
ਧਰਤੀ ਦੇ ਰਚਣਹਾਰੇ ਨੇ ਕਿੰਨੀ ਸੋਹਣੀ ਰਚਨਾ ਕੀਤੀ ਹੈ, ਕਿੰਨੇ ਸੋਹਣੇ ਪਹਾੜ, ਦਰੱਖਤ,ਝਿਲਮਿਲ ਕਰਦੇ ਪਾਣੀ ਦੇ ਝਰਨੇ, ਨਦੀਆਂ,ਦਰਿਆ , ਨੀਲੇ ਸਮੁੰਦਰ,ਹਜ਼ਾਰਾਂ ਕਿਸਮ ਦੇ ਜਲ ਤੇ ਥਲ ਉੱਤੇ ਰਹਿਣ ਵਾਲੇ ਜੀਵ ਜੰਤੂ , ਚਿਹਚਕਾਉਂਦੀਆ ਕਈ ਤਰ੍ਹਾਂ ਦੀਆਂ ਚਿੜੀਆਂ, ਦਿਲ ਟੁੰਬਵੀਂ ਅਵਾਜ਼ ਵਾਲੇ ਪੰਛੀ , ਪਤਾ ਨਹੀਂ ਕਿੰਨੀ ਤਰ੍ਹਾਂ ਦੇ ਫਲ ਤੇ ਰੰਗ ਬਿਰੰਗੇ ਫੁੱਲ ਜੋ ਚਾਰ ਚੁਫ਼ੇਰੇ ਮਹਿਕਾਂ ਬਿਖੇਰਦੇ ਹਨ । ਚੰਦ ਸੂਰਜ ਦੇ ਰੂਪ ਵਿੱਚ ਰੌਸ਼ਨੀ ਦੇ ਦੋ ਦੀਵੇ , ਕਿਤੇ ਬਰਫ਼ ਨਾਲ ਲੱਧੇ ਪਹਾੜ ਤੇ ਕਿਤੇ ਸੜਦੀ ਰੇਤਾ ਵਾਲਾ ਰੇਗਿਸਤਾਨ। ਇੱਕ ਅਜਿਹੀ ਰਚਨਾ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਮਨੁੱਖ ਨੂੰ ਇਸ ਧਰਤੀ ਦਾ ਸਰਵਸ਼ੇਸ਼੍ਟ ਜੀਵ ਮੰਨਿਆ ਜਾਂਦਾ ਹੈ , ਕਿਉਂ ਇਸ ਵਿੱਚ ਚੀਜ਼ਾਂ ਨੂੰ ਸਮਝਣ, ਵਰਤਣ ਦੀ ਪਰਖ ਹੋਰਨਾਂ ਜੀਵਾਂ ਨਾਲੋਂ ਜਿਆਦਾ ਹੈ। ਕਾਦਰ ਦੀ ਕੁਦਰਤ ਦੇ ਅਨੌਖੇ ਝਲਕਾਰਿਆ ਨੂੰ ਮਾਨਣਾ ਮਨੁੱਖ ਦੀ ਕੁਦਰਤ ਨਾਲ ਨੇੜਤਾ ਨੂੰ ਵਧਾਉਂਦਾ ਹੈ। ਕੁਦਰਤ, ਵਾਤਾਵਰਣ ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਣ ਅੰਗ ਹਨ। ਅੱਜ ਮਨੁੱਖ ਨੇ ਏਨੀ ਤਰੱਕੀ ਕਰ ਲਈ ਹੈ ਕਿ ਮਨੁੱਖ ਧਰਤੀ ਤੋਂ ਇਲਾਵਾ ਹੋਰਨਾਂ ਗ੍ਰਹਿਾਂ ਤੇ ਵੀ ਜੀਵਨ ਨੂੰ ਸੰਭਵ ਬਣਾਉਣ ਵਿੱਚ ਜੁਟਿਆ ਹੈ। ਪਰ ਇਸ ਤਰੱਕੀ ਦੇ ਰਾਹ ਤੇ ਚੱਲਦਿਆਂ ਮਨੁੱਖ ਨੇ ਪਤਾ ਨਹੀਂ ਕਿੰਨੇ ਜੀਵਨਾਂ ਨੂੰ ਜੋਖਮ ਵਿੱਚ ਧਕੇਲ ਦਿੱਤਾ ਹੈ, ਮਨੁੱਖ ਦੀ ਤਰੱਕੀ ਦਾ ਰਾਹ ਕੁਦਰਤ ਦੀ ਨਿਖੇਧੀ ਦੇ ਰਸਤੇ ਵਿੱਚੋਂ ਹੋਕੇ ਗੁਜ਼ਰਿਆ ਹੈ। ਪਿਛਲੇ ਕੁਝ ਸਮੇਂ ਤੋਂ ਵਾਤਾਵਰਣ ਵਿੱਚ ਅਜਿਹੀਆਂ ਤਬਦੀਲੀਆਂ ਆਈਆਂ ਕਿ ਮਨੁੱਖੀ ਜਨਜੀਵਨ ਬੁਰੀ ਤਰ੍ਹਾਂ ਪ੍ਭਾਵਿਤ ਹੋਇਆ ਹੈ। ਜਿਸ ਦੀ ਸਭ ਤੋਂ ਵੱਡੀ ਉਦਹਾਰਣ ਹਵਾ, ਪਾਣੀ, ਮਿੱਟੀ ਪ੍ਰਦੂਸ਼ਣ ਕਰਕੇ ਵਧੀਆਂ ਲਾਇਲਾਜ਼ ਬਿਮਾਰੀਆਂ ਹਨ। ਜਦੋਂ ਅਸੀਂ ਕਿਸੇ ਆਪਣੇ ਕਿਸੇ ਨਜ਼ਦੀਕੀ ਦੀ ਬਿਮਾਰੀ ਜਾਂ ਮੌਤ ਬਾਰੇ ਸੁਣਦੇ ਹਾਂ ਤਾਂ ਅਸੀਂ ਬਹੁਤ ਭਾਵੁਕਤਾ ਨਾਲ ਭਰ ਜਾਂਦੇ ਹਾਂ ਪਰ ਜਦੋਂ ਹਜ਼ਾਰਾਂ ਲੋਕੀਂ ਵਾਤਾਵਰਣ ਪ੍ਰਦੂਸ਼ਣ ਨਾਲ ਬਿਮਾਰ ਤੇ ਅਪਾਹਿਜ ਹੁੰਦੇ ਹਨ ਤਾਂ ਸਾਡੇ ਮੱਥੇ ਤੇ ਸ਼ਿੰਕਨ ਘੱਟ ਹੀ ਵੇਖਣ ਨੂੰ ਮਿਲਦੀ ਹੈ। ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਪ੍ਤੀ ਬਿਲਕੁਲ ਵੀ ਜਾਗਰੂਕ ਨਹੀਂ ਹਾਂ।