ਕੁਦਰਤ ਦੇ ਬਣਾਏ ਨਿਜ਼ਾਮ ਅਨੁਸਾਰ ਜੋ ਵਿਅਕਤੀ ਜਨਮ ਲੈਂਦਾ ਹੈ ਓਸ ਨੇ ਆਪਣੀ ਉਮਰ ਦੇ ਤਿੰਨ ਮੁੱਖ ਪੜਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਨੂੰ ਪਾਰ ਕਰਦੇ ਹੋਏ ਇਸ ਦੁਨੀਆਂ ਤੋਂ ਇੱਕ ਦਿਨ ਰੁਖ਼ਸਤ ਹੋਣਾ ਹੀ ਹੁੰਦਾ ਹੈ। ਇਹ ਜੀਵਨ ਚੱਕਰ ਸਦੀਆਂ ਤੋਂ ਚਲਦਾ ਆ ਰਿਹਾ ਹੈ,ਪਰ ਫ਼ੇਰ ਵੀ ਲੋਕ ਜਦ ਵੀ ਕਦੇ ਜਵਾਨੀ ਤੋਂ ਬੁਢਾਪੇ ਵਾਲੇ ਪੜਾਅ ਵਿੱਚ ਆਉਣ ਲੱਗਦੇ ਹਨ ਤਾਂ ਇਸ ਸੱਚ ਨੂੰ ਜਾਣਦੇ ਹੋਏ ਵੀ ਕਬੂਤਰ ਵਾਂਗ ਅੱਖਾਂ ਮਿਟਣ ਦਾ ਯਤਨ ਕਰਦੇ ਹਨ। ਪਰ ਸਾਨੂੰ ਸਮੇਂ ਦੇ ਨਾਲ ਆਉਂਦੇ ਸ਼ਰੀਰਿਕ ਪਰਿਵਰਤਨ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਤਾਂਹੀ ਅਸੀਂ ਤਣਾਅ ਮੁਕਤ ਜ਼ਿੰਦਗੀ ਜਿਓਂ ਸਕਦੇ ਹਾਂ। ਜਿੰਦਗੀ ਦੇ ਹਰ ਇੱਕ ਪੜਾਅ ਦੀ ਵੱਖਰੀ ਹੀ ਕਸ਼ਿਸ਼ ਹੁੰਦੀ ਹੈ, ਸਾਨੂੰ ਹਰ ਪੜਾਅ ਦਾ ਅਨੰਦ ਲੈਣਾ ਚਾਹੀਦਾ ਹੈ।
ਉਮਰਦਰਾਜ਼ ਹੋਣ ਦਾ ਵੀ ਇੱਕ ਆਪਣਾ ਵੱਖਰਾ ਹੀ ਮਜ਼ਾ ਹੈ। ਇਸ ਉਮਰ ਵਿੱਚ ਜੇ ਤੁਸੀਂ ਆਪਣੇ ਵਾਲਾਂ ਨੂੰ ਰੰਗਣਾ ਚਾਹੁੰਦੇ ਹੋ, ਤਾਂ ਇਸ ਨੂੰ ਰੰਗੋ। ਜੇ ਤੁਸੀਂ ਭਾਰ ਘੱਟ ਰੱਖਣਾ ਚਾਹੁੰਦੇ ਹੋ, ਤਾਂ ਰੱਖੋ। ਇਸ ਉਮਰੇ ਸਾਨੂੰ “ਖਾਈਏ ਮਨ ਭਾਉਂਦਾ ਅਤੇ ਪਹਿਨੀਏ ਵੀ ਮਨ ਪਾਉਂਦਾ” ਦੇ ਸਿਧਾਂਤ ਨੂੰ ਅਪਨਾਉਣਾ ਚਾਹੀਦਾ ਹੈ। ਜੱਗ ਦੀ ਪਰਵਾਹ ਤੁਹਾਨੂੰ ਮਾਨਸਿਕ ਪਰੇਸ਼ਾਨੀ ਦੇ ਸਕਦੀ ਹੈ। ਜੋ ਮਨ ਵਿੱਚ ਆਏ ਖਾਓ ਤੇ ਆਪਣੇ ਮਨ ਪਸੰਦ ਦੇ ਕੱਪੜੇ ਹੰਢਾਓ, ਇਹ ਤੁਹਾਨੂੰ ਖੁਸ਼ੀ ਦੇਵੇਗਾ। ਆਪਣੀ ਚਾਦਰ ਤੋਂ ਪੈਰ ਬਾਹਰ ਨਾ ਕੱਢੋ, ਝੂਠੇ ਸ਼ੋ-ਔਫ ਤੋਂ ਬਚੋ, ਇਹ ਤੁਹਾਡੀ ਮਨੋ-ਸਥਿਤੀ ਤੇ ਨਕਾਰਾਤਮਕ ਪ੍ਰਭਾਵ ਪਾਵੇਗਾ। ਮਾਨਸਿਕ ਸ਼ਾਂਤੀ ਲਈ ਬੱਚਿਆਂ ਵਾਂਗ ਵਿਚਰੋ, ਚੰਗਾ ਸੋਚੋ, ਇੱਕ ਚੰਗਾ ਮਾਹੌਲ ਰੱਖੋ ਆਪਣੀ ਦੋਸਤੀ ਅਗਾਂਹਵਧੂ ਲੋਕਾਂ ਨਾਲ ਰੱਖੋ। ਜਿੰਦਗੀ ਦੇ ਹਰ ਪਲ ਦਾ ਆਨੰਦ ਮਾਣੋ। ਸ਼ੀਸ਼ੇ ਵਿੱਚ ਦਿੱਖ ਰਹੀ ਆਪਣੀ ਹੋਂਦ ਨੂੰ ਸਵੀਕਾਰ ਕਰੋ। ਕੋਈ ਕਰੀਮ ਤੁਹਾਡੀ ਝੂਰੜੀਆਂ ਆਉਣੋ ਨਹੀਂ ਰੋਕ ਸਕਦੀ, ਕੋਈ ਸ਼ੈਂਪੂ ਵਾਲ ਝੜਨ ਤੋਂ ਨਹੀਂ ਰੋਕਦਾ, ਕੋਈ ਤੇਲ ਵਾਲ ਨਹੀਂ ਉਗਾਉਂਦਾ, ਕੋਈ ਸਾਬਣ ਤੁਹਾਨੂੰ ਬੱਚਿਆਂ ਦੀ ਤਰ੍ਹਾਂ ਚਮੜੀ ਨਹੀਂ ਦਿੰਦਾ, ਚਾਹੇ ਇਹ ਪਿਅਰ੍ਸ ਹੋਵੇ ਜਾਂ ਪਤੰਜਲੀ। ਹਰ ਕੋਈ ਚੀਜ਼ਾਂ ਵੇਚਣ ਲਈ ਝੂਠ ਬੋਲਦੇ ਹਨ। ਚਮੜੀ ਤੋਂ ਲੈ ਕੇ ਬਾਲਾਂ ਵਿੱਚ ਤਬਦੀਲੀ ਵਕ਼ਤ ਦੇ ਨਾਲ ਆਉਣੀ ਸੁਭਾਵਿਕ ਹੈ। ਤੁਸੀਂ ਸ਼ਰੀਰ ਰੂਪੀ ਪੁਰਾਣੀ ਮਸ਼ੀਨ ਨੂੰ ਕਸਰਤ ਨਾਲ ਨੌਂ ਬਰ ਨੌਂ ਤਾਂ ਰੱਖ ਸਕਦੇ ਹੋ ਪਰ ਤੁਸੀਂ ਇਸ ਨੂੰ ਨਵੀਂ ਨਹੀਂ ਬਣਾ ਸਕਦੇ। ਨਾ ਤਾਂ ਟੁੱਥਪੇਸਟ ਵਿਚ ਨਮਕ ਹੁੰਦਾ ਹੈ ਅਤੇ ਨਾ ਹੀ ਨਿੱਮਾਂ ਦਾ ਅਰਕ, ਕਿਸੇ ਵੀ ਕਰੀਮ ਵਿਚ ਕੇਸਰ ਨਹੀਂ ਹੁੰਦਾ, ਕਿਉਂਕਿ 2 ਗ੍ਰਾਮ ਕੇਸਰ ਵੀ 500 ਰੁਪਏ ਤੋਂ ਘੱਟ ਨਹੀਂ ਆਉਂਦਾ! ਦੰਦਾਂ ਲਈ ਕੁਦਰਤੀ ਨਿੱਮ ਦੀ ਦਾਤਣ ਕਰੋ ਅਤੇ ਜੇਕਰ ਤੂਸੀਂ ਜਿਆਦਾ ਸ਼ੌਕੀਨ ਹੋ ਤਾਂ ਚਿਹਰੇ ਲਈ ਕਰੀਮਾਂ ਨੂੰ ਛੱਡ ਮੁਲਤਾਨੀ ਮਿੱਟੀ ਲਾ ਸਕਦੇ । ਇਹ ਮਾਇਨੇ ਨਹੀਂ ਰੱਖਦਾ ਕਿ ਤੂਸੀਂ ਲੰਮੇ ਹੋ ਜਾਂ ਮਧਰੇ, ਤੁਹਾਡੀ ਨੱਕ ਮੋਟੀ ਹੈ ਜਾਂ ਤਿੱਖੀ, ਤੁਹਾਡੀਆਂ ਅੱਖਾਂ ਛੋਟੀਆਂ ਨੇ ਜਾਂ ਮੋਟੀਆਂ, ਤੁਸੀਂ ਗੋਰੇ ਹੋ ਜਾਂ ਕਾਲੇ, ਇਹ ਸਭ ਨਾਲ ਤੁਹਾਨੂੰ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਤੂਸੀਂ ਓਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਵਿਲੱਖਣ ਰਚਨਾਂ ਹੋ, ਆਪਣੀ ਵਿਲੱਖਨਤਾ ਨੂੰ ਪਛਾਣੋ।
ਹਰ ਬੱਚਾ ਸਾਨੂੰ ਸੋਹਣਾ ਲਗਦਾ ਹੈ ਕਿਉਂਕਿ ਉਹ ਧੋਖੇ ਤੋਂ ਪਰੇ ਅਤੇ ਮਾਸੂਮ ਹੈ। ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਅਸੀਂ ਛਲ ਕਪਟ ਨਾਲ ਭਰੀ ਦੋਹਰੀ ਜ਼ਿੰਦਗੀ ਜਿਉਣਾ ਸ਼ੁਰੂ ਕਰਦੇ ਹਾਂ, ਉਦੋਂ ਅਸੀਂ ਆਪਣੀ ਮਾਸੂਮੀਅਤ ਗੁਆ ਬੈਠਦੇ ਹਾਂ।
ਹਮੇਸ਼ਾਂ ਆਪਣੀ ਸਿਹਤ ਦਾ ਧਿਆਨ ਰੱਖੋ। ਜੇ ਪੇਟ ਬਾਹਰ ਜਾਂਦਾ ਹੈ ਤਾਂ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ। ਜੇ ਤੁਹਾਡਾ ਸਰੀਰ ਤੁਹਾਡੀ ਉਮਰ ਦੇ ਨਾਲ ਬਦਲਦਾ ਹੈ, ਤਾਂ ਇਹ ਕੁਦਰਤੀ ਵਤੀਰਾ ਹੈ। ਇਹ ਸਭ ਨੂੰ ਤੂਸੀਂ ਚੰਗੀ ਜੀਵਨ ਸ਼ੈਲੀ ਨਾਲ ਦਰੁਸਤ ਰੱਖ ਸਕਦੇ ਹੋ।ਇੰਟਰਨੈਟ ਅਤੇ ਸੋਸ਼ਲ ਮੀਡੀਆ ਕਈ ਕਿਸਮ ਦੀਆਂ ਸਕਾਰਾਤਮਕ ਅਤੇ ਨਕਾਰਾਤਮਕਤਾ ਸਿੱਖਿਆਵਾਂ ਨਾਲ ਭਰਿਆ ਹੋਇਆ ਹੈ, ਇਹ ਖਾਓ, ਉਹ ਨਾ ਖਾਓ ਗਰਮ ਪਾਣੀ ਵਿੱਚ ਨਿੰਬੂ ਪੀਓ, ਰਾਤ ਨੂੰ ਦੁੱਧ ਪੀਓ ਹਰੀਆਂ ਸਬਜ਼ੀਆਂ ਖਾਓ, ਸੋਇਆਬੀਨ ਅਤੇ ਦਾਲ ਵਿਚ ਪ੍ਰੋਟੀਨ ਹੁੰਦਾ ਹੈ ਆਦਿ…! ਏਹੀ ਸਭ ਦਾ ਉਲਟ ਵੀ ਨਕਾਰਾਤਮਕਤਾ ਦੇ ਰੂਪ ਵਿੱਚ ਸੋਸ਼ਲ ਮੀਡੀਆ ਤੇ ਯੂ-ਟਿਊਬ ਤੇ ਹੀ ਤੂਸੀਂ ਦੇਖਦੇ ਹੋ…..!!
ਨਿੰਬੂ ਹੱਡੀਆਂ ਖ਼ੋਰਦਾ ਹੈ, ਦੁੱਧ ਕੈਲੇਸਟ੍ਰੋਲ ਵਧਾਉਂਦਾ ਹੈ। ਹਰੀਆਂ ਸਬਜ਼ੀਆਂ ਤੇ ਸਪ੍ਰੇ ਕੀਤੀ ਹੁੰਦੀ ਹੈ। ਸੋਇਆ ਅਤੇ ਦਾਲ ਦਾ ਪ੍ਰੋਟੀਨ ਕਰੀਟੀਨਾਈਨ ਨੂੰ ਵਧਓਂਦਾ ਹੈ। ਜੇ ਤੁਸੀਂ ਇਹ ਸਾਰੇ ਉਪਦੇਸ਼ਾਂ ਦੀ ਪਾਲਣਾ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਲੱਗੇਗਾ ਇਹ ਜ਼ਿੰਦਗੀ ਬੇਕਾਰ ਹੈ, ਨਾ ਖਾਣ ਲਈ ਕੁਝ ਬਚੇਗਾ ਅਤੇ ਨਾ ਰਹਿਣ ਲਈ ਕੁਝ ਬਚੇਗਾ! ਤੁਸੀਂ ਉਦਾਸ ਹੋਵੋਗੇ।
ਇਸ ਲਈ ਸਭ ਰੱਜ ਕੇ ਖਾਓ,ਉਹ ਸਭ ਕੁਝ ਜੋ ਤੁਸੀਂ ਖਾਣਾ ਚਾਹੁੰਦੇ ਹੋ। ਭੋਜਨ ਮਨ ਨਾਲ ਸਬੰਧਤ ਹੈ, ਅਤੇ ਮਨ ਕੇਵਲ ਚੰਗੇ ਭੋਜਨ ਨਾਲ ਖੁਸ਼ ਹੁੰਦਾ ਹੈ। ਮਨ ਨੂੰ ਮਾਰਨ ਤੋਂ ਬਾਅਦ ਕੋਈ ਖੁਸ਼ ਨਹੀਂ ਹੋ ਸਕਦਾ। ਕੁਝ ਸ਼ਰੀਰਕ ਕੰਮ ਕਰਦੇ ਰਹੋ, ਸੈਰ ਲਈ ਜਾਓ, ਹਲਕੀ ਕਸਰਤ ਕਰੋ, ਰੁੱਝੇ ਰਹੋ, ਖੁਸ਼ ਰਹੋ, ਮਨ ਨੂੰ ਸਰੀਰ ਨਾਲੋਂ ਜ਼ਿਆਦਾ ਤੰਦਰੁਸਤ ਰੱਖੋ।
ਕੁਦਰਤੀ ਜੀਵਨ ਜੀਓ, ਉਮਰਾਂ ਦੀ ਪਰਵਾਹ ਛੱਡੋ ਤੁਹਾਡਾ ਸ਼ਰੀਰ ਰੱਬ ਦੀ ਅਨਮੋਲ ਦਾਤ ਹੈ। ਜੋ 84 ਲੱਖ ਜੂਨਾਂ ਬਾਅਦ ਪ੍ਰਾਪਤ ਹੋਈ ਹੈ!ਤੁਹਾਡੀ ਆਪਣੀ ਜ਼ਿੰਦਗੀ ਹੈ ਰੱਜ ਕੇ ਇਸਦਾ ਅਨੰਦ ਮਾਣੋ।
ਜਿੰਦਗੀ ਜ਼ਿੰਦਾਬਾਦ।
ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ,
ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ