Articles

2020 ’ਚ ਦੁਨੀਆਂ ਨੂੰ ਧਨ ਕੁਬੇਰਾਂ ਦੀ ਦੇਣ ਕਰੋਨਾ ਵਾਇਰਸ ਅਤੇ ਕਿਸਾਨ ਸੰਘਰਸ਼

ਲੇਖਕ: ਗੁਰਮੀਤ ਸਿੰਘ ਪਲਾਹੀ

ਧਨ ਕੁਬੇਰਾਂ ਦੀ ਪੈਸੇ ਦੀ ਹਵਸ਼ ਦੁਨੀਆ ਨੂੰ ਤਬਾਹੀ ਦੇ ਕੰਢੇ ਉਤੇ ਪਹੁੰਚਾ ਰਹੀ ਹੈ। ਪਿਛਲੀ ਇੱਕ ਸਦੀ ਵਿੱਚ ਕਹਿਣ ਨੂੰ ਤਾਂ ਤਕਨੀਕੀ ਤੌਰ ਤੇ ਦੁਨੀਆ ’ਚ ਵੱਡਾ ਵਿਕਾਸ ਵੇਖਣ ਨੂੰ ਮਿਲਿਆ ਹੈ, ਪਰ ਇਸ ਵਿਕਾਸ ਨੇ ਦੁਨੀਆ ਦੇ ਵਿਨਾਸ਼ ਦੀ ਨੀਂਹ ਰੱਖੀ ਹੀ ਨਹੀਂ; ਪੱਕੀ ਕੀਤੀ ਹੈ।
ਸਾਲ 2020 ’ਚ ਦੁਨੀਆਂ ਭਰ ’ਚ ਛੋਟੀਆਂ-ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਧਨ ਕੁਬੇਰਾਂ ਦੀ ਲੋਕਾਂ ਨੂੰ ਕਰੋਨਾ ਵਾਇਰਸ ਪਹਿਲੀ ਦੇਣ ਦਿੱਤੀ ਹੈ। ਦੂਜੀ ਦੇਣ ਕਿਸਾਨਾਂ ਨੂੰ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਘਸਿਆਰੇ ਬਨਾਉਣਾ ਹੈ। ਕਿਸਾਨਾਂ ਦੀ ਜ਼ਮੀਨ ਖੋਹਣ ਦਾ ਜੋ ਤਾਣਾ ਬਾਣਾ ਧਨ ਕੁਬੇਰਾਂ ਕਈ ਵਰ੍ਹੇ ਪਹਿਲਾਂ ਬੁਣਿਆ ਸੀ, ਉਹ ਕਥਿਤ ਤੌਰ ਤੇ “ਤਰੱਕੀ ਕਰ ਰਹੇ ਹਿੰਦੋਸਤਾਨ“ ਦੀ ਧਰਤੀ ਉਤੇ ਲਾਗੂ ਕਰਨ ਲਈ ਇਥੋਂ ਦੇ ਹਾਕਮਾਂ ਨੂੰ ਉਹਨਾ 2020 ’ਚ ਵਰਤਿਆ। ਅਚਾਨਕ ਮੜਿ੍ਹਆ ਖੇਤੀ ਆਰਡੀਨੈਂਸ। ਫਿਰ ਕਾਨੂੰਨ ਘੜਨੀ ਸਭਾ (ਲੋਕ ਸਭਾ) ’ਚ ਬਿੱਲ। ਫਿਰ ਧੱਕੇ ਜੋਰੀ “ਸਿਆਣਿਆਂ ਕੋਲੋਂ“(ਰਾਜ ਸਭਾ ‘ਚ) ਬਣਾਏ ਕਾਨੂੰਨ। ਫਿਰ ਪੱਕੀ ਮੋਹਰ ਕਿਸਾਨਾਂ ਦੀ ਬਰਬਾਦੀ ਲਈ, ਰਾਸ਼ਟਰਪਤੀ ਕੋਲੋਂ ਲਗਵਾਈ।
ਕਰੋਨਾ-19 ਦੁਨੀਆ ’ਚ ਆਇਆ। ਭਾਰਤੀ ਧਰਤੀ ਨੇ ਆਪਣੇ ਆਕਾ “ਰਾਸ਼ਟਰਪਤੀ ਟਰੰਪ“ ਦੀਆਂ ਖਾਹਿਸ਼ਾਂ ਦੀ ਪੂਰਤੀ ਲਈ ਫਰਵਰੀ 2020 ਤੱਕ ਕਰੋਨਾ ਵਾਇਰਸ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ। ਫਿਰ ਸੁੱਤ ਉਨੀਂਦਿਆਂ ਮੋਦੀ ਜੀ ਨੇ ਦੇਸ਼ ’ਚ ਲੌਕ ਡਾਊਨ ਲਗਾ ਦਿੱਤਾ। ਸੱਭੋ ਕੁਝ ਬੰਦ। ਅਖੇ ਕਰੋਨਾ ਬਹੁਤ ਘਾਤਕ ਹੈ। ਸਿਆਣਿਆਂ ਪੁੱਛਿਆ ਕਿ ਜੇਕਰ ਇਹ ਘਾਤਕ ਹੈ ਤਾਂ ਵੱਧਣ-ਫੁੱਲਣ ਕਿਉਂ ਦਿੱਤਾ?
ਕਿਉਂ ਅਮਰੀਕੀ ਰਾਜਿਆਂ ਨੂੰ ਇਥੇ ਆਉਣ ਦਿੱਤਾ? ਕਰੋਨਾ ਦੇਸ਼ ‘ਚ ਪਲਪਿਆ। ਥਾਲੀਆਂ, ਤਾਲੀਆਂ ਨਾਲ ਭਜਾਉਣ ਲਈ ਸਰਕਾਰ ਨੇ ਪ੍ਰਪੰਚ ਰਚੇ ਗਏ। ਮਜ਼ਦੂਰ ਕੰਮ ਛੱਡ, ਪੈਂਰੀ ਤੁਰ ਪਏ ਆਪਣੇ ਸੁਰੱਖਿਆ ਘਰਾਂ ਵੱਲ, ਨਾ ਹੱਥ ਰੋਟੀ, ਨਾ ਕੋਲ ਪਾਣੀ, ਨਾ ਪੱਲੇ ਨੌਕਰੀ ਜਾਂ ਰੁਜ਼ਗਾਰ ਬੱਸ ਭੁਖਣ-ਭਾਣੇਂ। ਕਹਿੰਦੇ ਨੇ 20 ਕਰੋੜ ਲੋਕਾਂ ਰੁਜ਼ਗਾਰ ਗੁਆ ਲਿਆ ਭਾਰਤ ਦੇਸ਼ ਵਿੱਚ। ਲੱਖਾਂ ਲੋਕ ਹੋਰ ਬਿਮਾਰੀਆਂ ਦੇ ਸ਼ਿਕਾਰ ਇਲਾਜ਼ ਖੁਣੋਂ ਸੰਸਾਰ ਛੱਡ ਗਏ। ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਹਾਕਮਾਂ ਨੇ ਲੋਕਾਂ ਨੂੰ ਮੰਗਤੇ ਬਣਾ ਛੱਡਿਆ। ਸੱਦ-ਪੁੱਛ ਕਰਨ ਵਾਲਾ ਕੋਈ ਨਹੀਂ। ਦੇਸ਼ ਦਾ ਅਰਥ ਚਾਰਾ ਟੁੱਟਾ। ਪਰ ਇਸ ਕਰੋਨਾ ਕਾਲ ’ਚ ਧਨ ਕੁਬੇਰਾਂ ਹੱਥ ਰੰਗੇ। ਗੁਜਰਾਤ ਦਾ ਵਾਸੀ ਅਡਾਨੀ ਦਾ ਧਨ ਸਾਲ ‘ਚ 10 ਗੁਣਾ ਵਧਿਆ। ਦੁਨੀਆ ਨਾਲ ਸੰਬੰਧਿਤ ਕੰਪਨੀਆਂ ਨੇ ਹੱਥ ਰੰਗੇ। ਬਾਕੀ ਕਾਰੋਬਾਰ ਤਬਾਹ ਹੋ ਗਏ। ਵੈਕਸੀਨਾਂ ਬਨਣ ਲੱਗੀਆਂ। ਹੁਣ ਲੋਕਾਂ ਨੂੰ ਭਰਮਾਇਆ ਜਾਏਗਾ, ਲੁਟਿਆ ਜਾਏਗਾ। ਇਹੋ ਦੇਣ ਹੈ ਧਨ ਕੁਬੇਰਾਂ ਦੀ- 2020 ਦੀ। ਨਿਰਾ ਭਾਰਤ ਨੂੰ ਨਹੀਂ, ਸਮੁੱਚੀ ਦੁਨੀਆ ਹੀ ਅਤੇ ਇਥੋਂ ਦੇ ਕਿਰਤੀ, ਕਿਸਾਨ, ਇਸ ਸਾਜ਼ਿਸ਼ ਦੀ ਲਪੇਟ ਵਿਚ ਆ ਗਏ। ਕਰੋਨਾ ਗਿਆ ਨਹੀਂ ਇਹ ਨਵੇਂ ਰੂਪ, ਨਵੇਂ ਸਟ੍ਰੇਨ ’ਚ ਮੁੜ ਪਲਪ ਪਿਆ ਹੈ। ਮਾਹਿਰਾਂ ਮੁਤਾਬਕ ਬਰਤਾਨੀਆ ਵਾਲੇ ਕਰੋਨਾ ਦੇ ਨਵੇਂ ਸਟ੍ਰੇਨ ਦੇ ਜੈਨੇਟਿਕ ਕੋਡ ’ਚ 23 ਨਵੇਂ ਬਦਲਾਅ ਹੋਏ ਹਨ, ਜੋ ਵਧੇਰੇ ਇਨਫੈਕਸ਼ਨ (ਲਾਗ) ਦੇ ਸਕਦੇ ਹਨ।
ਕਰੋਨਾ ਵਰਗੀ ਅਲਾਮਤ, ਅਤੇ ਖੇਤੀ ਕਾਲੇ ਕਾਨੂੰਨ ਧਨ ਕੁਬੇਰਾਂ ਧਨ ਦੀ ਹਵਸ਼ ਨੇ ਦੇਸ਼ ’ਚ ਪਾਸ ਕਰਵਾਏ ਹਨ। ਇਹ ਖੇਤੀ ਕਾਲੇ ਕਾਨੂੰਨ ਧਨ ਕੁਬੇਰਾਂ ਵਲੋਂ ਅੰਨਦਾਤਿਆਂ ਦੀ ਮੰਡੀ ਖੋਹਣ ਦਾ ਯਤਨ ਹੈ। ਇਹ ਖੇਤੀ ਕਾਲੇ ਕਾਨੂੰਨ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਵੱਖਰੀ ਕਿਸਮ ਦਾ ਢੰਗ ਤਰੀਕਾ ਹੈ। ਜਿਹੜਾ ਮੌਜੂਦਾ ਸਰਕਾਰ ਨੇ ਅਡਾਨੀਆਂ-ਅੰਬਾਨੀਆਂ ਦੀ ਝੋਲੀ ਭਰਨ ਲਈ ਲੱਭਿਆ ਹੈ। ਕਿਸਾਨ ਜਿਹੜਾ ਮੰਗ ਕਰ ਰਿਹਾ ਸੀ ਕਿ ਡਾ: ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ। ਉਸ ਰਿਪਪੋਰਟ ਵਿੱਚ ਲਾਗਤ ਮੁੱਲ ਤੋਂ ਕੁਝ ਵੱਧ ਰਕਮ ਉਸਦੀ ਫਸਲ ਉਤੇ ਦੇਣ ਦਾ ਪ੍ਰਾਵਾਧਾਨ ਸੀ। ਉਸ ਰਿਪੋਰਟ ਨੂੰ ਨਾ ਪਹਿਲੀਆਂ ਸਰਕਾਰਾਂ ਨੇ ਮੰਨਿਆ, ਨਾ ਹੁਣ ਵਾਲੀ ਸਰਕਾਰ ਨੇ। ਹੁਣ ਵਾਲੇ ਹਾਕਮਾਂ ਤਾਂ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਛਲਾਵਾ ਦੇ ਕੇ, 500 ਰੁਪਏ ਮਹੀਨਾ ਦੀ ਖੈਰਾਤ ਕਿਸਾਨ ਨੂੰ ਪਾ ਕੇ ਉਹਨਾਂ ਦੇ ਸਾਰੇ ਹੱਕ ਹਥਿਆਉਣ ਤੇ ਉਹਨਾਂ ਹੱਥੋਂ ਜ਼ਮੀਨ ਖੋਹਣ ਦਾ ਰਸਤਾ ਖੇਤੀ ਕਾਨੂੰਨਾਂ ਨਾਲ ਮੌਕਲਾ ਕਰ ਲਿਆ।
ਕਿਸਾਨਾਂ ਸੰਘਰਸ਼ ਆਰੰਭਿਆ ਹੈ। ਇਸ ਸੰਘਰਸ਼ ਦਾ ਆਰੰਭ ਪੰਜਾਬ ਦੀ ਧਰਤੀ ਤੋਂ 2020 ‘ਚ ਹੋਇਆ ਹੈ। ਉਸ ਪੰਜਾਬ ਦੀ ਧਰਤੀ ਤੋਂ ਜਿਥੋਂ ਦੇ ਵਸਨੀਕਾਂ ਦੇ ਮੱਥੇ ਵਿਹਲੜ, ਗੁੱਸੇਖੋਰ ਨਸ਼ਈ ਸਮੇਤ ਬਹੁਤ ਸਾਰੀਆਂ ਭੈੜੀਆਂ ਊਂਝਾਂ ਮੜੀਆਂ ਗਈਆਂ ਸਨ। ਉਹਨਾਂ ਇਸ ਅੰਦੋਲਨ ਨੂੰ ਆਲਮੀ ਪੱਧਰ ਉਤੇ ਪਹੁੰਚਾਇਆ ਹੈ। ਦੇਸ਼ ਵਿਦੇਸ਼ ਤੋਂ ਕਿਸਾਨ, ਮਜ਼ਦੂਰ, ਨੇਤਾ ਉਹਨਾਂ ਦੇ ਹੱਕ ’ਚ ਖੜੇ ਹਨ। ਪਰ ਜਿੱਦੀ ਮੋਦੀ ਸਰਕਾਰ ਜਿਸ ਵਲੋਂ ਸਾਲ 2020 ’ਚ ਕਿਸਾਨਾਂ ਨੂੰ ਧਨ ਕੁਬੇਰਾਂ ਮੂਹਰੇ ਸੁੱਟਿਆ ਹੈ, ਉਹਨਾਂ ਨੂੰ ਸੜਕਾਂ ਉਤੇ ਠੰਡੀਆਂ, ਕੱਕਰ ਰਾਤਾਂ ’ਚ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਹੈ, ਉਹਨਾਂ ਦੀ ਗੱਲ, “ਅਸਲੀ ਗੱਲ“, ਸੁਨਣ ਲਈ ਤਿਆਰ ਨਹੀਂ।
ਦੇਸ਼ ’ਚ ਕਿਸਾਨ ਅੰਦੋਲਨ ਵਰਗੇ ਕਈ ਅੰਦੋਲਨ ਚੱਲੇ ਹਨ। ਭਾਰਤ ’ਚ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਸੁਲਤਾਨ ਮਹੁੰਮਦ ਬਿਨ ਤੁਗਲਕ ਦੇ ਰਾਜ ਭਾਗ ਸਮੇਂ 1343 ਈਸਵੀਂ ਵਿੱਚ ਮਾਲਵਾ (ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦਾ ਇਲਾਕਾ) ਵਿੱਚ ਚੱਲਿਆ ਸੀ। ਕਿਸਾਨਾਂ ਉਤੇ ਭਾਰੀ ਟੈਕਸ ਲਗਾਏ ਗਏ ਸਨ। ਇਹ ਅੰਦੋਲਨ ਸੁਲਤਾਨ ਵਲੋਂ ਕੁਚਲ ਦਿੱਤਾ ਗਿਆ ਸੀ। ਲੱਖਾਂ ਕਿਸਾਨ ਮਾਰ ਦਿੱਤੇ ਸਨ। ਵੀਹਵੀਂ ਸਦੀ ‘ਚ ਪੱਗੜੀ ਸੰਭਾਲ ਅੰਦੋਲਨ 1907 ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਵਲੋਂ ਆਰੰਭਿਆ ਗਿਆ ਸੀ। ਪੱਗੜੀ ਸੰਭਾਲ ਜੱਟਾ ਇਸ ਲਹਿਰ ਦਾ ਨਾਂਅ ਸੀ। ਇਹ ਅੰਦੋਲਨ ਦੇਸ਼ ਭਰ ‘ਚ ਫੈਲਿਆ। ਅੰਗਰੇਜ਼ ਹਕੂਮਤ ਕਿਸਾਨ ਅੰਦੋਲਨ ਤੋਂ ਡਰ ਗਈ। 9 ਮਹੀਨੇ ਦੇ ਕਿਸਾਨ ਸੰਘਰਸ਼ ਤੋਂ ਬਾਅਦ ਟੈਕਸ ਮੁਆਫ਼ ਕਰ ਦਿੱਤਾ।
ਦੇਸ਼ ‘ਚ ਹੋਰ ਵੀ ਅੰਦੋਲਨ ਹੋਏ। ਪਰ ਸਾਲ 2020 ਵਾਲਾ ਕਿਸਾਨ ਅੰਦੋਲਨ ਜਨ ਮਾਨਸ ਦਾ ਅੰਦੋਲਨ ਬਣ ਚੁੱਕਿਆ ਹੈ। ਲੋਕ ਲੋਹੇ-ਲਾਖੇ ਹਨ। ਪਰ ਸ਼ਾਂਤ ਹਨ। ਲੋਕ ਪ੍ਰੇਸ਼ਾਨ ਹਨ, ਪਰ ਸ਼ਾਂਤ ਹਨ। ਲੋਕ ਲੜ ਰਹੇ ਹਨ, ਘਬਰਾਏ ਹੋਏ ਨਹੀਂ। ਕਿਸਾਨ ਇੱਕ ਜੁੱਟ ਹਨ, ਲੋਕ ਇੱਕ ਜੁੱਟ ਹਨ। ਇਹ 2020 ਸਾਲ ਦੀ ਵੱਡੀ ਪ੍ਰਾਪਤੀ ਹੈ, ਕਿਸਾਨਾਂ ਦੀ, ਲੋਕਾਂ ਦੀ, ਹਾਕਮਾਂ ਨੂੰ ਸੁਚੇਤ ਹੋਕੇ ਸਬਕ ਸਿਖਾਉਣ ਦੀ ਕਿ ਜ਼ੁਲਮ ਜ਼ਬਰ ਵਿਰੁੱਧ ਉਠੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਕਰੋਨਾ ਦਾ ਪ੍ਰਭਾਵ ਅੰਤਰਰਾਸ਼ਟਰੀ ਪੱਧਰ ਤੇ ਵੇਖਣ ਨੂੰ ਮਿਲਿਆ ਤੇ ਲੋਕ ਜਿਵੇਂ, ਧਨ ਕੁਬੇਰਾਂ ਦੀਆਂ ਸਾਜ਼ਿਸ਼ਾਂ ਨੂੰ ਸਮਝਣ ਲੱਗੇ ਤੇ ਉਹਨਾ ਵਲੋਂ ਵਰੋਸਾਏ ਵੱਖਰੇ ਅਲੋਕਾਰੇ ਜਹਾਨ ਨੂੰ ਠੁੱਡੇ ਮਾਰਕੇ ਕੁਦਰਤ ਨਾਲ ਸਾਂਝ ਪਾਉਣ ਲੱਗੇ ਹਨ। ਇਵੇਂ ਹੀ ਧਨ ਕੁਬੇਰਾਂ ਤੇ ਹਾਕਮਾਂ ਦੀਆਂ ਸਾਜ਼ਿਸ਼ਾਂ ਤੋਂ ਸੁਚੇਤ ਕਿਸਾਨ ਜਨ ਅੰਦੋਲਨ ਕਾਰਨ ਵਿਸ਼ਵ ਵਿਆਪੀ ਇੱਕ ਵੱਖਰੀ ਦਿੱਖ ਬਨਾਉਣ ‘ਚ, ਆਪਣੀ ਇਹ ਤਾਕਤ ਵਿਖਾਉਣ ‘ਚ ਸਫ਼ਲ ਹੋ ਰਹੇ ਹਨ ਅਤੇ ਦਰਸਾ ਰਹੇ ਹਨ ਕਿ ਸ਼ਾਂਤਮਈ ਅੰਦੋਲਨ, ਇਕੱਠ ਨਾਲ ਜ਼ਾਬਰਾਂ ਨੂੰ ਝੁਕਾਇਆ ਜਾ ਸਕਦਾ ਹੈ, ਉਹਨਾ ਨੂੰ ਨੱਥ ਪਾਈ ਜਾ ਸਕਦੀ ਹੈ।
ਸਾਲ 2020 ਵਿੱਚ ਹੋਰ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਸਾਲ 2020 ‘ਚ ਰਾਸ਼ਟਰਪਤੀ ਟਰੰਪ, ਜੋ ਨਰੇਂਦਰ ਮੋਦੀ ਵਾਂਗਰ ਨਸਲੀ ਤੇ ਰਾਸ਼ਟਰਵਾਦੀ ਸੋਚ ਦਾ ਹਿਮਾਇਤੀ ਹੈ, ਉਸਨੂੰ ਦੇਸ਼ ਦੇ ਲੋਕਾਂ ਨੇ ਉਖਾੜ ਸੁੱਟਿਆ। ਉਂਜ ਇਹ ਸਾਲ ਆਫ਼ਤਾਂ ਦਾ ਸਾਲ ਗਿਣਿਆ ਜਾਵੇਗਾ। ਦੁਨੀਆਂ ਭਰ ਵਿੱਚ ਕਾਰਪੋਰੇਟਾਂ ਤੇ ਹਾਕਮਾਂ ਦੇ ਗੱਠਜੋੜ ਕਾਰਨ ਕਰੋੜਾਂ ਲੋਕ ਬੇਰੁਜ਼ਗਾਰੀ ਦੀ ਭੱਠੀ ‘ਚ ਝੋਕੇ ਗਏ ਹਨ। ਕਰੋੜਾਂ ਲੋਕ ਰੋਟੀ ਤੋਂ ਆਤੁਰ ਹੋ ਗਏ ਹਨ। ਭਾਰਤ ਵਿੱਚ ਮਜ਼ਦੂਰੀ ਵਿਰੋਧੀ ਕਾਨੂੰਨ ਬਨਾਉਣ ਵਜੋਂ 2020 ਨੂੰ ਜਾਣਿਆ ਜਾਏਗਾ, ਜਿਥੇ ਕੰਮ ਦੇ ਘੰਟੇ 8 ਘੰਟੇ ਤੋਂ 12 ਘੰਟੇ ਕਰ ਦਿੱਤੇ ਗਏ ਹਨ। ਸਾਲ 2020 ਭਾਰਤ ਲਈ ਬੁਰੀਆਂ ਖ਼ਬਰਾਂ ਵਜੋਂ ਜਾਣਿਆ ਜਾਏਗਾ, ਜਿਥੇ ਰੋਟੀ, ਰੋਜ਼ੀ, ਚੰਗੀਆਂ ਸਿਹਤ ਸਹੂਲਤਾਂ, ਚੰਗੇ ਵਾਤਾਵਰਨ ਸਬੰਧੀ ਉਮੀਦ ਦੀ ਕਿਰਣਾਂ ਕਿਧਰੇ ਵੀ ਦਿਖਾਈ ਨਹੀਂ ਦਿੱਤੀ।
ਇਸ ਵਰ੍ਹੇ ਦੌਰਾਨ ਹਾਕਮ ਪਾਰਟੀ ਵਲੋਂ ਬਿਹਾਰ ਚੋਣਾਂ ਧਨ ਦੇ, ਬਲ ਦੇ ਜ਼ੋਰ ਨਾਲ ਜਿੱਤੀਆਂ। ਮੱਧ ਪ੍ਰਦੇਸ਼ ਵਿੱਚ ਹਾਕਮਾਂ ਆਇਆ ਰਾਮ ਗਿਆ ਰਾਮ ਨੂੰ ਸ਼ਹਿ ਦਿੱਤੀ। ਹੋਰ ਕਈ ਸੂਬਿਆਂ ਦੀ ਸਰਕਾਰਾਂ ਅਸਥਿਰ ਕੀਤੀਆਂ। ਇੱਕ ਦੇਸ਼-ਇੱਕ ਟੈਕਸ, ਇੱਕ ਦੇਸ਼-ਇੱਕ ਚੋਣ, ਇੱਕ ਦੇਸ਼-ਇੱਕ ਭਾਸ਼ਾ, ਇੱਕ ਦੇਸ਼-ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਧਰਮ, ਇੱਕ ਦੇਸ਼-ਇੱਕ ਕਾਨੂੰਨ, ਇੱਕ ਦੇਸ਼-ਇੱਕ ਸਭਿਆਚਾਰ ਦਾ ਅਜੰਡਾ ਦੇਸ਼ ਦੀ ਵੰਨ-ਸੁਵੰਨਤਾ ਦੀ ਹਕੀਕਤ ਤੋਂ ਮੂੰਹ ਮੋੜਨ ਵਾਲਾ ਅਜੰਡਾ 2020 ਵਿੱਚ ਮੁੱਖ ਤੋਰ ਤੇ ਦੇਸ਼ ਦੇ ਹਾਕਮਾਂ ਨੇ ਸਾਹਮਣੇ ਲਿਆਂਦਾ। ਯੂ.ਪੀ. ਵਿੱਚ ਲਵ-ਜਿਹਾਦ ਦਾ ਕਾਨੂੰਨ ਪਾਸ ਕਰਕੇ ਹਾਕਮਾਂ ਨੇ ਦਰਸਾ ਦਿੱਤਾ ਕਿ ਦੇਸ਼ ਵਿੱਚ ਪਹਿਰਾਵੇ, ਵਿਚਾਰਾਂ ਉਤੇ ਪਾਬੰਦੀ ਤਾਂ ਹੈ ਹੀ, ਸਗੋਂ ਧਰਮ ਦਾ ਮਸਲਾ ਵੀ ਉਂਜ ਹੀ ਸੁਲਝਾਇਆ ਜਾਏਗਾ ਜਿਵੇਂ ਕਿ “ਭਗਵਾਂ ਹਾਕਮ“ ਚਾਹੇਗਾ। ਪੱਛਮੀ ਬੰਗਾਲ ਵਿੱਚ ਵਿਰੋਧੀ ਸਰਕਾਰ ਨੂੰ ਡੇਗਣ ਲਈ, ਮਮਤਾ ਬੈਨਰਜੀ ਮੁੱਖ ਮੰਤਰੀ ਨੂੰ ਹਰ ਤਰ੍ਹਾਂ ਦੇ ਦਬਾਅ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਕਿ ਹਰ ਹਰਬੇ ਵਰਤਕੇ ਪੱਛਮੀ ਬੰਗਾਲ ਦੀ ਚੋਣ ਜਿੱਤੀ ਜਾ ਸਕੇ।
ਬਹੁਤ ਕੁਝ ਵੇਖਿਆ ਦੇਸ਼ ਦੀ ਰਾਜਧਾਨੀ ਦਿੱਲੀ ਨੇ 2020 ਦੇ ਵਰ੍ਹੇ। 370 ਧਾਰਾ ਵਿਰੁੱਧ ਸ਼ਾਹੀਨ ਬਾਗ ਦਾ ਅੰਦੋਲਨ ਵੇਖਿਆ, ਜੋ ਹਾਕਮਾਂ ਕਰੋਨਾ ਵਾਇਰਸ ਦੀ ਭੇਂਟ ਚੜ੍ਹਾਕੇ ਨਿਗਲ ਲਿਆ। 1984 ਵਰ੍ਹੇ ਦਿੱਲੀ ਕਤਲੇਆਮ ਵਰਗੀ ਘਟਨਾ ਦਿੱਲੀ ‘ਚ 2020 ‘ਚ ਵਪਾਰੀ ਜਿਥੇ 50 ਲੋਕ “ਕੱਟੜ ਹਿੰਦੂਤਵੀਆਂ ਦਾ ਸ਼ਿਕਾਰ ਹੋਏ, ਸੈਂਕੜੇ ਜ਼ਖ਼ਮੀ ਹੋਏ। 2020 ‘ਚ ਹਰਿਆਣੇ ਦੀ ਸਰਕਾਰ ਨੇ ਸੰਘਰਸ਼ੀ ਕਿਸਾਨਾਂ ਉਤੇ ਪਾਣੀ ਦੀਆਂ ਤੋਪਾਂ ਦੇ ਗੋਲੇ ਚਲਾਏ ਅਤੇ ਕਿਸਾਨਾਂ ਹਰਿਆਣਾ ਸਰਕਾਰ ਦੀ ਅੜੀ ਵੀ ਇਸੇ ਵਰ੍ਹੇ ਭੰਨੀ। ਦਿੱਲੀ ਅਤੇ ਦੇਸ਼ ਵਾਲਿਆਂ ਸੁਪਰੀਮ ਕੋਰਟ ਦੇ ਲਈ ਫ਼ੈਸਲਾ ਪੜ੍ਹੇ-ਸੁਣੇ, ਜਿਹਨਾ ਵਿਚੋਂ ਕਈਆਂ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਬਾਵਜੂਦ ਸੁਪਰੀਮ ਕੋਰਟ ਵਲੋਂ ਦਿੱਤੇ ਆਦੇਸ਼ਾਂ ਦੇ ਹਾਕਮ ਧਿਰ ਵਲੋਂ, ਲੋਕ ਸਭਾ, ਵਿਧਾਨ ਸਭਾ ਦੇ ਉਹਨਾ ਮੈਂਬਰਾਂ ਵਿਰੁੱਧ ਕੋਈ ਬਿੱਲ ਨਹੀਂ ਲਿਆਂਦਾ, ਜਿਹਨਾ ਵਿਰੁੱਧ ਅਪਰਾਧਿਕ ਮਾਮਲੇ ਦਰਜ਼ ਹਨ। ਸੁਪਰੀਮ ਕੋਰਟ ਇਸ ਮਾਮਲੇ ‘ਚ ਚਰਚਿਤ ਰਹੀ ਕਿ ਇੱਕ ਚੈਨਲ ਦੇ ਮੁੱਖੀ ਨੂੰ ਤਾਂ ਕੁਝ ਘੰਟਿਆਂ ‘ਚ ਜਮਾਨਤ ਦੇ ਦਿੱਤੀ ਗਈ, ਪਰ ਦੋ ਦਰਜਨ ਤੋਂ ਵੱਧ ਬੁੱਧੀਜੀਵੀਆਂ, ਲੇਖਕਾਂ ਦੇ ਜਮਾਨਤੀ ਕੇਸਾਂ ਦਾ ਨਿਪਟਾਰਾ ਮਹੀਨਿਆਂ ਬੱਧੀ ਲਟਕਿਆ ਪਿਆ ਹੈ।
ਗੱਲ ਕੀ ਧਨ ਕੁਬੇਰਾਂ ਫਨੀਅਰ ਸੱਪ ਵਾਂਗਰ 2020 ‘ਚ ਹਿੰਦੋਸਤਾਨ ਉਤ ਇਥੋਂ ਦੇ ਹਾਕਮਾਂ ਨਾਲ ਧਿਰ ਬਣਕੇ ਲੋਕਾਂ ਨੂੰ ਲੁੱਟਿਆ, ਕੁੱਟਿਆ ਹੈ ਅਤੇ ਉਹਨਾ ਕੋਲੋਂ ਉਹ ਸਾਰੇ ਸਾਧਨ ਖੋਹਣ ਲਈ ਯਤਨ ਕੀਤੇ ਹਨ ਜਿਹੜੇ ਉਹਨਾ ਨੂੰ ਆਜ਼ਾਦੀ ਨਾਲ ਸੁਖਾਵੀਂ ਜ਼ਿੰਦਗੀ ਜੀਊਣ ਲਈ ਜ਼ਰੂਰੀ ਹਨ। ਇਸ ਵਰ੍ਹੇ ਹਾਕਮ ਧਿਰ ਦਾ ਅਜੰਡਾ ਸਿਰਫ਼ ਤੇ ਸਿਰਫ਼ ਸਾਮ, ਦਾਮ, ਦੰਡ ਨਾਲ ਕੁਰਸੀ ਹਾਸਲ ਕਰਨ ਅਤੇ ਸਖ਼ਤੀ ਨਾਲ ਬਹੁਮਤ ਦੀ ਆਕੜ ‘ਤੇ ਰਾਜ ਕਰਨ ਦਾ ਰਿਹਾ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin