ਹਿੰਮਤ ਦੇ ਨਾਲ ਰੱਖੀਂ ਅਪਣਾ ਖ਼ਿਆਲ ਰੱਖੀਂ।
ਹੋਵਣ ‘ਗੇ ਸੱਚ ਕਦੇ ਤਾਂ ਸੁਫ਼ਨੇ ਤੂੰ ਪਾਲ਼ ਰੱਖੀਂ।
ਨ੍ਹੇਰੇ ਦਾ ਬੋਲਬਾਲਾ ਡਰਨਾ ਨਹੀਂ ਹੈ ਇਸ ਤੋਂ
ਦੇਣੀ ਹੈ ਮਾਤ ਇਸ ਨੂੰ ਹੱਥੀਂ ਮਸ਼ਾਲ ਰੱਖੀਂ।
ਠੰਢਾ ਨਾ ਹੋਣ ਦੇਵੀਂ ਹਰਗਿਜ਼ ਹੀ ਜੋਸ਼ ਨੂੰ ਹੁਣ
ਅਪਣੇ ਤੂੰ ਖ਼ੂਨ ਅੰਦਰ ਭਰਵਾਂ ਉਬਾਲ ਰੱਖੀਂ।
ਨਿਰਭਰ ਕਿਸੇ ਤੇ ਹੋ ਕੇ ਬਣਨਾ ਗ਼ੁਲਾਮ ਨਹੀਓਂ
ਹੱਥਾਂ ‘ਚ ਕੁਝ ਤੂੰ ਅਪਣੇ ਐਸਾ ਕਮਾਲ ਰੱਖੀਂ।
ਸ਼ੰਕਾ ਕਦੇ ਜੇ ਹੁੰਦੀ ਪੈਦਾ ਜ਼ਰਾ ਵੀ ਕਿਧਰੇ
ਕਰਕੇ ਨਿਬੇੜਾ ਦਿਲ ਵਿਚ ਨਾ ਤੂੰ ਮਲਾਲ ਰੱਖੀਂ।
ਮਿਲਿਆ ਉਹ ਜਦ ਕਦੇ ਵੀ ਮਨ ਵਿਚ ਨਾ ਜ਼ਹਿਰ ਘੋਲੀਂ
ਆਵੇ ਜੋ ਮਨ ‘ਚ ਤੇਰੇ ਅਪਣਾ ਸਵਾਲ ਰੱਖੀਂ।
ਔਂਕੜ ਕੋਈ ਜੇ ਆਈ ਦੋ ਹੱਥ ਕਰੀਂ ਤੂੰ ਹੱਸ ਕੇ
ਦਿਲ ਵਿਚ ਜਵਾਰ ਭਾਟਾ ਪੈਰੀਂ ਭੁਚਾਲ ਰੱਖੀਂ।
ਨਿਰਭਰ ਕਦੇ ਨਾ ਹੋਵੀਂ ਹਰਗਿਜ਼ ਹੀ ਤੂੰ ਕਿਸੇ ‘ਤੇ
ਧਰਤੀ ਬਣਾਈਂ ਅਪਣੀ ਅਪਣਾ ਪਤਾਲ ਰੱਖੀਂ।
ਫ਼ੈਲੀ ਹੈ ਜੇ ਨਿਰਾਸ਼ਾ ਕਰਨੀ ਹੈ ਦੂਰ ਤੂੰ ਹੀ
ਆਸਾਂ ਦੇ ਹਰ ਜਗ੍ਹਾ ਤੇ ਦੀਵੇ ਤੂੰ ਬਾਲ਼ ਰੱਖੀਂ।
– ਹਰਦੀਪ ਬਿਰਦੀ