
ਰਮਾ ਬਾਰ੍ਹਵੀਂ ਕਲਾਸ ਪਾਸ ਕਰਕੇ ਪੜ੍ਹਨੋਂ ਹਟ ਗਈ ਸੀ ਕਿਉਂਕਿ ਕਾਲਜ ਦੀ ਪੜ੍ਹਾਈ ਲਈ ਮਾਂ ਬਾਪ ਕੋਲ ਪੈਸੇ ਦੀ ਗੁੰਜਾਇਸ਼ ਨਹੀਂ ਸੀ। ਦੋਹਾਂ ਭਰਾਵਾਂ ਤੋਂ ਵੱਡੀ ਰਮਾ ਆਪਣੇ ਮਾਂ ਬਾਪ ਦੀ ਮਜਬੂਰੀ ਚੰਗੀ ਤਰ੍ਹਾਂ ਸਮਝਦੀ ਸੀ ।ਰਮਾ ਇੱਕ ਲਾਇਕ ਤੇ ਸਮਝਦਾਰ ਲੜਕੀ ਸੀ ।ਆਪਣੀ ਪੜ੍ਹਾਈ ਦੌਰਾਨ ਉਸਨੇ ਘਰੇਲੂ ਕੰਮ ਜਿਵੇਂ ਸਲਾਈ ਕਢਾਈ ਸਭ ਕੁਝ ਸਿੱਖ ਲਿਆ। ਉਸ ਨੇ ਜਲਦ ਹੀ ਆਪਣੇ ਮਾਂ ਬਾਪ ਦਾ ਹੱਥ ਵਟਾਉਣ ਲਈ ਇੱਕ ਪ੍ਰਾਈਵੇਟ ਕੰਪਨੀ ‘ਚ ਨੌਕਰੀ ਕਰ ਲਈ। ਥੋੜ੍ਹੀ ਜਿਹੀ ਤਨਖਾਹ ਮਿਲਣ ਤੇ ਵੀ ਉਹ ਸਕੂਨ ‘ਚ ਰਹਿੰਦੀ ਕਿਉਂਕਿ ਉਹ ਆਪਣੇ ਮਾਂ ਬਾਪ ਦਾ ਸਹਾਰਾ ਬਣ ਗਈ ਸੀ। ਦੋਵੇਂ ਛੋਟੇ ਭਰਾ ਸਕੂਲ ਦੀ ਪੜ੍ਹਾਈ ਕਰ ਰਹੇ ਸਨ। ਉਸ ਦਾ ਬਾਪ ਵੀ ਕਿਸੇ ਦੁਕਾਨ ਤੇ ਛੋਟੀ ਜਿਹੀ ਨੌਕਰੀ ਕਰਦਾ ਸੀ। ਮਾਂ ਭਾਵੇਂ ਆਪਣੀ ਧੀ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ ਪਰ ਉਹ ਮਜਬੂਰ ਸੀ। ਆਰਥਿਕ ਤੰਗੀ ਨੇ ਉਸ ਨੂੰ ਦਿਲ ਤੇ ਪੱਥਰ ਰੱਖ ਕੇ ਜਿਊਣ ਦੀ ਜਾਂਚ ਸਿਖਾ ਦਿੱਤੀ ਸੀ। ਛੋਟੀ ਉਮਰ ਦੀ ਧੀ ਅੱਠ ਦੱਸ ਘੰਟੇ ਡਿਊਟੀ ਕਰਕੇ ਥੱਕ ਜਾਂਦੀ। ਘਰ ਦਾ ਰੋਟੀ ਟੁੱਕ ਰਮਾ ਦੀ ਮਾਂ ਆਪ ਹੀ ਕਰ ਲੈਂਦੀ । ਘਰ ਦੇ ਕੰਮ ਦਾ ਬਹੁਤਾ ਬੋਝ ਉਹ ਧੀ ਤੇ ਨਾ ਪਾਉਂਦੀ। ਜਵਾਨ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਦੋਹਾਂ ਜੀਆਂ ਨੂੰ ਵੱਢ ਵੱਢ ਖਾਂਦੀ ।