
ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ। ਲੋਕਤੰਤਰ ਇੱਕ ਅਜਿਹੀ ਵਿਵਸਥਾ ਜਿਸ ਵਿੱਚ ਲੋਕਾਂ ਦੁਆਰਾ ਅਤੇ ਲੋਕਾਂ ਲਈ ਚੁਣੀ ਗਈ ਸਰਕਾਰ ਦੇਸ਼ ਦੀ ਵਾਗਡੋਰ ਸੰਭਾਲਦੀ ਹੈ। ਇਹ ਰਾਜਨੀਤੀ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ । ਪਿਛਲੇ ਇੱਕ ਨਿਰੀਖਣ ਦੇ ਅਨੁਸਾਰ 834 ਮਿਲੀਅਨ ਵੋਟਰਾਂ ਨਾਲ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਏਸ਼ੀਆ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵੀ ਭਾਰਤ ਹੀ ਹੈ । ਜਦੋਂ ਭਾਰਤ ਅਜ਼ਾਦ ਹੋਇਆ ਤਾਂ ਧਰਨੇ ਲਾਕੇ, ਡਾਂਗਾ ਸੋਟੇ ਤੇ ਅੱਤਿਆਚਾਰ ਸਹਿੰਦੇ ਹੋਏ ਲੋਕਾਂ ਨੇ ਦੇਸ਼ ਨੂੰ ਅਜ਼ਾਦ ਕਰਵਾਇਆ। ਸਾਡੇ ਅਜ਼ਾਦੀ ਘੁਲਾਟੀਆਂ ਨੇ ਸ਼ੁਕਰ ਮਨਾਇਆ ਸੀ ਕਿ ਚਲੋ ਕਿਸੇ ਜੱਦੋ ਜਹਿਦ ਮਗਰੋਂ ਹੀ ਸਹੀਂ ਆਖਰਕਾਰ ਹੁਣ ਅਸੀਂ ਅਜ਼ਾਦ ਦੇਸ਼ ਦੇ ਵਾਸੀ ਕਹਿਲਾਵਾਂਗੇ, ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਧੱਕੇ ਨਹੀਂ ਖਾਣੇ ਪੈਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਗਰਵ ਨਾਲ ਸਿਰ ਉੱਚਾ ਕਰਕੇ ਜਿਊ ਸਕਣਗੀਆਂ। ਦੇਸ਼ ਦੇ ਸ਼ਾਸਕਾਂ ਉੱਪਰ ਵੀ ਯਕੀਨ ਸੀ ਕਿ ਉਹ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਯਤਨਸ਼ੀਲ ਰਹਿਣਗੇ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸ਼ਹਾਦਤਾਂ ਵਾਲਿਆਂ ਦੇ ਅੰਸ਼ ਵੰਸ਼ ਅਰਾਮ ਨਾਲ ਜਿੰਦਗੀ ਬਸਰ ਕਰ ਸਕਣਗੇ।