ਇੱਕ ਰੱਬੀ ਰੀਤ ਹੈ ਕਿ ਜਦੋਂ ਵੀ ਕੋਈ ਅਨਿਆਂ, ਬੇਇਨਸਾਫ਼ੀ ਅਤੇ ਤਸ਼ੱਦਦ ਵਧਦਾ ਹੈ ਤਾਂ ਕੋਈ ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜ਼ਰੂਰ ਹੀ ਪੈਦਾ ਹੋ ਜਾਂਦਾ ਹੈ। ਇਸ ਦਾਸਤਾਨ ਨੂੰ ਪੋਹ ਮਹੀਨੇ ਵਿੱਚ ਨਵਾਬ ਮਲੇਰਕੋਟਲਾ ਤਾਜ਼ਾ ਰੱਖਦਾ ਹੈ। ਸੱਤ ਅਤੇ ਨੌਂ ਸਾਲ ਦੇ ਮਾਸੂਮਾਂ ਨੂੰ ਜਦੋਂ ਜ਼ੁਲਮ ਦੇ ਸ਼ਿਖਰ ਵਿੱਚੋਂ ਲੰਘਦੇ ਦੇਖਿਆ ਤਾਂ ਵਜ਼ੀਰ ਖਾਨ ਦੀ ਕਰਤੂਤ ਨੂੰ “ਹਾਅ ਦਾ ਨਾਹਰਾ” ਮਾਰ ਕੇ ਭੰਡਿਆ। ਇਸੇ ਲਈ ਸੱਚੇ ਮੁਸਲਮਾਨ ਅਤੇ ਸਿੱਖਾਂ ਵਿੱਚ ਨਵਾਬ ਮਲੇਰਕੋਟਲਾ ਨੇ ਕਾਬਲੇ ਅਹਿਤਰਾਮ ਵਿਅਕਤੀ ਦਾ ਰੁਤਬਾ ਪਾਇਆ, ਇਹ ਰੁਤਬਾ ਸਦੀਵੀ ਰਹੇਗਾ। ਪਿਛਲੇ ਸਾਲ ਹੀ ਉਹਨਾਂ ਦੀ ਆਖਰੀ ਨਿਸ਼ਾਨੀ ਬੇਗ਼ਮ ਮੁਸੱਵਰ ਕਰ ਨਿਸ਼ਾ ਵੀ ਜਹਾਨੋਂ ਰੁਖ਼ਸਤ ਹੋ ਗਈ ਸੀ। ਆਪਣੇ ਪ੍ਰੀਵਾਰ ਅਤੇ ਕੁਰਾਨ ਦੇ ਸੰਸਕਾਰ ਅਤੇ ਸਿੱਖਿਆ ਦੀ ਮਿਸਾਲ ਪੇਸ਼ ਕਰਕੇ ਨਵਾਬ ਮਲੇਰਕੋਟਲਾ ਨੇ ਸੱਚਾ ਮੁਸਲਮਾਨ ਹੋਣ ਦਾ ਸਬੂਤ ਪੇਸ਼ ਕੀਤਾ ਸੀ। ਓਧਰ ਗੁਰੂ ਦੇ ਮਸੂਮਾਂ ਨੇ ਗੁੜ੍ਹਤੀ ਰਾਹੀਂ ਮਿਲੇ ਸੰਸਕਾਰਾਂ ਦੀ ਵਿਆਖਿਆ ਇਉਂ ਕੀਤੀ “ਸੰਸਕਾਰ ਧਰਤ ਰੀਤ ਨਾਲ ਕੀਤਾ ਉਹ ਕਰਮ, ਜਿਸ ਦਾ ਅਸਰ ਚਿੱਤ ‘ਤੇ ਬਣਿਆ ਰਹੇ” ਇਹਨਾਂ ਸੰਸਕਾਰਾਂ ਨੇ ਹੀ ਇਸਲਾਮ ਨਹੀਂ ਮੰਨਣ ਦਿੱਤਾ, ਇਸ ਦੇ ਨਾਲ ਹੀ ਸੁਨਹਿਰੀ ਪੰਨਾ ਲਿਖ ਕੇ ਸ਼ਹੀਦ ਦੀ ਪ੍ਰੀਭਾਸ਼ਾ ਨੂੰ ਕਲਮ ਨਾਲ ਜਿੰਦਰਾ ਮਾਰਨ ਲਈ ਮਜਬੂਰ ਕਰ ਗਏ।
ਹਾਅ ਦਾ ਨਾਅਰਾ !
ਰਿਆਸਤ ਨੂੰ ਵਿਰਾਸਤ ਵਿੱਚ ਮਲੇਰਕੋਟਲਾ ਨਿੱਕੀਆਂ ਜਿੰਦਾਂ ਕਰਕੇ ਬਦਲਿਆ। ਨਵਾਬ ਮਲੇਰਕੋਟਲਾ ਨੇ ਫ਼ਾਰਸੀ ਭਾਸ਼ਾ ਵਿੱਚ ਔਰੰਗਜ਼ੇਬ ਨੂੰ ਇਸ ਜ਼ੁਲਮ ਵਿਰੁੱਧ ਪੱਤਰ ਭੇਜ ਕੇ ਦੱਸਿਆ ਕਿ ਇਹ ਅਮਾਨਵੀ ਅਤੇ ਕੁਰਾਨ ਇਸਲਾਮ ਦੇ ਸਿਧਾਂਤ ਦੇ ਵਿਰੁੱਧ ਹੈ। ਇਸ ਨੂੰ ਹੀ “ਹਾਅ ਦਾ ਨਾਅਰਾ” ਕਿਹਾ ਗਿਆ ਹੈ। ਹਾਇ ਦਾ ਮਤਲਬ ਦੁੱਖ ਪੀੜਾ ਵੇਲੇ ਬੋਲਿਆ ਜਾਣ ਵਾਲਾ ਸ਼ਬਦ, ਨਾਅਰਾ ਅਨਿਆਂ ਬੇਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਹੋਕਾ।
ਹਾਅ ਦਾ ਨਾਅਰਾ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਖ਼ਤ ਬਨਾਮ ਔਰੰਗਜੇਬ – ਅਰਜ਼ਦਾਸਤ
ਹਜ਼ੂਰ ਇਸ ਸੰਸਾਰ ਵਿੱਚ ਰਹਿਮ ਕਰਮ ਕਰਨ ਲਈ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਖਾਨਦਾਨ ਵਲ ਤਵੱਜੋ ਦੇਣੀ ਬਣਦੀ ਸੀ ਪਰ ਹਾਕਮਿ ਸਰਹੰਦ ਨੇ ਸਾਹਿਬਜ਼ਾਦਿਆਂ ਲਈ ਮੌਤ ਦਾ ਹੁਕਮ ਬਣਾਇਆ ਹੈ। ਨਾ ਕੀਤੇ ਗੁਨਾਹਾਂ ਕਰਕੇ ਦੀਵਾਰ ਵਿੱਚ ਚਿਣਨ ਦਾ ਹੁਕਮ ਕੀਤਾ ਹੈ। ਬੇਸ਼ੱਕ ਹਾਕਮ ਦਾ ਹੁਕਮ ਅਟੱਲ ਹੈ, ਕਿਸੇ ਦੀ ਤਾਕਤ ਨਹੀਂ ਉਸ ਦੇ ਉਲਟ ਬੋਲੇ, ਪਰ ਅਰਜ਼ ਇਹ ਹੈ ਕਿ ਜ਼ਿੱਲੇ ਸੁਬਹਾਨੀ ਆਪਣੀ ਸ਼ਾਨ ਬਰਕਰਾਰ ਰੱਖਦੇ ਹੋਏ, ਥੌੜੀ ਸਜ਼ਾ ਦੇ ਕੇ ਤਾੜਨਾ ਕਰ ਦੇਣ ਤਦ ਠੀਕ ਹੈ। ਪਰ ਜਾਨ ਲੈਣੀ ਹੱਦ ਤੋਂ ਗੁਜ਼ਰਨਾ ਹੈ। ਜੋ ਕਿਸੇ ਹੁਕਮਰਾਨ ਨੂੰ ਸ਼ੋਭਦਾ ਨਹੀਂ, ਕਿ ਅਪਰਾਧੀ ਦਾ ਬਦਲਾ ਉਸ ਦੇ ਬੱਚਿਆਂ ਤੋਂ ਲਿਆ ਜਾਵੇ। ਜੋ ਮੁਕਾਬਲੇ ਵਿੱਚ ਨਹੀਂ ਖਲੋ ਸਕਦੇ। ਇਸ ਨਾਲ ਲੋਕਾਂ ਦੇ ਦਿਲਾਂ ਵਿਚੋਂ ਹਕੂਮਤ ਪ੍ਰਤੀ ਅਦਬ ਖਤਮ ਹੋ ਜਾਵੇਗਾ। ਅੱਛਾ ਇਹ ਹੈ ਕਿ ਜਾਨ ਬਖਸ਼ ਦਿੱਤੀ ਜਾਵੇ। ਇਹ ਕੈਦ ਵਿੱਚ ਰੱਖੇ ਜਾ ਸਕਦੇ ਹਨ ਕਿ ਸੁਧਰ ਜਾਣ। ਏਨੀ ਵੱਡੀ ਹੋਣ ਜਾ ਰਹੀ ਦੁਰਘਟਨਾ ਉੱਪਰ ਇਤਰਾਜ਼ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜਿਸ ਸਦਕਾ ਮੈਨੂੰ ਮੁਆਫ਼ ਕੀਤਾ ਜਾਵੇ।
ਦਸਤਖ਼ਤ ਸਮੇਤ ਮੋਹਰੀ ਇਹ ਹੈ ਸੰਸਕਾਰ ਜਿਸ ਨਾਲ ਨਵੀਂ ਗਾਥਾ ਲਿਖੀ ਗਈ, ਇਸ ਦੀ ਮਿਸਾਲ ਅੱਜ ਤੱਕ ਹੋਰ ਕਿਤੇ ਨਹੀਂ ਮਿਲਦੀ।