾਤ ਉਸਨੇ ਬਿਹਾਰ ਦੀ ਜਨਰਲ ਕੈਟਾਗਿਰੀ ਦੀ ਗੁਪਤਾ ਲਿਖਵਾਈ। ਸ਼ਕਲ ਤੋਂ ਸੁੰਦਰ ਮਜ਼ਦੂਰ ਨਹੀਂ ਜਾਪਦਾ ਸੀ।
ਬੱਚਿਆਂ ਦੇ ਹਰ ਰੋਜ ਸਕੂਲ ਦੀ ਵੈਨ ਵਿੱਚ ਆਉਣ-ਜਾਣ ਨਾਲ਼, ਸੁੰਦਰ ਬੱਚਿਆਂ ਦੀ ਸੁਰੱਖਿਆ ਪੱਖੋਂ ਬੇਫਿਕਰ ਹੋ ਜਾਂਦਾ ਸੀ ਅਤੇ ਪੂਰੀ ਲਗਨ ਨਾਲ਼ ਜਿਮੀਂਦਾਰ ਦੇ ਖੇਤ ਵਿੱਚ ਕੰਮ ਕਰਦਾ ਸੀ। ਜਿਮੀਂਦਾਰ ਦੀ ਕੁੱਲ ਪੰਜ ਸੌ ਵਿੱਘੇ ਜਮੀਨ ਵਿੱਚੋਂ ਢਾਈ ਸੋ ਵਿੱਘੇ ਜਮੀਨ ਤੇ ਵਾਹੀ ਅਤੇ ਪਾਣੀ ਲਾਉਣ ਦੀ ਡਿਊਟੀ ਸੁੰਦਰ ਦੀ ਹੁੰਦੀ ਸੀ। ਬਾਕੀ ਢਾਈ ਸੋ ਵਿੱਘੇ ਉੱਪਰ ਦੂਜਾ ਸੀਰੀ ਸੀ। ਦੋਵੇਂ ਸੀਰੀ ਆਪੋ-ਆਪਣੀ ਮੋਟਰ ਤੇ ਹੀ ਸੌਂਦੇ ਸੀ।
ਇੱਕ ਸਾਲ ਬੀਤਣ ਤੋਂ ਬਾਅਦ ਜਿਮੀਂਦਾਰ, ਸੁੰਦਰ ਨੂੰ ਹਿਸਾਬ ਸਮਝਾਉਂਦੇ ਹੋਏ ਕਹਿਣ ਲੱਗਾ,”ਸੱਠ ਹਜਾਰ ਤੋਂ ਇਲਾਵਾ ਤੇਰੇ ਵੱਲ ਪੱਚੀ ਹਜਾਰ, ਹੋਰ ਟੁੱਟ ਗਿਆ। ਹੁਣ ਤੇਰੇ ਵੱਲ ਕੁੱਲ ਪਚਾਸੀ ਹਜਾਰ ਖੜਾ ਹੈ। ਸੁਣ ਕੇ ਸੁੰਦਰ ਸੁੰਨ ਜਿਹਾ ਹੋ ਗਿਆ। ਸੋਚਣ ਲੱਗਾ ਕਿਤੇ ਇਹ ਸੱਠ ਹਜਾਰ ਮੇਰੇ ਲਈ ਸਾਰੀ ਉਮਰ ਦਾ ਜੰਜਾਲ ਹੀ ਨਾ ਬਣ ਜਾਵੇ।
ਆਮ ਤੌਰ ਤੇ ਖੇਤ ਵਾਲੀ ਬਿਜਲੀ ਰਾਤ ਨੂੰ ਹੀ ਆਉਂਦੀ ਸੀ, ਇਸ ਲਈ ਸੁੰਦਰ ਨੂੰ ਰਾਤਾਂ ਨੂੰ ਵੀ ਜਾਗਣਾ ਪੈਂਦਾ ਸੀ। ਇੱਕ ਦਿਨ ਅੱਧੇ ਦਿਨ ਦੀ ਛੁੱਟੀ ਲੈ ਕੇ ਸਕੂਲ ਵਿੱਚ ਬੱਚਿਆਂ ਦੀ ਵਰਦੀ ਲਈ ਕਹਿਣ ਆਇਆ, ਹੱਥ ਜੋੜ ਕੇ ਮੈਨੂੰ ਕਹਿਣ ਲੱਗਾ, “ਮੈਡਮ ਜੀ ਸਿਰ ਉੱਤੇ ਜਿਮੀਂਦਾਰ ਦਾ ਕਰਜਾ ਹੀ ਐਨਾਂ ਚੜ੍ਹ ਗਿਆ ਹੈ, ਹੋਰ ਪੈਸੇ ਮੰਗਣ ਤੋਂ ਡਰ ਲੱਗਦਾ ਹੈ। ਹੁਣ ਘਰਵਾਲੀ ਵੀ ਦਿਹਾੜੀ ਜਾਇਆ ਕਰੇਗੀ ਫੇਰ ਦੋਵੇਂ ਬੱਚਿਆਂ ਨੂੰ ਵਰਦੀ ਲੈ ਕੇ ਦੇਵਾਂਗੇ।
ਮੈਂ ਤਰਸ ਖਾਂਦਿਆਂ ਕਿਹਾ ਸਕੂਲ ਵਿੱਚ ਸਾਡੇ ਕੋਲ ਜੀ.ਪੀ.ਐਫ (ਗਰੀਬ ਪਰਿਵਾਰ ਫੰਡ) ਪਿਆ ਹੈ, ਉਸ ਵਿੱਚੋਂ ਵਰਦੀਆਂ ਦਾ ਇੰਤਜਾਮ ਹੋ ਜਾਵੇਗਾ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ, ਤੁਸੀਂ ਜਿਮੀਂਦਾਰ ਤੋਂ ਇੱਕ ਕਾਪੀ ਉੱਪਰ ਕਰਜੇ ਦਾ ਹਿਸਾਬ ਲਿਖਵਾ ਲਵੋ, ਅਤੇ ਆਪਣੀ ਉਜਰਤ ਵਧਾਉਣ ਬਾਰੇ ਵੀ ਕਹੋ।”
“ਮੈਡਮ ਜੀ ਜਦੋਂ ਜਿਮੀਂਦਾਰ ਕੋਲੋਂ ਮੈਂ ਸੱਠ ਹਜਾਰ ਰੁਪਏ ਫੜੇ ਸਨ, ਉਦੋਂ ਹੀ ਉਹ ਕਹਿੰਦਾ ਸੀ ਤਿੰਨ ਰੁ ਸੈਂਕੜਾ ਇੱਕ ਮਹੀਨੇ ਦੇ ਲੱਗਣਗੇ, ਰੁਪਏ ਦੇਖ ਕੇ ਫੜ। ਮੈਂ ਉਸਨੂੰ ਕਿਹਾ, “ਪਹਿਲਾਂ ਤਾਂ ਉਸਨੂੰ ਵਿਆਜ ਲਗਾਉਣਾ ਹੀ ਨਹੀਂ ਚਾਹੀਦਾ ਸੀ, ਕਿਉਂਕਿ ਉਹ ਵੱਡਾ ਜਿਮੀਂਦਾਰ ਹੈ, ਉਸਨੇ ਕਿਹੜਾ ਆੜ੍ਹਤੀਏ ਤੋਂ ਫੜੇ ਹਨ, ਦੂਜਾ ਜਿਹੜਾ ਤੂੰ ਰਾਤ ਨੂੰ ਕੰਮ ਕਰਦਾ ਹੈਂ, ਉਹਦਾ ਕਿਹੜਾ ਤੈਨੂੰ ਓਵਰ ਟਾਈਮ ਮਿਲਦਾ ਹੈ। ਇਸ ਕਰਕੇ ਉਸ ਨਾਲ਼ ਤਕੜਾਈ ਨਾਲ਼ ਗੱਲ ਕਰਕੇ ਪਹਿਲੇ ਸਾਲ ਦਾ ਵਿਆਜ ਅਤੇ ਅੱਗੇ ਤੋਂ ਲੱਗਣ ਵਾਲਾ ਵਿਆਜ ਵੀ ਖ਼ਤਮ ਕਰਨ ਲਈ ਕਹੋ। ਨਹੀਂ ਤਾਂ ਇਹ ਪੂਛਲ ਤਾਰੇ ਦੀ ਪੂਛ ਵਾਂਗ ਵਧਦਾ ਕਰਜਾ ਤੁਹਾਡੇ ਸਾਰੇ ਪਰਿਵਾਰ ਨੂੰ ਹੀ ਨਿਗਲ ਜਾਵੇਗਾ।”
ਮੈਡਮ ਜੀ ਮੈਂ ਕੀ ਕਰਾਂ, ਜਿਮੀਂਦਾਰ ਅੱਗੇ ਬੋਲਣ ਦਾ ਹੋਂਸਲਾ ਹੀ ਨਹੀਂ ਪੈਂਦਾ।”ਮੈਂ ਕਿਹਾ, “ਪਰਿਵਾਰ ਦੀ ਖਾਤਰ ਹੌਂਸਲਾ ਤਾਂ ਕਰਨਾ ਹੀ ਪਵੇਗਾ, ਨਾਲੇ ਆਪਣੇ ਹੱਕ ਦੀ ਗੱਲ ਕਰਨ ਤੋਂ ਕਾਹਦਾ ਡਰ। ”
ਅਗਲੇ ਦਿਨ ਜਿਮੀਂਦਾਰ, ਸੁੰਦਰ ਨੂੰ ਕਹਿਣ ਲੱਗਾ, “ਟ੍ਰੈਕਟਰ ਨਾਲ਼ ਛੋਟੀ ਟਰਾਲੀ ਜੋੜ ਲੈ, ਸ਼ਹਿਰੋਂ ਸੌਦਾ ਚੁੱਕ ਕੇ ਲੈ ਕੇ ਆਉਣਾ ਹੈ, ਨਾਲੇ ਬੈਂਕ ਵਿੱਚੋਂ ਸਰਕਾਰ ਦੇ ਭੇਜੇ ਦੋ ਹਜਾਰ ਰੁਪਏ ਕਢਵਾਉਣੇ ਨੇ, ਕਹਿੰਦੇ ਨੇ ਜੇ ਨਾ ਕਢਵਾਓ ਤਾਂ ਮੁੜਕੇ ਨਹੀਂ ਆਉਂਦੇ। ਸੁੰਦਰ ਬੋਲਿਆ,”ਠੀਕ ਹੈ ਸਰਦਾਰ ਜੀ।” ਸ਼ਹਿਰ ਵਿੱਚ, ਇੱਕ ਹਲਵਾਈ ਨਾਲ਼ ਸੁੰਦਰ ਨੂੰ ਮਿਲਵਾਉਂਦਿਆਂ ਜਿਮੀਂਦਾਰ ਕਹਿਣ ਲੱਗਾ,”ਕਲ੍ਹ ਤੋਂ ਸਾਡਾ ਇਹ ਕਾਮਾ ਦੁੱਧ ਪਾਉਣ ਆਵੇਗਾ।” ਸੁੰਦਰ ਨੇ ਇਸ ਵਾਧੂ ਪਈ ਜਿੰਮੇਵਾਰੀ ਦਾ ਵੀ ਕੋਈ ਮਲਾਲ ਨਹੀਂ ਮੰਨਿਆ।
ਸੁੰਦਰ ਖੁਰਲੀ ਵਿੱਚ ਪਸ਼ੂਆਂ ਨੂੰ ਚਾਰਾ ਪਾ ਰਿਹਾ ਸੀ। ਜਿਮੀਂਦਾਰ ਦੀ ਵੱਡੀ ਕੁੜੀ ਕੀਰਤ, ਪੰਜ ਸੋ ਰੁਪਏ ਦਾ ਪੱਤਾ ਸੁੰਦਰ ਦੀ ਜੇਬ ਵਿੱਚ ਪਾਉਂਦਿਆਂ ਕਹਿਣ ਲੱਗੀ,”ਰੱਖ ਲੈ ਬੱਚਿਆਂ ਲਈ ਕੋਈ ਚੀਜ ਲੈ ਜਾਵੀਂ।”
ਇਹ ਦੇਖ ਕੇ ਸੁੰਦਰ ਸੋਚਾਂ ਵਿੱਚ ਪੈ ਗਿਆ, ਪਤਾ ਲੱਗਣ ਤੇ ਰੌਲਾ ਪੈ ਜਾਣ ਦੇ ਡਰੋਂ ਕੁਝ ਵੀ ਨਾ ਬੋਲਿਆ। ਉਸ ਦੇ ਦਿਮਾਗ ਵਿੱਚ ਤਰਾਂ-ਤਰਾਂ ਦੇ ਸਵਾਲ ਆਉਣ ਲੱਗੇ। ਕਦੇ ਸੋਚਦਾ ਮੇਰੇ ਤੇ ਤਰਸ ਖਾ ਕੇ ਦਿੱਤੇ ਹਨ, ਕਦੇ ਸੋਚਦਾ ਜਵਾਨ ਕੁੜੀ ਹੈ ਕੀ ਪਤਾ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਜੇਕਰ ਮੈਂ ਇਹ ਰੁਪਏ ਜਿਮੀਂਦਾਰ ਨੂੰ ਵਾਪਿਸ ਕਰ ਦਿੱਤੇ ਤਾਂ ਉਹ ਕੀਰਤ ਤੇ ਗਲਤ ਸ਼ੰਕਾ ਕਰਨਗੇ, ਖਾਮ-ਖਾ ਇੱਕ ਵੱਡਾ ਵਖੇੜਾ ਖੜਾ ਹੋ ਜਾਵੇਗਾ।
ਤੀਜੇ ਦਿਨ-ਕੀਰਤ ਨੇ ਫਿਰ ਪਹਿਲਾਂ ਵਾਂਗ ਕੀਤਾ, ਪੰਜ ਸੋ ਦਾ ਇੱਕ ਹੋਰ ਪੱਤਾ ਉਸਦੀ ਜੇਬ ਵਿੱਚ ਪਾ ਦਿੱਤਾ।
ਹੁਣ ਤਾਂ ਸੁੰਦਰ ਨੂੰ ਇੱਕ ਤਕੜੀ ਮੁਸੀਬਤ ਆਉਂਦੀ ਦਿਖਣ ਲੱਗ ਪਈ। ਉਸਨੂੰ ਸਮਝ ਨਹੀਂ ਆ ਰਿਹਾ ਸੀ, ਉਹ ਇਸ ਮੁਸੀਬਤ ਚੋਂ ਕਿਵੇਂ ਨਿਕਲੇ। ਦਿਨ ਭਰ ਸੋਚਦਾ ਰਿਹਾ।
ਰਾਤ ਨੂੰ ਸੁੰਦਰ ਘਰ ਆਇਆ, ਸਵਿੱਤਰੀ ਨੂੰ ਕਹਿਣ ਲੱਗਾ, “ਦੱਸ ਤੂੰ ਸੱਚਮੁਚ ਦੀ ਸਵਿੱਤਰੀ ਹੈ, ਕੀ ਨਾਮ ਦੀ?”
ਸਵਿੱਤਰੀ ਕਹਿਣ ਲੱਗੀ,”ਗੱਲ ਦੱਸ ਕੀ ਹੈ? ਆਪਣੇ ਵਿਆਹ ਨੂੰ ਅੱਜ ਬਾਰਾਂ ਸਾਲ ਹੋ ਗਏ ਨੇ, ਜਦੋਂ ਅੱਜ ਤੱਕ ਸਵਿੱਤਰੀ ਬਣਕੇ ਰਹੀ ਹਾਂ, ਅੱਗੋਂ ਵੀ ਸੱਚੀ ਸਵਿੱਤਰੀ ਹੀ ਰਹਾਂਗੀ, ਬੰਦਾ ਤਾਂ ਦੋ ਦਿਨਾਂ “ਚ ਪਛਾਣਿਆ ਜਾਂਦਾ।”
“ਲੈ ਫੇਰ ਸੁਣ, ਜਿਮੀਂਦਾਰ ਨੇ ਗੁਜਰਾਤ ਚ ਜਮੀਨ ਲੈ ਲਈ ਹੈ, ਮੇਰੀ ਜਿੰਮੇਵਾਰੀ ਉੱਥੇ ਲਗਾ ਦਿੱਤੀ ਹੈ, ਸਾਲ ਬਾਅਦ ਮੁੜਿਆ ਕਰੁੰ, ਕੱਲ੍ਹ ਨੂੰ ਬੈਂਕ ਚ ਤੇਰਾ ਖਾਤਾ ਵੀ ਖੁਲਵਾਉਣਾ ਹੈ, ਮੈਂ ਉੱਥੋਂ ਹੀ ਪੈਸੇ ਭੇਜ ਦਿਆ ਕਰਾਂਗਾ। ਅੱਜ ਜਿਮੀਂਦਾਰ ਦੇ ਲੱਗਿਆਂ ਸੱਤ ਸਾਲ ਹੋ ਗਏ ਹਨ, ਅੱਜ ਆਪਣੇ ਸਿਰ ਤੇ ਜਿਮੀਂਦਾਰ ਦਾ ਚਾਰ ਲੱਖ ਰੁਪਏ ਦਾ ਕਰਜਾ ਹੈ, ਇੱਥੇ ਰਹਿੰਦੀਆਂ ਤਾਂ ਇਹ ਉਤਰਨਾ ਨਹੀਂ, ਗੁਜਰਾਤ ਵਿੱਚ ਮੇਰੀ ਦੋ ਗੁਣੀ ਉਜਰਤ ਹੋਵੇਗੀ, ਹੋ ਸਕਦੇ ਇਸ ਕਰਜੇ ਦਾ ਜੰਜਾਲ ਲਹਿ ਜਾਵੇ। ਨਾਲ਼ੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਣ ਲੱਗਿਆ ਹਾਂ, ਜੇਕਰ ਤੂੰ ਇਹ ਗੱਲ ਬਸਤੀ ਦੀ ਕਿਸੇ ਵੀ ਔਰਤ ਨੂੰ ਦੱਸ ਦਿੱਤੀ, ਤਾਂ ਗੱਲ ਉੱੜਦੀ-ਉੱੜਦੀ ਜਿਮੀਂਦਾਰ ਕੋਲ ਪਹੁੰਚ ਜਾਵੇਗੀ।” ਕੀਰਤ ਵਾਲੀ ਸਾਰੀ ਗੱਲ ਦੱਸਦਿਆਂ ਕਹਿਣ ਲੱਗਿਆ,”ਜੇਕਰ ਜਿਮੀਂਦਾਰ ਨੂੰ ਪਤਾ ਲੱਗਾ ਗਿਆ ਤਾਂ ਉਹ ਸੋਚੇਗਾ, ਪਤਾ ਨਹੀਂ ਕਿੰਨੇ ਕੁ ਪੈਸੇ ਇਸਨੂੰ ਖਵਾ ਦਿੱਤੇ, ਇੱਕ ਗੱਲ ਹੋਰ ਯਾਦ ਰੱਖਣਾ ਆਪਣੇ ਬੱਚਿਆਂ ਦੇ ਭਵਿੱਖ ਲਈ ਮੈਡਮ ਜੀ ਆਪਣੇ ਨਾਲ਼ ਹਮਦਰਦੀ ਰੱਖਦੇ ਹਨ, ਦੋਵੇਂ ਬੱਚਿਆਂ ਨੂੰ ਬਾਰਾਂ ਇੱਥੋਂ ਹੀ ਕਰਵਾਉਣੀਆਂ ਹਨ, ਮੈਡਮ ਜੀ ਨੂੰ ਕਹਿ ਦੇਣਾ, ਫੀਸ ਦਾ ਬਿਲਕੁਲ ਫਿਕਰ ਨਾ ਕਰਨ।”
ਸਾਰੇ ਪਿੰਡ ਚ ਰੌਲਾ ਪੈ ਗਿਆ ਸੁੰਦਰ ਭੱਜ ਗਿਆ। ਜਿਮੀਂਦਾਰ ਵੀ ਕਹਿਣ ਲੱਗ ਪਿਆ, “ਅਸੀਂ ਪੈਸੇ ਲੈਣੇ ਸੀ, ਇਸ ਕਰਕੇ ਸੁੰਦਰ ਭੱਜ ਗਿਆ।” ਪਰ ਕੀਰਤ, ਸੁੰਦਰ ਦੇ ਭੱਜਣ ਲਈ ਆਪਣੇ ਬਾਪੂ ਵੱਲੋਂ ਉਸ ਉੱਪਰ ਠੋਸੇ ਕਰਜੇ ਨੂੰ ਜਿੰਮੇਵਾਰ ਦੱਸ ਰਹੀ ਸੀ।
ਅਗਲੇ ਦਿਨ ਜਿਮੀਂਦਾਰ ਅਤੇ ਉਸਦਾ ਵੱਡਾ ਮੁੰਡਾ ਰੂਬੀ ਜੀਪ ਰਾਹੀਂ ਸੇਵੇਰੇ ਸੱਤ ਵਜੇ ਸੁੰਦਰ ਦੇ ਘਰ ਸ਼ਹਿਰ ਦੀ ਬਸਤੀ ਵਿੱਚ ਪਹੁੰਚ ਗਏ। ਘਰ ‘ਚ ਵੜਨ ਸਾਰ ਰੂਬੀ ਨੇ ਸਵਿੱਤਰੀ ਦੇ ਵਾਲ ਫੜ ਕੇ ਧਮਕਾਉਂਦਿਆਂ ਕਹਿਣ ਲੱਗਾ, “ਸੱਚ ਦੱਸਦੇ ਸੁੰਦਰ ਕਿੱਥੇ ਹੈ? ਨਹੀਂ ਤਾਂ ਸਾਰੇ ਟੱਬਰ ਨੂੰ ਜੇਲ੍ਹ ਭੁਗਤਣੀ ਪਵੇਗੀ।”
ਸਵਿੱਤਰੀ ਹੱਥ ਜੋੜ ਕੇ ਕਹਿਣ ਲੱਗੀ,”ਮੈਨੂੰ ਤਾਂ ਉਹ ਕਲ੍ਹ ਕਹਿ ਰਿਹਾ ਸੀ, ਜਿਮੀਂਦਾਰ ਨੇ ਗੁਜਰਾਤ ਚ ਜਮੀਨ ਲੈ ਲਈ ਹੈ, ਜਿਮੀਂਦਾਰ ਨੇ ਮੇਰੀ ਡਿਊਟੀ ਉੱਥੇ ਲਗਾ ਦਿੱਤੀ ਹੈ, ਮੈਂ ਸੱਚੇ ਦਿਲ ਨਾਲ਼ ਕਹਿੰਦੀ ਹਾਂ, ਜੇ ਮੇਰੇ ਕੋਲ ਉਸਦਾ ਫੋਨ ਆਇਆ ਜਾਂ ਮੈਨੂੰ ਉਸ ਬਾਰੇ ਪਤਾ ਲੱਗਿਆ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੀ।” ਜਿਮੀਂਦਾਰ ਕਹਿਣ ਲੱਗਾ,”ਉਸਦੇ ਕੁੜਤੇ ਦੀ ਜੇਬ ਵਿੱਚੋਂ ਇੱਕ ਹਜਾਰ ਰੁਪਏ ਮਿਲੇ ਹਨ, ਉਸ ਕੋਲ ਇਹ ਰੁਪਏ ਕਿੱਥੋਂ ਆਏ?”
“ਜਿਮੀਂਦਾਰ ਜੀ ਮੈਨੂੰ ਨਹੀਂ ਪਤਾ ਇਹ ਪੈਸੇ ਕਿੱਥੋਂ ਆਏ, ਮੈਂ ਤਾਂ ਆਪ ਦਿਹਾੜੀ ਤੇ ਜਾਂਦੀ ਹਾਂ, ਕਦੇ ਮਿਲ ਗਈ, ਕਦੇ ਨਹੀਂ, ਸਾਡਾ ਤਾਂ ਘਰ ਦਾ ਗੁਜਾਰਾ ਵੀ ਮੁਸ਼ਕਲ ਨਾਲ਼ ਚੱਲਦਾ ਹੈ, ਤੁਸੀਂ ਸਾਡੇ ਘਰ ਦਾ ਹਾਲ ਦੇਖ ਲਵੋ, ਖਿੜਕੀਆਂ ਨੂੰ ਪਰਦਿਆਂ ਨਾਲ਼ ਢੱਕਿਆ ਹੈ, ਮੰਜੇ ਜੌੜ ਕੇ ਨਹਾਂਦੇ ਹਾਂ, ਮੈਂ ਤੁਹਾਨੂੰ ਵਿਸਵਾਸ਼ ਦਵਾਉਂਦੀ ਹਾਂ। ਅਸੀਂ ਤੁਹਾਡਾ ਇੱਕ-ਇੱਕ ਪੈਸਾ ਦੇ ਦੇਵਾਂਗੇ, ਬਸ ਬੱਚਿਆਂ ਦੇ ਪਾਪਾ ਨੂੰ ਘਰ ਆ ਜਾਣ ਦਿਓ।”
ਜਿਮੀਂਦਾਰ ਤੇ ਉਸਦਾ ਮੁੰਡਾ, ਸਵਿੱਤਰੀ ਨੂੰ ਚੇਤਾਵਨੀ ਦਿੰਦੇ ਹੋਏ ਕਹਿਣ ਲੱਗੇ,”ਜੇਕਰ ਸੁੰਦਰ ਕਿਸੇ ਹੋਰ ਦੇ ਸੀਰੀ ਰਲ ਗਿਆ, ਸਾਥੋਂ ਬੁਰਾ ਨਹੀਂ ਹੋਵੇਗਾ। ਜਦੋਂ ਉਹ ਆਵੇ, ਸਾਨੂੰ ਉਸੇ ਵੇਲੇ ਦੱਸ ਦੇਣਾ।”
ਤਿੰਨ ਮਹੀਨਿਆਂ ਬਾਅਦ ਜਿਮੀਂਦਾਰ ਦੇ ਘਰ ਇੰਨਾ ਵੱਡਾ ਸੰਕਟ ਆ ਗਿਆ ਜਿਵੇਂ ਉਸਦਾ ਕਿਲਾ ਹੀ ਢਹਿ ਗਿਆ ਹੋਵੇ। ਉਸਦੇ ਦੋਵੇਂ ਮੁੰਡਿਆਂ ਨਾਲ਼ ਭਿਆਨਕ ਹਾਦਸਾ ਵਾਪਰ ਗਿਆ, ਉਸਦੀ ਵੱਡੀ ਕਾਰ ਚਕਨਾ ਚੂਰ ਹੋ ਗਈ, ਦੋਵੇਂ ਮੁੰਡੇ ਥਾਂ ਤੇ ਹੀ ਮਰ ਗਏ। ਕੀਰਤ ਆਪਣੇ ਬਾਪੂ ਨੂੰ ਕਹਿਣ ਲੱਗੀ,”ਜੋ ਕੁਝ ਤੂੰ ਸੁੰਦਰ ਨਾਲ਼ ਕੀਤਾ ਹੈ, ਉਸਦਾ ਸ਼ਰਾਪ ਸਾਰੇ ਪਰਿਵਾਰ ਤੇ ਪੈ ਗਿਆ। ਸੁੰਦਰ ਨੇ ਤੈਨੂੰ ਕਰੋੜਾਂ ਰੁਪਏ ਕਮਾ ਕੇ ਦਿੱਤੇ ਤੂੰ ਉਹਨੂੰ ਉਜਰਤ ਦੇ ਰੂਪ ਵਿੱਚ ਦੇਣਾ ਤਾਂ ਕੀ ਸੀ, ਉਲਟਾ ਉਸ ਉੱਪਰ ਕਰਜਾ ਚਾੜ੍ਹ ਦਿੱਤਾ। ਤੇਰੇ ਠੋਸੇ ਹੋਏ ਕਰਜੇ ਦੀ ਬਦੌਲਤ ਹੀ ਉਹ ਘਰੋਂ ਭੱਜ ਗਿਆ। ਹੁਣ ਉਸਦੀ ਪਤਨੀ ਅਤੇ ਬੱਚਿਆਂ ਦਾ ਵਾਲੀਵਾਰਸ ਕੌਣ ਹੈ? ਹਾਦਸੇ ਵੇਲੇ ਰੂਬੀ ਤੇ ਸ਼ੀਨੂੰ ਧੁੰਦ ਦੇ ਵਾਤਾਵਰਣ ਚ ਸ਼ਹਿਰ ਦੁੱਧ ਪਾਉਣ ਹੀ ਜਾ ਰਹੇ ਸਨ, ਜੇ ਸੁੰਦਰ ਹੁੰਦਾ ਤਾਂ ਉਸਨੇ ਹੀ ਪਾਉਣ ਜਾਣਾ ਸੀ ਅਤੇ ਇਹ ਮੌਕਾ ਟਲ ਜਾਣਾ ਸੀ। ਹਾਲੇ ਵੀ ਜੇ ਤੂੰ ਲੱਗੇ ਸ਼ਰਾਪ ਨੂੰ ਮਿਟਾਉਣਾ ਚਾਹੁੰਦਾ ਹੈਂ ਤਾਂ ਸੁੰਦਰ ਦੇ ਘਰ ਜਾ ਕੇ ਘੱਟੋ-ਘੱਟ ਪੰਜਾਹ ਹਜਾਰ ਰੁਪਏ ਉਸਦੇ ਪਰਿਵਾਰ ਨੂੰ ਦੇ ਕੇ ਆ ਅਤੇ ਉਸਦੇ ਪਿਛਲੇ ਕਰਜੇ ਉੱਪਰ ਲਕੀਰ ਮਾਰ ਦੇ। ਨਹੀਂ ਤਾਂ ਮੈਂ ਸਾਰੀ ਉਮਰ ਰੂਬੀ ਅਤੇ ਸ਼ੀਨੂੰ ਦੀ ਮੌਤ ਲਈ ਤੈਨੂੰ ਕਸੂਰਵਾਰ ਸਮਝਦੀ ਰਹਾਂਗੀ। ਹੁਣ ਮੈਂ ਆਪਣਾ ਦੂਜਾ ਨਾਵਲ ਤੇਰੇ ਕਾਰਨਾਮਿਆਂ ਤੇ ਹੀ ਲਿਖਾਂਗੀ, ਕਿਵੇਂ ਇੱਕ ਕਾਮੇ ਲਈ ਸੱਠ ਹਜਾਰ ਦਾ ਕਰਜਾ ਸਦਾ ਲਈ ਉਸਦੇ ਜੀਵਨ ਦਾ ਜੰਜਾਲ ਬਣ ਗਿਆ।”
ਦੋਵੇਂ ਕੁੜੀਆਂ ਦੇ ਜੋਰ ਪਾਉਣ ਤੇ ਜਿਮੀਂਦਾਰ ਮੋਟਰ ਸਾਈਕਲ ਤੇ ਆਪਣੀ ਪਤਨੀ ਨਾਲ਼ ਸੁੰਦਰ ਦੇ ਘਰ ਪਹੁੰਚ ਗਿਆ। ਸਵਿੱਤਰੀ ਨੇ ਕਿਸੇ ਕਾਰਵਾਈ ਦੇ ਡਰੋਂ ਫੋਨ ਕਰਕੇ ਮੈਨੂੰ ਵੀ ਸੱਦ ਲਿਆ।
ਜਿਮੀਂਦਾਰ ਨੇ ਆਪਣੇ ਨਾਲ਼ ਬੀਤੀ ਸਾਰੀ ਗੱਲ ਸੁਣਾਈ ਅਤੇ ਰੋਣ ਲੱਗ ਪਿਆ। ਫੇਰ ਕੀਰਤ ਨਾਲ਼ ਹੋਈ ਗੱਲ ਵੀ ਦਹੁਰਾਈ। ਅੱਗੇ ਕਹਿਣ ਲੱਗਾ,”ਸੁੰਦਰ ਸਾਡੀ ਸੇਵਾ ‘ਚ ਹੀ ਲੱਗਿਆ ਰਹਿੰਦਾ ਸੀ, ਅੱਧਾ ਖੇਤ ਅਤੇ ਸਾਰੇ ਡੰਗਰ ਉਹੀ ਸੰਭਾਲਦਾ ਸੀ। ਸਾਡੀ ਸਾਰੀ ਜਿੰਮੇਵਾਰੀ ਉਸਨੇ ਚੁੱਕ ਰੱਖੀ ਸੀ। ਉਸਦੇ ਹੁੰਦਿਆਂ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਸੀ, ਬਦਲੇ ਚ ਅਸੀਂ ਉਸਨੂੰ ਦੁੱਖ ਹੀ ਦਿੱਤੇ।”
ਮੈਂ ਬਹੁਤ ਹੀ ਹੈਰਾਨੀ ਨਾਲ਼ ਸੁਣ ਰਹੀ ਸੀ ਅਤੇ ਆਸ ਕਰਦੀ ਸੀ ਜਿਮੀਂਦਾਰ ਕਰਜੇ ਉੱਪਰ ਲਕੀਰ ਮਾਰਨ ਦੀ ਗੱਲ ਕਹੇਗਾ।
ਸਵਿੱਤਰੀ ਨੇ ਟਰੰਕ ਵਿੱਚੋਂ ਚੈੱਕ ਬੁੱਕ ਕੱਢੀ, ਇੱਕ ਚੈੱਕ ਉੱਪਰ ਹਿੰਦੀ ਵਿੱਚ ਪ੍ਰੇਮ ਸਿੰਘ ਦੇ ਨਾਂ ਦਸ ਹਜਾਰ ਦੀ ਰਕਮ ਭਰ ਕੇ ਜਿਮੀਂਦਾਰ ਦੇ ਹੱਥ ਫੜਾ ਦਿੱਤਾ ਅਤੇ ਹੱਥ ਜੋੜ ਕੇ ਕਹਿਣ ਲੱਗੀ, ਕਲ੍ਹ ਹੀ ਬੱਚਿਆਂ ਦੇ ਪਾਪਾ ਨੇ ਵੀਹ ਹਜਾਰ ਭੇਜੇ ਸੀ, ਜਿਸ ਵਿੱਚੋਂ ਦਸ ਹਜਾਰ ਮੈਂ ਤੁਹਾਨੂੰ ਦੇ ਦਿੱਤੇ ਹਨ, ਬਾਕੀ ਘਰ ਦੇ ਖਰਚੇ ਲਈ ਰੱਖ ਲਏ ਹਨ, ਸੁੰਦਰ ਨੇ ਸੁਨੇਹਾ ਭੇਜਿਆ ਹੈ, ਉਹ ਤੁਹਾਡੀ ਪਾਈ-ਪਾਈ ਮੋੜ ਦੇਵੇਗਾ।”
ਚੈੱਕ ਲੈ ਕੇ ਜਿਮੀਂਦਾਰ ਉਸੇ ਵੇਲ ਉੱਠ ਖੜਾ ਹੋਇਆ ਅਤੇ ਤੇਜ਼ੀ ਨਾਲ਼ ਘਰ ‘ਚੋਂ ਬਾਹਰ ਨਿਕਲ ਗਿਆ। ਮੈਂ ਸਵਿੱਤਰੀ ਦੇ ਮੂੰਹ ਵੱਲ ਦੇਖਦੀ ਰਹਿ ਗਈ, ਮੈਂ ਜਿਮੀਂਦਾਰ ਦਾ ਅਭਿਨੇ ਦੇਖ ਕੇ ਹੈਰਾਨ ਸੀ, ਉਹ ਕਹੀ ਕੀ ਜਾ ਰਿਹਾ ਸੀ, ਅਤੇ ਕਰ ਕੀ ਗਿਆ, ਉਸਨੇ ਆਪਣੀ ਕੁੜੀ ਦੀਆਂ ਭਾਵਨਾਵਾਂ ਵੀ ਮਿੱਟੀ ਚ ਰੋਲ ਦਿੱਤੀਆਂ। ਮੈਂ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਇੱਕ ਘੰਟਾ ਸਵਿੱਤਰੀ ਕੋਲ ਬੈਠੀ ਰਹੀ, ਉਸਨੇ ਵੀ ਦਿਲ ਦੀ ਸਾਰੀਆਂ ਗੱਲਾਂ ਖੋਲ ਦਿੱਤੀਆਂ। ਮੈਂ ਸਵਿੱਤਰੀ ਨੂੰ ਕਿਹਾ, “ਪੱਲੇ ਕੁਝ ਨਾਂ ਹੁੰਦੇ ਹੋਏ ਵੀ ਸੁੰਦਰ ਆਪਣੀ ਜਮੀਰ ਦਾ ਰਾਜਾ ਹੈ। ਮਰੀ ਹੋਈ ਜ਼ਮੀਰ ਦਾ ਵੀ ਕੀ ਜਿਉਣਾ?”