Articles

ਵਤਨ ਦਾ ਮੋਹ, ਮਿੱਟੀ ਦੀ ਮਹਿਕ, ਜੰਮਣ ਭੌਂਇ ਦੀ ਕਸ਼ਿਸ਼ ਤੇ ਬਚਪਨ ਦੇ ਮਿੱਤਰਾਂ…

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਵਤਨ ਦਾ ਮੋਹ, ਮਿੱਟੀ ਦੀ ਮਹਿਕ, ਜੰਮਣ ਭੌਂਇ ਦੀ ਕਸ਼ਿਸ਼ ਤੇ ਬਚਪਨ ਦੇ ਮਿੱਤਰਾਂ ਬੇਲੀਆ ਦਾ ਲਾਡ ਪਿਆਰ, ਵਾਰ ਵਾਰ ਖਿੱਚਦਾ ਹੈ, ਵਤਨ ਗੇੜਾ ਮਾਰਨ ਵਾਸਤੇ ਮਜਬੂਰ ਕਰਦਾ ਹੈ । ਆਪਣੇ ਪਿੰਡ ਗਿਆ, ਬਹੁਤ ਸਾਰੀਆਂ ਯਾਦਾਂ ਤਾਜਾ ਕੀਤੀਆਂ, ਪੁਰਾਣੇ ਮਿੱਤਰਾਂ ਨੂੰ ਮਿਲਕੇ ਅੰਤਾਂ ਦੀ ਖ਼ੁਸ਼ੀ ਹੋਈ ਤੇ ਜੱਗੋਂ ਤੁਰ ਗਿਆਂ ਦਾ ਸੁਣਕੇ ਮਨ ਦੁਖੀ ਵੀ ਬਹੁਤ ਹੋਇਆ । ਦੁਆਬਾ ਸਾਰਾ ਵਿਦੇਸ਼ਾਂ ਚ ਜਾ ਬੈਠਾ ਤੇ ਬਾਕੀ ਰਹਿੰਦੀ ਨੌਜਵਾਨੀ ਵੀ ਫਟਾ ਫਟ ਆਈਲਟ ਕਰਕੇ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਜਾ ਰਹੀ ਹੈ । ਪਿੰਡ ਦੇ ਬਾਹਰਵਾਰ ਖੇਤਾਂ ਚ ਵੱਡੀਆ ਵੱਡੀਆਂ ਕੋਠੀਆ ਦੇਖਕੇ ਮਨ ਬਹੁਤ ਖੁਸ਼ ਹੋਇਆ ਤੇ ਪਿੰਡ ਦੀ ਲਾਲ ਲੀਕ/ਫਿਰਨੀ ਦੇ ਅੰਦਰ ਖੰਡਰਾਤ ਹੋਏ ਘਰਾਂ ਨੂੰ ਦੇਖਕੇ ਮਨ ਖ਼ੂਨ ਦੇ ਹੰਝੂ ਵੀ ਰੋਇਆ । ਪਿੰਡ ਦੇ ਚੌਂਕ ਚੁਰਸਤੇ ਚ ਬੈਠੇ ਕਈ ਬਜ਼ੁਰਗਾਂ ਨਾਲ ਗੱਲ-ਬਾਤ ਕਰਨ ‘ਤੇ ਉਹਨਾਂ ਅੰਦਰ ਵਿਦੇਸ਼ ਚਲੇ ਗਏ ਉਹਨਾਂ ਦੇ ਬੱਚਿਆ ਤੋਂ ਵਿੱਛੜਨ ਦਾ ਵਿਗੋਚਾ ਤੇ ਉਹਨਾਂ ਨੂੰ ਮਿਲਣ ਦੀ ਤਾਂਘ ਦਾ ਝੁਰੇਵਾਂ ਵੀ ਉਹਨਾਂ ਦੇ ਚੇਹਰਿਆਂ ਤੇ ਬੋਲਾਂ ਤੋਂ ਸਾਫ ਝਲਕਦਾ ਨਜ਼ਰ ਆਇਆ । ਕੁੱਜ ਬਜ਼ੁਰਗਾਂ ਨੂੰ ਜਦ ਵਿਦੇਸ਼ ਜਾ ਕੇ ਆਪਣੇ ਬੱਚਿਆਂ ਪਾਸ ਰਹਿਣ ਬਾਰੇ ਪੁਛਿਆ ਗਿਆ ਤਾਂ ਬਹੁਤਿਆਂ ਨੇ ਅਜਿਹਾ ਕਰਨ ਤੋਂ ਨਾਂਹ ਵਿੱਚ ਸਿਰ ਫੇਰਿਆ ਜਦ ਕਿ ਦੋ ਸਿਆਣਿਆਂ ਦਾ ਕਹਿਣਾ ਸੀ ਕਿ ਉਹ ਕਨੇਡਾ ਦਾ ਗੇੜਾ ਮਾਰ ਆਏ ਹਨ ਤੇ ਬਜ਼ੁਰਗਾਂ ਦਾ ਉੱਥੇ ਰਹਿਣਾ ਬੱਝਕੇ ਰਹਿਣ ਬਰਾਬਰ ਹੈ, ਕੰਮਾਂ ਵਾਲੇ ਆਪੋ ਆਪਣੇ ਕੰਮਾਂ ‘ਤੇ ਚਲੇ ਜਾਂਦੇ ਹਨ ਤੇ ਬਜ਼ੁਰਗ ਘਰਾਂ ਚ ਸਾਰਾ ਸਾਰਾ ਦਿਨ ਬੈਠੇ ਟੈਲੀ ਦੇਖਦੇ ਰਹਿੰਦੇ ਹਨ ।
ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਗੇੜਾ ਮਾਰਿਆ, ਉਹ ਕਲਾਸ ਰੂਮ ਦੇਖੇ ਜਿਹਨਾ ਵਿੱਚ ਟਾਟਾਂ ‘ਤੇ ਬੈਠਕੇ ਫੱਟੀ ਬਸਤੇ ਨਾਲ ਊੜਾ ਐੜਾ ਸਿੱਖਿਆ, ਕਿਹੜੇ ਅਧਿਆਪਕਾਂ ਤੋ ਸਭ ਤੋ ਵੱਧ ਕੁੱਟ ਖਾਧੀ, ਇਹ ਸਭ ਚੇਤਿਆ ਦੀ ਚੰਗੇਰ ‘ਚੋਂ ਮੁੜ ਯਾਦ ਆਇਆ ਤੇ ਮਨ ਕੁੱਦ ਭਾਵੁਕ ਵੀ ਹੋਇਆ । ਇਸ ਸਮੇਂ ਮੇਰੇ ਨਾਲ ਦੋ ਬਹੁਤ ਹੀ ਨਾਮਵਰ ਸ਼ਖਸ਼ੀਅਤਾਂ ਪ੍ਰੋ ਸੰਧੂ ਵਰਿਆਣਵੀ ਤੇ ਪ੍ਰੋ ਅਸ਼ੋਕ ਚੱਢਾ ਵੀ ਨਾਲ ਸਨ । ਪਿੰਡ ਵਿੱਚ ਅੱਜ ਵੀ ਗਲੀਆ ਨਾਲੀਆਂ ਦਾ ਓਹੀ ਹਾਲ ਹੈ ਜੋ ਬਹੁਤ ਦੇਰ ਪਹਿਲਾਂ ਹੁੰਦਾ ਸੀ, ਕੁੱਜ ਪਿਆਰੇ ਸੱਜਣਾਂ ਨੇ ਪਿੰਡ ਦੇ ਬਾਰੇ ਲਿਖਣ ਦਾ ਸੁਝਾਅ ਵੀ ਦਿੱਤਾ, ਪਰ ਜਦ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾ ਪਿੰਡ ਬਾਰੇ ਮੇਰੇ ਵੱਲੋਂ 2006 ਚ ਲਿਖੀ ਪੁਸਤਕ “ਮੇਰਾ ਪਿੰਡ – ਮੰਡੀ” ਪੜ੍ਹੀ ਹੈ ? ਤਾਂ ਸਭਨਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ ਜਦ ਕਿ ਨੇੜੇ ਖੜੇ ਇਕ ਨੌਜਵਾਨ ਨੇ ਗੋਡੀ ਹੱਥ ਵੀ ਲਾਇਆ ਤੇ ਸਾਰੀ ਪੁਸਤਕ ਦੋ ਵਾਰ ਪੜ੍ਹੇ ਹੋਣ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਉਕਤ ਪੁਸਤਕ ਪਿੰਡ ਦੀ ਲਾਇਬਰੇਰੀ ‘ਚੋਂ ਲੈ ਕੇ ਪੜ੍ਹੀ ਜਾ ਸਕਦੀ ਹੈ । ਨੌਜਵਾਨ ਨੇ ਪੁਸਤਕ ਦੀ ਭਰਵੀਂ ਤਾਰੀਫ਼ ਵੀ ਕੀਤੀ ਜਿਸ ਤੋਂ ਮਨ ਨੂੰ ਕੁੱਜ ਆਸ ਬੱਝੀ ਕਿ ਨਵੀਂ ਪੀੜ੍ਹੀ ਜੜਾਂ ਨਾਲ ਜੁੜਨ ਵਾਸਤੇ ਚੇਤਨ ਹੈ । ਕੁੱਲ ਮਿਲਾਕੇ ਇਸ ਵਾਰ ਲੰਮੇ ਸਮੇਂ ਬਾਅਦ ਪਿੰਡ ਜਾਣ ਅਤੇ ਜਨਮ ਭੂਮੀ ਨੂੰ ਚੁੰਮਣ ਦਾ ਇਕ ਰਲਿਆ ਮਿਲਿਆ ਪ੍ਰਭਾਵ ਮਿਲਿਆ ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin