
ਅਬਿਆਣਾਂ ਕਲਾਂ
ਮੇਰੇ ਪਿਤਾ ਜੀ ਨੇ ਬਚਪਨ ਵਿੱਚ ਇੱਕ ਵਾਰ ਸ਼ਾਮ ਦੇ ਸਮੇਂ ਮੈਨੂੰ ਆਵਾਜ਼ ਮਾਰੀ ਅਤੇ ਕਿਹਾ “ ਮੇਰੀ ਜੇਬ ਵਿੱਚੋਂ ਕਣਕ ਵੱਢਕੇ ਆਏ ਮਜਦੂਰ ਨੂੰ ਦਿਹਾੜੀ ਦੇ ਪੈਸੇ ਦਿਉ” ਮੈਂ ਆਨਾ-ਕਾਨੀ ਕਰਕੇ ਕਿਹਾ ਨਹੀਂ ਸਵੇਰ ਨੂੰ ਇੱਕਠੇ ਦੇ ਦਿਆਂਗੇ ਪਰ ਮੇਰੇ ਪਿਤਾ ਜੀ ਨੇ ਮੈਨੂੰ ਸਬਕ ਦਿੱਤਾ “ਪੁੱਤ ਮਜਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮਜਦੂਰੀ ਦੇਣੀ ਚਾਹੀਦੀ ਹੈ” ਉਹਨਾਂ ਦੀ ਇਹ ਸਿੱਖਿਆ ਅੱਜ ਜਦੋਂ ਮਜਦੂਰ ਵਰਗ ਦੀ ਤਰਾਸਦੀ ਵੱਲ ਵੇਖਦਾ ਹਾਂ ਤਾਂ ਆਪਣੇ ਆਪ ਲਈ ਸਬਕ ਮਿਲ ਜਾਂਦਾ ਹੈ। ਸਮਾਜ, ਕੌਮ ਅਤੇ ਮੁਲਕ ਦੀ ਬੁਨਿਆਦ ਮਜਦੂਰ ਜਮਾਤ ਉੱਤੇ ਨਿਰਭਰ ਕਰਦੀ ਹੈ। ਭਾਵੇਂ ਮਸ਼ੀਨੀ ਯੁੱਗ ਕਰਕੇ ਮਜਦੂਰ ਦੀ ਕੀਮਤ ਘੱਟ ਸਮਝੀ ਜਾਣ ਲੱਗੀ ਹੈ ਪਰ ਆਖਿਰ ਹੱਥ ਹਿਲਾਉਣਾ ਹੀ ਪੈਂਦਾ ਹੈ। ਜਦੋਂ ਹੱਥ ਹਿਲਾਉਣਾ ਪੈਂਦਾ ਹੈ ਤਾਂ ਉਹ ਇੱਕ ਕਿਸਮ ਦਾ ਮਜਦੂਰ ਹੀ ਹੁੰਦਾ ਹੈ। ਮਜਦੂਰ ਨਾਲ ਬੇ-ਇਨਸਾਫੀ ਅਤੇ ਹੱਕ ਮਰਨਾ ਸ਼ੁਰੂ ਤੋਂ ਨਾਲ ਹੀ ਰਿਹਾ। ਕਿਰਤੀ ਦੀ ਕਦਰ ਕਰਨਾ ਮਨੁੱਖਤਾ ਦਾ ਸੁਭਾਅ ਹੋਣਾ ਚਾਹੀਦਾ ਸੀ ਪਰ ਇਸ ਨੂੰ ਬੂਰ ਨਹੀਂ ਪਿਆ। ਕਿਰਤੀ ਮਜਦੂਰ ਦੀ ਉੱਪਜ ਧੰਨ ਹੰਦੀ ਹੈ ਕਿਰਤੀ ਜਮਾਤ ਇਸ ਧੰਨ ਦਾ ਖਜ਼ਾਨਾ ਹੁੰਦੀ ਹੈ। ਪੁਆੜਾ ਉਦੋਂ ਪੈਂਦਾ ਹੈ ਜਦੋਂ ਮਜਦੂਰ ਕਿਰਤੀ ਦੀ ਮਿਹਨਤ ਅਤੇ ਉੱਪਜ ਨੂੰ ਕੋਈ ਨਿੱਜੀ ਸਮਝ ਲੈਂਦਾ ਹੈ। ਕਿਰਤ ਇੱਕ ਸੂਖਮ ਜੀਵ ਹੈ ਜਦੋਂ ਕਿ ਮੋਟੇ ਪੂੰਜੀਵਾਦ ਇਹਨਾਂ ਨੂੰ ਖਾਈ ਜਾ ਰਹੇ ਹਨ। ਛੋਟਿਆਂ ਕੋਲ ਮਜਦੂਰ ਵਰਗ ਲਈ ਕੁੱਝ ਕਰਨ ਦੀ ਗੁੰਜਾਇਸ਼ ਹੈ ਪਰ ਵੱਡੇ ਤਾਂ ਮਜਦੂਰ ਦੀ ਸ਼ਕਤੀ ਨੂੰ ਹੜੱਪਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ। ਅੱਜ ਦੇ ਮਜਦੂਰ ਦਾ ਹਾਲ, ਸਮਾਜਿਕ ਢਾਂਚਾ ਅਤੇ ਜੀਵਨ ਜਾਂਚ ਦੇਖੀ ਘੋਖੀ ਅਤੇ ਪਰਖੀ ਜਾਵੇ ਤਾਂ ਇਹ ਵਰਗ ਵਿਤਕਰੇ ਅਤੇ ਨਾ-ਇਨਸ਼ਾਫੀ ਦੀ ਮੂਲ ਇਕਾਈ ਝੱਲਕਦੀ ਹੈ। ਇਤਿਹਾਸ ਗਵਾਹ ਹੈ ਕਿ ਮਜਦੂਰ ਕਿਰਤ ਵਿੱਚ ਖੁੱਭ ਕੇ ਜੀਵਨ ਜੀਊਂਦਾ ਹੈ ਪਰ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦਾ ਰਹਿੰਦਾ ਹੈ। ਸਭ ਤੋਂ ਲਚਾਰੀ ਉਦੋਂ ਹੁੰਦੀ ਹੈ ਜਦੋਂ ਆਪਣੇ ਬੱਚਿਆਂ ਦੀ ਰੀਝ ਪੂਰੀ ਕਰਨ ਨਾਲੋਂ ਪਰਿਵਾਰ ਦੇ ਲੂਣ, ਤੇਲ ਅਤੇ ਆਟੇ ਨੂੰ ਤਰਜੀਹ ਦੇਣੀ ਪੈਂਦੀ ਹੈ।