Articles

ਹਾਏ ਉਏ ਮਰ ਗਏ, ਵੱਟਸਐਪ ਤੇ ਫੇਸਬੁੱਕ ਬੰਦ ਹੋ ਗਏ !

ਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੋਵੇਗੀ।
ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

4 ਅਕਤੂਬਰ ਦੀ ਰਾਤ ਨੂੰ 10 – 11 ਵਜੇ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਅਚਾਨਕ ਫੇਸ ਬੁੱਕ, ਵੱਟਸਐਪ ਤੇ ਇੰਸਟਾਗਰਾਮ 6 ਘੰਟੇ ਲਈ ਬੰਦ ਹੋ ਜਾਣ ਕਾਰਨ ਕਰੋੜਾਂ ਉਪਭੋਗਤਾਵਾਂ ਵਿੱਚ ਹੜਕੰਪ ਮੱਚ ਗਿਆ। ਪੰਜਾਬ ਵਿੱਚ ਤਾਂ ਉਹ ਹਾਲਤ ਹੋ ਗਈ ਜਿਵੇਂ ਪਾਕਿਸਤਾਨ ਨੇ ਹਵਾਈ ਹਮਲਾ ਕਰ ਦਿੱਤਾ ਹੋਵੇ। ਸਾਰੇ ਇੱਕ ਦੂਸਰੇ ਨੂੰ ਫੋਨ ਕਰ ਕਰ ਕੇ ਪੁੱਛਣ ਲੱਗੇ ਕਿ ਤੇਰਾ ਵੱਟਸਐਪ ਚੱਲਦਾ ਹੈ ਕਿ ਨਹੀਂ? ਰਾਤ ਦੇ 12 ਕੁ ਵਜੇ ਮੇਰੇ ਇੱਕ ਟੱਲੀ ਹੋਏ ਦੋਸਤ ਦਾ ਫੋਨ ਆਇਆ ਕਿ ਤੇਰਾ ਵੱਟਸਐਪ ਚਲਦਾ ਹੈ? ਚੰਗੀ ਭਲੀ ਨੀਂਦ ਖਰਾਬ ਹੋ ਜਾਣ ਕਾਰਨ ਮੈਂ ਖਿਝ੍ਹ ਕੇ ਜਵਾਬ ਦਿੱਤਾ ਕਿ ਜੇ ਤੇਰਾ ਨਹੀਂ ਚੱਲਦਾ ਤਾਂ ਮੇਰਾ ਕਿਵੇਂ ਚੱਲ ਸਕਦਾ ਹੈ? ਉਸ ਨੇ ਕਿਹਾ ਕਿ ਸਾਰੇ ਪਾਸੇ ਇਹ ਗੱਲ ਫੈਲੀ ਹੋਈ ਹੈ ਕਿ ਸੈਂਟਰ ਸਰਕਾਰ ਕੁਝ ਐਕਸ਼ਨ ਲੈਣ ਲੱਗੀ ਹੈ, ਇਸ ਲਈ ਆਮ ਜਨਤਾ ਦਾ ਸੋਸ਼ਲ ਮੀਡੀਆ ਬੰਦ ਕਰ ਦਿੱਤਾ ਗਿਆ ਹੈ ਤੇ ਸਿਰਫ ਪੁਲਿਸ ਤੇ ਫੌਜ ਦਾ ਚੱਲ ਰਿਹਾ ਹੈ। ਅਗਲੇ ਦਿਨ ਵੱਟਸਐਪ ਚੱਲਣ ਤੋਂ ਬਾਅਦ ਪਤਾ ਲੱਗਾ ਕਿ ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਜੋਰ ਸ਼ੋਰ ਨਾਲ ਚੱਲ ਰਹੀ ਹੈ ਕਿ ਸੈਂਟਰ ਸਰਕਾਰ ਕਿਸਾਨ ਅੰਦੋਲਨ ਦੇ ਖਿਲਾਫ ਦੋ ਚਾਰ ਦਿਨਾਂ ਵਿੱਚ ਕਸ਼ਮੀਰ ਵਰਗਾ ਕੋਈ ਸਖਤ ਐਕਸ਼ਨ ਲੈਣ ਜਾ ਰਹੀ ਹੈ, ਇਸ ਲਈ ਸੋਸ਼ਲ਼ ਮੀਡੀਆ ਬੰਦ ਕਰ ਕੇ ਰਿਹਰਸਲ ਕਰ ਰਹੀ ਸੀ। ਸਵੇਰੇ ਅਖਬਾਰਾਂ ਵਿੱਚ ਸੱਚਾਈ ਪੜ੍ਹ ਕੇ ਲੋਕਾਂ ਦੇ ਸਾਹ ਵਿੱਚ ਸਾਹ ਆਇਆ ਕਿ ਇਹ ਕੋਈ ਸਰਕਾਰ ਦੀ ਸਾਜ਼ਿਸ਼ ਨਹੀਂ ਸੀ, ਸਗੋਂ ਵੱਟਸਐਪ, ਫੇਸਬੁੱਕ ਤੇ ਇੰਸਟਾਗਰਾਮ ਦੇ ਮਾਲਕ ਮਾਰਕ ਜੁੱਕਨਬਰਗ ਦਾ ਸਿੰਘਾਸਣ ਹਿੱਲ ਗਿਆ ਹੈ। ਉਹ ਸਿਰਫ 6 ਘੰਟਿਆ ਵਿੱਚ ਅਰਬਾਂ ਡਾਲਰ ਦਾ ਘਾਟਾ ਖਾ ਕੇ ਦੁਨੀਆਂ ਦੇ ਨੰਬਰ ਇੱਕ ਅਮੀਰ ਆਦਮੀ ਦੇ ਅਹੁਦੇ ਤੋਂ ਖਿਸਕ ਕੇ ਦੂਸਰੇ ਨੰਬਰ ‘ਤੇ ਆ ਗਿਆ ਹੈ।
ਸੋਸ਼ਲ ਮੀਡੀਆ ਨੇ ਲੋਕਾਂ ਦੇ ਦਿਲੋ ਦਿਮਾਗ ‘ਤੇ ਕਬਜ਼ਾ ਜਮਾ ਲਿਆ ਹੈ। ਅਸੀਂ ਇੱਕ ਤਰਾਂ ਨਾਲ ਇਸ ਦੇ ਮਾਨਸਿਕ ਗੁਲਾਮ ਬਣ ਗਏ ਹਾਂ। ਲੱਗਦਾ ਹੈ ਕਿ ਜੇ ਕਿਤੇ ਅੰਗਰੇਜ਼ ਰਾਜ ਸਮੇਂ ਸੋਸ਼ਲ਼ ਮੀਡੀਆ ਅਤੇ ਗੋਦੀ ਨਿਊਜ਼ ਚੈਨਲ ਹੁੰਦੇ ਤਾਂ ਅਜ਼ਾਦੀ ਅਜੇ ਹੋਰ 100 ਸਾਲ ਨਹੀਂ ਸੀ ਆਉਣੀ। ਕਿਉਂਕਿ ਇਨ੍ਹਾਂ ਨੇ ਜਨਤਾ ਨੂੰ ਅੰਗਰੇਜ਼ ਰਾਜ ਦੇ ਫਾਇਦੇ ਗਿਣਾ ਗਿਣਾ ਕੇ ਸੁਲਾਈ ਰੱਖਣਾ ਸੀ। ਸੋਸ਼ਲ਼ ਮੀਡੀਆ ਦੀ ਵਰਤੋਂ, ਖਾਸ ਤੌਰ ‘ਤੇ ਭਾਰਤ ਵਿੱਚ 10% ਵੀ ਚੰਗੇ ਕੰਮਾਂ ਲਈ ਨਹੀਂ ਹੁੰਦੀ। ਇਸ ਦੀ ਜਿਆਦਾਤਰ ਵਰਤੋਂ ਧਾਰਮਿਕ ਨਫਰਤ ਫੈਲਾਉਣ, ਰਾਜਨੀਤਕ ਏਜੰਡਾ ਵਧਾਉਣ, ਅਫਵਾਹਾਂ ਫੈਲਾਉਣ, ਦੰਗੇ ਭੜਕਾਉਣ, ਅਸ਼ਲੀਲ ਚੁਟਕਲੇ ਅਤੇ ਪੋਰਨ ਸ਼ੇਅਰ ਕਰਨ ਅਤੇ ਸਭ ਤੋਂ ਵੱਧ ਆਸ਼ਕੀ ਮਾਸ਼ੂਕੀ ਲਈ ਕੀਤੀ ਜਾਂਦੀ ਹੈ। 2020 ਦੇ ਸਰਵੇ ਅਨੁਸਾਰ ਸੋਸ਼ਲ਼ ਮੀਡੀਆ ‘ਤੇ ਪੋਰਨ ਵੇਖਣ ਵਿੱਚ ਸੰਸਾਰ ਪੱਧਰ ‘ਤੇ ਭਾਰਤ ਪੰਜਵੇਂ ਸਥਾਨ ਅਤੇ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਪਹਿਲੇ ਨੰਬਰ ‘ਤੇ ਹੈ। ਸੋਸ਼ਲ਼ ਮੀਡੀਆ ਨਾਲ ਸੈਂਕੜੇ ਕਰੋੜ ਲੋਕ ਜੁੜੇ ਹੋਏ ਹਨ। ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਸ ਵਿੱਚੋਂ ਫੇਸਬੁੱਕ ਦੀ ਇਸ ਵੇਲੇ ਕਰੀਬ 30 ਕਰੋੜ, ਵੱਟਸਐੱਪ 25 ਕਰੋੜ, ਮੈਸੇਂਜਰ 22 ਕਰੋੜ, ਇੰਸਟਾਗਰਾਮ 50 ਕਰੋੜ, ਟਿਕ ਟਾਕ 20 ਕਰੋੜ, ਟਵਿੱਟਰ 42 ਕਰੋੜ, ਸਨੈਪਚੈਟ 31 ਕਰੋੜ ਅਤੇ ਯੂ ਟਿਊਬ ਦੀ ਕਰੀਬ 62 ਕਰੋੜ ਲੋਕ ਵਰਤੋਂ ਕਰ ਰਹੇ ਹਨ। ਭਾਰਤ ਵਿੱਚ 44 ਕਰੋੜ ਦੇ ਲਗਭਗ ਸੋਸ਼ਲ਼ ਮੀਡੀਆਂ ਯੂਜ਼ਰ ਹਨ ਤੇ ਇੱਕ ਰਿਪੋਰਟ ਮੁਤਾਬਕ ਭਾਰਤੀ ਯੂਜ਼ਰ ਔਸਤਨ ਢਾਈ ਘੰਟੇ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਬਿਤਾਉਂਦੇ ਹਨ। ਭਾਰਤ ਦੇ ਨੀਤੀ ਘਾੜਿਆਂ ਸਾਹਮਣੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਕਾਬੂ ਕਰਨਾ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ ਤੇ ਇਸ ਦਾ ਮੁਕਾਬਲਾ ਕਰਨ ਲਈ ਕਈ ਸਖਤ ਕਾਨੂੰਨ ਪਾਰਲੀਮੈਂਟ ਪਾਸ ਕਰ ਰਹੀ ਹੈ।
ਪਿਛਲੇ ਸਾਲ ਦੱਖਣੀ ਭਾਰਤ ਦੀ ਇੱਕ ਯੂਨੀਵਰਸਿਟੀ ਦੇ ਸਾਈਕੋਲੌਜੀ ਵਿਭਾਗ ਨੇ ਵਿਦਿਆਰਥੀਆਂ ਦੇ ਸੋਸ਼ਲ਼ ਮੀਡੀਆ ਨਾਲ ਜੁੜਾਵ ਨੂੰ ਚੈੱਕ ਕਰਨ ਲਈ ਇੱਕ ਪ੍ਰਯੋਗ ਕੀਤਾ ਸੀ। ਉਨ੍ਹਾਂ ਨੇ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੇ ਖਾਣੇ ਦੀ ਗੁਣਵਤਾ ਘੱਟ ਕਰਨੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਵਿੱਚ ਥੋੜ੍ਹੀ ਬਹੁਤੀ ਸੁਗਬਗਾਹਟ ਹੋਈ ਤੇ ਕਈਆਂ ਨੇ ਲਿਖਤੀ ਸ਼ਿਕਾਇਤ ਵੀ ਕੀਤੀ। ਦੋ ਚਾਰ ਦਿਨ ਬਾਅਦ ਕਦੀ ਬਰੇਕਫਾਸਟ, ਕਦੇ ਲੰਚ ਅਤੇ ਕਦੀ ਡਿਨਰ ਦੇ ਨਾਗੇ ਪਾਉਣੇ ਸ਼ੁਰੂ ਕਰ ਦਿੱਤੇ। ਫਿਰ ਵੀ ਵਿਦਿਆਰਥੀਆਂ ਨੇ ਕੋਈ ਬਹੁਤਾ ਧਿਆਨ ਨਾ ਦਿੱਤਾ। ਇੱਕ ਦਿਹਾੜੇ ਰਾਤ ਨੂੰ 8 ਵਜੇ ਅਚਾਨਕ ਹੋਸਟਲ ਦਾ ਵਾਈ ਫਾਈ ਬੰਦ ਕਰ ਦਿੱਤਾ ਗਿਆ। ਸਾਰੇ ਵਿਦਿਆਰਥੀ ਹੋਸਟਲ ਦੇ ਕਮਰਿਆਂ ‘ਚੋਂ ਬਾਹਰ ਨਿਕਲ ਆਏ ਤੇ ਵਾਰਡਨ ਦੇ ਖਿਲਾਫ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਵਾਰਡਨ ਨੇ ਬਹਾਨੇ ਵਗੈਰਾ ਮਾਰ ਕੇ ਦੋ ਚਾਰ ਘੰਟੇ ਬਾਅਦ ਵਾਈ ਫਾਈ ਚਲਾ ਦਿੱਤਾ। ਫਿਰ ਤਾਂ ਇਹ ਰੋਜ ਦਾ ਵਰਤਾਰਾ ਹੋ ਗਿਆ, ਕਦੇ ਇੱਕ ਘੰਟਾ ਤੇ ਕਦੇ ਦੋ ਘੰਟੇ ਲਈ ਵਾਈ ਫਾਈ ਬੰਦ ਕਰ ਦਿੱਤਾ ਜਾਣ ਲੱਗਾ। ਸਿਰਫ ਚਾਰ ਦਿਨਾਂ ਬਾਅਦ ਹੀ ਵਿਦਿਆਰਥੀਆਂ ਨੇ ਹੜਤਾਲ ਕਰ ਦਿੱਤੀ ਤੇ ਵਾਈਸ ਚਾਂਸਲਰ ਦੇ ਦਫਤਰ ਨੂੰ ਘੇਰ ਲਿਆ। ਸਾਬਤ ਹੋ ਗਿਆ ਕਿ ਨਵੀਂ ਪੀੜ੍ਹੀ ਨੂੰ ਰੋਟੀ ਤੋਂ ਜਿਆਦਾ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਜਰੂਰਤ ਹੈ।
ਕਈ ਸਾਲ ਪਹਿਲਾਂ ਮੈਂ ਕਿਸੇ ਜਿਲ੍ਹੇ ਵਿੱਚ ਐੱਸ.ਪੀ. ਡਿਟੈੱਕਟਿਵ ਲੱਗਾ ਹੋਇਆ ਸੀ ਕਿ ਇੱਕ ਪਿੰਡ ਦੀ ਫਿਰਨੀ ‘ਤੇ ਕਤਲ ਹੋ ਗਿਆ। ਕਤਲ ਰਾਤ ਦੇ 9 ਕੁ ਵਜੇ ਹੋਇਆ ਸੀ, ਇਸ ਲਈ ਅਸੀਂ ਰੂਟੀਨ ਵਿੱਚ ਪਿੰਡ ਵਾਲਿਆਂ ਤੋਂ ਵੀ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ ਕਿ ਸ਼ਾਇਦ ਕਿਸੇ ਨੇ ਕਤਲ ਹੁੰਦਾ ਵੇਖਿਆ ਹੋਵੇ। ਪਰ ਸਾਰੇ ਮੁੱਕਰ ਗਏ ਕਿ ਕਿਸੇ ਨੇ ਕੁਝ ਨਹੀਂ ਵੇਖਿਆ। ਪਿੰਡ ਦੀ ਪੰਚਾਇਤ ਮੇਰੇ ਕੋਲ ਆਈ ਤੇ ਸਰਪੰਚ ਨੇ ਦੱਸਿਆ ਕਿ ਜ਼ਨਾਬ ਪਿੰਡਾਂ ਵਿੱਚ ਤਾਂ ਲੋਕ 8 – 9 ਵਜੇ ਸੌਂ ਜਾਂਦੇ ਹਨ। ਸਾਡਾ ਪਿੰਡ ਕਿਹੜਾ ਸ਼ਹਿਰ ਹੈ ਜਿੱਥੇ ਲੋਕ ਰਾਤ ਨੂੰ 12 -12 ਵਜੇ ਤੱਕ ਬਜ਼ਾਰਾਂ ਵਿੱਚ ਘੁੰਮਦੇ ਫਿਰਨਗੇ। ਪੰਚਾਇਤ ਨੂੰ ਤੋਰ ਕੇ ਅਸੀਂ ਮੁਖਬਰਾਂ ਦੀ ਮਦਦ ਨਾਲ ਪਿੰਡ ਦੇ ਸਾਰੇ ਸ਼ੱਕੀ ਵਿਅਕਤੀਆਂ ਦੇ ਮੋਬਾਇਲ ਨੰਬਰ ਸਰਵੇਲੈਂਸ ‘ਤੇ ਲਗਾ ਦਿੱਤੇ। ਸਰਪੰਚ ਦੀ ਗੱਲ ਦੇ ਉਲਟ ਇਹ ਸਾਹਮਣੇ ਆਇਆ ਕਿ ਪਿੰਡ ਦੇ 50% ਤੋਂ ਵੱਧ ਲੋਕ ਅੱਧੀ ਰਾਤ ਤੱਕ ਸੋਸ਼ਲ਼ ਮੀਡੀਆ ‘ਤੇ ਲੱਗੇ ਰਹਿੰਦੇ ਹਨ। ਕਤਲ ਤਾਂ ਖੈਰ ਕਿਸੇ ਹੋਰ ਪਾਸੇ ਤੋਂ ਟਰੇਸ ਹੋ ਗਿਆ, ਪਰ ਸਾਨੂੰ ਇਹ ਜਰੂਰ ਪਤਾ ਲੱਗ ਗਿਆ ਕਿ ਕੁੰਵਾਰਿਆਂ ਤੋਂ ਇਲਾਵਾ ਪਿੰਡ ਦੇ ਸਰਪੰਚ ਸਮੇਤ 20 – 22 ਵਿਆਹੇ ਵਰੇ ਬੰਦੇ- ਜਨਾਨੀਆਂ ਦੇ ਆਪਸ ਵਿੱਚ ਪ੍ਰੇਮ ਸਬੰਧ ਚੱਲ ਰਹੇ ਹਨ। ਵੈਸੇ ਇਹ ਗੱਲ ਗੁਪਤ ਹੀ ਰਹੀ ਤੇ ਕੇਸ ਹੱਲ ਹੋਣ ਤੋਂ ਬਾਅਦ ਉਥੇ ਹੀ ਠੱਪ ਕਰ ਦਿੱਤੀ ਗਈ।
ਇਹ ਨਹੀਂ ਕਿ ਸੋਸ਼ਲ਼ ਮੀਡੀਆ ਵਿੱਚ ਸਿਰਫ ਬੁਰਾਈਆਂ ਹੀ ਹਨ। ਇਸ ਨੇ ਕੰਮ ਕਾਜੀ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਕਰੋਨਾ ਲੌਕ ਡਾਊਨ ਵੇਲੇ ਬੱਚਿਆਂ ਦੀ ਪੜ੍ਹਾਈ ਸਿਰਫ ਵੱਟਸਐਪ ਰਾਹੀਂ ਹੀ ਸੰਭਵ ਹੋ ਸਕੀ ਸੀ। ਆਧੁਨਿਕ ਕਾਲ ਤਕਨੀਕ ਦਾ ਦੌਰ ਹੈ। ਹਰ ਵਿਅਕਤੀ ਸਮਾਜਿਕ ਹੋਵੇ ਚਾਹੇ ਭਾਵੇਂ ਨਾ ਹੋਵੇ, ਪਰ ਸੋਸ਼ਲ ਜਰੂਰ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ ਲੋਕਾਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਸਾਧਨ ਬਣ ਚੁੱਕਾ ਹੈ ਤੇ ਇਸ ਨੇ ਵਿਸ਼ਵ ਵਿੱਚ ਸੰਚਾਰ ਨੂੰ ਇੱਕ ਨਵਾਂ ਪਹਿਲੂ ਦਿੱਤਾ ਹੈ। ਜਿੱਥੇ ਸੋਸ਼ਲ ਮੀਡੀਆ ਕਾਰੋਬਾਰੀਆਂ ਲਈ ਕਾਰੋਬਾਰ ਦਾ ਨਵਾਂ ਸਾਧਨ ਬਣਿਆਂ ਹੈ, ਉਥੇ ਰੋਜ਼ਗਾਰ ਦੇ ਕਈ ਨਵੇਂ ਮੌਕੇ ਵੀ ਇਸ ਨੇ ਪੈਦਾ ਕੀਤੇ ਹਨ। ਇਹ ਉਨ੍ਹਾਂ ਲੋਕਾਂ ਦੀ ਅਵਾਜ਼ ਬਣਿਆ ਹੈ ਜਿਨ੍ਹਾਂ ਦੀ ਅਵਾਜ਼ ਹੁਣ ਤੱਕ ਦਬਾਈ ਜਾਂਦੀ ਰਹੀ ਹੈ। ਅੱਜ ਸੋਸ਼ਲ ਮੀਡੀਆ ਸੂਚਨਾਵਾਂ ਦਾ ਕੇਂਦਰ ਜਾਪਦਾ ਹੈ। ਸਾਰੀਆਂ ਵੱਡੀਆਂ ਅਖਬਾਰਾਂ ਆਪਣੇ ਈ ਐਡੀਸ਼ਨ ਕੱਢਦੀਆਂ ਹਨ। ਕਈ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਜਿਆਦਾਤਰ ਲੋਕ ਰੋਜ਼ਮੱਰਾ ਦੀਆਂ ਸੂਚਨਾਵਾਂ ਸਵੇਰੇ ਸੋਸ਼ਲ ਮੀਡੀਆ ਰਾਹੀਂ ਹਾਸਲ ਕਰਦੇ ਹਨ। ਪੰਜਾਬੀ ਦੇ ਅਨੇਕਾਂ ਗਾਇਕ ਯੂ ਟਿਊਬ ‘ਤੇ ਗਾਣੇ ਰਿਲੀਜ਼ ਕਰ ਕੇ ਰਾਤੋ ਰਾਤ ਪ੍ਰਸਿੱਧ ਹੋਏ ਹਨ।
ਸੋਸ਼ਲ ਮੀਡੀਆ ਦੀ ਬੇਤਹਾਸ਼ਾ ਵਰਤੋਂ ਕਰਨ ਨਾਲ ਦਿਮਾਗ ਵਿੱਚ ਨਾਂਹ ਪੱਖੀ ਵਿਚਾਰ ਆਉਂਦੇ ਹਨ ਤੇ ਬਹੁਤੇ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦੀ ਹੈ। ਇਸ ਕਾਰਨ ਸਾਈਬਰ ਕਰਾਈਮ ਵੀ ਵਧਦੇ ਜਾ ਰਹੇ ਹਨ ਤੇ ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰ ਕੇ ਬੈਂਕ ਖਾਤੇ ਸਾਫ ਕਰ ਦਿੱਤੇ ਜਾਂਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸੋਸ਼ਲ਼ ਮੀਡੀਆ ਸਮਾਜ ਲਈ ਇੱਕ ਮੌਕਾ ਵੀ ਹੈ ਤੇ ਇੱਕ ਸਮੱਸਿਆ ਵੀ। ਇਹ ਵਰਤੋਂ ਕਰਨ ਵਾਲੇ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਤਰੱਕੀ ਕਰਨ ਦੇ ਮੌਕੇ ਦੀ ਤਰਾਂ ਅਪਣਾਉਂਦੇ ਹਨ ਜਾਂ ਆਪਣੇ ਅਤੇ ਦੂਸਰਿਆਂ ਲਈ ਸਮੱਸਿਆਵਾਂ ਪੈਦਾ ਕਰਨ ਲਈ। ਸੋਸ਼ਲ਼ ਮੀਡੀਆ ਦੀ ਵਰਤੋਂ ਬਹੁਤ ਸੰਜਮ ਨਾਲ ਕਰਨੀ ਚਾਹੀਦੀ ਹੈ। ਨਵੀਂ ਪੀੜ੍ਹੀ ਦੀ ਤਾਂ ਇਹ ਹਾਲਤ ਹੋ ਗਈ ਹੈ ਕਿ ਮਹੀਨੇ ਦੋ ਮਹੀਨੇ ਬਾਅਦ ਇੱਕ ਅੱਧੀ ਖਬਰ ਆ ਹੀ ਜਾਂਦੀ ਹੈ ਕਿ ਫਲਾਣੇ ਲੜਕੇ – ਲੜਕੀ ਨੇ ਘਰ ਵਾਲਿਆ ਦੇ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਵਰਜਣ ਕਾਰਨ ਆਤਮ ਹੱਤਿਆ ਕਰ ਲਈ ਹੈ ਜਾਂ ਆਪਣੇ ਮਾਂ ਪਿਉ ਨੂੰ ਚਾਕੂ ਮਾਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਰੋਕਣ ਲਈ ਬੱਚਿਆਂ ‘ਤੇ ਖਾਸ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਫੇਸਬੁੱਕ ਅਤੇ ਇੰਸਟਾਗਰਾਮ ਆਦਿ ਦੇ ਅਕਾਊਂਟਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin