Magazine Articles

10 ਸਤੰਬਰ: ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ

ਲੇਖਕ: ਗੋਬਿੰਦਰ ਸਿੰਘ ਢੀਂਡਸਾ. ਬਰੜ੍ਹਵਾਲ (ਸੰਗਰੂਰ)

ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ  ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਸੰਸਾਰ ਭਰ ਵਿੱਚ ਹੁੰਦੀਆਂ ਮੌਤਾਂ ਵਿੱਚ ਆਤਮ ਹੱਤਿਆ ਪਹਿਲੇ ਮੁੱਖ ਵੀਹ ਕਾਰਨਾਂ ਵਿੱਚ ਇੱਕ ਹੈ।

ਆਤਮ ਹੱਤਿਆ ਇੱਕ ਵਿਆਪਕ ਅਤੇ ਗੰਭੀਰ ਮੁੱਦਾ ਹੈ ਅਤੇ ਦੁਨੀਆਂ ਵਿੱਚ ਤਕਰੀਬਨ ਅੱਠ ਲੱਖ ਦੇ ਕਰੀਬ ਵਿਅਕਤੀ ਹਰ ਸਾਲ ਆਤਮ ਹੱਤਿਆ ਨਾਲ ਮੌਤ ਦੀ ਗੋਦ ਵਿੱਚ ਜਾ ਸੌਂਦੇ ਹਨ ਭਾਵ 40 ਸੈਕਿੰਡਾਂ ਵਿੱਚ ਇੱਕ ਵਿਅਕਤੀ ਆਤਮ ਹੱਤਿਆ ਕਰਦਾ ਹੈ ਅਤੇ ਇਸਤੋਂ ਪੰਝੀ ਗੁਣਾਂ ਜ਼ਿਆਦਾ ਲੋਕ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ। 15 ਤੋਂ 29 ਸਾਲ ਦੇ ਵਿੱਚ ਮੌਤ ਦਾ ਦੂਜਾ ਮੁੱਖ ਕਾਰਨ ਆਤਮ ਹੱਤਿਆ ਹੀ ਹੈ। ਅੰਕੜਿਆਂ ਅਨੁਸਾਰ ਡਿਪਰੈਸ਼ਨ ਦੇ ਸ਼ਿਕਾਰ 60 ਫੀਸਦੀ ਲੋਕਾਂ ਵਿੱਚ ਆਤਮ ਹੱਤਿਆ ਕਰਨ ਦੀ ਤੀਬਰ ਇੱਛਾ ਹੁੰਦੀ ਹੈ ਅਤੇ ਇਹਨਾਂ ਵਿੱਚ 20 ਫੀਸਦੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਮੌਤ ਦੇ ਕਲਾਵੇਂ ਵਿੱਚ ਸਮਾ ਜਾਂਦੇ ਹਨ।

ਆਤਮ ਹੱਤਿਆ ਦੀ ਪ੍ਰਵਿਰਤੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਲੋਕਾਂ ਵਿੱਚ ਆਤਮ ਹੱਤਿਆ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ 2003 ਤੋਂ ਹਰ ਵਰ੍ਹੇ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਇੰਟਰਨੈਸ਼ਨਲ ਐਸੋਸੀਏਸ਼ਨ ਫੌਰ ਸੂਸਾਈਡ ਪ੍ਰੀਵੈੱਨਸ਼ਨ (ਆਈ.ਏ.ਐੱਸ.ਪੀ.) ਨੇ ਕੀਤੀ ਅਤੇ ਇਸ ਦਿਵਸ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਮਾਨਸਿਕ ਸਿਹਤ ਫੈੱਡਰੇਸ਼ਨ ਸਹਿ ਪ੍ਰਯੋਜਕ ਹੁੰਦੇ ਹਨ।

ਆਤਮ ਹੱਤਿਆ ਪਿੱਛੇ ਮਨੋਵਿਗਿਆਨਿਕ, ਸਮਾਜਿਕ, ਆਰਥਿਕ, ਪਰਿਵਾਰਿਕ ਅਤੇ ਵਿਅਕਤੀਗਤ ਕਾਰਨ ਹੋ ਸਕਦੇ ਹਨ। ਜੇਕਰ ਕਿਸੇ ਨੂੰ ਆਤਮ ਹੱਤਿਆ ਦੇ ਵਿਚਾਰ ਆ ਰਹੇ ਹਨ ਤਾਂ ਆਪਣੇ ਕਿਸੇ ਕਰੀਬੀ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਲਈ ਕਿਸੇ ਯੋਗ ਮਨੋਵਿਗਿਆਨਿਕ ਤੋਂ ਕਾਊਂਸਲਿੰਗ ਕਰਵਾਈ ਜਾ ਸਕਦੀ ਹੈ।

ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ ਕਿਉਂਕਿ ਜ਼ਿੰਦਗੀ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਸੋ ਜੀਵਨ ਚ ਦਰਪੇਸ਼ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਸਕਰਾਤਮਕਤਾ ਨਾਲ ਜੂਝਨਾ ਚਾਹੀਦਾ ਹੈ। ਮਨ ਦੀ ਨਕਰਾਤਮਕਤਾ ਨੂੰ ਸਕਰਾਤਮਕਤਾ ਵਿੱਚ ਬਦਲ ਕੇ ਆਤਮ ਹੱਤਿਆ ਤੋਂ ਬਚਿਆ ਜਾ ਸਕਦਾ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin